ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜੇ ਉਹ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਰੀਟੇਲ, ਗਿੱਗ ਇਕੌਨਮੀ, ਹੌਸਪਿਟੈਲਿਟੀ ਤੇ ਬਿਨਾ ਕਵਰੇਜ਼ ਦੇ ਵੱਖ-ਵੱਖ ਨੌਕਰੀਆਂ ਕਰਨ ਵਾਲੇ ਵਰਕਰਜ਼ ਨੂੰ ਪੋਰਟੇਬਲ ਹੈਲਥ ਤੇ ਵੈੱਲਨੈੱਸ ਬੈਨੇਫਿਟ ਦੇਣਗੇ। ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ 9 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਇਸ ਤਰ੍ਹਾਂ ਦੀ ਯੋਜਨਾ ਬਣਾ ਰਹੀ ਸੀ। ਹੁਣ ਉਹ ਇਸ ਯੋਜਨਾ ਨਾਲ ਅੱਗੇ ਵਧਣਾ ਚਾਹੁੰਦੇ ਹਨ ਹਾਲਾਂਕਿ ਇਸ ਸਬੰਧੀ ਵੇਰਵੇ 2 ਜੂਨ ਨੂੰ ਹੋਣ ਵਾਲੀਆਂ ਅਗਲੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਹਾਸਲ ਨਹੀਂ ਹੋ ਸਕਣਗੇ। ਅੱਜ ਮੈਕਨੌਟਨ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਕਿ ਇਸ ਨਵੇਂ ਪ੍ਰੋਗਰਾਮ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਸਰਕਾਰ ਐਡਵਾਈਜ਼ਰੀ ਪੈਨਲ ਤਿਆਰ ਕਰੇਗੀ। ਇਸ ਤੋਂ ਭਾਵ ਇਹ ਹੈ ਕਿ ਵਧੇਰੇ ਵਰਕਰਜ਼ ਨੂੰ ਉਸ ਸੂਰਤ ਵਿੱਚ ਹੈਲਥ, ਡੈਂਟਲ ਤੇ ਵਿਜ਼ਨ ਕੇਅਰ ਕਵਰੇਜ਼ ਮਿਲ ਸਕੇਗੀ ਜੇ ਉਹ ਨੌਕਰੀਆਂ ਬਦਲਦੇ ਹਨ। ਹਾਲਾਂਕਿ ਲੇਬਰ ਮੰਤਰੀ ਇਹ ਨਹੀਂ ਦੱਸ ਸਕੇ ਕਿ ਇਸ ਪ੍ਰੋਗਰਾਮ ਨੂੰ ਫੰਡ ਕਿਸ ਤਰ੍ਹਾਂ ਕੀਤਾ ਜਾਵੇਗਾ ਤੇ ਜਾਂ ਫਿਰ ਟੈਕਸਦਾਤਾਵਾਂ, ਇੰਪਲੌਇਰਜ਼ ਤੇ ਇੰਪਲੌਈਜ਼ ਉੱਤੇ ਇਸ ਦਾ ਕਿੰਨਾ ਕੁ ਬੋਝ ਪਵੇਗਾ। ਮੈਕਨੌਟਨ ਨੇ ਇਹ ਨਹੀਂ ਦੱਸਿਆ ਕਿ ਐਡਵਾਈਜ਼ਰੀ ਪੈਨਲ ਵਿੱਚ ਕੌਣ ਕੌਣ ਹੋਵੇਗਾ।