ਪਾਕਿਸਤਾਨ ਦੇ ਬਿਨ ਬੁਲਾਏ ਮਹਿਮਾਨ ਬਣੇ ਸਨ ਨਰਿੰਦਰ ਮੋਦੀ, ਦੇਸ਼ ਕੋਲੋਂ ਮੰਗਣ ਮੁਆਫੀ
ਨਵੀਂ ਦਿੱਲੀ : ਗੁਜਰਾਤ ਵਿਚ ਚੋਣ ਰੈਲੀ ਦੌਰਾਨ ‘ਪਾਕਿਸਤਾਨ ਨਾਲ ਮਿਲ ਕੇ ਸਾਜ਼ਿਸ਼ ਰਚਣ’ ਵਾਲੀ ਟਿੱਪਣੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਿਰ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੋਦੀ ਆਪਣੀ ‘ਕੁਲਹਿਣੀ ਸੋਚ’ ਨਾਲ ‘ਖ਼ਤਰਨਾਕ ਪਿਰਤ’ ਪਾ ਰਹੇ ਹਨ। ਉਨ੍ਹਾਂ ਨੇ ਮੋਦੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਨੂੰ ‘ਗਲਤ ਤੇ ਅਫ਼ਵਾਹਾਂ’ ਦੱਸ ਕੇ ਰੱਦ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਮਣੀ ਸ਼ੰਕਰ ਅਈਅਰ ਵੱਲੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਨੂੰ ਦਿੱਤੇ ਰਾਤਰੀ ਭੋਜ ਵਿੱਚ ਉਨ੍ਹਾਂ ਨੇ ਕਿਸੇ ਨਾਲ ਵੀ ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਨਹੀਂ ਕੀਤੀ ਅਤੇ ਗੱਲਬਾਤ ਸਿਰਫ਼ ਭਾਰਤ-ਪਾਕਿ ਰਿਸ਼ਤਿਆਂ ਤੱਕ ਸੀਮਤ ਸੀ। ਇਸ ਦੌਰਾਨ ਕਾਂਗਰਸ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਡਾ. ਮਨਮੋਹਨ ਨੇ ਕਿਹਾ, ‘ਮੈਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਆਪਣੀ ਕੁਲਹਿਣੀ ਸੋਚ ਲਈ ਦੇਸ਼ ਵਾਸੀਆਂ ਤੋਂ ਮੁਆਫ਼ੀ ਮੰਗ ਕੇ ਆਪਣੇ ਅਹੁਦੇ ਦੀ ਮਰਿਆਦਾ ਬਹਾਲ ਕਰਨਗੇ।’ ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ‘ਹਾਰੀ ਜੰਗ’ ਜਿੱਤਣ ਲਈ ਪ੍ਰਧਾਨ ਮੰਤਰੀ ਵੱਲੋਂ ਸਿਆਸੀ ਲਾਹੇ ਲਈ ਫੈਲਾਏ ਜਾ ਰਹੇ ‘ਝੂਠ’ ਦਾ ਉਨ੍ਹਾਂ ਨੂੰ ‘ਬਹੁਤ ਦੁੱਖ ਅਤੇ ਗੁੱਸਾ’ ਹੈ।
ਉਨ੍ਹਾਂ ਦੋਸ਼ ਲਾਇਆ, ‘ਗੁਜਰਾਤ ਵਿੱਚ ਹਾਰ ਦੇਖ ਬੁਖਲਾਏ ਪ੍ਰਧਾਨ ਮੰਤਰੀ ਵੱਲੋਂ ਹਰ ਤਿਨਕੇ ਸਹਾਰੇ ਆਪਣੀ ਡੁੱਬਦੀ ਬੇੜੀ ਪਾਰ ਲਾਉਣ ਲਈ ਹੱਥ ਪੈਰ ਮਾਰੇ ਜਾ ਰਹੇ ਹਨ। ਦੁੱਖ ਦੀ ਗੱਲ ਹੈ ਕਿ ਮੋਦੀ ਸਾਬਕਾ ਪ੍ਰਧਾਨ ਮੰਤਰੀ ਤੇ ਫ਼ੌਜ ਮੁਖੀ ਸਮੇਤ ਹਰੇਕ ਸੰਵਿਧਾਨਕ ਅਹੁਦੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਦੇ ਨਾ ਸ਼ਾਂਤ ਹੋਣ ਵਾਲੀ ਆਪਣੀ ਭੁੱਖ ਨਾਲ ਖ਼ਤਰਨਾਕ ਪਿਰਤ ਪਾ ਰਹੇ ਹਨ।’
ਦੱਸਣਯੋਗ ਹੈ ਕਿ ਗੁਜਰਾਤ ਦੇ ਪਾਲਣਪੁਰ ਚੋਣ ਰੈਲੀ ਦੌਰਾਨ ਮੋਦੀ ਨੇ ਕਿਹਾ ਸੀ ਕਿ ਪਾਕਿਸਤਾਨ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਮਨਮੋਹਨ ਸਿੰਘ ਤੇ ਕੁੱਝ ਪਾਕਿ ਅਧਿਕਾਰੀ 6 ਦਸੰਬਰ ਨੂੰ ਮਣੀ ਸ਼ੰਕਰ ਅਈਅਰ ਦੇ ਘਰ ਰਾਤਰੀ ਭੋਜ ‘ਤੇ ਇਕੱਠੇ ਹੋਏ ਸਨ ਅਤੇ ਇਸ ਤੋਂ ਅਗਲੇ ਦਿਨ ਅਈਅਰ ਨੇ ਉਨ੍ਹਾਂ ਖ਼ਿਲਾਫ਼ ‘ਨੀਚ ਆਦਮੀ’ ਵਾਲੀ ਟਿੱਪਣੀ ਕੀਤੀ ਸੀ। ਡਾ. ਮਨਮੋਹਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ‘ਰਾਸ਼ਟਰਵਾਦ’ ਬਾਰੇ ਭਾਜਪਾ ਅਤੇ ਪ੍ਰਧਾਨ ਮੰਤਰੀ, ਜਿਨ੍ਹਾਂ ਦਾ ਅੱਤਵਾਦ ਖ਼ਿਲਾਫ਼ ਲੜਾਈ ਵਿਚ ਰਿਕਾਰਡ ਸਾਰਿਆਂ ਨੂੰ ਪਤਾ ਹੈ, ਤੋਂ ਉਪਦੇਸ਼ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਮੋਦੀ ਨੂੰ ਊਧਮਪੁਰ ਤੇ ਗੁਰਦਾਸਪੁਰ ਵਿੱਚ ਅੱਤਵਾਦੀ ਹਮਲਿਆਂ ਬਾਅਦ ‘ਬਿਨਾਂ ਸੱਦੇ ਬੁਲਾਏ’ ਕੀਤੀ ਪਾਕਿਸਤਾਨ ਫੇਰੀ ਯਾਦ ਕਰਾਈ। ਉਨ੍ਹਾਂ ਕਿਹਾ, ‘ਅੱਤਵਾਦੀ ਹਮਲੇ ਦੀ ਜਾਂਚ ਲਈ ਪਠਾਨਕੋਟ ਵਿਚ ਸਾਡੇ ਰਣਨੀਤਕ ਏਅਰਬੇਸ ਉਤੇ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ਆਈਐਸਆਈ ਨੂੰ ਸੱਦਾ ਦੇਣ ਬਾਰੇ ਵੀ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ।’
ਮੋਦੀ-ਮਨਮੋਹਨ ਨੇ ਮਿਲਾਇਆ ਹੱਥ ਪਰ ਕੋਈ ਗੱਲ ਨਹੀਂ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੰਸਦ ਭਵਨ ਕੰਪਲੈਕਸ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਇਕ ਸਮਾਰੋਹ ਦੌਰਾਨ ਇਕ-ਦੂਜੇ ਨੂੰ ਨਮਸ਼ਕਾਰ ਕੀਤੀ। ਮੋਦੀ ਨੇ ਅੱਗੇ ਵਧ ਕੇ ਡਾ.ਮਨਮੋਹਨ ਸਿੰਘ ਦਾ ਹੱਥ ਫੜ ਲਿਆ। ਦੋਹਾਂ ਨੇ ਹੱਥ ਮਿਲਾਇਆ ਪਰ ਆਪਸ ਵਿਚ ਕੋਈ ਗੱਲਬਾਤ ਨਹੀਂ ਕੀਤੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …