Breaking News
Home / ਸੰਪਾਦਕੀ / 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ

550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੇ ਬਾਬੇ ਨਾਨਕ ਦੀਆਂ ਸਿੱਖਿਆਵਾਂ

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੌਮਾਂਤਰੀ ਪੱਧਰ ਦੇ ਸਮਾਗਮ 1 ਨਵੰਬਰ ਤੋਂ ਆਰੰਭ ਹੋ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਜੋਤੀ-ਜੋਤਿ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੋਣ ਕਾਰਨ ਸਿੱਖ ਪੰਥ ਵਲੋਂ ਵੱਡੇ ਪੱਧਰ ‘ਤੇ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਕੀਤੇ ਜਾ ਰਹੇ ਹਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਬਤੀਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਲਤਾਨਪੁਰ ਲੋਧੀ ਵਿਖੇ 1 ਤੋਂ 13 ਨਵੰਬਰ ਤੱਕ ਧਾਰਮਿਕ ਸਮਾਗਮ ਆਰੰਭ ਹੋ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਸਮਾਗਮਾਂ ‘ਤੇ 400 ਕਰੋੜ ਦੇ ਲਗਪਗ ਖ਼ਰਚ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ 54 ਕਰੋੜ ਰੁਪਏ ਦੀ ਲਾਗਤ ਨਾਲ ਰਿਹਾਇਸ਼ ਲਈ ਟੈਂਟ ਸਿਟੀ, ਮੁਫ਼ਤ ਈਕੋ ਰਿਕਸ਼ਾ ਤੇ ਬੱਸ ਸਰਵਿਸ ਤੋਂ ਇਲਾਵਾ ਹੋਰ ਪ੍ਰਬੰਧ ਵੀ ਵੱਡੇ ਪੱਧਰ ‘ਤੇ ਕੀਤੇ ਗਏ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਵੀ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਸੁਲਤਾਨਪੁਰ ਲੋਧੀ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ, ਜਿੱਥੋਂ 9 ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਉਥੇ ਵੀ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੱਖੋ-ਵੱਖਰੇ ਤੌਰ ‘ਤੇ ਉਥੇ ਵੀ ਪ੍ਰਬੰਧ ਕੀਤੇ ਗਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਭਾਰੀ ਸ਼ਰਧਾ ਤੇ ਉਤਸ਼ਾਹ ਦੀ ਭਾਵਨਾ ਪਾਈ ਜਾ ਰਹੀ ਹੈ। ਦਰਸਅਸਲ ਇਸ ਤਰ੍ਹਾਂ ਧਾਰਮਿਕ ਰਹਿਬਰਾਂ ਦੀਆਂ ਸ਼ਤਾਬਦੀਆਂ ਜਾਂ ਅਰਧ ਸ਼ਤਾਬਦੀਆਂ ਮਨਾਉਣ ਦਾ ਮੁੱਖ ਉਦੇਸ਼ ਹੀ ਧਰਮ, ਕੌਮ ਵਿਚ ਆਪਣੇ ਰਹਿਬਰਾਂ, ਗੁਰੂਆਂ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ, ਉਪਦੇਸ਼ਾਂ ਅਤੇ ਸਿਧਾਂਤਾਂ ਬਾਰੇ ਸਮੂਹਿਕ ਚੇਤਨਾ ਪੈਦਾ ਕਰਨਾ ਅਤੇ ਕੌਮ ਵਿਚ ਆਪਣੇ ਆਦਰਸ਼ਾਂ ਪ੍ਰਤੀ ਉਤਸ਼ਾਹ ਤੇ ਜੋਸ਼ ਭਰਨਾ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਰਹਿਬਰ ਦੇ ਤੌਰ ‘ਤੇ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਮੰਨਣ ਵਾਲੇ ਸਿਰਫ਼ ਸਿੱਖ ਹੀ ਨਹੀਂ, ਸਗੋਂ ਦੁਨੀਆ ਦੇ ਜਿਸ ਵੀ ਕੋਨੇ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਚਾਰ ਉਦਾਸੀਆਂ ਦੌਰਾਨ ਗਏ, ਉਥੋਂ ਦੇ ਲੋਕ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣ ਗਏ। ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਸਥਾ ਰੱਖਣ ਵਾਲੇ ਲੋਕ ਭਾਰਤ ਤੋਂ ਇਲਾਵਾ, ਪਾਕਿਸਤਾਨ, ਅਫ਼ਗਾਨਿਸਤਾਨ, ਤਿੱਬਤ ਅਤੇ ਕਈ ਹੋਰਨਾਂ ਦੇਸ਼ਾਂ ਵਿਚ ਵੀ ਵੱਸਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਤੱਤ-ਸਾਰ ਕੱਢਣਾ ਹੋਵੇ ਤਾਂ ਉਨ੍ਹਾਂ ਨੇ ਮਨੁੱਖਤਾ ਨੂੰ ਅਵਤਾਰਵਾਦ, ਵਹਿਮਾਂ- ਭਰਮਾਂ, ਕਰਮ-ਕਾਂਡਾਂ ਵਿਚੋਂ ਕੱਢ ਕੇ ਰੱਬੀ ਏਕਤਾ, ਸਰਬ-ਸਾਂਝੀਵਾਲਤਾ ਅਤੇ ਮਨੁੱਖੀ ਸਦਭਾਵਨਾ ਦਾ ਉਪਦੇਸ਼ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ ਹਨ। ਪਰ ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਉਪਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਥਾਂ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਜਿਸ ਪੱਧਰ ਦੀ ਰਾਜਨੀਤੀ ਅਤੇ ਨਫ਼ਰਤ ਦੀ ਖੇਡ ਚੱਲ ਰਹੀ ਹੈ, ਉਸ ਨਾਲ ਹਰੇਕ ਸੱਚੇ ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। 550 ਸਾਲਾ ਪ੍ਰਕਾਸ਼ ਪੁਰਬ ਮੌਕੇ ਰਾਜਨੀਤਕ ਚੌਧਰ ਅਤੇ ਸਟੇਜਾਂ ਲਗਾਉਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਪੋ-ਆਪਣੀ ਹਉਮੈ ਨੂੰ ਨੀਵਾਂ ਕਰਨ ਲਈ ਤਿਆਰ ਨਹੀਂ ਹੋਈਆਂ, ਜਿਸ ਸਦਕਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਕ ਮੰਚ ‘ਤੇ ਬੈਠ ਕੇ ਮਨਾਉਣਾ ਸੰਭਵ ਨਹੀਂ ਹੋ ਸਕਿਆ। ਅਜਿਹੇ ਵਿਚ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਦੀ ਕੋਈ ਉਮੀਦ ਬੱਝਦੀ ਹੈ। ਪਰ ਇਸ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਅਮਲੀ ਤੌਰ ‘ਤੇ ਪ੍ਰਚਾਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਅੱਜ ਜੇਕਰ ਭਾਰਤ ਤੋਂ ਬਾਅਦ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਮੁਲਕਾਂ ਵਿਚ ਸਿੱਖ ਆਪਣੀ ਮਿਹਨਤ, ਯੋਗਤਾ ਅਤੇ ਦ੍ਰਿੜ੍ਹਤਾ ਸਦਕਾ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਕਰਦਿਆਂ ਉੱਚ ਰਾਜਨੀਤਕ, ਪ੍ਰਸ਼ਾਸਨਿਕ, ਸਿਵਲ ਅਤੇ ਵਰਦੀਧਾਰੀ ਹਥਿਆਰਬੰਦ ਸੇਵਾਵਾਂ ਵਿਚ ਉੱਚੇ ਰੁਤਬਿਆਂ ਤੱਕ ਪਹੁੰਚੇ ਹਨ, ਤਾਂ ਇਸ ਪਿੱਛੇ ਉਨ੍ਹਾਂ ਦੇ ਜੀਵਨ ਵਿਚ ਕਿਤੇ ਨਾ ਕਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਪ੍ਰੇਰਨਾ ਅਤੇ ਸਿੱਖਿਆਵਾਂ ਦਾ ਵੱਡਾ ਯੋਗਦਾਨ ਹੈ।
ਸਰਮਾਏਦਾਰੀ ਦੇ ਜਲੌਅ ‘ਚ ਖ਼ਤਮ ਹੋ ਰਹੇ ਮਨੁੱਖੀ ਅਧਿਕਾਰਾਂ ਅਤੇ ਸੰਵੇਦਨਾਵਾਂ ਨੂੰ ਬਚਾਉਣ ਲਈ ਉੱਨੀਵੀਂ ਸਦੀ ਵਿਚ ਕਾਰਲ ਮਾਰਕਸ ਨੇ ‘ਸਮਾਜਵਾਦ’ ਦਾ ਸਿਧਾਂਤ ਪੇਸ਼ ਕੀਤਾ ਸੀ, ਪਰ ਅਸਲੀ ‘ਸਮਾਜਵਾਦ’ ਗੁਰੂ ਨਾਨਕ ਸਾਹਿਬ ਨੇ ਪੰਦਰ੍ਹਵੀਂ ਸਦੀ ਵਿਚ ਹੀ ਮਨੁੱਖ ਨੂੰ ਦੇ ਦਿੱਤਾ ਸੀ। ‘ਸਰਮਾਏਦਾਰੀ’ 90 ਫ਼ੀਸਦੀ ਲੋਕਾਂ ਦਾ ਹੱਕ ਮਾਰ ਕੇ 10 ਫ਼ੀਸਦੀ ਅਮੀਰਾਂ ਕੋਲ ਸਾਰੀ ਪੂੰਜੀ ਇਕੱਠੀ ਕਰਨ ਦੀ ਤਰਫ਼ਦਾਰੀ ਕਰਦੀ ਹੈ ਅਤੇ ਇਸ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਵਲੋਂ ਪੰਜ ਸਦੀਆਂ ਪਹਿਲਾਂ ਹੀ ਸੁਣਾਇਆ ਗਿਆ ਇਹ ਫ਼ਤਵਾ ‘ਸਮਾਜਵਾਦ’ ਦਾ ਅਸਲ ਹੋਕਾ ਸੀ ਕਿ ਪਰਾਇਆ ਹੱਕ ਮਾਰਨਾ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਾਂ ਦਾ ਮਾਸ ਖਾਣ ਬਰਾਬਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਜੀਵਨ ਅਮਲ ਦਿੱਤਾ।ઠ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ‘ਹਲੇਮੀ ਰਾਜ’ ਦਾ ਰਾਜਨੀਤਕ ਨਮੂਨਾ ਵੀ ਅਜਿਹਾ ਦਿੱਤਾ, ਜਿਸ ਨੂੰ ਅਪਣਾ ਕੇ ਪੂਰੀ ਦੁਨੀਆ ਵਿਚੋਂ ਅੱਜ ਐਟਮੀ ਜੰਗਾਂ ਦਾ ਭੈਅ ਖ਼ਤਮ ਕਰਕੇ ਸਦੀਵੀ ਅਮਨ-ਅਮਾਨ ਕਾਇਮ ਕੀਤਾ ਜਾ ਸਕਦਾ ਹੈ। ਜਾਤ-ਪਾਤ ਅਤੇ ਨਸਲਵਾਦ ਦਾ ਵਰਤਾਰਾ ਅੱਜ ਸੰਸਾਰ ਭਰ ਵਿਚ ਪ੍ਰਬਲ ਹੋ ਰਿਹਾ ਹੈ। ਅਜਿਹੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਨੂੰ ਪੂਰੀ ਦੁਨੀਆ ਸਾਹਮਣੇ ਸ਼ਿੱਦਤ ਨਾਲ ਪੇਸ਼ ਕਰਨਾ ਚਾਹੀਦਾ ਹੈ, ਜਿਸ ਵਿਚઠਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਰੰਗ-ਨਸਲ ਰਹਿਤ ਸਮਾਜ ਦੀ ਸਿਰਜਣਾ ਦਾ ਨਾਯਾਬ ਨਮੂਨਾ ਪੇਸ਼ ਕਰਦਿਆਂ ਮਨੁੱਖ ਨੂੰ ‘ਜਾਤ’ ਦੇ ਆਧਾਰ ‘ਤੇ ਪਛਾਣ ਦੇਣ ਦੀ ਥਾਂ ਹਰੇਕ ਮਨੁੱਖ ਦੇ ਅੰਦਰਲੀ ਉਸ ‘ਜੋਤ’ ਨੂੰ ਪਛਾਨਣ ਲਈ ਆਖਿਆ ਜਿਸ ਤੋਂ ਸਾਰਾ ਹੀ ਸੰਸਾਰ ਪੈਦਾ ਹੋਇਆ ਹੈ। ਸੋ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਉਨ੍ਹਾਂ ਦੇ ਆਦਰਸ਼ਾਂ ਦਾ ਮੁਤਾਲਿਆ ਵੀ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਜੋ ਜੀਵਨ ਦਾ ਸਾਵਾਂ, ਸੁਖਾਵਾਂ ਤੇ ਸੁਖਾਲਾ ਜਿਹੜਾ ਰਾਹ ਅੱਜ ਵਿਸ਼ਵ ਭਾਈਚਾਰੇ ਨੂੰ ਲੋੜੀਂਦਾ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚੋਂ ਹਾਸਲ ਕੀਤਾ ਜਾ ਸਕਦਾ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …