ਯੂਨੀਵਰਸਿਟੀ ਸਥਾਪਤ ਕਰਨ ਦਾ ਵਾਅਦਾ ਮੁੜ ਦੁਹਰਾਇਆ
ਬਰੈਂਪਟਨ/ਬਿਊਰੋ ਨਿਊਜ਼ : ਪ੍ਰੀਮੀਅਰ ਕੈਥਲੀਨ ਵਿੰਨ ਨੇ ਲੰਘੇ ਬੁੱਧਵਾਰ ਨੂੰ ਬਰੈਂਪਟਨ ਵਿੱਚ ਇਕ ਟਾਊਨ ਹਾਲ ਮੀਟਿੰਗ ਦੇ ਦੌਰਾਨ ਹਾਜ਼ਰ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਲਗਭਗ 200 ਵਿਅਕਤੀਆਂ ਨਾਲ ਭਰੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿੱਚ ਹਾਜ਼ਰ ਲੋਕਾਂ ਨੇ ਪ੍ਰੀਮੀਅਰ ਨੂੰ ਸਿਹਤ ਸੇਵਾਵਾਂ, ਯੂਨੀਵਰਸਿਟੀ, ਟਰਾਂਸਪੋਰਟ ਅਤੇ ਆਟੋ ਇੰਸ਼ੋਰੈਂਸ ਸਬੰਧੀ ਸਵਾਲ ਪੁੱਛੇ। ਕਮਿਊਨਿਟੀ ਆਗੂ ਜੋਤਵਿੰਦਰ ਸਿੰਘ ਸੋਢੀ ਵੱਲੋਂ ਬਰੈਂਪਟਨ ਵਿੱਚ ਇਕ ਹੋਰ ਹਸਪਤਾਲ ਦੀ ਲੋੜ ਸਬੰਧੀ ਕੀਤੇ ਗਏ ਸਵਾਲ ਦੇ ਜਵਾਬ ਵਿੱਚ ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਸਮੱਸਿਆ ਤੋਂ ਜਾਣੂ ਹਨ ਅਤੇ ਇਸ ਹਸਪਤਾਲ ਵਿੱਚ ਹੋਰ ਬਿਸਤਰਿਆਂ ਸਮੇਤ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੀਲ ਮੈਮੋਰੀਅਲ ਹਸਪਤਾਲ ਵਿੱਚ ਵੀ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਆਟੋ ਇੰਸ਼ੋਰੈਂਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰੀਮੀਅਰ ਨੇ ਕਿਹਾ ਕਿ ਕੁਝ ਇਲਾਕਿਆਂ ਵਿੱਚ ਰੇਟ 6% ਤੱਕ ਘਟੇ ਹਨ। ਇਸ ਬਾਰੇ ਇੰਸ਼ੋਰੈਂਸ ਕੰਪਨੀਆਂ ਨਾਲ ਮਿਲ ਕੇ ਰੇਟ ਘਟਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।
ਪ੍ਰੀਮੀਅਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਰੈਂਪਟਨ ਵਿੱਚ ਪੋਸਟਲ ਕੋਡ ਦੇ ਹਿਸਾਬ ਨਾਲ ਰੇਟ ਲਗਾਏ ਜਾਂਦੇ ਹਨ ਨਾ ਕਿ ਡਰਾਈਵਿੰਗ ਰਿਕਾਰਡ ਦੇ ਹਿਸਾਬ ਨਾਲ। ਪ੍ਰੀਮੀਅਰ ਨੇ ਮੰਨਿਆ ਇਹ ਗਲਤ ਹੈ ਅਤੇ ਇਸ ਨੂੰ ਦਰੁਸਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਵੀ ਵਿਦਿਆਰਥੀਆਂ ਅਤੇ ਕੁਝ ਰਿਟਾਇਰਡ ਕਰਮਚਾਰੀਆਂ ਨੇ ਵੀ ਪ੍ਰੀਮੀਅਰ ਨੂੰ ਸਵਾਲ ਪੁੱਛੇ। ਇਕ ਹੋਰ ਅਹਿਮ ਸਵਾਲ ਦੇ ਜਵਾਬ ਵਿੱਚ ਪ੍ਰੀਮੀਅਰ ਨੇ ਮੁੜ ਦੁਹਰਾਇਆ ਕਿ ਬਰੈਂਪਟਨ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਲਈ ਉਹ ਵਚਨਬੱਧ ਹਨ ਅਤੇ ਬਹੁਤ ਜਲਦੀ ਬਰੈਂਪਟਨ ਵਿੱਚ ਯੂਨੀਵਰਸਿਟੀ ਬਣ ਜਾਵੇਗੀ, ਜਿਸ ਲਈ ਕੰਮ ਜਾਰੀ ਹੈ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਬਰੈਂਪਟਨ ਤੋਂ ਤਿੰਨ ਐਮਪੀਪੀ ਵਿੱਕ ਢਿੱਲੋਂ, ਅਮ੍ਰਿਤ ਮਾਂਗਟ ਅਤੇ ਹਰਿੰਦਰ ਮੱਲ੍ਹੀ ਸਮੇਤ ਬਰੈਂਪਟਨ ਦੇ ਮੇਅਰ ਲਿੰਡਾ ਜੈਫਰੀ ਅਤੇ ਕੁਝ ਕੌਂਸਲਰ ਵੀ ਹਾਜ਼ਰ ਸਨ।
ਬਰੈਂਪਟਨ ਵਿੱਚ ਸੁਣੇ ਪ੍ਰੀਮੀਅਰ ਨੇ ਲੋਕਾਂ ਦੇ ਮਸਲੇ
RELATED ARTICLES