ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ‘ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਖੁਦ ਨੂੰ ਉਭਾਰੇਗੀ ਅਤੇ ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਤਿਆਰ ਕਰੇਗੀ।
ਉਨ੍ਹਾਂ ਤਿਲੰਗਾਨਾ ‘ਚ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਪਾਰਟੀ ਨੇ ਪੂਰੀ ਜਾਨ ਲਗਾ ਕੇ ਇਨ੍ਹਾਂ ਚਾਰ ਰਾਜਾਂ ਦੀਆਂ ਚੋਣਾਂ ‘ਚ ਹਿੱਸਾ ਲਿਆ। ਮੈਂ ਆਪਣੇ ਅਣਗਿਣਤ ਵਰਕਰਾਂ ਦਾ ਵੀ ਧੰਨਵਾਦ ਕਰਦਾ ਹਾਂ।’ ਖੜਗੇ ਨੇ ਐਕਸ ‘ਤੇ ਪੋਸਟ ਕੀਤਾ, ‘ਸਾਡੇ ਹੱਕ ‘ਚ ਫ਼ੈਸਲਾ ਦੇਣ ਲਈ ਮੈਂ ਤਿਲੰਗਾਨਾ ਦੇ ਲੋਕਾਂ ਦਾ ਸ਼ੁਕਰੀਆ ਕਰਦਾ ਹਾਂ।
ਮੈਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਸਾਨੂੰ ਵੋਟ ਪਾਉਣ ਵਾਲੇ ਲੋਕਾਂ ਦਾ ਵੀ ਸ਼ੁਕਰੀਆ ਕਰਦਾ ਹਾਂ। ਇਨ੍ਹਾਂ ਤਿੰਨ ਰਾਜਾਂ ‘ਚ ਸਾਡੀ ਕਾਰਗੁਜ਼ਾਰੀ ਆਸ ਮੁਤਾਬਕ ਨਹੀਂ ਰਹੀ ਪਰ ਅਸੀਂ ਦ੍ਰਿੜ੍ਹ ਨਿਸ਼ਚੇ ਨਾਲ ਮੁੜ ਉੱਠਾਂਗੇ ਅਤੇ ਇਨ੍ਹਾਂ ਤਿੰਨ ਸੂਬਿਆਂ ‘ਚ ਖੁਦ ਨੂੰ ਮਜ਼ਬੂਤ ਕਰਾਂਗੇ।’
ਉਨ੍ਹਾਂ ਕਿਹਾ, ‘ਅਸੀਂ ਇਨ੍ਹਾਂ ਆਰਜ਼ੀ ਨਾਕਾਮੀਆਂ ਤੋਂ ਉਭਰ ਆਵਾਂਗੇ ਅਤੇ ‘ਇੰਡੀਆ’ ਦੀਆਂ ਪਾਰਟੀਆਂ ਨਾਲ ਮਿਲ ਕੇ ਅਗਾਮੀ ਲੋਕ ਸਭਾ ਚੋਣਾਂ ਲਈ ਪੂਰੀ ਜਾਨ ਲਗਾ ਕੇ ਤਿਆਰੀ ਕਰਾਂਗੇ।’