Breaking News
Home / ਫ਼ਿਲਮੀ ਦੁਨੀਆ / ਵੱਜਦਾ ਰਹੇਗਾ ਰਾਣਾ ਰਣਬੀਰ ਦਾ ਡਮਰੂ

ਵੱਜਦਾ ਰਹੇਗਾ ਰਾਣਾ ਰਣਬੀਰ ਦਾ ਡਮਰੂ

ਸਾਹਿਬ ਸਿੰਘ 9888011096
ਜਦ ਤਕ ਇਨਸਾਨ ਦੀਆਂ ਰਗਾਂ ‘ਚ ਖੂਨ ਦੌੜਦਾ ਹੈ, ਜਦ ਤਕ ਉਹਦਾ ਦਿਲ ਦੁੱਖ ਸੁੱਖ ਮਹਿਸੂਸ ਕਰਦਾ ਹੈ, ਦਿਮਾਗ ‘ਚ ਫੁਰਨੇ ਆਉਂਦੇ ਹਨ, ਉਦੋਂ ਤੱਕ ਉਹ ਜ਼ਿੰਦਾ ਇਨਸਾਨ ਹੈ । ਪਰ ਆਪਣੀ ਖੁਦੀ ਨੂੰ ਇਸ ਬੁਲੰਦੀ ‘ਤੇ ਲੈ ਜਾਣਾ ਕਿ ਤੁਹਾਡੇ ਆਪੇ ‘ਚੋਂ ‘ਮੈਂ ਜ਼ਿੰਦਾਬਾਦ’ ਦੀ ਜਸ਼ਨੀ ਸਰਗਰਮ ਛਿੜ ਪਵੇ ਤਾਂ ਸਮਝੋ ਜ਼ਿੰਦਗੀ ਦਾ ਮਕਸਦ ਪ੍ਰਾਪਤ ਹੋ ਗਿਆ। ਰਾਣਾ ਰਣਬੀਰ ਇਸੇ ਤਰਜ਼ ਦੀ ਜ਼ਿੰਦਾਬਾਦ-ਜ਼ਿੰਦਗੀ ਦਾ ਆਸ਼ਕ ਹੈ। ਇਸ ਅਵਸਥਾ ਤੱਕ ਪਹੁੰਚਣ ਲਈ ਉਹ ਲੰਮੇ ਸੰਘਰਸ਼ ‘ਚੋਂ ਲੰਘਿਆ ਹੈ। ਪੰਜਾਬੀ ਯੂਨੀਵਰਸਿਟੀ ‘ਚ ਆਇਆ ਸੀ, ਪੰਜਾਬੀ ਦੀ ਐਮ ਏ ਕਰਕੇ ਅਧਿਆਪਕ ਬਣਨ। ਪਰ ਉਹਦੇ ਰਾਹ ‘ਚ ਰੰਗਮੰਚ ਦੀ ਦੇਵੀ ਖੜ੍ਹੀ ਸੀ। ਦੇਵੀ ਨੇ ਟੋਕਰਾ ਚੁਕਾਉਣ ਦੀ ਗੁਹਾਰ ਕੀਤੀ ਤੇ ਰਾਣੇ ਨੇ ਸਾਵਾਂ ਝੁਕ ਕੇ ‘ਦੁੱਲਾ’ ਬਣ ਟੋਕਰਾ ਆਪਣੇ ਸਿਰ ਚੁੱਕ ਲਿਆ। ਰੰਗਮੰਚ ਦੀ ਦੇਵੀ ਨੇ ਅਸੀਸ ਦਿੱਤੀ ਤੇ ਰਾਣਾ ਰੰਗਮੰਚ ਦਾ ਸਾਊ ਤੇ ਕਮਾਊ ਪੁੱਤ ਬਣ ਗਿਆ। ਰੰਗਮੰਚ ਅਤੇ ਟੀਵੀ ਵਿਭਾਗ ਉਹਦੀ ਕਾਰਜਸ਼ਾਲਾ ਬਣ ਗਿਆ। ਜਦ ਨਵਨਿੰਦਰਾ ਬਹਿਲ ਨੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਕਹਾਣੀ ਭਾਬੀ ਮੈਨਾ ਦਾ ਨਾਟਕੀ ਰੂਪਾਂਤਰਣ ਤਿਆਰ ਕੀਤਾ ਤਾਂ ਅਨੀਤਾ ਮੀਤ ਭਾਬੀ ਬਣੀ ਤੇ ਰਾਣਾ ਕਾਕਾ ਬਣਿਆ। ‘ਰਾਣਾ’ ਤੇ ‘ਕਾਕਾ’.. ਸ਼ਬਦਾਂ ਦਾ ਵਜ਼ਨ ਇੱਕੋ ਜਿਹਾ ਸੀ। ਰਾਣੇ ਨੇ ਆਪਣੀ ਲਿਆਕਤ ਅਤੇ ਮਿਹਨਤ ਨਾਲ ਇਸ ਵਜ਼ਨ ਦਾ ਟੋਕਰਾ ਬਾਖ਼ੂਬੀ ਚੁੱਕਿਆ। ਉਸ ਦੀ ਅਦਾਕਾਰੀ ਦੇ ਚਰਚੇ ਛਿੜੇ। ਵਕਤ ਗੁਜ਼ਰਿਆ ਤਾਂ ਖ਼ੁਦ ਕੁਝ ਕਰਨ ਦੀ ਚੁਣੌਤੀ ਦਰਪੇਸ਼ ਹੋਈ। ਉਸ ਡਮਰੂ ਚੁੱਕ ਲਿਆ ਤੇ ਸ਼ਰੇਆਮ ਸੜਕਾਂ, ਪਾਰਕਾਂ, ਬਾਜ਼ਾਰਾਂ ਵਿਚ ਖੜਕਣ ਲੱਗ ਪਿਆ। ਇਹ ਡਮਰੂ ਉਸ ਆਮ ਬੰਦੇ ਦੀ ਬਾਤ ਪਾਉਂਦਾ ਸੀ ਜੋ ਭਗਤ ਸਿੰਘ ਦੇ ਸ਼ਹੀਦੀ ਪੁਰਬ ‘ਤੇ ਸਜੇ ਮੇਲੇ ‘ਚੋਂ ਭਗਤ ਸਿੰਘ ਦਾ ਪੋਸਟਰ ਲੱਭ ਰਿਹਾ ਹੈ ਪਰ ਉਸ ਨੂੰ ਸਿਰਫ਼ ਫ਼ਿਲਮੀ ਹੀਰੋ ਨਜ਼ਰੀਂ ਪੈ ਰਹੇ ਹਨ। ਰਾਣਾ ਰੰਗਮੰਚ ਨੂੰ ਅਰਥ ਦੇ ਰਿਹਾ ਸੀ। ਉਹ ਸਾਧਾਰਨ ਬੰਦਿਆਂ ਦੇ ਦਿਲਾਂ ‘ਚ ਬੈਠਾ ਭਗਤ ਸਿੰਘ ਲੱਭ ਰਿਹਾ ਸੀ। ਉਚੀ ਡਮਰੂ ਖੜਕਾ ਰਿਹਾ ਸੀ। ਸ਼ਹੀਦ ਦੇ ਸੁਪਨਿਆਂ ਤੋਂ ਉਲਟ ਭੁਗਤ ਰਹੇ ਸਿਆਸੀ ਲਾਣੇ ਨੂੰ ਵੰਗਾਰ ਰਿਹਾ ਸੀ। ਉਦੋਂ ਰਾਣੇ ਦਾ ਕੱਦ ਦੁੱਲੇ ਸੂਰਮੇ ਜਿੱਡਾ ਹੋ ਗਿਆ ਸੀ। ਉਹ ਰੰਗਕਰਮੀ ਸੀ। ਪੇਟ ਦੀ ਅੱਗ ਬੁਝਾਉਣ ਲਈ ਨਾਟਕ ਤੋਂ ਬਾਅਦ ਲੋਕਾਈ ਅੱਗੇ ਚਾਦਰ ਵਿਛਾ ਦਿੰਦਾ। ਕਦੀ ਪੰਜ ਸੌ, ਕਦੀ ਨੌ ਸੌ, ਕਦੀ ਪੰਦਰਾਂ ਸੌ ਬਣ ਜਾਂਦਾ। ਇੱਕ ਦਿਨ ਜਦੋਂ ਤਿੰਨ ਸ਼ੋਅ ਕਰਨ ਤੋਂ ਬਾਅਦ ਇਹ ਗਿਣਤੀ ਪੱਚੀ ਸੌ ਨੂੰ ਟੱਪ ਗਈ ਤਾਂ ਰਾਣੇ ਨੇ ਆਪਣਾ ਮੋਢਾ ਥਾਪੜਿਆ ਤੇ ਮੁਸਕਰਾ ਕੇ ਕਿਹਾ, ”ਮੈਂ ਜ਼ਿੰਦਾਬਾਦ!”
ਫਿਰ ਰਾਣਾ ਟੀਵੀ ਫ਼ਿਲਮਾਂ ਵਾਲੇ ਪਾਸੇ ਤੁਰ ਪਿਆ। ਭਗਵੰਤ ਮਾਨ ਦੀ ਮੰਡਲੀ ‘ਚ ਸ਼ਾਮਿਲ ਹੋ ਗਿਆ। ਹਾਸਰਸ ਸਕਿੱਟਾਂ ਕਰਦਾ, ਹੱਸਦਾ ਹਸਾਉਂਦਾ ਤੇ ਢੋਲੇ ਦੀਆਂ ਲਾਉਂਦਾ। ਪਰ ਅੰਦਰ ਵੱਜਦੇ ਡਮਰੂ ਦਾ ਕੀ ਕਰੇ! ਡਮਰੂ ਖੁਦਾਰੀ ਤੇ ਆਜ਼ਾਦੀ ਦਾ ਗੀਤ ਗਾ ਰਿਹਾ ਸੀ। ਰਾਣੇ ਨੇ ਦਿਲ ਦੀ ਸੁਣੀ ਤੇ ਬਾਗੀ ਹੋ ਗਿਆ। ਸਮਝੌਤਾ ਕਰਕੇ ਪੀਤੀ ਮਾਰਲਬੋਰੋ ਦੀ ਸਿਗਰਟ ਨਾਲੋਂ ਉਹਨੂੰ ਬੀੜੀ ਦੇ ਕਸ਼ ਜ਼ਿਆਦਾ ਸਕੂਨ ਦਿੰਦੇ। ਰਾਣੇ ਨੇ ਆਪਣੇ ਵਾਲ ਖੁਦ ਗੁੰਦਣ ਦਾ ਫ਼ੈਸਲਾ ਕਰ ਲਿਆ। ਅਨੇਕਾਂ ਫ਼ਿਲਮਾਂ ਕੀਤੀਆਂ। ਕੁਝ ਅੱਤ ਸਾਧਾਰਨ ਕਿਸਮ ਦੀਆਂ, ਕੁਝ ਵੱਖਰੀ ਭਾਂਤ ਦੀਆਂ, ਕੁਝ ਡੂੰਘੀ ਛਾਪ ਛੱਡਣ ਵਾਲੀਆਂ! ਪਰ ਰਾਣੇ ਦਾ ਅਕਸ ਧੁੰਦਲਾ ਨਾ ਪਿਆ। ਉਹੀ ਰਾਣਾ ਜਦੋਂ ਬੋਹੇਮੀਅਨਜ਼ ਵੱਲੋਂ ਰਚਾਏ ਵਰਚੁਅਲ ਨਾਟ ਉਤਸਵ ਦੇ ਅਠਾਰਵੇਂ ਦਿਨ ਆਪਣੀ ਸੱਜਰੀ ਪੇਸ਼ਕਾਰੀ ਲੈ ਕੇ ਹਾਜ਼ਰ ਹੋਇਆ ਤਾਂ ਉਸ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ‘ਚ ਜਗਿਆਸਾ ਪੈਦਾ ਹੋਈ। ਰਾਣਾ ਕੈਨੇਡਾ ਤੋਂ ਬੋਲ ਰਿਹਾ ਸੀ, ਪਰ ਕਿਤੇ ਬਹੁਤ ਨੇੜੇ ਬੈਠਾ ਮਹਿਸੂਸ ਹੋ ਰਿਹਾ ਸੀ। ਉਹ ਆਪਣੀ ਨਹੀਂ, ਰੰਗਮੰਚ ਦੀ ਬਾਤ ਪਾ ਰਿਹਾ ਸੀ। ਜੋ ਗਾਥਾ ਉਹ ਸੁਣਾ ਰਿਹਾ ਸੀ, ਹਰ ਰੰਗਕਰਮੀ ਦੇ ਦਿਲ ਦੀ ਆਵਾਜ਼ ਬਣ ਉੱਭਰ ਰਹੀ ਸੀ। ਰਾਣਾ ਕੈਮਰੇ ਦੇ ਉਸ ਪਾਰ ਅਦਾਵਾਂ ਬਿਖੇਰ ਰਿਹਾ ਹੈ, ਦਰਸ਼ਕ ਕੈਮਰੇ ਦੇ ਇਸ ਪਾਰ ਨਜ਼ਰਾਂ ਗੱਡੀ ਬੈਠਾ ਹੈ। ਉਹਨੇ ਪੇਸ਼ਕਾਰੀ ਲਈ ਚਾਰ ਕੁ ਫੁੱਟ ਲੰਬੀ, ਤਿੰਨ ਫੁੱਟ ਚੌੜੀ ਜਗ੍ਹਾ ਚੁਣੀ ਹੈ। ਸਮੱਗਰੀ ਦੇ ਨਾਂ ‘ਤੇ ਇੱਕ ਮੇਜ਼ ਹੈ, ਕੁਰਸੀ ਹੈ, ਇੱਕ ਕਾਲੀ ਐਨਕ ਤੇ ਫੋਨ ਹੈ। ਪੇਸ਼ਕਾਰੀ ਏਕਲ ਅਭਿਨੈ ਵਾਲੀ ਹੈ ਪਰ ਰਾਣੇ ਦੇ ਅੰਗ ਸੰਗ ਇੱਕ ਖਿੜਕੀ ਹੈ। ਖਿੜਕੀ ‘ਤੇ ਲੱਗਾ ਪਰਦਾ ਹੈ। ਖਿੜਕੀ ਦੀ ਅਦਾਕਾਰੀ ਬਰਾਬਰ ਭਿੜ ਰਹੀ ਹੈ। ਨਾਟਕ ਦਾ ਪਾਤਰ ਇੱਕ ਰੰਗਕਰਮੀ ਹੈ। ਇਸ ਤੋਂ ਪਹਿਲਾਂ ਕਿ ਉਹ ਫ੍ਰੇਮ ‘ਚ ਪ੍ਰਵੇਸ਼ ਕਰੇ, ਉਸਦਾ ਹਾਸਾ ਦਰਸ਼ਕ ਦੇ ਰੂਬਰੂ ਹੁੰਦਾ ਹੈ। ਰੰਗਕਰਮੀ ਲਾਕਡਾਊਨ ਦੀ ਕਹਾਣੀ ਆਰੰਭਦਾ ਹੈ। ਖਿੜਕੀ ਦਾ ਪਰਦਾ ਹਟਾਉਂਦਾ ਹੈ। ਚਿਹਰੇ ਉੱਤੇ ਰੌਸ਼ਨੀ ਤੇਜ਼ ਹੁੰਦੀ ਹੈ। ਉਹ ਬਾਹਰ ਖਿੜੀ ਹੋਈ ਧੁੱਪ ਤੇ ਮਹਿਕਦੀ ਹਵਾ ਦਾ ਰਾਗ ਛੇੜਦਾ ਹੈ। ਫਿਰ ਝਟਕੇ ਨਾਲ ਪਰਦਾ ਗਿਰਾਉਂਦਾ ਹੈ। ਇਹ ਰੰਗਮੰਚ ਦੇ ਪਰਦੇ ਜਿਹਾ ਪ੍ਰਭਾਵ ਸਿਰਜਦਾ ਹੈ। ਦ੍ਰਿਸ਼ ਦੀ ਤੱਕਣੀ ਬਦਲ ਗਈ ਹੈ। ਰੌਸ਼ਨੀ ਦਾ ਪ੍ਰਭਾਵ ਬਦਲ ਗਿਆ ਹੈ ਤੇ ਅਦਾਕਾਰ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਹਨ। ਲਾਕਡਾਊਨ ਹੋ ਗਿਆ ਹੈ। ਸਾਂਵੀਂ ਚੱਲਦੀ ਜ਼ਿੰਦਗੀ ਦੇ ਮੂੰਹ ‘ਤੇ ਤਾਲਾ ਆਣ ਵੱਜਾ ਹੈ। ਹੁਣ ਇਹ ਇਨਸਾਨ ਜੋ ਇੱਕ ਰੰਗ ਕਰਮੀ ਵੀ ਹੈ, ਕੀ ਕਰੇ? ਰਾਣਾ ਦਰਦ ਭਰੀ ਸੁਰ ‘ਚ ਸਵਾਲ ਪੈਦਾ ਕਰਦਾ ਹੈ। ਉਹ ਆਪਣੇ ਅੰਦਰ ਨਾਲ ਵਾਰਤਾਲਾਪ ਆਰੰਭ ਕਰਦਾ ਹੈ। ਆਪਣੀ ਤਾਕਤ ਦਾ ਅੰਦਾਜ਼ਾ ਲਗਾਉਣ ਦੇ ਯਤਨ ਕਰਦਾ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਕਿਵੇਂ ਕਿਸੇ ਨਾਟਕ ਵਿਚ ਉਹ ਬਾਦਸ਼ਾਹ ਬਣਿਆ ਸੀ ਤੇ ਆਪਣੇ ਆਪ ਨੂੰ ਸਲਤਨਤ ਦਾ ਮਾਲਿਕ ਮਹਿਸੂਸ ਕਰਦਾ ਸੀ। ਕਿਵੇਂ ਕਿਸੇ ਨਾਟਕ ‘ਚ ਅਧਿਆਪਕ ਬਣ ਗਹਿਰ ਗੰਭੀਰ ਵਿਚਾਰ ਪੇਸ਼ ਕਰਦਾ ਸੀ, ਜ਼ਿੰਦਗੀ ਦੀਆਂ ਰਮਜ਼ਾਂ ਸਮਝਾਉਂਦਾ ਸੀ। ਖਲਨਾਇਕ ਦਾ ਚੋਲਾ ਪਹਿਨ ਕੇ ਕਿਵੇਂ ਉਹ ਟੇਢੀ ਅੱਖ ਨਾਲ ਟੇਢੀਆਂ ਚਾਲਾਂ ਚੱਲਦਾ ਸੀ। ਇੰਨੇ ਸਾਰੇ ਕਿਰਦਾਰਾਂ ਨੂੰ ਆਪਣੇ ਅੰਦਰ ਵਸਾਉਣ ਵਾਲਾ ਅਤੇ ਮੰਚ ਉੱਤੇ ਸਾਕਾਰ ਕਰਨ ਵਾਲਾ ਰੰਗਕਰਮੀ ਇਸ ਲਾਕ ਡਾਉਨ ਕਾਰਨ ਉਪਜੀ ਨਿਰਾਸ਼ਾ ਨੂੰ ਦੂਰ ਕਰਨ ਲਈ ਕਿਸ ਕਿਰਦਾਰ ਦੀ ਸ਼ਰਨ ‘ਚ ਜਾਵੇ! ਪਿਤਾ ਜੀ ਦੀ ਤਬੀਅਤ ਖਰਾਬ ਹੋ ਗਈ ਹੈ। ਬਾਹਰ ਕਰਫਿਊ ਲੱਗਾ ਹੋਇਆ ਹੈ। ਪੁਲਿਸ ਸਖ਼ਤੀ ਨਾਲ ਕਾਨੂੰਨ ‘ਤੇ ਪਹਿਰਾ ਦੇ ਰਹੀ ਹੈ। ਉਹ ਪਿਤਾ ਜੀ ਦੀ ਦਵਾਈ ਕਿਵੇਂ ਲਿਆਵੇ! ਮਨ ਤਕੜਾ ਕਰਦਾ ਹੈ ਤੇ ਬਾਹਰ ਨਿਕਲਦਾ ਹੈ। ਪੁਲੀਸ ਰੋਕ ਲੈਂਦੀ ਹੈ। ਉਹ ਮਿੰਨਤਾਂ ਤਰਲੇ ਕਰਦਾ ਹੈ ਪਰ ਪੁਲੀਸ ਬੇਰਹਿਮ ਹੈ। ਉਸਦੀ ਸੁਣਵਾਈ ਨਹੀਂ ਹੁੰਦੀ, ਉਲਟਾ ਕੁਟਾਪਾ ਹੋ ਜਾਂਦਾ ਹੈ। ਉਹ ਰੰਗਕਰਮੀ ਵਜੋਂ ਆਪਣੀ ਪਹਿਚਾਣ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੁਲੀਸ ਸਮਝਣੋਂ ਇਨਕਾਰੀ ਹੈ। ਥੱਕਿਆ ਹਾਰਿਆ ਘਰ ਪਰਤਦਾ ਹੈ। ਡਿੱਗੇ ਮਨ ਨੂੰ ਮੁੜ ਚੜ੍ਹਦੀ ਕਲਾ ‘ਚ ਕਿਵੇਂ ਲੈ ਕੇ ਜਾਵੇ? ਉਸ ਦੀ ਸਿਮਰਤੀ ‘ਚ ‘ਭਗਤ ਸਿੰਘ ਦੀ ਵਾਪਸੀ’ ਵਰਗੇ ਨਾਟਕ ਗੂੰਜਣ ਲੱਗਦੇ ਹਨ। ਅਜਮੇਰ ਔਲਖ ਦੇ ਪਾਤਰ, ਜੋ ਡਾਢਿਆਂ ਖਿਲਾਫ਼ ਬਗਾਵਤ ਦਾ ਫਹੁੜਾ ਚੁੱਕ ਉੱਠ ਖੜ੍ਹਦੇ ਹਨ, ਉਸ ਨੂੰ ਯਾਦ ਆਉਂਦੇ ਹਨ। ਪਾਸ਼ ਦੇ ਬੋਲ ਉਸ ਦੀ ਨਸ ਨਸ ਨੂੰ ਵੰਗਾਰਨ ਲੱਗਦੇ ਹਨ। ਭਗਤ ਸਿੰਘ ਦਾ ਚਿਹਰਾ ਉਸ ਦੇ ਸਾਹਮਣੇ ਆਉਂਦਾ ਹੈ। ਫੈਸਲਾ ਲੈਂਦਾ ਹੈ, ”ਭਾਵੇਂ ਕੁਝ ਵੀ ਹੋ ਜਾਏ, ਮੈਂ ਨਾਟਕ ਕਰਾਂਗਾ। ਮੰਚ ਨਾ ਸਹੀ ਪਰ ਮੈਂ ਤਾਂ ਹਾਂ! ਵਿਚਾਰ ਤਾਂ ਨਹੀਂ ਮਰ ਸਕਦੇ। ਅਦਾਕਾਰੀ ਤਾਂ ਕਿਤੇ ਨਹੀਂ ਗਈ। ਦਰਸ਼ਕ ਸਾਹਮਣੇ ਨਾ ਸਹੀ, ਕੈਮਰੇ ਸਾਹਮਣੇ ਹੀ ਸਹੀ, ਪਰ ਮੈਂ ਨਾਟਕ ਕਰਾਂਗਾ!” ਉਤਸ਼ਾਹ ਵਿੱਚ ਆਇਆ ਉਹ ਇੱਕ ਵਾਰ ਫਿਰ ਖਿੜਕੀ ਖੋਲ੍ਹ ਦਿੰਦਾ ਹੈ। ਰੋਸ਼ਨੀ ਅੰਦਰ ਆਉਂਦੀ ਹੈ। ਰੰਗਕਰਮੀ ਨੇ ਸੋਸ਼ਲ ਸਾਈਟਸ ਉੱਤੇ ਖ਼ਬਰ ਨਸ਼ਰ ਕਰ ਦਿੱਤੀ ਹੈ ਕਿ ਮੈਂ ਨਾਟਕ ਕਰਾਂਗਾ। ਪਰ ਸਹਿਕਰਮੀਆਂ ਤੇ ਦੋਸਤਾਂ ਵੱਲੋਂ ਹੌਸਲਾ ਨਹੀਂ ਮਿਲਦਾ। ਰੰਗਕਰਮੀ ਢੇਰੀ ਢਾਹ ਕੇ ਬਹਿ ਜਾਂਦਾ ਹੈ। ਪਰਦਾ ਫਿਰ ਗਿਰਦਾ ਹੈ। ਨਿਰਾਸ਼ਾ ਦਾ ਆਲਮ ਹੈ। ਰੰਗਕਰਮੀ ਆਪਣੇ ਫ਼ੋਨ ਉੱਤੇ ਸੰਦੇਸ਼ ਪੜ੍ਹ ਰਿਹਾ ਹੈ। ਅਚਾਨਕ ਸਮਰੱਥ ਸ਼ਾਇਰਾ ਨੀਤੂ ਅਰੋੜਾ ਦਾ ਇੱਕ ਸੰਦੇਸ਼ ਉਸ ਦੇ ਸਾਹਮਣੇ ਆਉਂਦਾ ਹੈ। ਨੀਤੂ ਅਰੋੜਾ ਆਪਣੀ ਮਾਂ ਦੀ ਕਹਾਣੀ ਕਹਿ ਰਹੀ ਹੈ। ਮਾਂ ਪੜ੍ਹਨ ‘ਚ ਬਹੁਤ ਹੁਸ਼ਿਆਰ ਸੀ। ਜਦੋਂ ਦਸਵੀਂ ਦੇ ਇਮਤਿਹਾਨ ਹੋਣੇ ਸਨ ਤਾਂ ਪ੍ਰੀਖਿਆ ‘ਚ ਬੈਠਣ ਦੀ ਫੀਸ ਪੰਜ ਰੁਪਏ ਪੰਝੱਤਰ ਪੈਸੇ ਸੀ; ਉਸ ਦੇ ਪਿਓ ਕੋਲ ਇੰਨੇ ਪੈਸੇ ਨਹੀਂ ਸਨ ਤੇ ਉਹ ਦਸਵੀਂ ਪਾਸ ਨਾ ਕਰ ਸਕੀ। ਜਦੋਂ ਵਿਆਹੀ ਗਈ ਤਾਂ ਕਈ ਸਾਲਾਂ ਬਾਅਦ ਆਪਣੇ ਪੇਕੇ ਪਿੰਡ ਜਾਣ ਵਾਲੀ ਬੱਸ ‘ਚ ਬੈਠਿਆਂ ਇੱਕ ਬੰਦੇ ਨਾਲ ਮੁਲਾਕਾਤ ਹੋਈ। ਉਹ ਬੰਦਾ, ਜੋ ਇੱਕ ਸਕੂਲ ‘ਚ ਹੈੱਡਮਾਸਟਰ ਲੱਗਾ ਹੋਇਆ ਸੀ, ਕਿਸੇ ਸਮੇਂ ਉਸ ਦਾ ਸਹਿਪਾਠੀ ਸੀ। ਤਕੜੇ ਘਰ ਦਾ ਬੱਚਾ ਸੀ। ਮਾਂ ਦਾ ਉਸ ਨਾਲ ਮੁਕਾਬਲਾ ਸੀ। ਪਰ ਪੰਜ ਰੁਪਏ ਪੰਝੱਤਰ ਪੈਸੇ ਨਾ ਹੋਣ ਕਾਰਨ ਮਾਂ ਮੁਕਾਬਲਾ ਹਾਰ ਗਈ ਸੀ। ਨੀਤੂ ਸਵਾਲ ਕਰਦੀ ਹੈ,”ਜਦੋਂ ਮਾਂ ਇਮਤਿਹਾਨ ਦੇਣ ਨਾ ਗਈ ਤਾਂ ਕਿਸੇ ਘਰ ਆ ਕੇ ਪੁੱਛਿਆ ਕਿਉਂ ਨਹੀਂ? ਕਿਸੇ ਨੇ ਨਾਨੇ ਨੂੰ ਸਮਝਾਇਆ ਕਿਉਂ ਨਹੀਂ? ਕਿਸੇ ਨੇ ਉਸ ਦੀ ਫੀਸ ਕਿਉਂ ਨਾ ਦਿੱਤੀ?” ਅੱਜ ਨੀਤੂ ਅਰੋੜਾ ਖੁਦ ਅਧਿਆਪਕ ਹੈ। ਉਹ ਚਾਹੁੰਦੀ ਹੈ ਕਿ ਕੋਈ ਬੱਚਾ ਫੀਸ ਖੁਣੋਂ ਪੜ੍ਹਨ ਤੋਂ ਨਾ ਰਹਿ ਜਾਵੇ। ਉਹ ਮਾਂ ਦਾ ਕਰਜ਼ ਉਤਾਰਨਾ ਚਾਹੁੰਦੀ ਹੈ। ਉਹ ਹਰ ਬੱਚੇ ਦੇ ਘਰ ਜਾਣਾ ਚਾਹੁੰਦੀ ਹੈ। ਸੰਦੇਸ਼ ਪੜ੍ਹਨ ਉਪਰੰਤ ਰੰਗਕਰਮੀ ਦੇ ਚਿਹਰੇ ਦੇ ਭਾਵ ਫੈਸਲਾਕੁੰਨ ਢੰਗ ਨਾਲ ਬਦਲਦੇ ਹਨ। ਹੁਣ ਜੋਸ਼ ਉਸ ਦੀਆਂ ਅੱਖਾਂ ‘ਚੋਂ ਡੁੱਲ੍ਹ ਡੁੱਲ੍ਹ ਪੈ ਰਿਹਾ ਹੈ। ਸਰੀਰਕ ਭਾਸ਼ਾ ਵਿਸ਼ਵਾਸ ਦੀ ਮੂਰਤ ਬਣ ਗਈ ਹੈ। ਉਸ ਦੇ ਹੱਥ ਖਿੜਕੀ ‘ਤੇ ਲੱਗੇ ਪਰਦੇ ਵੱਲ ਉੱਠਦੇ ਹਨ। ਪੂਰਾ ਤਾਣ ਲਾ ਕੇ ਪਰਦਾ ਖੋਲ੍ਹ ਦਿੰਦਾ ਹੈ। ਚਿਹਰਾ ਮੁੜ ਪ੍ਰਕਾਸ਼ਮਾਨ ਹੁੰਦਾ ਹੈ ਤੇ ਰਾਣਾ ਬੋਲ ਅਲਾਪਦਾ ਹੈ,”ਮੈਂ ਨਹੀਂ ਰੁਕਾਂਗਾ! ਮੈਂ ਕਰਾਂਗਾ ਨਾਟਕ! ਹਨੇਰਾ ਹੋਵੇ ਜਾਂ ਸਵੇਰਾ, ਮੈਂ ਹਾਜ਼ਰ ਹੋਵਾਂਗਾ ਆਪਣੀ ਕਲਾ ਨਾਲ… ਨਵੇਂ ਵਿਚਾਰਾਂ ਨਾਲ! ਮੈਂ ਜ਼ਿੰਦਾਬਾਦ!” ਰਾਣਾ ਚਾਰ ਫੁੱਟ ਚੌੜੇ ਮੰਚ ਤੋਂ ਬੋਲਦਾ ਹੋਇਆ ਰੁਖ਼ਸਤ ਹੁੰਦਾ ਹੈ ਪਰ ਖੁੱਲ੍ਹੀ ਖਿੜਕੀ ਜ਼ਿੰਦਗੀ ਜ਼ਿੰਦਾਬਾਦ ਦਾ ਪੈਗਾਮ ਦੇ ਰਹੀ ਹੈ। ਦਰਸ਼ਕ ਉਤਸ਼ਾਹ ਅਤੇ ਹੌਸਲੇ ਨਾਲ ਭਰਿਆ ਮਹਿਸੂਸ ਕਰਦਾ ਹੈ। ਰਾਣਾ ਰਣਬੀਰ ਦਾ ਡਮਰੂ ਲਗਾਤਾਰ ਵੱਜ ਰਿਹਾ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …