Breaking News
Home / ਸੰਪਾਦਕੀ / ਗੰਭੀਰ ਹੈ ਦੁਨੀਆ ਭਰ ‘ਚ ਵਧ ਰਹੀਆਂ ਆਤਮ ਹੱਤਿਆਵਾਂ ਦਾ ਵਰਤਾਰਾ

ਗੰਭੀਰ ਹੈ ਦੁਨੀਆ ਭਰ ‘ਚ ਵਧ ਰਹੀਆਂ ਆਤਮ ਹੱਤਿਆਵਾਂ ਦਾ ਵਰਤਾਰਾ

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ।
ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ ਹਰ ਸਾਲ ਆਤਮ ਹੱਤਿਆ ਨਾਲ ਮੌਤ ਦੀ ਗੋਦ ਵਿੱਚ ਜਾ ਸੌਂਦੇ ਹਨ ਭਾਵ 40 ਸੈਕਿੰਡਾਂ ਵਿੱਚ ਇੱਕ ਵਿਅਕਤੀ ਆਤਮ ਹੱਤਿਆ ਕਰਦਾ ਹੈ ਅਤੇ ਇਸ ਤੋਂ ਪੰਝੀ ਗੁਣਾਂ ਜ਼ਿਆਦਾ ਲੋਕ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ। ਅੰਕੜਿਆਂ ਅਨੁਸਾਰ ਡਿਪਰੈਸ਼ਨ ਦੇ ਸ਼ਿਕਾਰ 60 ਫੀਸਦੀ ਲੋਕਾਂ ਵਿੱਚ ਆਤਮ ਹੱਤਿਆ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਇਹਨਾਂ ਵਿੱਚ 20 ਫੀਸਦੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਮੌਤ ਦੇ ਕਲਾਵੇਂ ਵਿੱਚ ਸਮਾ ਜਾਂਦੇ ਹਨ।
ਆਤਮ ਹੱਤਿਆ ਪਿੱਛੇ ਮਨੋਵਿਗਿਆਨਿਕ, ਸਮਾਜਿਕ, ਆਰਥਿਕ, ਪਰਿਵਾਰਿਕ ਅਤੇ ਵਿਅਕਤੀਗਤ ਕਾਰਨ ਹੋ ਸਕਦੇ ਹਨ। ਜੇਕਰ ਕਿਸੇ ਨੂੰ ਆਤਮ ਹੱਤਿਆ ਦੇ ਵਿਚਾਰ ਆ ਰਹੇ ਹਨ ਤਾਂ ਆਪਣੇ ਕਿਸੇ ਕਰੀਬੀ ਨਾਲ ਗੱਲ ਸਾਂਝੀ ਕਰਨੀ ਚਾਹੀਦੀ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਲਈ ਕਿਸੇ ਯੋਗ ਮਨੋਵਿਗਿਆਨਿਕ ਤੋਂ ਕਾਊਂਸਲਿੰਗ ਕਰਵਾਈ ਜਾ ਸਕਦੀ ਹੈ।
ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਜ਼ਿੰਦਗੀ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੋ ਜੀਵਨ ਚ ਦਰਪੇਸ਼ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ ਅਤੇ ਸਕਰਾਤਮਕਤਾ ਨਾਲ ਜੂਝਨਾ ਚਾਹੀਦਾ ਹੈ । ਮਨ ਦੀ ਨਕਰਾਤਮਕਤਾ ਨੂੰ ਸਕਰਾਤਮਕਤਾ ਵਿੱਚ ਬਦਲ ਕੇ ਆਤਮ ਹੱਤਿਆ ਤੋਂ ਬਚਿਆ ਜਾ ਸਕਦਾ ਹੈ ।
ਆਤਮ-ਹੱਤਿਆ ਦੀਆਂ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਸੰਸਾਰ ਆਤਮ-ਹੱਤਿਆ ਵਿਰੋਧੀ ਦਿਨ ਹਰ ਸਾਲ 10 ਸਤੰਬਰ ਨੂੰ ਮਨਾਇਆ ਜਾਂਦਾ ਹੈ ਪਰ ਅਜਿਹੇ ਦਿਹਾੜੇ ਵੀ ਦੇਸ਼ ਵਿਚ ਆਤਮ-ਹੱਤਿਆ ਵਰਗੀ ਬੁਰਾਈ ਨੂੰ ਖ਼ਤਮ ਕਰਨ ਵਿਚ ਅਜੇ ਤੱਕ ਸਹਾਈ ਸਿੱਧ ਨਹੀ ਹੋਏ ਹਨ, ਜਿਸ ਦਾ ਸਿੱਧਾ ਕਾਰਨ ਇਹੀ ਹੈ ਕਿ ਅਜਿਹੇ ਦਿਨ ਸਿਰਫ਼ ਕਾਗਜ਼ਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਅਤੇ ਖਾਨਾਪੂਰਤੀ ਦੇ ਨਾਂਅ ‘ਤੇ ਹੀ ਥੋੜ੍ਹੇ-ਬਹੁਤ ਪ੍ਰੋਗਰਾਮ ਕਰਵਾ ਕੇ ਪੱਲਾ ਝਾੜਿਆ ਜਾ ਰਿਹਾ ਹੈ ਜਦੋਂ ਕਿ ਅਜਿਹੇ ਮੌਕਿਆਂ ‘ਤੇ ਸਰਕਾਰ ਨੂੰ ਆਤਮ-ਹੱਤਿਆ ਦੇ ਵਧਦੇ ਅੰਕੜਿਆਂ ਨੂੰ ਰੋਕਣ ਲਈ ਉਨ੍ਹਾਂ ਦੇ ਅਸਲ ਕਾਰਨ ਜਾਣ ਕੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹਿਦੇ ਹਨ।
ਅਜੋਕੇ ਸਮੇ ਦੌਰਾਨ ਰੋਜ਼ਾਨਾ ਹੀ ਅਖ਼ਬਾਰਾਂ ਵਿਚ ਅਨੇਕਾਂ ਖ਼ਬਰਾਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਤਮ-ਹੱਤਿਆ ਕੀਤੇ ਜਾਣ ਦੀਆਂ ਆ ਰਹੀਆਂ ਹਨ ਜੋ ਦੇਸ਼ ਲਈ ਵੱਡੀ ਚਿੰਤਾ ਦੀ ਗੱਲ ਹੈ। ਆਧੁਨਿਕ ਭੱਜ-ਦੌੜ ਦੇ ਇਸ ਜੀਵਨ ਵਿਚ ਅਨੇਕ ਲੋਕ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਬੁਰੇ ਆਰਥਿਕ ਹਾਲਤਾਂ ਦਾ ਝੰਬਿਆਂ ਇਨਸਾਨ ਆਤਮ-ਹੱਤਿਆ ਕਰਨ ਲਈ ਮਜਬੂਰ ਹੁੰਦਾ ਹੈ। ਬਦਲਦੀ ਜੀਵਨ ਸ਼ੈਲੀ ਦੇ ਕਾਰਨ ਅੱਜ ਨੌਜਵਾਨ ਵਰਗ ਵਿਚ ਸਹਿਣ ਸ਼ਕਤੀ ਵਿਚ ਵੱਡੀ ਕਮੀ ਵੇਖੀ ਜਾ ਰਹੀ ਹੈ। ਮਾਨਸਿਕ ਪ੍ਰੇਸ਼ਾਨੀ ਦੇ ਕੁਝ ਅਜਿਹੇ ਮਹੱਤਵਪੂਰਨ ਕਾਰਨ ਹਨ ਜਿਨ੍ਹਾਂ ਵਿਚ ਅਸਫਲਤਾ ਵਿਅਕਤੀ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿੰਦੀ ਹੈ। ਭਾਰਤ ਵਿਚ ਆਤਮ-ਹੱਤਿਆ ਦੇ ਪ੍ਰਮੁੱਖ ਕਾਰਨਾਂ ਵਿਚ ਪੜ੍ਹਾਈ, ਕੈਰੀਅਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ, ਬੇਰੁਜ਼ਗਾਰੀ, ਭਿਆਨਕ ਰੋਗ ਦਾ ਹੋਣਾ, ਪਰਿਵਾਰਕ ਕਲੇਸ਼, ਗ਼ਰੀਬੀ, ਪ੍ਰੀਖਿਆ ਵਿਚ ਅਸਫਲਤਾ, ਪ੍ਰੇਮ ਵਿਚ ਅਸਫਲਤਾ, ਆਰਥਿਕ ਵਿਵਾਦ ਆਦਿ ਹਨ। ਅਜੋਕੇ ਸਮੇ ਘਟਦੇ ਰੁਜ਼ਗਾਰ ਦੇ ਵਸੀਲਿਆਂ ਕਾਰਨ ਦੇਸ਼ ਦੇ ਨੌਜਵਾਨ ਵਰਗ ਵਿਚ ਆਤਮ-ਹੱਤਿਆ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਣ ਲੱਗੀਆਂ ਹਨ।
ਭਾਵੇਂ ਆਤਮ-ਹੱਤਿਆ ਨੂੰ ਨੈਤਿਕ ਅਤੇ ਕਾਨੂੰਨੀ ਦੋਵਾਂ ਪੱਖਾਂ ਤੋਂ ਹੀ ਗ਼ਲਤ ਮੰਨਿਆ ਗਿਆ ਹੈ ਪਰ ਮਾਨਸਿਕ ਪ੍ਰੇਸ਼ਾਨ ਹੋਇਆ ਵਿਅਕਤੀ ਇਨ੍ਹਾਂ ਸਾਰੇ ਦੋਸ਼ਾਂ ਨੂੰ ਭੁੱਲ ਜਾਂਦਾ ਹੈ। ਆਤਮ-ਹੱਤਿਆ ਸ਼ਬਦ ਜੀਵਨ ਤੋਂ ਡਰ ਕੇ ਭੱਜਣ ਦਾ ਡਰਾਉਣਾ ਸੱਚ ਹੈ ਜੋ ਦਿਲ ਨੂੰ ਡਰਾਉਂਦਾ ਹੈ, ਖੌਫ਼ ਪੈਦਾ ਕਰਦਾ ਹੈ, ਦਰਦ ਦਿੰਦਾ ਹੈ। ਇਨ੍ਹਾਂ ਡਰਾਉਣੇ ਹਾਲਾਤ ਨੂੰ ਘੱਟ ਕਰਨ ਲਈ ਅਤੇ ਆਤਮ-ਹੱਤਿਆ ਦੀਆਂ ਵਧਦੀਆ ਘਟਨਾਵਾਂ ਉੱਤੇ ਕਾਬੂ ਪਾਉਣ ਲਈ ਸੰਸਾਰ ਆਤਮ-ਹੱਤਿਆ ਵਿਰੋਧੀ ਦਿਨ ਹਰ ਸਾਲ 10 ਸਤੰਬਰ ਨੂੰ ਮਨਾਇਆ ਜਾਂਦਾ ਹੈ ਪਰ ਅਜਿਹੇ ਦਿਹਾੜੇ ਵੀ ਦੇਸ਼ ਵਿਚ ਆਤਮ-ਹੱਤਿਆ ਵਰਗੀ ਬੁਰਾਈ ਨੂੰ ਖ਼ਤਮ ਕਰਨ ਵਿਚ ਅਜੇ ਤੱਕ ਸਹਾਈ ਸਿੱਧ ਨਹੀ ਹੋਏ ਹਨ।
15 ਤੋਂ 30 ਸਾਲ ਦੀ ਉਮਰ ਦੇ ਲੋਕਾਂ ਦੀ ਮੌਤ ਵਿਚ ਆਤਮ-ਹੱਤਿਆ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਆਤਮ-ਹੱਤਿਆ ਦੀ ਸਮੱਸਿਆ ਦਿਨੋ-ਦਿਨ ਵਿਕਰਾਲ ਹੁੰਦੀ ਜਾ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਵਿਚ ਵਿਗਿਆਨ ਦੀ ਤਰੱਕੀ ਦੇ ਨਾਲ ਜਿੱਥੇ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਕਮੀ ਆਈ ਹੈ, ਉਥੇ ਹੀ ਆਤਮ-ਹੱਤਿਆ ਦੀ ਗਿਣਤੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ। ਇਹ ਸਮਾਜ ਦੇ ਹਰ ਇਕ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੈ। ਚਿੰਤਾ ਦੀ ਗੱਲ ਇਹ ਵੀ ਹੈ ਕਿ ਅਜੋਕੇ ਸਹੂਲਤ ਭੋਗੀ ਜੀਵਨ ਨੇ ਤਣਾਅ, ਲੜਾਈ-ਝਗੜੇ ਨੂੰ ਵਧਾਇਆ ਹੈ। ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰਨ ਵਾਲੇ ਵਿਅਕਤੀ ਵੀ ਬਹੁਤੀ ਵਾਰ ਅਜਿਹੇ ਕਦਮ ਉਠਾ ਲੈਂਦੇ ਹਨ। ਇਹ ਕੇਵਲ ਭਾਰਤ ਦੀ ਸਮੱਸਿਆ ਨਹੀਂ ਹੈ। ਵਿਦੇਸ਼ਾਂ ਵਿਚ ਵੀ ਇਸ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੰਯੁਕਤ ਰਾਸ਼ਟਰ ਅਮਰੀਕਾ ਵਿਚ 2014 ਵਿਚ ਕੁੱਲ 42773 ਆਤਮ-ਹੱਤਿਆਵਾਂ ਹੋਈਆਂ। ਇਸ ਤਰ੍ਹਾਂ ਅਮਰੀਕਾ ਵਿਚ ਹਰ ਸਾਲ ਔਸਤਨ 38 ਹਜ਼ਾਰ ਮੌਤਾਂ ਦਾ ਕਾਰਨ ਆਤਮ-ਹੱਤਿਆ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਵਿਚ ਦਿਮਾਗੀ ਰੂਪ ਨਾਲ ਪ੍ਰੇਸ਼ਾਨ ਲੋਕ ਵੱਡੀ ਗਿਣਤੀ ਵਿਚ ਜਾਨ ਦੇ ਰਹੇ ਹਨ। ਇਨ੍ਹਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਿਲ ਹਨ।
ਤਾਲਾਬੰਦੀ ਕਾਰਨ ਲੋਕਾਂ ਉੱਤੇ ਆਰਥਿਕ ਮੰਦੀ ਨੇ ਤਣਾਅ ਬਣ ਕੇ ਹਮਲਾ ਕੀਤਾ ਹੈ। ਹੁਣ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਆਪਣੀ ਰੋਜ਼ੀ-ਰੋਟੀ ਦੇ ਜੁਗਾੜ ਲਈ ਵੀ ਲੜਨਾ ਪੈ ਰਿਹਾ ਹੈ। ਜ਼ਿਆਦਾਤਰ ਲੋਕ ਕੰਮ-ਧੰਦੇ ਪ੍ਰਭਾਵਿਤ ਹੋਣ ਕਾਰਨ ਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਝੱਲ ਰਹੇ ਹਨ। ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਦੇਸ਼ ਵਿਚ ਮਾਨਸਿਕ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ 15 ਤੋਂ 20 ਫ਼ੀਸਦੀ ਵਾਧਾ ਹੋਇਆ ਹੈ।
ਤਕਨੀਕੀ ਵਿਕਾਸ ਨੇ ਮਨੁੱਖ ਨੂੰ ਸਹੂਲਤਾਂ ਤਾਂ ਦਿੱਤੀਆਂ ਹਨ ਪਰ ਉਸ ਤੋਂ ਉਸ ਦੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਸੰਤੁਲਨ ਖੋਹ ਲਿਆ ਹੈ ਪਰ ਆਤਮ-ਹੱਤਿਆ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀ। ਜੀਵਨ ਇਕ ਸੰਘਰਸ਼ ਹੈ ਅਤੇ ਇਸ ਸੰਘਰਸ਼ ਵਿਚੋਂ ਨਿਕਲ ਕੇ ਆਪਣਾ ਸਫ਼ਲ ਜੀਵਨ ਜਿਊਣਾ ਹੀ ਅਸਲ ਜ਼ਿੰਦਗੀ ਹੈ। ਹਰ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਦਾ ਹੈ। ਲੋੜ ਹੈ ਤਾਂ ਸਿਰਫ਼ ਇਸ ਗੱਲ ਦੀ ਕਿ ਧੀਰਜ ਰੱਖਿਆ ਜਾਵੇ ਅਤੇ ਬੁਰੇ ਵਕਤ ਨੂੰ ਆਪਣਾ ਦੁਸ਼ਮਨ ਮੰਨ ਕੇ ਉਸ ਨਾਲ ਹਿੰਮਤ ਅਤੇ ਦਲੇਰੀ ਨਾਲ ਲੜਿਆ ਜਾਵੇ। ਆਪਣੀਆਂ ਇੱਛਾਵਾਂ ਨੂੰ ਸੀਮਤ ਕਰ ਕੇ ਅਤੇ ਆਪਣੇ ਅੰਦਰ ਪੈਦਾ ਹੋਈਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਕਾਰਨਾਂ ਨੂੰ ਆਪਣੇ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਜਾਂ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰਕੇ ਘੱਟ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਵਿਚ ਡਾਕਟਰੀ ਸਹੂਲਤਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਆਤਮ-ਹੱਤਿਆ ਦੇ ਕਾਰਨਾਂ ਦੀ ਪੂਰੀ ਘੋਖ ਕਰਕੇ ਇਸ ਨੂੰ ਰੋਕਣ ਲਈ ਵੀ ਸਰਕਾਰ ਨੂੰ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …