Breaking News
Home / ਸੰਪਾਦਕੀ / ਪੰਜਾਬ ਦੇ ਚਿੰਤਾਜਨਕ ਹਾਲਾਤ

ਪੰਜਾਬ ਦੇ ਚਿੰਤਾਜਨਕ ਹਾਲਾਤ

ਪੁਲਿਸ ਦੀ ਹਿਰਾਸਤ ‘ਚੋਂ ਦੀਪਕ ਟੀਨੂੰ ਨਾਂਅ ਦੇ ਗੈਂਗਸਟਰ ਦੇ ਫਰਾਰ ਹੋ ਜਾਣ ਨੇ ਇਕ ਵਾਰ ਫਿਰ ਜਿਥੇ ਪ੍ਰਸ਼ਾਸਨ ਦੀ ਕਿਰਕਿਰੀ ਕਰਵਾਈ ਹੈ, ਉਥੇ ਇਹ ਵੀ ਚਿੰਤਾ ਪੈਦਾ ਹੋਈ ਹੈ ਕਿ ਆਉਣ ਵਾਲਾ ਸਮਾਂ ਇਸ ਮੁਹਾਜ਼ ‘ਤੇ ਬੇਹੱਦ ਚੁਣੌਤੀਆਂ ਭਰਪੂਰ ਹੋ ਸਕਦਾ ਹੈ। ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਜਿਸ ਤਰ੍ਹਾਂ ਘੇਰ ਕੇ ਗੋਲੀਆਂ ਨਾਲ ਮਾਰਿਆ ਗਿਆ ਸੀ, ਉਸ ਨੇ ਸਥਿਤੀ ਨੂੰ ਹੋਰ ਵੀ ਬੇਹੱਦ ਗੰਭੀਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਹ ਗੱਲ ਲੁਕੀ ਨਹੀਂ ਸੀ ਕਿ ਪੰਜਾਬ ਵਿਚ ਖ਼ਤਰਨਾਕ ਗੈਂਗਸਟਰਾਂ ਦੇ ਗਰੋਹਾਂ ਦੀ ਭਰਮਾਰ ਹੋ ਗਈ ਹੈ, ਜਿਨ੍ਹਾਂ ਤੋਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸੀ ਸਮਝਦਾ। ਸਮੇਂ ਦੇ ਬੀਤਣ ਨਾਲ ਇਹ ਤਾਣਾ-ਬਾਣਾ ਬੇਹੱਦ ਉਲਝ ਚੁੱਕਾ ਹੈ। ਇਨ੍ਹਾਂ ਗਰੋਹਾਂ ਦੇ ਤਾਰ ਵਿਦੇਸ਼ਾਂ ਨਾਲ ਵੀ ਜੁੜੇ ਹੋਏ ਹਨ ਅਤੇ ਇਹ ਗਰੋਹ ਕਿਸੇ ਇਕ ਸੂਬੇ ਤੱਕ ਵੀ ਸੀਮਤ ਨਹੀਂ ਹਨ। ਇਨ੍ਹਾਂ ਦਾ ਜਾਲ ਦੇਸ਼ ਭਰ ਵਿਚ ਬੁਣਿਆ ਜਾ ਚੁੱਕਾ ਹੈ। ਇਨ੍ਹਾਂ ਦੀਆਂ ਧਮਕੀਆਂ ਮੁੰਬਈ, ਕਲਕੱਤੇ ਅਤੇ ਦਿੱਲੀ ਤੋਂ ਲੈ ਕੇ ਹਰਿਆਣਾ ਅਤੇ ਪੰਜਾਬ ਤੱਕ ਸੁਣਾਈ ਦਿੰਦੀਆਂ ਹਨ।
ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਵਲੋਂ ਹਰ ਵਰਗ ਦੇ ਸਰਦੇ-ਪੁੱਜਦੇ ਲੋਕਾਂ, ਗਾਇਕਾਂ ਅਤੇ ਖਿਡਾਰੀਆਂ ਆਦਿ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲਿਆ ਹੋਇਆ ਹੈ। ਪ੍ਰਸ਼ਾਸਨ ਤੇ ਪੁਲਿਸ ਇਸ ਤਾਣੇ-ਬਾਣੇ ਨੂੰ ਤੋੜ ਨਹੀਂ ਸਕੀ, ਕਿਉਂਕਿ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਦਾ ਰਾਜ ਬਾਹਰ ਵੀ ਚਲਦਾ ਹੈ। ਅੰਦਰੋਂ ਬੈਠ ਕੇ ਹੀ ਉਹ ਆਪਣੇ ਮਿੱਥੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਤਾਕਤ ਰੱਖਦੇ ਹਨ। ਜੇਲ੍ਹ ਦੀਆਂ ਸਲਾਖ਼ਾਂ ਵੀ ਉਨ੍ਹਾਂ ਦੀਆਂ ਸਰਗਰਮੀਆਂ ਤੇ ਕਾਰਵਾਈਆਂ ਨੂੰ ਨਹੀਂ ਰੋਕ ਸਕੀਆਂ। ਸਿੱਧੂ ਮੂਸੇਵਾਲਾ ਦੀ ਉਦਾਹਰਨ ਲਈ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਜੇਲ੍ਹ ਵਿਚੋਂ ਵੱਡੇ ਗੈਂਗਸਟਰਾਂ ਨੇ ਪੂਰੇ ਯੋਜਨਾਬੱਧ ਢੰਗ ਨਾਲ ਇਸ ਕਾਰਵਾਈ ਨੂੰ ਸਿਰੇ ਚੜ੍ਹਾਇਆ। ਇਸ ਤੋਂ ਇਹ ਵੀ ਜ਼ਾਹਿਰ ਹੈ ਕਿ ਇਹ ਲੋਕ ਕੁਝ ਵੀ ਕਰਨ ਦੇ ਸਮਰੱਥ ਹੋ ਸਕਦੇ ਹਨ। ਇਕ ਤਰ੍ਹਾਂ ਨਾਲ ਇਨ੍ਹਾਂ ਦੀ ਆਪਣੀ ਵੱਖਰੀ ਸਰਕਾਰ ਚੱਲ ਰਹੀ ਹੈ। ਜਿਸ ਤਰ੍ਹਾਂ ਇਨ੍ਹਾਂ ਦੀ ਪਹੁੰਚ ਨਾਲ ਵਿਦੇਸ਼ਾਂ ਵਿਚੋਂ ਨਸ਼ੇ ਆਉਂਦੇ ਹਨ, ਜਿਸ ਤਰ੍ਹਾਂ ਇਹ ਵੱਡੇ ਨੌਜਵਾਨ ਵਰਗ ਨੂੰ ਆਪਣੇ ਕੰਮਾਂ ਵਿਚ ਸ਼ਾਮਿਲ ਕਰਨ ਵਿਚ ਸਫ਼ਲ ਹੋ ਜਾਂਦੇ ਹਨ, ਉਹ ਗੱਲਾਂ ਬੇਹੱਦ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀਆਂ ਹਨ। ਇਨ੍ਹਾਂ ਦੀ ਪਹੁੰਚ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰੇ-ਦਰਬਾਰੇ ਵੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਸੂਬੇ ਦੀਆਂ ਪਹਿਲੀਆਂ ਸਰਕਾਰਾਂ ਨੇ ਵੀ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਭਾਵੇਂ ਦਾਅਵੇ ਤਾਂ ਕੀਤੇ ਸਨ ਤੇ ਸਹੁੰਆਂ ਵੀ ਖਾਧੀਆਂ ਸਨ ਪਰ ਉਹ ਫੈਲੇ ਇਸ ਜਾਲ ਨੂੰ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਸਨ ਹੋਈਆਂ। ਵਰਤਮਾਨ ਸਰਕਾਰ ਨੇ ਵੀ ਪ੍ਰਸ਼ਾਸਨ ਸੰਭਾਲਦਿਆਂ ਹੀ ਇਸ ਸੰਬੰਧੀ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਉਹ ਵੀ ਆਪਣੇ ਯਤਨਾਂ ਵਿਚ ਅਜੇ ਸਫ਼ਲ ਹੋਈ ਨਹੀਂ ਜਾਪਦੀ। ਜਿਸ ਤਰ੍ਹਾਂ ਲੁੱਟਾਂ-ਖੋਹਾਂ, ਚੋਰੀਆਂ-ਡਕੈਤੀਆਂ ਅਤੇ ਕਤਲਾਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਹ ਸਰਕਾਰ ਲਈ ਵੱਡੀ ਚੁਣੌਤੀ ਹੈ, ਪਰ ਹਾਲਾਤ ਇਥੋਂ ਤੱਕ ਪਹੁੰਚ ਚੁੱਕੇ ਹਨ ਕਿ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਪੰਜਾਬ ਤੇ ਹਰਿਆਣਾ ਦੀ ਪੁਲਿਸ ਨੂੰ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ਜੇਕਰ ਦੀਪਕ ਟੀਨੂੰ ਨੂੰ ਕੁਝ ਹੋਇਆ ਤਾਂ ਇਸ ਦਾ ਹਰਜਾਨਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਅਜਿਹੀਆਂ ਧਮਕੀਆਂ ਕੋਈ ਨਵੀਂ ਗੱਲ ਨਹੀਂ ਹਨ।
ਅੱਜ ਫਿਰੌਤੀਆਂ ਲੈਣ ਲਈ ਲੋਕਾਂ ਨੂੰ ਨਿੱਤ ਦਿਨ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਇਹ ਅਨਸਰ ਆਪਣੇ ਮੰਤਵ ਵਿਚ ਕਾਮਯਾਬ ਹੋ ਜਾਂਦੇ ਹਨ। ਲੁੱਟਾਂ-ਖੋਹਾਂ ਕਰਨ ਲਈ ਲਗਾਤਾਰ ਬੈਂਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਖਬਰਾਂ ਰੋਜ਼ ਹੀ ਨਸ਼ਰ ਹੁੰਦੀਆਂ ਹਨ। ਜੇਕਰ ਪ੍ਰਸ਼ਾਸਨ ਤੇ ਪੁਲਿਸ ਆਪਣੇ ਮਿੱਥੇ ਨਿਸ਼ਾਨਿਆਂ ਵਿਚ ਕਾਮਯਾਬ ਨਹੀਂ ਹੋ ਰਹੇ ਤਾਂ ਉਨ੍ਹਾਂ ਦੇ ਰਸਤੇ ਦੀਆਂ ਔਕੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੱਗਦਾ ਹੈ ਕਿ ਪੰਜਾਬ ਹਰ ਪੱਖੋਂ ਲੁੱਟਿਆ-ਪੁੱਟਿਆ ਜਾ ਰਿਹਾ ਹੈ। ਪਰ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਅਜਿਹੀ ਸਥਿਤੀ ਸੰਭਾਲਣ ਲਈ ਸਰਕਾਰ ਦੀ ਅਜੇ ਤੱਕ ਕੋਈ ਪੁਖ਼ਤਾ ਨੀਤੀ ਸਾਹਮਣੇ ਨਹੀਂ ਆਈ, ਜੋ ਲੋਕ ਮਨਾਂ ਵਿਚ ਢਾਰਸ ਪੈਦਾ ਕਰਨ ਵਾਲੀ ਹੋਵੇ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …