Breaking News
Home / ਸੰਪਾਦਕੀ / ਕੁਦਰਤ ਨਾਲ ਖਿਲਵਾੜ ਬਨਾਮ ਕਰੋਨਾ ਵਾਇਰਸ

ਕੁਦਰਤ ਨਾਲ ਖਿਲਵਾੜ ਬਨਾਮ ਕਰੋਨਾ ਵਾਇਰਸ

ਵਿਸ਼ਵ ਦੇ ਇਤਿਹਾਸ ਵਿੱਚ ਕੋਰੋਨਾ ਪਹਿਲੀ ਮਹਾਂਮਾਰੀ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਤੇ ਪਕੜ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਕਿਸੇ ਬਿਪਤਾ ਨੇ ਸਾਰੀ ਦੀ ਸਾਰੀ ਮਨੁੱਖਤਾ ਨੂੰ ਆਪਣੇ ਸ਼ਿਕੰਜੇ ਵਿੱਚ ਨਹੀਂ ਸੀ ਕੱਸਿਆ। ਕੁਝ ਕੁ ਮੁਲਕ ਹੀ ਅਸਰ ਅੰਦਾਜ਼ ਹੁੰਦੇ ਰਹੇ ਹਨ। ਸ਼ਾਇਦ ਇਸੇ ਲਈ ਕੁਝ ਕੁ ਦੇਸਾਂ ਤੋਂ ਇਲਾਵਾ ਹਰ ਇਨਸਾਨ ਇੱਕੋ ਜਿਹੀ ਮਨੋ-ਅਵਸਥਾ, ਡਰ, ਭੈਅ ਤੇ ਸਹਿਮ ਦੇ ਮਾਹੌਲ ਵਿੱਚ ਵਿਚਰ ਰਿਹਾ ਹੈ। ਹਰ ਕਿਸੇ ਨੂੰ ਮੌਤ ਖਹਿ-ਖਹਿ ਕੇ ਜਾਂਦੀ ਮਹਿਸੂਸ ਹੋ ਰਹੀ ਹੈ। ਹਰ ਕੋਈ ਹਰ ਕਿਸੇ ਤੋਂ ਬਚਣ ਦਾ ਯਤਨ ਕਰਦਾ ਲੱਗ ਰਿਹਾ ਹੈ। ਹਰ ਕੋਈ ਹਰ ਕਿਸੇ ਤੋਂ ਭੈਅ-ਭੀਤ ਨਜ਼ਰ ਆ ਰਿਹਾ ਹੈ।
ਸੰਕਟ ਚਾਹੇ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਬਿਪਤਾ ਚਾਹੇ ਕਿੰਨੀ ਵੀ ਖਤਰਨਾਕ ਕਿਉਂ ਨਾ ਹੋਵੇ, ਹਨੇਰਾ ਭਾਵੇਂ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ, ਆਪਣੀ ਹਿੰਮਤ, ਸੰਜਮ, ਹੌਸਲੇ ਅਤੇ ਅਕਲ ਦੀ ਬਦੌਲਤ ਮਨੁੱਖਤਾ ਨੇ ਇਸ ਵਿੱਚੋਂ ਉੱਭਰਨਾ ਹੀ ਉੱਭਰਨਾ ਹੈ। ਫੇਰ ਲਾਜ਼ਮੀ ਹੋਵੇਗਾ ਕੋਰੋਨਾ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀਆਂ, ਪ੍ਰਸਿਥਤੀਆਂ, ਇਨਸਾਨੀ ਸੁਭਾਓ, ਵਤੀਰੇ ਅਤੇ ਕਾਰ-ਵਿਵਹਾਰ ਦਾ ਮੁਲੰਅਕਣ।
ਕੋਰੋਨਾ ਵਰਗੇ ਅੱਖ ਦੇ ਫੋਰ ਵਿੱਚ ਫੈਲਣ ਵਾਲੇ ਵਾਇਰਸ ਤੋਂ ਹਿਫ਼ਾਜ਼ਤ ਲਈ ਜਿਸਮਾਨੀ ਫ਼ਾਸਲੇ ਤੇ ਪ੍ਰਹੇਜ਼ ਦੀ ਜ਼ਰੂਰਤ ਵੀ ਹੈ ਤੇ ਲਾਜ਼ਮੀ ਵੀ ਪਰ ਸਮਾਜਿਕ ਦੂਰੀ ਤੇ ਜਿਸਮਾਨੀ ਫਾਸਲੇ ਨੂੰ ਰਲ ਗੱਡ ਕਰ ਕੇ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ। ਸਮਾਜਿਕ ਦੂਰੀ ਤਾਂ ਸਮਾਜ ਅਤੇ ਮਨੁੱਖ ਰੂਪੀ ਸਮਾਜਿਕ ਪ੍ਰਾਣੀ ਦੇ ਸੁਭਾਅ ਵਿੱਚ ਮੁੱਢੋਂ ਹੀ ਹੈ। ਜਾਤ-ਪਾਤ ਦੇ ਰੂਪ ਵਿੱਚ, ਧਾਰਿਮਕ ਕਟੜਤਾ ਤੇ ਫਿਰਕਾ ਪ੍ਰਸਤੀ ਦੀ ਸ਼ਕਲ ਵਿੱਚ, ਮਹਿਲਾਂ ਤੇ ਝੁੱਗੀਆਂ ਦੇ ਰੂਪ ਵਿੱਚ, ਨਸਲੀ ਵਿਤਕਰੇ ਦੀ ਸ਼ਕਲ ਵਿੱਚ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਦੇ ਰੂਪ ਵਿੱਚ। ਤਕਰੀਬਨ ਤਕਰੀਬਨ ਪੂਰੇ ਦੇ ਪੂਰੇ ਸੰਸਾਰ ਵਿੱਚ ਅਜਿਹਾ ਵਰਤਾਰਾ ਵਾਪਰ ਰਿਹਾ ਹੈ।
ਕੁਝ ਮਹੀਨੇ ਪਹਿਲਾਂ ਊਚ-ਨੀਚ, ਜਾਤ-ਪਾਤ, ਧਾਰਮਿਕ ਕੱਟੜਤਾ, ਨਸਲ ਅਤੇ ਰੰਗ ਦੇ ਵਿਤਕਰੇ ਦੀਆਂ ਵਲਗਣਾਂ ਬਹੁਤ ਹੀ ਮਜ਼ਬੂਤ ਅਤੇ ਗਹਿਰੀਆਂ ਸਨ। ਮਹਿਲ, ਝੁੱਗੀਆਂ ਵਿੱਚ ਦੀਵਾ ਬਲਦਾ ਵੀ ਬਰਦਾਸ਼ਤ ਨਹੀਂ ਸਨ ਕਰਦੇ, ਸਵਰਨ ਜਾਤਾਂ ਆਪਣੇ ਤੋਂ ਨੀਵੀਆਂ ਜਾਤਾਂ ਨਾਲ ਗੁਲਾਮਾਂ ਵਾਲਾ ਵਤੀਰਾ ਅਤੇ ਨਫ਼ਰਤ ਕਰਦੀਆਂ, ਇੱਕ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਨੂੰ ਸਰਵਉੱਚ ਤੇ ਦੂਸਰੇ ਧਰਮ ਨੂੰ ਧਰਮ ਹੀ ਨਾ ਸਮਝਦੇ, ਗੋਰਾ ਭੂਰੇ ਨੂੰ ਤੇ ਭੂਰਾ ਕਾਲੇ ਨੂੰ ਅੰਤਾਂ ਦੀ ਨਫ਼ਰਤ ਕਰਦਾ। ਕੀ ਕੋਰੋਨਾ ਤੋਂ ਬਾਅਦ ਇਨਸਾਨ ਨੂੰ ਕੋਈ ਸੋਝੀ ਆਵੇਗੀ? ਕੀ ਔਰਤ ਨੂੰ ਉਸ ਦਾ ਬਣਦਾ ਹੱਕ ਦੇਣ ਬਾਰੇ ਅਸੀਂ ਕਦੇ ਸੋਚਾਂਗੇ? ਕੀ ਸ਼ੇਰ ਬੱਕਰੀ ਦਾ ਇੱਕ ਘਾਟ ‘ਤੇ ਪਾਣੀ ਪੀਣਾ ਸੰਭਵ ਹੋ ਸਕੇਗਾ? ਕਾਸ਼! ਅਜਿਹਾ ਹੋ ਜਾਵੇ।
ਕੁਝ ਮਹੀਨੇ ਪਹਿਲਾਂ ਆਪੋ-ਧਾਪੀ, ਭੱਜ-ਨੱਠ, ਇੱਕ ਦੂਜੇ ਦੇ ਪੈਰ ਮਿੱਧ ਕੇ ਅਗਾਂਹ ਵਧਣ, ਆਪਸੀ ਨਫ਼ਰਤ, ਸਾੜਾ, ਈਰਖ਼ਾ, ਰਿਸ਼ਤੇ-ਨਾਤੇ ਤੇ ਸਾਕ-ਸਕੀਰੀਆਂ ਦਾ ਸਵਾਰਥ ਦੇ ਆਲੇ ਦੁਆਲੇ ਘੁੰਮਣ ਦਾ ਸਿਲਸਲਾ ਕੀ ਇਸ ਸੰਕਟ ਤੋਂ ਬਾਅਦ ਖਤਮ ਹੋ ਜਾਵੇਗਾ? ਠਰ੍ਹੰਮਾ, ਠਹਿਰਾਅ, ਹਮਦਰਦੀ, ਪਿਆਰ, ਸਤਿਕਾਰ, ਨਿਮਰਤਾ, ਨਿੱਘ-ਨੇੜਤਾ ਕੀ ਮਨੁੱਖੀ ਫਿਤਰਤ ਦਾ ਹਿੱਸਾ ਬਣ ਜਾਣਗੇ? ਕਾਸ਼! ਅਜਿਹਾ ਹੋ ਜਾਵੇ।
ਸੂਬੇ ਜਾਂ ਮੁਲਕ ਵਿੱਚ ਹੀ ਨਹੀਂ, ਬਲਕਿ ਸਾਰੇ ਸੰਸਾਰ ਵਿੱਚ ਰਾਜਨੀਤਿਕ ਤੇ ਵਪਾਰਕ ਹਿਤ ਭਾਰੂ ਹਨ। ਤਕੜਾ ਮਾੜੇ ਨੂੰ ਦੱਬਣ ਨੂੰ ਫਿਰਦਾ ਹੈ, ਦਾਬੇ ਮਾਰਦਾ ਹੈ, ਹੜੱਪਣ ਨੂੰ ਤਕਾਉਂਦਾ ਹੈ। ਮਨੁੱਖ ਸਿਹਤ ਲਈ ਖਤਰਨਾਕ ਉਦਯੋਗ ਆਪਣੇ ਵਾਲੇ ਪਾਸਿਓਂ ਪੁੱਟ ਕੇ, ਮਾੜਿਆਂ ਵਾਲੇ ਪਾਸੇ ਲਿਜਾ ਰਿਹਾ ਹੈ। ਕੋਰੋਨਾ ਨੇ ਕੀ ਤਕੜੇ, ਕੀ ਮਾੜੇ ਸਭ ਰਗੜ ਕੇ ਰੱਖ ਦਿੱਤੇ ਹਨ। ਸਭ ਨੂੰ ਯਮ ਦਿਸ ਰਹੇ ਹਨ। ਸਭ ਆਪਣੇ ਆਪਣੇ ਰੱਬ ਨੂੰ ਧਿਆ ਰਹੇ ਹਨ। ਕੀ ਇਸ ਸੰਕਟ ਤੋਂ ਬਾਅਦ ਇਨਸਾਨੀ ਸੁਭਾਅ, ਫਿਤਰਤ ਵਿੱਚ ਕੋਈ ਤਬਦੀਲੀ ਆਵੇਗੀ? ਕਾਸ਼! ਕੁਦਰਤ ਦਾ ਕ੍ਰਿਸ਼ਮਾ ਹੋ ਹੀ ਜਾਵੇ।
ਕੋਰੋਨਾ ਸੰਕਟ ਤੋਂ ਨਿਜ਼ਾਤ ਪਾਉਣ ਤੋਂ ਬਾਅਦ ਸੰਸਾਰ ਵਿੱਚ ਬਿਨਾ ਸ਼ੱਕ ਸਾਹਿਤ, ਨਾਟਕਾਂ, ਫਿਲਮਾਂ, ਕੀ ਅਜੋਕੀ ਪ੍ਰਚਲਿਤ ਗਾਇਕੀ ਦੇ ਵਿਸ਼ਿਆਂ ਅਤੇ ਸੁਭਾਅ ਵਿੱਚ ਸਾਕਾਰਆਤਮਕ ਤੇ ਹਾਂ-ਪੱਖੀ ਤਬਦੀਲੀਆਂ ਆਉਣਗੀਆਂ? ਕੀ ਕਲਮਾਂ ਦੇ ਜਜ਼ਬਿਆਂ ਅਤੇ ਭਾਵਨਾਵਾਂ ਵਿੱਚ ਬਦਲਾਅ ਆਵੇਗਾ? ਕਾਸ਼! ਅਜਿਹਾ ਹੋ ਜਾਵੇ।
ਮਨੁੱਖ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਅੱਗਾ ਦੌੜ, ਪਿੱਛਾ ਚੌੜ ਵਾਲੇ ਰਾਹ ਪਿਆ ਹੋਇਆ ਹੈ। ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਮਨੁੱਖ ਰੂਪੀ ਪ੍ਰਾਣੀ ਵਾਤਾਵਰਣ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਾਂ। ਪੈਦਾਵਾਰ ਚਾਹੇ ਉਦਯੋਗਿਕ ਹੋਵੇ ਜਾਂ ਫ਼ਸਲੀ, ਪਾਣੀ ਦੀ ਬੇਕਿਰਕ ਵਰਤੋਂ, ਜੰਗਲਾਂ-ਦਰਖਤਾਂ ਦਾ ਬੇਰਹਿਮੀ ਨਾਲ ਵਢਾਂਗਾ, ਨਦੀਆਂ-ਨਾਲਿਆਂ ਵਿੱਚ ਜ਼ਹਿਰੀ ਤੇਜ਼ਾਬ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ; ਮਲਤਬ ਕਿ ਮਨੁੱਖ ਜਿਸ ਟਾਹਣੀ ਉੱਪਰ ਬੈਠਾ ਹੈ, ਉਸੇ ਉੱਪਰ ਆਰੀ ਚਲਾ ਰਿਹਾ ਹੈ। ਆਪਣੇ ਮਿੱਤਰ ਜੀਵ-ਜੰਤੂਆਂ ਮਗਰ ਵੀ ਇਨਸਾਨ ਹੱਥ ਧੋ ਕੇ ਪਿਆ ਹੋਇਆ ਹੈ। ਜਿਸਦੇ ਨਤੀਜੇ ਇਨਸਾਨ ਕੋਰੋਨਾ ਵਰਗੀਆਂਂ ਮਹਾਂਮਾਰੀ ਤੇ ਹੋਰ ਆਪੇ ਸਹੇੜੇ ਸਿਆਪਿਆਂ ਦੇ ਰੂਪ ਵਿੱਚ ਭੁਗਤ ਰਿਹਾ ਹੈ। ਕੋਰੋਨਾ ਕਰਕੇ ਠਹਿਰੇ ਜੀਵਨ ਦੀ ਬਦੌਲਤ ਸ਼ੁੱਧ ਵਾਤਾਵਰਣ, ਕੁਦਰਤੀ ਸਰੋਤਾਂ ਦਾ ਨਿਰਮਲ ਜਲ, ਚਿੜੀਆਂ, ਘੁੱਗੀਆਂ-ਗਟਾਂਰਾਂ ਤੇ ਕੋਇਲਾਂ ਦੀਆਂ ਵੰਨ ਸੁਵੰਨੀਆਂ ਤੇ ਮਨਮੋਹਣੀਆਂ ਅਵਾਜ਼ਾਂ ਇਨਸਾਨੀ ਜ਼ਿੰਦਗੀ ਨੂੰ ਅੱਜ ਦੇ ਸਮੇਂ ਬੋਝਲ ਅਤੇ ਨੀਰਸ ਹੋਣ ਤੋਂ ਬਚਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਕੀ ਕੋਰੋਨਾ ਤੋਂ ਬਾਅਦ ਦਾ ਮਨੁੱਖ ਇਸ ਸ਼ੁੱਧ ਵਾਤਾਵਣ ਅਤੇ ਨਿਰਮਲ ਮਾਹੌਲ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਵੀ ਤਿਲ-ਫੁੱਲ ਪਾਵੇਗਾ?

Check Also

ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ

ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ …