
ਵਾਂਗਚੁੱਕ ਨੇ ਕਿਹਾ : ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਦੇਸ਼ ਦੇ ਹਰ ਨਾਗਰਿਕ ਨੂੰ
ਸ੍ਰੀਨਗਰ/ਬਿਊਰੋ ਨਿਊਜ਼
ਲੱਦਾਖ ਪ੍ਰਸ਼ਾਸ਼ਨ ਵਲੋਂ ਸੋਨਮ ਵਾਂਗਚੁੱਕ ’ਤੇ 60 ਦਿਨਾਂ ਲਈ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਇਸ ਵਾਤਾਵਰਣ ਕਾਰਜਕਰਤਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਲੱਦਾਖ ਦੇ ਉਪ ਰਾਜਪਾਲ ਅਤੇ ਹੋਰਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਹੁਕਮ ਨੇ ਅਸਲ ਵਿਚ ਉਨ੍ਹਾਂ ਦੇ ‘ਘੁੰਮਣ-ਫਿਰਨ ਅਤੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ’ ਨੂੰੂ ਸੀਮਤ ਕਰ ਦਿੱਤਾ ਹੈ। ਇਨ੍ਹਾਂ ਪਾਬੰਦੀਆਂ ਤਹਿਤ ਉਨ੍ਹਾਂ ਨੂੰ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਹੋਣ, ਕਿਸੇ ਵੀ ਅਣਅਧਿਕਾਰਤ ਰੈਲੀ, ਜਲੂਸ ਜਾਂ ਜਨਤਕ ਇਕੱਠ ਕਰਨ ਦਾ ਪ੍ਰਬੰਧ ਕਰਨ ਜਾਂ ਉਸ ਵਿਚ ਹਿੱਸਾ ਲੈਣ ਤੋਂ ਰੋਕਿਆ ਗਿਆ ਹੈ। ਵਾਂਗਚੁੱਕ ਨੇ ਕਿਹਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਇਸ ਦੇਸ਼ ਦੇ ਹਰ ਨਾਗਰਿਕ ਨੂੰ ਦਿੱਤਾ ਗਿਆ ਇਕ ਮੌਲਿਕ ਅਧਿਕਾਰ ਹੈ। ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਇਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਉਸਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਸੀ ਅਤੇ ਪੁਲਿਸ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਜ਼ਿਕਰਯੋਗ ਹੈ ਕਿ ਵਾਂਗਚੁੱਕ ਅਤੇ ਲੱਦਾਖ ਸੰਗਠਨ 4 ਦਸੰਬਰ ਨੂੰ ਹੋਣ ਵਾਲੀਆਂ ਪਹਾੜੀ ਪ੍ਰੀਸ਼ਦ ਚੋਣਾਂ ਦੇ ਆਯੋਜਨ ਦਾ ਵਿਰੋਧ ਕਰ ਰਹੇ ਹਨ।

