Breaking News
Home / ਭਾਰਤ / ਮੋਦੀ ਨੇ ਕਿਸਾਨਾਂ ਨੂੰ ਸੰਘਰਸ਼ ਬੰਦ ਕਰਨ ਦੀ ਕੀਤੀ ਅਪੀਲ

ਮੋਦੀ ਨੇ ਕਿਸਾਨਾਂ ਨੂੰ ਸੰਘਰਸ਼ ਬੰਦ ਕਰਨ ਦੀ ਕੀਤੀ ਅਪੀਲ

ਮੁੜ ਗੱਲਬਾਤ ਦਾ ਦਿੱਤਾ ਸੱਦਾ ੲ ਕਿਹਾ, ਐੱਮਐੱਸਪੀ ਭਵਿੱਖ ‘ਚ ਵੀ ਜਾਰੀ ਰਹੇਗਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਆਪਣਾ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਖੇਤੀ ਸੁਧਾਰਾਂ ਦੇ ਮੁੱਦੇ ‘ਤੇ ਅਚਾਨਕ ਲਏ ਗਏ ‘ਯੂ-ਟਰਨ’ ਲਈ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ। ਪ੍ਰਧਾਨ ਮੰਤਰੀ ਨੇ ਪ੍ਰਦਰਸ਼ਨਾਂ ਪਿਛਲੀਆਂ ਤਾਕਤਾਂ ‘ਤੇ ਵਰ੍ਹਦਿਆਂ ਕਿਹਾ ਕਿ ਮੁਲਕ ‘ਚ ਪ੍ਰਦਰਸ਼ਨਕਾਰੀਆਂ ਦੀ ਨਵੀਂ ‘ਜਮਾਤ’ ‘ਅੰਦੋਲਨ ਜੀਵੀ’ ਪੈਦਾ ਹੋ ਗਈ ਹੈ ਜਿਹੜੀ ਪ੍ਰਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਅਤੇ ਲੋਕਾਂ ਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ‘ਚ ਨਵੀਂ ਐੱਫਡੀਆਈ (ਵਿਦੇਸ਼ੀ ਵਿਨਾਸ਼ਕਾਰੀ ਵਿਚਾਰਧਾਰਾ) ਵੀ ਆ ਗਈ ਹੈ ਅਤੇ ‘ਸਾਨੂੰ ਅਜਿਹੀ ਵਿਚਾਰਧਾਰਾ ਤੋਂ ਮੁਲਕ ਨੂੰ ਬਚਾਉਣ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’ ਖੱਬੇ-ਪੱਖੀ ਧਿਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਲੈਫ਼ਟ ਵਾਲੇ ਕਾਂਗਰਸ ਸਰਕਾਰਾਂ ਵੇਲੇ ਵੀ ਰੋੜੇ ਅਟਕਾਉਂਦੇ ਰਹੇ ਸਨ ਅਤੇ ਹੁਣ ਵੀ ਉਹ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਮੋਦੀ ਨੇ ਸਦਨ ‘ਚ ਬੈਠੇ ਆਗੂਆਂ ਨੂੰ ਕਿਹਾ, ”ਮੈਂ ਤੁਹਾਨੂੰ ਅੱਗੇ ਆਉਣ ਦਾ ਸੱਦਾ ਦਿੰਦਾ ਹਾਂ ਅਤੇ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੁਧਾਰਾਂ ਬਾਰੇ ਸਮਝਾ ਕੇ ਖੇਤੀਬਾੜੀ ਸੈਕਟਰ ਦੀਆਂ ਸਮੱਸਿਆਵਾਂ ਦਾ ਹੱਲ ਕੱਢੀਏ। ਆਓ ਰਲ ਕੇ ਅੱਗੇ ਵਧੀਏ।” ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਕਿਸਾਨਾਂ ਨਾਲ ਲਗਾਤਾਰ ਵਾਰਤਾ ਕਰ ਰਹੇ ਹਨ ਅਤੇ ਦੋਵੇਂ ਧਿਰਾਂ ਇਕ-ਦੂਜੇ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਅਜੇ ਤੱਕ ਤਣਾਅ ਵਾਲੀ ਕੋਈ ਗੱਲ ਨਹੀਂ ਹੈ। ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ,”ਭਾਵੇਂ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਹੱਕ ਹੈ, ਪਰ ਬਜ਼ੁਰਗਾਂ ਦਾ ਧਰਨਿਆਂ ‘ਤੇ ਬੈਠਣਾ ਠੀਕ ਨਹੀਂ ਹੈ। ਉਨ੍ਹਾਂ ਨੂੰ ਘਰ ਪਰਤਣਾ ਚਾਹੀਦਾ ਹੈ। ਉਹ ਅੰਦੋਲਨ ਖ਼ਤਮ ਕਰਨ ਅਤੇ ਅਸੀਂ ਰਲ ਕੇ ਮਸਲੇ ਦਾ ਹੱਲ ਕੱਢਾਂਗੇ ਕਿਉਂਕਿ ਵਾਰਤਾ ਲਈ ਸਾਰੇ ਦਰ ਖੁੱਲ੍ਹੇ ਹਨ। ਮੈਂ ਇਸ ਸਦਨ ਰਾਹੀਂ ਉਨ੍ਹਾਂ ਨੂੰ ਵਾਰਤਾ ਦਾ ਮੁੜ ਸੱਦਾ ਦਿੰਦਾ ਹਾਂ।” ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਨ੍ਹਾਂ ਸੁਧਾਰਾਂ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਖੇਤੀ ਸੁਧਾਰਾਂ ਨਾਲ ਕੋਈ ਬਦਲਾਅ ਆਉਂਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਖਾਮੀਆਂ ਨੂੰ ਦੂਰ ਕਰਨ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਮੰਡੀਆਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ।

ਰਾਜ ਸਭਾ ਵਿੱਚ ਗੁਲਾਮ ਨਬੀ ਆਜ਼ਾਦ ਦੀ ਤਾਰੀਫ ਕਰਦਿਆਂ ਭਾਵੁਕ ਹੋਏ ਮੋਦੀ
ਕਾਰਜਕਾਲ ਦਾ ਸਮਾਂ ਪੂਰਾ ਹੋਣ ‘ਤੇ ਦਿੱਤੀ ਭਾਵੁਕ ਵਿਦਾਇਗੀ
ਨਵੀਂ ਦਿੱਲੀ : ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਮੈਂਬਰ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕਰਦਿਆਂ ਭਾਵੁਕ ਹੋ ਗਏ। ਧਿਆਨ ਰਹੇ ਕਿ ਗੁਲਾਮ ਨਬੀ ਆਜ਼ਾਦ ਦਾ ਉਪਰਲੇ ਸਦਨ ਵਿੱਚ ਕਾਰਜਕਾਲ ਪੂਰਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ। ਮੋਦੀ ਨੇ ਉਨ੍ਹਾਂ ਨੂੰ ਇਕ ਬਿਹਤਰੀਨ ਦੋਸਤ ਦੱਸਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ‘ਤੇ ਰਹਿੰਦਿਆਂ ਆਜ਼ਾਦ ਨੇ ਕਦੇ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਆਜ਼ਾਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ। ਆਜ਼ਾਦ ਦੇ ਕਾਰਜਕਾਲ ਦਾ ਸਮਾਂ 15 ਫਰਵਰੀ ਨੂੰ ਪੂਰਾ ਹੋ ਰਿਹਾ ਹੈ।

ਦੇਸ਼ ਨੂੰ ਸਿੱਖਾਂ ‘ਤੇ ਮਾਣ : ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਸਿੱਖਾਂ ਵੱਲੋਂ ਪਾਏ ਜਾ ਰਹੇ ਯੋਗਦਾਨ ‘ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਿੱਖਾਂ ਖਿਲਾਫ ਵਰਤੀ ਜਾ ਰਹੀ ਸ਼ਬਦਾਵਲੀ ਨਾਲ ਮੁਲਕ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਖਾਹਮਖਾਹ ਹੀ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਰਾਜ ਸਭਾ ‘ਚ ਉਨ੍ਹਾਂ ਕਿਹਾ, ”ਸਿੱਖ ਉਹ ਭਾਈਚਾਰਾ ਹੈ, ਜਿਸ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਗੁਰੂ ਸਾਹਿਬਾਨ ਦੀ ਬਾਣੀ ਤੇ ਉਨ੍ਹਾਂ ਦਾ ਆਸ਼ੀਰਵਾਦ ਬੇਸ਼ਕੀਮਤੀ ਹੈ।”

Check Also

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ

ਟਰਾਇਲ ਕੋਰਟ ਨੇ ਦੋ ਦਿਨ ਪਹਿਲਾਂ ਪਟੀਸ਼ਨ ਕੀਤੀ ਸੀ ਖਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ …