ਇਕ ਜਵਾਨ ਦਾ ਸਿਰ ਕਲਮ; ਭਾਰਤੀ ਫ਼ੌਜ ਵੱਲੋਂ ਬਦਲਾ ਲੈਣ ਦਾ ਅਹਿਦ
ਜੰਮੂ/ਬਿਊਰੋ ਨਿਊਜ਼ : ਕੰਟਰੋਲ ਰੇਖਾ ‘ਤੇ ਸ਼ੱਕੀ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਤਿੰਨ ਭਾਰਤੀ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿਚੋਂ ਇਕ ਜਵਾਨ ਦੀ ਕੱਟੀ ਵੱਢੀ ਲਾਸ਼ ਬਰਾਮਦ ਹੋਈ ਹੈ। ਸ਼ਹੀਦ ਫ਼ੌਜੀਆਂ ਦੀ ਸ਼ਨਾਖ਼ਤ ਰਾਜਸਥਾਨ ਦੀ ਸ਼ੇਰਗੜ੍ਹ ਤਹਿਸੀਲ ਦੇ ਪਿੰਡ ਖੀਰ ਜਮਖ਼ਾਸ ਦੇ 25 ਸਾਲਾ ਪ੍ਰਭੂ ਸਿੰਘ, ਉੱਤਰ ਪ੍ਰਦੇਸ਼ ਦੇ ਦੱਦੂਪਰ (ਗਾਜ਼ੀਪੁਰ) ਦੇ 31 ਸਾਲਾ ਕੇ. ਕੁਸ਼ਵਾਹ ਅਤੇ ਇਸੇ ਸੂਬੇ ਦੀ ਮੁਹੰਮਦਾਬਾਦ ਤਹਿਸੀਲ ਦੇ ਪਿੰਡ ਨਾਸੀਰੁਦੀਨਪੁਰ ਦੇ 25 ਸਾਲਾ ਸ਼ਸ਼ਾਂਕ ਕੇ. ਸਿੰਘ ਵਜੋਂ ਹੋਈ ਹੈ। ਇਕ ਮਹੀਨੇ ਤੋਂ ਘੱਟ ਸਮੇਂ ਅੰਦਰ ਅਜਿਹੀ ਦੂਜੀ ਵਾਰਦਾਤ ਹੋਣ ਨਾਲ ਦੇਸ਼ ਵਿਚ ਗੁੱਸੇ ਦਾ ਮਾਹੌਲ ਬਣ ਗਿਆ ਹੈ। ਸੈਨਾ ਦੀ ਗਸ਼ਤੀ ਪਾਰਟੀ ‘ਤੇ ਘਾਤ ਲਾ ਕੇ ਹਮਲਾ ਕਸ਼ਮੀਰ ਦੇ ਮਛੀਲ ਸੈਕਟਰ ਵਿਚ ਕੀਤਾ ਗਿਆ ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਕਾਇਰਾਨਾ ਕਾਰਵਾਈ ਦਾ ਬਦਲਾ ਲੈਣ ਦਾ ਅਹਿਦ ਲਿਆ ਹੈ। ਉਧਰ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਥਲ ਸੈਨਾ ਦੇ ਉਪ ਮੁਖੀ ਲੈਫ਼ਟੀਨੈਂਟ ਜਨਰਲ ਬਿਪਿਨ ਰਾਵਤ ਨੇ ਵਿਸਥਾਰ ਨਾਲ ਹਮਲੇ ਦੀ ਜਾਣਕਾਰੀ ਦਿੱਤੀ।
ਸੀਨੀਅਰ ਫ਼ੌਜੀ ਅਧਿਕਾਰੀ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਘੁਸਪੈਠ ਵਿਰੋਧੀ ਦਸਤੇ ‘ਤੇ ਦਹਿਸ਼ਤਗਰਦਾਂ ਨੇ ਕੁਪਵਾੜਾ ਜ਼ਿਲ੍ਹੇ ਦੇ ਮਛੀਲ ਸੈਕਟਰ ਦੇ ਜੰਗਲ ਵਿਚ ਕੰਟਰੋਲ ਰੇਖਾ ‘ਤੇ ਤਾਰ ਦੇ ਮੂਹਰੇ ਹਮਲਾ ਕੀਤਾ। ਉਸ ਨੇ ਕਿਹਾ ਕਿ ਹਮਲੇ ਵਿਚ ਤਿੰਨ ਜਵਾਨ ਸ਼ਹੀਦ ਹੋ ਗਏ, ਜਿਸ ਵਿਚੋਂ ਇਕ ਜਵਾਨ ਦੀ ਦੇਹ ਦੀ ਬੇਅਦਬੀ ਕੀਤੀ ਗਈ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਬਾਅਦ ਸਾਢੇ 3 ਵਜੇ ਤੋਂ ਮਛੀਲ ਸੈਕਟਰ ਵਿਚ ਚਾਰ ਥਾਵਾਂ ਤੋਂ ਸਰਹੱਦ ਪਾਰੋਂ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਦਾਨਾ ਮਛੀਲ, ਅਸ਼ਨੀ, ਰਿੰਗਸਰ ਅਤੇ ਰਿੰਗਸਰ ਪਾਈਨ ਵਿਚ ਦੋਵੇਂ ਪਾਸਿਉਂ ਤੋਂ ਗੋਲਾਬਾਰੀ ਹੋ ਰਹੀ ਹੈ। ਉਨ੍ਹਾਂ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਮਛੀਲ ਸੈਕਟਰ ਵਿਚ ਹੀ ਪਾਕਿਸਤਾਨੀ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਆੜ ਵਿਚ ਦਹਿਸ਼ਤਗਰਦਾਂ ਨੇ ਭਾਰਤੀ ਫ਼ੌਜੀ ਮਨਦੀਪ ਸਿੰਘ ਨੂੰ ਮਾਰਨ ਤੋਂ ਬਾਅਦ ਉਸ ਦਾ ਸਿਰ ਕਲਮ ਕਰ ਦਿੱਤਾ ਸੀ।
ਤਿੰਨ ਦਾ ਬਦਲਾ ਲਿਆ ਤਿੰਨ ਨਾਲ
ਪਾਕਿ ਫੌਜ ਦਾ ਕੈਪਟਨ ਅਤੇ ਦੋ ਜਵਾਨ ਮਾਰੇ ਗਏ, ਭਾਰਤੀ ਫਾਇਰਿੰਗ ਵਿਚ ਪਾਕਿ ਦੇ 11 ਬੱਸ ਮੁਸਾਫਰ ਵੀ ਮਾਰੇ ਗਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ ਮਛੇਲ ਸੈਕਟਰ ਵਿਚ ਤਿੰਨ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਭਾਰਤ ਨੇ 24 ਘੰਟਿਆਂ ਵਿਚ ਹੀ ਲੈ ਲਿਆ। 13 ਸਾਲਾਂ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਦੇ ਕੈਪਟਨ ਅਤੇ ਦੋ ਜਵਾਨਾਂ ਨੂੰ ਮਾਰ ਮੁਕਾਇਆ। ਬੁੱਧਵਾਰ ਨੂੰ ਫ਼ੌਜ ਨੇ ਭਾਰੀ ਗੋਲਾਬਾਰੀ ਕਰਕੇ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ।
ਇਸ ਦੌਰਾਨ ਇਕ ਬੱਸ ਵੀ ਲਪੇਟ ਵਿਚ ਆ ਗਈ। ਇਸ ਨਾਲ 11 ਬੱਸ ਯਾਤਰੀਆਂ ਦੀ ਮੌਤ ਹੋ ਗਈ। ਪਾਕਿਸਤਾਨੀ ਫ਼ੌਜ ਨੇ ਭਾਰਤੀ ਕਾਰਵਾਈ ਵਿਚ ਕੈਪਟਨ ਤੈਮੂਰ ਅਲੀ, ਹਵਾਲਦਾਰ ਮੁਸ਼ਤਾਕ ਹੁਸੈਨ ਅਤੇ ਲਾਂਸ ਨਾਇਕ ਗੁਲਾਮ ਹੁਸੈਨ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉੱਤਰੀ ਕਮਾਨ ਦੇ ਬ੍ਰਿਗੇਡੀਅਰ ਐੱਸ ਗੋਤਰਾ ਨੇ ਸ੍ਰੀਨਗਰ ਵਿਚ ਦੱਸਿਆ ਕਿ ਤਿੰਨ ਜਵਾਨਾਂ ਦੀ ਸ਼ਹਾਦਤ ਦੇ ਬਾਅਦ ਅਸੀਂ ਕਾਇਰਾਨਾ ਹਰਕਤ ਦਾ ‘ਭਾਰੀ ਬਦਲਾ’ ਲੈਣ ਦੀ ਗੱਲ ਕਹੀ ਸੀ। ਬੁੱਧਵਾਰ ਨੂੰ ਅਜਿਹਾ ਕਰ ਵੀ ਦਿੱਤਾ। ਫ਼ੌਜ ਦੇ ਬੁਲਾਰੇ ਕਰਨਲ ਮਨੀਸ਼ ਮਹਿਤਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਸਾਡੇ ਜਵਾਨ ਪਾਕਿਸਤਾਨ ਦੀਆਂ ਉਨ੍ਹਾਂ ਚੌਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਥੋਂ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਵਿਚ ਮਦਦ ਕੀਤੀ ਜਾਂਦੀ ਹੈ। ਸਾਡੀ ਕਾਰਵਾਈ ਵਿਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਹੈ।
ਡੀਜੀਐਮਓ ਵੱਲੋਂ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚ ਸਰਹੱਦ ‘ਤੇ ਤਣਾਅ ਦਰਮਿਆਨ ਦੋਵੇਂ ਮੁਲਕਾਂ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ ਨੇ ਹਾਟਲਾਈਨ ‘ਤੇ ਗੱਲਬਾਤ ਕੀਤੀ। ਭਾਰਤੀ ਡੀਜੀਐਮਓ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਆਪਣੇ ਹਮਰੁਤਬਾ ਨੂੰ ਸਪਸ਼ਟ ਸ਼ਬਦਾਂ ਵਿਚ ਆਖ ਦਿੱਤਾ ਕਿ ਉਹ ਗੋਲੀਬਾਰੀ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਥਲ ਸੈਨਾ ਦੇ ਤਰਜਮਾਨ ਕਰਨਲ ਰੋਹਨ ਆਨੰਦ ਨੇ ਡੀਜੀਐਮਓ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਦਹਿਸ਼ਤਗਰਦਾਂ ਨੇ ਪੀਓਕੇ ਵਿਚੋਂ ਵੀ ਘੁਸਪੈਠ ਜਾਂ ਹਮਲੇ ਦੀ ਕੋਈ ਕੋਸ਼ਿਸ਼ ਕੀਤੀ ਤਾਂ ਭਾਰਤੀ ਫ਼ੌਜ ਵੱਲੋਂ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਸੁਝਾਅ ਦਿੱਤਾ ਕਿ ਪਾਕਿਸਤਾਨ ਆਪਣੀ ਫ਼ੌਜ ਨੂੰ ਨਾਪਾਕ ਕਾਰਵਾਈਆਂ ਤੋਂ ਸਖ਼ਤੀ ਨਾਲ ਰੋਕੇ ਤਾਂ ਹੀ ਕੰਟਰੋਲ ਰੇਖਾ ‘ਤੇ ਹਾਲਾਤ ਸੁਧਰ ਸਕਦੇ ਹਨ। ਪਾਕਿਸਤਾਨੀ ਡੀਜੀਐਮਓ ਨੇ ਭਾਰਤੀ ਗੋਲੀਬਾਰੀ ਵਿਚ ਮਾਰੇ ਗਏ ਆਮ ਲੋਕਾਂ ਦਾ ਮੁੱਦਾ ਚੁੱਕਿਆ। ਲੈਫ਼ਟੀਨੈਂਟ ਜਨਰਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਨੇ ਜਾਣ ਬੁੱਝ ਕੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਸਗੋਂ ਉਥੇ ਹੀ ਗੋਲੀਬਾਰੀ ਕੀਤੀ ਹੈ ਜਿਥੋਂ ਪਾਕਿਸਤਾਨ ਦੀ ਫ਼ੌਜ ਵੱਲੋਂ ਭਾਰਤੀ ਟਿਕਾਣਿਆਂ ‘ਤੇ ਗੋਲੀਬਾਰੀ ਕੀਤੀ ਗਈ ਸੀ।
ਮੁਕਾਬਲੇ ‘ਚ ਮਰੇ ਦਹਿਸ਼ਤਗਰਦਾਂ ਕੋਲੋਂ ਮਿਲੇ ਦੋ ਹਜ਼ਾਰ ਦੇ ਨਵੇਂ ਨੋਟ
ਸ੍ਰੀਨਗਰ: ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਪਿੰਡ ਹਾਜਿਨ ‘ਚ ਹੋਏ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ। ਸੁਰੱਖਿਆ ਬਲਾਂ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਅਸਲੇ ਦੇ ਨਾਲ-ਨਾਲ ਦੋ ਹਜ਼ਾਰ ਰੁਪਏ ਦੇ ਦੋ ਨਵੇਂ ਨੋਟ ਵੀ ਬਰਾਮਦ ਹੋਏ ਹਨ। ਦਹਿਸ਼ਤਗਰਦਾਂ ਦੇ ਹੁਲੀਏ ਤੋਂ ਉਹ ਵਿਦੇਸ਼ੀ ਜਾਪਦੇ ਹਨ। ਇਹ ਨੋਟ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਦਹਿਸ਼ਗਰਦਾਂ ਨੂੰ ਇਹ ਕਰੰਸੀ ਕਿਥੋਂ ਮਿਲੀ ਹੈ।