Breaking News
Home / ਪੰਜਾਬ / ਪਟਿਆਲਾ ਜੇਲ੍ਹ ਵਿਚ ਬਿੱਟੂ ਵੱਲੋਂ ਆਸ਼ੂ ਨਾਲ ਮੁਲਾਕਾਤ, ਨਵਜੋਤ ਸਿੱਧੂ ਤੋਂ ਬਣਾਈ ਦੂਰੀ

ਪਟਿਆਲਾ ਜੇਲ੍ਹ ਵਿਚ ਬਿੱਟੂ ਵੱਲੋਂ ਆਸ਼ੂ ਨਾਲ ਮੁਲਾਕਾਤ, ਨਵਜੋਤ ਸਿੱਧੂ ਤੋਂ ਬਣਾਈ ਦੂਰੀ

ਚੰਨੀ ‘ਤੇ ਲਗਾਏ ਗਏ ਆਰੋਪਾਂ ਨੂੰ ਬੇਬੁਨਿਆਦ ਦੱਸਿਆ
ਪਟਿਆਲਾ/ਬਿਊਰੋ ਨਿਊਜ਼ : ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਮੰਗਲਵਾਰ ਨੂੰ ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਤੋਂ ਗੁਰੇਜ਼ ਹੀ ਕੀਤਾ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਭਾਰਤ ਭੂਸ਼ਣ ਆਸ਼ੂ ਪੰਜ ਮਹੀਨਿਆਂ ਤੋਂ ਪਟਿਆਲਾ ਜੇਲ੍ਹ ‘ਚ ਬੰਦ ਹਨ। ਇੱਥੇ ਸਾਬਕਾ ਖੁਰਾਕ ਮੰਤਰੀ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਆਸ਼ੂ ਦੇ ਪੀਏ ‘ਤੇ ਪੁਲਿਸ ਹਿਰਾਸਤ ‘ਚ ਭਾਰੀ ਅਣਮਨੁੱਖੀ ਤਸ਼ੱਦਦ ਦੇ ਆਰੋਪ ਲਾਏ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਦਲੇ ਵਾਲੀ ਕਾਰਵਾਈ ਨਾ ਰੋਕੀ ਤਾਂ ਪੰਜਾਬ ਆ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਮੂੰਹ ਵਿਜੀਲੈਂਸ ਵੱਲ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਲਾਏ ਜਾ ਰਹੇ ਆਰੋਪਾਂ ਨੂੰ ਵੀ ਬੇਬੁਨਿਆਦ ਆਖਿਆ। ਉਨ੍ਹਾਂ ਆਖਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਮੁੱਖ ਮੰਤਰੀ ਵੱਲੋਂ ਆਮ ਲੋਕਾਂ ਨੂੰ ਚਾਹ ਪਿਲਾਉਣ ਤੇ ਖਾਣਾ ਖਵਾਉਣ ‘ਤੇ ਖਰਚ ਕਰਨ ਦੀ ਕਾਰਵਾਈ ‘ਆਪ’ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਚੰਨੀ ‘ਤੇ ਹੀ ਤਨਜ਼ ਕੱਸਦਿਆਂ ਕਿਹਾ ਕਿ ਚੰਨੀ ਕੋਲ ਤਾਂ ਲੋਕਾਂ ਲਈ ਸਿਰਫ਼ ਤਿੰਨ ਮਹੀਨੇ ਦਾ ਹੀ ਸਮਾਂ ਸੀ ਅਤੇ ਉਹ ਇਸ ਦੌਰਾਨ ਵੀ ਜ਼ਿਆਦਾਤਰ ਹੈਲੀਕਾਪਟਰ ‘ਤੇ ਹੀ ਰਹੇ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦਾ ਕੰਟਰੋਲ ਤਾਂ ਦਿੱਲੀ ਕੋਲ ਹੈ। ਉਨ੍ਹਾਂ ‘ਆਪ’ ਦੀ ਲੀਡਰਸ਼ਿਪ ‘ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਪੰਜਾਬ ਵਿਚੋਂ ਧੰਨ ਇਕੱਠਾ ਕਰਨ ਦੇ ਇਲਜ਼ਾਮ ਵੀ ਲਾਏ। ਇਸੇ ਦੌਰਾਨ ਬਿੱਟੂ ਨੇ ਨੋਟਬੰਦੀ ਨੂੰ ਕੇਂਦਰੀ ਹਕੂਮਤ ਦਾ ਮੰਦਭਾਗਾ ਫੈਸਲਾ ਕਰਾਰ ਦਿੱਤਾ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …