Breaking News
Home / ਦੁਨੀਆ / ਅਮਰੀਕੀ ਰਾਜਨੀਤੀ ਵਿਚ ਭਾਰਤੀ ਭਾਈਚਾਰੇ ਦਾ ਵਧ ਰਿਹਾ ਪ੍ਰਭਾਵ

ਅਮਰੀਕੀ ਰਾਜਨੀਤੀ ਵਿਚ ਭਾਰਤੀ ਭਾਈਚਾਰੇ ਦਾ ਵਧ ਰਿਹਾ ਪ੍ਰਭਾਵ

ਪ੍ਰਤੀਨਿੱਧ ਸਦਨ ਵਿਚ ਭਾਰਤੀ ਮੈਂਬਰਾਂ ਦੀ ਗਿਣਤੀ ਵਧ ਕੇ 6 ਹੋਈ
ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਭਾਰਤੀ-ਅਮਰੀਕੀ ਭਾਈਚਾਰੇ ਲਈ ਇਹ ਵੱਡੀ ਖੁਸ਼ੀ ਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਅਮਰੀਕਾ ਦੀ ਰਾਜਨੀਤੀ ਵਿਚ ਭਾਰਤੀਆਂ ਦਾ ਹਿੱਸਾ ਨਿਰੰਤਰ ਵਧ ਰਿਹਾ ਹੈ। ਭਾਰਤੀ ਮੂਲ ਦੇ 6 ਉਮੀਦਵਾਰ ਚੋਣ ਜਿੱਤ ਕੇ 119ਵੀਂ ਕਾਂਗਰਸ ਵਿਚ ਪਹੁੰਚਣ ਵਿੱਚ ਸਫਲ ਰਹੇ ਹਨ ਜਦ ਕਿ 2013 ਤੋਂ ਪਹਿਲਾਂ ਕਾਂਗਰਸ ਵਿਚ ਇਕ ਵੀ ਪ੍ਰਤੀਨਿੱਧ ਭਾਰਤੀ ਮੂਲ ਦਾ ਨਹੀਂ ਸੀ।
2024 ਦੀਆਂ ਚੋਣਾਂ ਵਿਚ ਜਿਹੜੇ ਭਾਰਤੀ ਮੂਲ ਦੇ ਉਮੀਦਵਾਰ ਚੋਣ ਜਿੱਤ ਕੇ ਪ੍ਰਤੀਨਿੱਧ ਸਦਨ ਵਿਚ ਪਹੁੰਚੇ ਹਨ, ਉਨ੍ਹਾਂ ਵਿਚ ਅਮੀ ਬੇਰਾ, ਪਰਾਮਿਲਾ ਜੈਯਾਪਾਲ, ਆਰ ਓ ਖੰਨਾ, ਰਾਜਾ ਕ੍ਰਿਸ਼ਨਾਮੂਰਤੀ, ਸ੍ਰੀ ਥਾਨੇਦਾਰ ਤੇ ਸੁਹਾਸ ਸੁਬਰਾਮਨੀਅਮ ਸ਼ਾਮਿਲ ਹਨ।
ਅਮੀ ਬੇਰਾ ਨੇ ਭਾਰਤੀਆਂ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 2013 ਵਿਚ ਉਹ ਇਕੱਲਾ ਹੀ ਕਾਂਗਰਸ ਦਾ ਮੈਂਬਰ ਸੀ ਤੇ ਅਮਰੀਕੀ ਕਾਂਗਰਸ ਦੇ ਇਤਿਹਾਸ ਵਿਚ ਉਹ ਤੀਸਰਾ ਵਿਅਕਤੀ ਸੀ ਜੋ ਚੋਣ ਜਿੱਤਿਆ ਸੀ। ਉਸ ਤੋਂ ਬਾਅਦ ਪਿਛਲੇ ਇਕ ਦਹਾਕੇ ਦੌਰਾਨ ਸਾਡੀ ਗਿਣਤੀ ਵਧੀ ਤੇ ਜੈਯਾਪਾਲ, ਖੰਨਾ, ਕ੍ਰਿਸ਼ਨਾਮੂਰਤੀ ਤੇ ਥਾਨੇਦਾਰ ਮੇਰੇ ਨਾਲ ਆ ਰਲੇ ਤੇ ਪਿਛਲੇ ਸਾਲ ਸੁਬਰਾਮਨੀਅਮ ਦੇ ਜਿੱਤਣ ਨਾਲ ਅਸੀਂ 6 ਹੋ ਗਏ ਹਾਂ ਜੋ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਜੈਯਾਪਾਲ ਪਹਿਲੀ ਇਕੋ ਇਕ ਭਾਰਤੀ-ਅਮੀਰੀਕੀ ਔਰਤ ਹੈ, ਜੋ ਕਾਂਗਰਸ ਵਿਚ ਪੁੱਜੀ ਹੈ। ਉਸ ਨੇ ਕਿਹਾ ਕਿ ਉਹ 16 ਸਾਲ ਦੀ ਉਮਰ ਵਿਚ ਖਾਲੀ ਹੱਥ ਇਕੱਲੀ ਅਮਰੀਕਾ ਆਈ ਸੀ। ਅੱਜ ਖੁਸ਼ ਹਾਂ ਕਿ ਮੈਂ ਵੀ ਕਾਂਗਰਸ ਦੀ ਮੈਂਬਰ ਹਾਂ। ਭਾਰਤੀ ਦਲ ਦੇ ਸਹਿ ਪ੍ਰਧਾਨ ਖੰਨਾ ਨੇ ਕਿਹਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਅੱਜ ਰਿਕਾਰਡ ਗਿਣਤੀ ਹੈ, ਅਸੀਂ ਸਾਰੇ ਭਾਰਤ ਨਾਲ ਰੱਖਿਆ ਤੇ ਰਣਨੀਤਿਕ ਭਾਈਵਾਲੀ ਦੇ ਖੇਤਰ ਵਿਚ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ। ਕ੍ਰਿਸ਼ਨਾਮੂਰਤੀ ਜਿਸ ਨੇ 8 ਸਾਲ ਪਹਿਲਾਂ ਭਾਰਤੀ ਮੈਂਬਰਾਂ ਦੇ ਸਮੂੰਹ ਦਾ ਨਾਂ ”ਸਮੋਸਾ ਦਲ” ਰਖਿਆ ਸੀ, ਨੇ ਕਿਹਾ ਹੈ ਕਿ ਅਸੀਂ ਇਸ ਦਲ ਵਿਚ ਸ਼ਾਮਿਲ ਹੋਏ ਨਵੇਂ ਪ੍ਰਤੀਨਿੱਧ ਸੁਬਰਾਮਨੀਅਮ ਦਾ ਸਵਾਗਤ ਕਰਦੇ ਹਾਂ। ਅਸੀਂ ਇਕੱਠੇ ਮਿਲ ਕੇ ਲੋਕਾਂ ਦੀ ਸੇਵਾ ਕਰਾਂਗੇ ਤੇ ਭਾਰਤੀ ਅਮਰੀਕੀਆਂ ਦੀ ਅਗਲੀ ਪੀੜੀ ਨੂੰ ਸੇਵਾ ਕਰਨ ਲਈ ਪ੍ਰੇਰਾਂਗੇ।
ਥਾਨੇਦਾਰ ਨੇ ਆਪਣੇ ਅਮਰੀਕਾ ਆਉਣ ਦਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਮੈਂ ਕੇਵਲ 20 ਡਾਲਰ ਲੈ ਕੇ ਅਮਰੀਕਾ ਆਇਆ ਸੀ ਪਰੰਤੂ ਸਖਤ ਮਿਹਨਤ ਤੇ ਮੌਕਿਆਂ ਦੀ ਭਾਲ ਵਿਚ ਵਿਸ਼ਵਾਸ਼ ਰਖਣ ਸਦਕਾ ਅੱਜ ਮੈ ਕਾਂਗਰਸ ਦਾ ਮੈਂਬਰ ਹਾਂ। ਪਹਿਲੀ ਵਾਰ ਵਰਜੀਨੀਆ ਤੋਂ ਚੋਣ ਜਿੱਤ ਕੇ ਪ੍ਰਤੀਨਿੱਧ ਸਦਨ ਵਿਚ ਪਹੁੰਚੇ ਸੁਬਰਾਮਨੀਅਮ ਨੇ ਕਿਹਾ ਹੈ ਕਿ ਉਸ ਨੂੰ ਆਪਣੇ ਭਾਰਤੀ-ਅਮਰੀਕੀ ਸਾਥੀਆਂ ਨਾਲ ਕੰਮ ਕਰਕੇ ਮਾਣ ਮਹਿਸੂਸ ਹੋਵੇਗਾ।
ਮੈ ਪਹਿਲਾ ਭਾਰਤੀ ਅਮਰੀਕੀ ਹਾਂ ਜੋ ਵਰਜੀਨੀਆ ਤੋਂ ਜਿੱਤਿਆ ਹੈ ਪਰੰਤੂ ਮੈਨੂੰ ਵਿਸ਼ਵਾਸ਼ ਹੈ ਕਿ ਇਹ ਗਿਣਤੀ ਹੋਰ ਵਧੇਗੀ।

Check Also

ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …