ਭਾਖੜਾ ਨਹਿਰ ‘ਚ ਡਿੱਗੇ ਕੁੱਤੇ ਨੂੰ ਬਚਾਉਣ ਲਈ ਪਾਣੀ ‘ਚ ਮਾਰੀ ਸੀ ਛਾਲ
ਮੋਰਿੰਡਾ/ਬਿਊਰੋ ਨਿਊਜ਼ : ਮੋਰਿੰਡਾ ਨੇੜਲੇ ਪਿੰਡ ਚੱਕਲਾਂ ਕੋਲੋਂ ਲੰਘਦੀ ਭਾਖੜਾ ਨਹਿਰ ‘ਚ ਡਿੱਗੇ ਆਪਣੇ ਪਾਲਤੂ ਕੁੱਤੇ ਨੂੰ ਬਚਾਉਂਦਾ ਇਕ ਮਰਚੈਂਟ ਨੇਵੀ ਅਫ਼ਸਰ ‘ਡੁੱਬ’ ਗਿਆ। ਵੇਰਵਿਆਂ ਮੁਤਾਬਕ ਰਮਨਦੀਪ ਸਿੰਘ (40) ਨੇ ਨਹਿਰ ਵਿਚ ਡਿੱਗੇ ਆਪਣੇ ਕੁੱਤੇ ਨੂੰ ਬਚਾਉਣ ਲਈ ਪਾਣੀ ‘ਚ ਛਾਲ ਮਾਰੀ ਸੀ। ਹਾਲੇ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ। ਰਮਨਦੀਪ ਮੁਹਾਲੀ ਦੇ ਫੇਜ਼ 3ਬੀ1 ਦਾ ਰਹਿਣ ਵਾਲਾ ਹੈ। ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਕੁੱਤੇ ਨੂੰ ਸਥਾਨਕ ਲੋਕਾਂ ਵੱਲੋਂ ਬਚਾਅ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਰਮਨਦੀਪ ਆਪਣੀ ਪਤਨੀ, ਬੱਚਿਆਂ ਅਤੇ ਕੁੱਤੇ ਨਾਲ ਪਿਕਨਿਕ ਮਨਾਉਣ ਗਿਆ ਸੀ। ਲਾਪਤਾ ਮਰਚੈਂਟ ਨੇਵੀ ਅਫ਼ਸਰ ਦਾ ਭਰਾ ਜੈਵੀਰ ਸਿੰਘ ਜੋ ਕਿ ਭਾਰਤੀ ਜਲ ਸੈਨਾ ਵਿਚ ਕੈਪਟਨ ਹੈ, ਐੱਨਡੀਆਰਐਫ ਦੀ ਟੀਮ ਨਾਲ ਰਮਨਦੀਪ ਦੀ ਭਾਲ ਕਰ ਰਿਹਾ ਹੈ। ਕੈਪਟਨ ਜੈਵੀਰ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਆਪਣੇ ਪਰਿਵਾਰ ਤੇ ਇਕ ਕੁੱਤੇ ਨਾਲ ਪਿਕਨਿਕ ਲਈ ਗਿਆ ਸੀ। ਸ਼ਾਮ ਕਰੀਬ ਪੰਜ ਵਜੇ ਜਦ ਉਹ ਨਹਿਰ ਕੰਢੇ ਘੁੰਮ ਰਹੇ ਸਨ, ਤਾਂ ਪਾਲਤੂ ਕੁੱਤਾ ਨਹਿਰ ਵਿਚ ਡਿੱਗ ਗਿਆ। ਰਮਨਦੀਪ ਨੇ ਉਸੇ ਵੇਲੇ ਕੁੱਤੇ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਰੋਪੜ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪਹਿਲਾਂ ਪੁਲਿਸ ਨੇ ਲਾਪਤਾ ਮਰਚੈਂਟ ਨੇਵੀ ਅਫ਼ਸਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੂਰੀ ਰਾਤ ਕੁਝ ਪਤਾ ਨਾ ਲੱਗਣ ‘ਤੇ ਐੱਨਡੀਆਰਐਫ ਨੂੰ ਤਾਇਨਾਤ ਕੀਤਾ ਗਿਆ। ਸਥਾਨਕ ਪੁਲਿਸ ਨੇ ਦੱਸਿਆ ਕਿ ਰਮਨਦੀਪ ਨੇ ਜੈਕੇਟ, ਬੂਟ ਤੇ ਦਸਤਾਰ ਪਹਿਨੀ ਹੋਈ ਸੀ ਜਿਨ੍ਹਾਂ ਵਿੱਚ ਪਾਣੀ ਭਰਨ ਕਾਰਨ ਉਹ ਕੁੱਤੇ ਦੇ ਨਾਲ ਹੀ ਰੁੜ੍ਹ ਗਿਆ।
Check Also
ਵਿਸ਼ਵ ਪੰਜਾਬੀ ਕਾਨਫਰੰਸ : ਫਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਰੰਗ ਬੰਨ੍ਹਿਆ
ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ ਅੰਮ੍ਰਿਤਸਰ : ਪਾਕਿਸਤਾਨ …