Breaking News
Home / ਭਾਰਤ / 21 ਦਿਨਾਂ ਦੇ ਬੰਦ ਦਾ ਦਿਖਿਆ ਜਬਰਦਸਤ ਅਸਰ

21 ਦਿਨਾਂ ਦੇ ਬੰਦ ਦਾ ਦਿਖਿਆ ਜਬਰਦਸਤ ਅਸਰ

ਬਜ਼ਾਰਾਂ ‘ਚ ਭੀੜ ਖਾਣ-ਪੀਣ ਦੀਆਂ ਵਸਤੂਆਂ ਤੇ ਸਬਜ਼ੀਆਂ ਖਰੀਦ ਦੀ ਆਈ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਅੱਜ ਲਾਕਡਾਊਨ ਦਾ ਪਹਿਲਾ ਦਿਨ ਸੀ ਪ੍ਰੰਤੂ ਇਥੇ ਤਾਂ ਪਹਿਲਾਂ ਹੀ ਤਿੰਨ ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਸੀ। ਅੱਜ ਸਵੇਰੇ ਜਦੋਂ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂ ਉਸ ਤੋਂ ਬਾਅਦ ਬਾਜ਼ਾਰਾਂ ‘ਚ ਭੀੜ ਇਸ ਤਰ੍ਹਾਂ ਨਜ਼ਰ ਆ ਰਹੀ ਸੀ ਜਿਵੇਂ ਕੋਈ ਤਿਉਹਾਰ ਹੋਵੇ। ਪੰਜਾਬ ਦੇ ਜ਼ਿਆਦਾ ਸ਼ਹਿਰਾਂ ‘ਚ ਇਸ ਤਰ੍ਹਾਂ ਦਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਹੱਥ ਜੋੜ-ਜੋੜ ਕੇ ਸਮਝਾਇਆ ਜੋ ਨਹੀਂ ਮੰਨੇ ਉਨ੍ਹਾਂ ‘ਤੇ ਸਖਤੀ ਵੀ ਵਰਤਣੀ ਪਈ ਕਈ ਥਾਵਾਂ ‘ਤੇ ਲੋਕਾਂ ਨੂੰ ਪੁਲਿਸ ਦੀ ਮਾਰ ਵੀ ਸਹਿਣੀ ਪਈ। ਪੁਲਿਸ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਨ੍ਹਾਂ ਨੂੰ ਜ਼ਰੂਰੀ ਵਸਤੂਆਂ ਦੀ ਸਪਲਾਈ ਘਰ-ਘਰ ਕੀਤੀ ਜਾਵੇਗੀ ਪ੍ਰੰਤੂ ਹਰ ਵਿਅਕਤੀ ਆਪਣੀ ਲੋੜ ਦੀਆਂ ਵਸਤੂਆਂ ਅਤੇ ਸਬਜ਼ੀਆਂ ਆਦਿ ਨੂੰ ਆਪਣੇ ਘਰਾਂ ‘ਚ ਜਮ੍ਹਾਂ ਕਰਨ ‘ਚ ਜੁਟਿਆ ਹੋਇਆ ਨਜ਼ਰ ਆਇਆ ਅਤੇ ਦੁਕਾਨਦਾਰ ਵੀ ਆਪਣੀ ਮਨਮਰਜ਼ੀ ਦੇ ਭਾਅ ਲੋਕਾਂ ਤੋਂ ਵਸੂਲਦੇ ਨਜ਼ਰ ਆਏ। ਇਥੇ ਜ਼ਿਕਰਯੋਗ ਹੈ ਕਿ ਲੰਘੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਧੀ ਰਾਤ ਤੋਂ ਅਗਲੇ 21 ਦਿਨਾਂ (14 ਅਪਰੈਲ) ਤਕ ਪੂਰੇ ਭਾਰਤ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਦਿਨਾਂ ਵਿੱਚ ਅੱਜ ਦੂਜੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਫੈਸਲਾਕੁਨ ਲੜਾਈ ਲਈ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਾਨੂੰ ਆਰਥਿਕ ਕੀਮਤ ਜ਼ਰੂਰ ਤਾਰਨੀ ਪੈ ਸਕਦੀ ਹੈ, ਪਰ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਖਾਣ-ਪੀਣ, ਦਵਾਈ ਬੂਟੀ ਤੇ ਹੋਰ ਜ਼ਰੂਰੀ ਵਸਤਾਂ ਲਈ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰਦਿਆਂ ਹਰ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਗੇ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …