24.2 C
Toronto
Sunday, June 7, 2026
spot_img
Homeਦੁਨੀਆਹੁਣ ਭਾਰਤੀ ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀ ਕਿਰਪਾਨ ਪਹਿਨ ਕੇ ਕਰ ਸਕਣਗੇ...

ਹੁਣ ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀ ਕਿਰਪਾਨ ਪਹਿਨ ਕੇ ਕਰ ਸਕਣਗੇ ਡਿਊਟੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਿਵਲ ਐਵੀਏਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ ਪਹਿਲਾਂ ਏਅਰਪੋਰਟ ‘ਤੇ ਸਿੱਖ ਕਰਮਚਾਰੀ ਕਿਰਪਾਨ ਪਹਿਨ ਕੇ ਡਿਊਟੀ ਨਹੀਂ ਕਰ ਸਕਦੇ ਸਨ। ਪਰ ਹੁਣ ਭਾਰਤੀ ਉਡਾਣ ਮੰਤਰਾਲੇ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਇਹ ਸਾਫ਼ ਲਿਖਿਆ ਹੈ ਕਿ ਹੁਣ ਸਿੱਖ ਕਰਮਚਾਰੀ ਆਪਣੇ ਕਕਾਰ ਅਤੇ ਕਿਰਪਾਨ ਪਹਿਨ ਕੇ ਡਿਊਟੀ ਕਰ ਸਕਦੇ ਹਨ। ਜਿਸਦੀ ਜਾਣਕਾਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਭਰ ਵਿਚ ਹਵਾਈ ਅੱਡਿਆਂ ‘ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਾ ਕੇ ਡਿਊਟੀ ਕਰਨ ਤੋਂ ਵਰਜਿਆ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਵਲੋਂ ਸਖਤ ਨੋਟਿਸ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਉਰਿਟੀ (ਬੀਸੀਏਐੱਸ) ਨੇ 4 ਮਾਰਚ ਨੂੰ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਅੰਦਰ ਏਵੀਏਸ਼ਨ ਸੈਕਟਰ ਦੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ‘ਤੇ ਕਿਰਪਾਨ ਪਾਉਣ ਦੀ ਛੋਟ ਦੇਣ ਦੇ ਜਾਰੀ ਕੀਤੇ ਹੁਕਮਾਂ ਦਾ ਸਵਾਗਤ ਕੀਤਾ ਹੈ।
ਹਰ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖੇ ਭਾਰਤ ਸਰਕਾਰ : ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ : ਭਾਰਤ ਸਰਕਾਰ ਵਲੋਂ ਦੇਸ਼ ਦੇ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਸਮੇਤ ਡਿਊਟੀ ਕਰਨ ਤੋਂ ਰੋਕਣ ਵਾਲਾ ਆਦੇਸ਼ ਵਾਪਸ ਲੈ ਲਏ ਜਾਣ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਵੇਂ ਸੰਬੰਧਿਤ ਮੰਤਰਾਲੇ ਵਲੋਂ ਸਰਕੂਲਰ ‘ਚ ਸੋਧ ਕਰਨਾ ਚੰਗੀ ਗੱਲ ਹੈ, ਪਰ ਅਜਿਹਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਸੀ। ਪ੍ਰਧਾਨ ਧਾਮੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਅੱਗੇ ਤੋਂ ਇਹ ਖਿਆਲ ਰੱਖਿਆ ਜਾਵੇ ਕਿ ਸਿੱਖਾਂ ਸਮੇਤ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ।

 

RELATED ARTICLES
POPULAR POSTS