Breaking News
Home / ਸੰਪਾਦਕੀ / ਸਿਆਸੀ ਅਨੈਤਿਕਤਾ ਦਾ ਦੌਰ

ਸਿਆਸੀ ਅਨੈਤਿਕਤਾ ਦਾ ਦੌਰ

Editorial6-680x365-300x161ਭਾਰਤੀ ਰਾਜਨੀਤੀ ‘ਚ ਤਾਜ਼ਾ ਵਾਪਰੀਆਂ ਦੋ-ਤਿੰਨ ਘਟਨਾਵਾਂ ਭਾਵੇਂ ਵਿਕੋਲਿਤਰੀਆਂ ਨਹੀਂ ਹਨ, ਪਰ ਉਹ ਸਾਡੇ ਸਮਿਆਂ ਦੇ ਰਾਜਨੀਤਕ ਵਰਗ ਦੇ ਇਖਲਾਕ, ਸੱਭਿਅਕਤਾ, ਤਹਿਜ਼ੀਬ, ਸਮਾਜਿਕ ਸੁਹਜ ਅਤੇ ਮਾਨਸਿਕ ਪੱਧਰ ਦੀ ਨਿਸ਼ਾਨਦੇਹੀ ਜ਼ਰੂਰ ਕਰਵਾਉਂਦੀਆਂ ਹਨ। ਇਕ ਘਟਨਾ ਅਨੁਸਾਰ 20 ਜੁਲਾਈ ਨੂੰ ਉੱਤਰ ਪ੍ਰਦੇਸ਼ ਭਾਜਪਾ ਦੇ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਵਿਰੁੱਧ ਅਪਮਾਨਜਨਕ ਅਤੇ ਅਸੱਭਿਅਕ ਟਿੱਪਣੀ ਕਰਦਿਆਂ ਆਖਿਆ ਸੀ, ”ਮਾਇਆਵਤੀ ਨੇ ਕਾਂਸ਼ੀ ਰਾਮ ਦੇ ਸੁਪਨਿਆਂ ਨੂੰ ਤੋੜ ਦਿੱਤਾ ਅਤੇ ਜਿਸ ਢੰਡ ਨਾਲ ਉਹ ਪੈਸਿਆਂ ਦੇ ਬਦਲੇ ਪਾਰਟੀ ਟਿਕਟਾਂ ਵੰਡ ਰਹੀ ਹੈ, ਕੋਈ ਵੇਸਵਾ ਵੀ ਇੰਜ ਨਹੀਂ ਕਰਦੀ। ” ਇਸ ਬਿਆਨ ਵਿਚ ਕੁਮਾਰੀ ਮਾਇਆਵਤੀ ਦੀ ਤੁਲਨਾ ਇਕ ‘ਵੇਸ਼ਵਾ’ ਨਾਲ ਕਰ ਦੇਣ ਦੇ ਖਿਲਾਫ਼ ਦੇਸ਼ ਭਰ ਵਿਚ ਦਲਿਤ ਭਾਈਚਾਰੇ ਅੰਦਰ ਭਾਜਪਾ ਦੇ ਇਕ ਜ਼ਿੰਮੇਵਾਰ ਆਗੂ ਦੇ ਖਿਲਾਫ਼ ਰੋਸ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਅਤੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਭਾਜਪਾ ਦੇ ਸੀਨੀਅਰ ਆਗੂ ਦਯਾਸ਼ੰਕਰ ਸਿੰਘ ਦੇ ਖਿਲਾਫ਼ ਪ੍ਰਦਰਸ਼ਨ ਹੋਣ ਲੱਗੇ। ਭਾਵੇਂਕਿ ਭਾਜਪਾ ਨੇ ਇਸ ਮੁੱਦੇ ‘ਤੇ ਪੂਰੀ ਪਾਰਟੀ ਘਿਰਦੀ ਦੇਖਦਿਆਂ ਦਯਾਸ਼ੰਕਰ ਸਿੰਘ ਨੂੰ ਬਿਨ੍ਹਾਂ ਦੇਰੀ ਤੋਂ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਮੁਆਫ਼ੀ ਵੀ ਮੰਗ ਲਈ ਪਰ ਇਸੇ ਦੌਰਾਨ ਬਸਪਾ ਆਗੂਆਂ ਦੇ ਦਯਾਸ਼ੰਕਰ ਸਿੰਘ ਖਿਲਾਫ਼ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਹੋਏ ਪ੍ਰਦਰਸ਼ਨਾਂ ਦੌਰਾਨ ‘ਕੁੱਤਾ’ ਆਦਿ ਅਪਸ਼ਬਦਾਂ ਵਾਲੇ ਵੱਡੇ-ਵੱਡੇ ਪੋਸਟਰ ਅਤੇ ਬੈਨਰ ਲਗਾ ਕੇ ਭੱਦੀਆਂ ਟਿੱਪਣੀਆਂ ਕਰਨ ਤੇ ਭੱਦੀਆਂ ਗਾਲਾਂ ਕੱਢਣ ਤੋਂ ਇਲਾਵਾ ਭੜਕਾਊ ਨਾਅਰੇ ਲਗਾਏ। ਇੱਥੋਂ ਤੱਕ ਕਿ ਬਸਪਾ ਦੇ ਜ਼ਿੰਮੇਵਾਰ ਆਗੂਆਂ ਨੇ ਦਯਾਸ਼ੰਕਰ ਦੀ ਅਸੱਭਿਅਕ ਟਿੱਪਣੀ ਦੇ ਖਿਲਾਫ਼ ਖੁਦ ਸੱਭਿਅਕਤਾ ਤੇ ਸ਼ਾਲੀਨ ਸਮਾਜ ਦੀਆਂ ਲਕੀਰਾਂ ਨੂੰ ਟੱਪ ਕੇ ਗੈਰ-ਇਖਲਾਕੀ ਭਾਸ਼ਾ ਦੀ ਵਰਤੋਂ ਕਰਦਿਆਂ ਦਯਾਸ਼ੰਕਰ ਦੀ ਜੀਭ ਵੱਢ ਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਇਨਾਮ ਦੇਣ ਦੇ ਐਲਾਨ ਤੱਕ ਕੱਢ ਮਾਰੇ। ਬਸਪਾ ਵਿਧਾਇਕਾ ਊਸ਼ਾ ਚੌਧਰੀ ਨੇ ਦਯਾਸ਼ੰਕਰ ਨੂੰ ਗਾਲ੍ਹ ਕੱਢਦਿਆਂ ਕਿਹਾ, ”ਉਸ ਦੇ ਡੀ.ਐਨ.ਏ. ਵਿਚ ਹੀ ਖ਼ਰਾਬੀ ਹੈ ਅਤੇ ਉਹ ਖੁਦ ਨਾਜਾਇਜ਼ ਔਲਾਦ ਹੈ।”
‘ਗਾਲ੍ਹ ਦੇ ਬਦਲੇ ਗਾਲ੍ਹ’ ਨੂੰ ਲੈ ਕੇ ਕੁਮਾਰੀ ਮਾਇਆਵਤੀ ਸਮੇਤ ਬਸਪਾ ਆਗੂ ਖੁਦ ਹੀ ਦਯਾਸ਼ੰਕਰ ਖਿਲਾਫ਼ ਟਿੱਪਣੀਆਂ ਕਰਕੇ ਬੁਰੀ ਤਰ੍ਹਾਂ ਘਿਰ ਗਏ ਅਤੇ ਦਯਾਸ਼ੰਕਰ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਤੱਕ ਵੀ ਦਰਜ ਕਰਵਾਈ ਹੈ। ਇਸੇ ਤਰ੍ਹਾਂ 23 ਜੁਲਾਈ ਨੂੰ ਪੰਜਾਬ ਦੇ ਬਟਾਲਾ ਸ਼ਹਿਰ ਵਿਚ ਵਾਪਰੀ ਇਕ ਹੋਰ ਘਟਨਾ ਵਿਚ ਕਾਂਗਰਸ ਦੇ ਸਥਾਨਕ ਆਗੂ ਅਸ਼ਵਨੀ ਸ਼ੇਖੜੀ ਦੇ ਹੱਕ ਵਿਚ ਹੋਈ ਇਕ ਰੈਲੀ ਵਿਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਬੋਧਨ ਕਰਦਿਆਂ ਜੋਸ਼ ਵਿਚ ਆ ਕੇ ਬੇਕਾਬੂ ਹੋਈ ਜ਼ਬਾਨ ਨਾਲ ਬਟਾਲਾ ਵਾਸੀਆਂ ਨੂੰ ‘ਫ਼ਿੱਟੇ ਮੂੰਹ’ ਅਤੇ ਪੰਜਾਬ ਦੇ ਬਜ਼ੁਰਗ ਸਿਆਸਤਦਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ‘ਮੀਣਾ ਬੁੱਢਾ’ ਅਤੇ ”ਇਹ ਬੁੱਢਾ 90 ਸਾਲਾਂ ਦਾ ਹੋ ਗਿਆ, ਮਰਦਾ ਵੀ ਨਹੀਂ…” ਆਦਿ ਗੈਰ-ਜ਼ਿੰਮੇਵਾਰਾਨਾ, ਗੈਰ-ਸੱਭਿਅਕ ਅਤੇ ਗੈਰ-ਇਖਲਾਕੀ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਕਾਫ਼ੀ ਆਲੋਚਨਾ ਹੋਈ ਹੈ। ਰਾਜਾ ਵੜਿੰਗ ਨੇ ਕੁਝ ਸਮਾਂ ਪਹਿਲਾਂ ਜਦੋਂ ਵਿਧਾਨ ਸਭਾ ਵਿਚ ਅੰਮ੍ਰਿਤਧਾਰੀ ਸਿੱਖਾਂ ਦੀ ਕਿਰਪਾਨ, ਦਸਤਾਰ ਅਤੇ ਦਾੜ੍ਹੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਤਾਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਉਨ੍ਹਾਂ ਨੂੰ ਮੌਕੇ ‘ਤੇ ਟੋਕਦਿਆਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਸੀ, ਜਿਸ ‘ਤੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਤੁਰੰਤ ਹੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ  ਨੇ ਰਾਜਾ ਵੜਿੰਗ ਦੇ ਸ਼ਬਦਾਂ ਲਈ ਇਖਲਾਕੀ ਤੌਰ ‘ਤੇ ਮੁਆਫ਼ੀ ਮੰਗ ਲਈ ਸੀ ਅਤੇ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਮੁਆਫ਼ੀ ਮੰਗੀ ਸੀ।
ਸਿਆਣੇ ਕਹਿੰਦੇ ਹਨ ਕਿ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ। ਇਸੇ ਕਰਕੇ ਲੋਕ ਸਿੱਖਿਆ ਵੀ ਹੈ ਕਿ ‘ਪਹਿਲਾਂ ਤੋਲੋ, ਫ਼ਿਰ ਬੋਲੋ’ ਜਾਂ ‘ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂੰਂ।’ ਖ਼ਾਸ ਕਰਕੇ ਜਦੋਂ ਕੋਈ ਵਿਅਕਤੀ ਸਮਾਜ ਦੇ ਕਿਸੇ ਜ਼ਿੰਮੇਵਾਰ ਅਹੁਦੇ ‘ਤੇ ਹੋਵੇ ਤਾਂ ਉਸ ਦਾ ਆਧਾਰਹੀਣ, ਗੈਰ-ਸੱਭਿਅਕ, ਜ਼ਿਆਦਾ ਅਤੇ ਬੇਲੋੜਾ ਬੋਲਣਾ ਬਿਲਕੁਲ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਨੂੰ ਉਸ ਆਗੂ ਲਈ ਇਖਲਾਕਹੀਣਤਾ ਵੀ ਆਖਿਆ ਜਾ ਸਕਦਾ ਹੈ। ਪਰ ਭਾਰਤੀ ਰਾਜਨੀਤੀ ਵਿਚ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ-ਪ੍ਰਤੀਨਿਧਾਂ ਦਾ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਗੈਰ-ਸੱਭਿਅਕ ਅਤੇ ਬਿਨ੍ਹਾਂ ਸੋਚੇ, ਸਮਝੇ ਬੋਲਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਪੜ੍ਹੇ-ਲਿਖੇ ਅਤੇ ਸੁਲਝੇ ਹੋਏ ਆਗੂ ਦੇ ਮੂੰਹੋਂ ਵੀ ਆਪਣੇ ਸਿਆਸੀ ਵਿਰੋਧੀ ਤੇ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਅੰਬਿਕਾ ਸੋਨੀ ਪ੍ਰਤੀ ‘ਬੋਦਾ ਟਾਇਰ’ ਵਰਗੇ ਇਖਲਾਕਹੀਣ ਸ਼ਬਦ ਨਿਕਲ ਗਏ ਸਨ। ਦਸੰਬਰ 2012 ਵਿਚ ਪੰਜਾਬ ਵਿਧਾਨ ਸਭਾ ਦੇ ਅੰਦਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵਿਚਾਲੇ ਸ਼ਰ੍ਹੇਆਮ ਬੇਹੱਦ ਭੱਦੀਆਂ ਤੇ ਅਸ਼ਲੀਲ ਗਾਲਾਂ ਕੱਢਣ ਦੀ ਘਟਨਾ ਕਿਸ ਨੂੰ ਭੁੱਲੀ ਹੋਵੇਗੀ, ਜਿਸ ਦੇ ਕਿ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਜ਼ੋਰ-ਸ਼ੋਰ ਨਾਲ ਵਾਇਰਲ ਹੋਏ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਪਵਿੱਤਰ ਫ਼ੁਰਮਾਨ ਹੈ, ”ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ” ਭਾਵ ਕਿ ਜੇਕਰ ਆਗੂ ਹੀ ਅੰਨ੍ਹਾ ਹੋਵੇ ਤਾਂ ਲੋਕਾਂ ਨੂੰ ਸਹੀ ਰਸਤਾ ਕਿਵੇਂ ਲੱਭ ਸਕਦਾ ਹੈ? ਸਾਡੀ ਇਹ ਮਨੁੱਖੀ ਦੁਨੀਆ ਇਕ ‘ਪਿੰਡ’ ਦੀ ਨਿਆਈਂ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਦੇ ਆਪਣੀ ਸੱਭਿਅਤਾ ਦੇ ਵਿਕਾਸ ਦੌਰਾਨ ਸੁਹਜ ਤੇ ਸਮਝ ਨੂੰ ਵੀ ਨਿਖਾਰਿਆ ਹੈ। ਲਿੰਗ, ਜਾਤ-ਪਾਤ, ਊਚ-ਨੀਚ, ਅਮੀਰੀ ਤੇ ਗਰੀਬੀ ਦਾ ਪਾੜਾ ਖ਼ਤਮ ਕਰਕੇ ਅਜਿਹੇ ਸਮਾਜ ਦੀ ਸਿਰਜਣਾ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਹਰੇਕ ਦਾ ਆਤਮ-ਸਨਮਾਨ ਕਾਇਮ ਰਹੇ ਅਤੇ ਮਨੁੱਖੀ ਅਧਿਕਾਰਾਂ ਦੀ ਬਿਹਤਰੀਨ ਰਖਵਾਲੀ ਹੋਵੇ। ਇਨ੍ਹਾਂ ਹੀ ਚੰਗੇ ਉਦੇਸ਼ਾਂ ਵਾਲੇ ਆਦਰਸ਼ਕ ਸਮਾਜ ਦੀ ਸਿਰਜਣਾ ਲਈ ਸਮੇਂ-ਸਮੇਂ ਸਾਡੇ ਅਵਤਾਰ, ਰਿਸ਼ੀ-ਮੁੰਨੀ, ਗੁਰੂ, ਭਗਤ ਤੇ ਪੀਰ ਦੁਨੀਆ ਰੂਪੀ ਪਿੰਡ ‘ਤੇ ਆਏ ਹਨ। ਪਰ ਰਾਜਸੱਤਾ ‘ਤੇ ਕਾਬਜ਼ ਅਣਮਨੁੱਖੀ ਪ੍ਰਵਿਰਤੀ ਦੇ ਮਾਲਕ ਸਮੇਂ-ਸਮੇਂ ਦੇ ਤਾਨਾਸ਼ਾਹ ਹਾਕਮਾਂ ਨੇ ਸੱਤਾ ਦੇ ਗਰੂਰ ‘ਚ ਅੰਨ੍ਹੇ ਹੋ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਅਤੇ ਜ਼ਰ, ਜ਼ੋਰੂ ਤੇ ਜ਼ਮੀਨ ‘ਤੇ ਕਬਜ਼ੇ ਜਮਾਉਣ ‘ਚ ਕੋਈ ਕਸਰ ਨਹੀਂ ਛੱਡੀ। ਇਹੀ ਫ਼ਰਜ਼ ਹੁਣ ਸਾਡੇ ਲੋਕਤੰਤਰ ਦੇ ਹਾਕਮ ਬਿਹਤਰੀਨ ਅਦਾ ਕਰ ਰਹੇ ਹਨ। ਸਾਡੇ ਦੇਸ਼ ਵਿਚ ਲੋਕਤੰਤਰੀ ਹਾਕਮਾਂ ਦੀ ਮਾਨਸਿਕਤਾ ਅੰਦਰ ਅਜੇ ਤੱਕ ਤਾਨਾਸ਼ਾਹਾਂ ਵਾਲਾ ਹੰਕਾਰ ਤੇ ਹੈਵਾਨ ਹੀ ਵੱਸਿਆ ਹੋਇਆ ਹੈ, ਜਿਸ ਕਰਕੇ ਹੀ ਉਪਰਲੀਆਂ ਘਟਨਾਵਾਂ ਵਰਗੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਲੋਕਤੰਤਰ ਦੇ ਜ਼ਮਾਨੇ ਵਿਚ ਸਿਆਸੀ ਆਗੂਆਂ ਵਲੋਂ ਸੱਭਿਅਕਤਾ ਤੇ ਸ਼ਾਲੀਨਤਾ ਨੂੰ ਤਾਰ-ਤਾਰ ਕਰਨ ਵਾਲੀ ‘ਬੋਲੀ’ ਬੋਲਣ ਨੂੰ ਲੋਕ-ਹਿੱਤਾਂ ਨਾਲੋਂ ਟੁੱਟੀ ਰਾਜਨੀਤੀ ਦਾ ਦੁਖਾਂਤ ਵੀ ਆਖਿਆ ਜਾ ਸਕਦਾ ਹੈ। ਜਦੋਂ ਤੱਕ ਹਉਮੈ ‘ਚ ਅੰਨ੍ਹੇ ਹੋਏ ਆਗੂ ਇਖ਼ਲਾਕਹੀਣਤਾ ਦਾ ਮੁਜ਼ਾਹਰਾ ਕਰਦੇ ਰਹਿਣਗੇ, ਉਦੋਂ ਤੱਕ ਸਾਡੇ ਸਮਾਜ ਨੂੰ ਵਧੇਰੇ ਸੱਭਿਅਕਤਾ, ਨੈਤਿਕਤਾ ਤੇ ਸੁਹਜ ਦਾ ਪਾਠ ਪੜ੍ਹਾਉਣ ਦੀਆਂ ਗੱਲਾਂ ਨਿਰੀਆਂ ਖਿਆਲੀ ਪੁਲਾਓ ਹਨ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …