ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਇਸ ਵਾਰ ਵਿਧਾਨ ਸਭਾ ਚੋਣ ਹਾਰ ਗਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਨਿਯੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਯੋਜਨਾ ਬੋਰਡ ਵਿਚ ਵਾਈਸ ਚੇਅਰਪਰਸਨ ਦੀਆਂ ਦੋ ਅਸਾਮੀਆਂ ਹਨ।
ਪਿਛਲੀ ਬਾਦਲ ਸਰਕਾਰ ਦੌਰਾਨ ਉਦਯੋਗਪਤੀ ਰਾਜਿੰਦਰ ਗੁਪਤਾ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਇਸ ਅਹਿਮ ਬੋਰਡ ਦੇ ਵਾਈਸ ਚੇਅਰਪਰਸਨ ਸਨ। ਸਰਕਾਰ ਬਦਲਣ ਤੋਂ ਬਾਅਦ ਭੰਡਾਰੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੱਲੋਂ ਬੀਬੀ ਭੱਠਲ ਨੂੰ ਇਹ ਅਹੁਦਾ ਉਨ੍ਹਾਂ ਨੂੰ ਇਥੇ ਸੈਕਟਰ-2 ਸਥਿਤ ਹਾਈ ਸਕਿਓਰਿਟੀ ਖੇਤਰ ਵਿਚ ਮਿਲੀ ਸਰਕਾਰੀ ਰਿਹਾਇਸ਼ ਨੂੰ ਬਰਕਰਾਰ ਰੱਖਣ ਲਈ ਦਿੱਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਬੀਬੀ ਰਜਿੰਦਰ ਕੌਰ ਭੱਠਲ ਨੂੰ ਇਸ ਅਹੁਦੇ ਦਾ ਨਿਯੁਕਤੀ ਪੱਤਰ ਜਲਦ ਹੀ ਦਿੱਤਾ ਜਾ ਸਕਦਾ ਹੈ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਇਕ ਫ਼ੈਸਲੇ ਵਿੱਚ ਦੇਸ਼ ਭਰ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਕੋਠੀਆਂ 31 ਮਈ ਤੱਕ ਖ਼ਾਲੀ ਕਰਨ ਲਈ ਕਿਹਾ ਹੈ। ਇਸ ਫੈਸਲੇ ਕਾਰਨ ਯੂਪੀ ਦੇ ਸਾਬਕਾ ਮੁੱਖ ਮੰਤਰੀਆਂ ਬੀਬੀ ਮਾਇਆਵਤੀ ਅਤੇ ਅਖਿਲੇਸ਼ ਯਾਦਵ ਵੱਲੋਂ ਪਹਿਲਾਂ ਹੀ ਸਰਕਾਰੀ ਕੋਠੀਆਂ ਖ਼ਾਲੀ ਕੀਤੀਆਂ ਜਾ ਚੁੱਕੀਆਂ ਹਨ। ਦੂਜੇ ਪਾਸੇ ਬੀਬੀ ਭੱਠਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਪਿਛਲੇ ਪਾਸੇ ਅਲਾਟ ਹੋਈ ਕੋਠੀ ਹਾਲੇ ਤੱਕ ਖ਼ਾਲੀ ਨਹੀਂ ਕੀਤੀ ਅਤੇ ਨਾ ਸਰਕਾਰ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ।
ਬੀਬੀ ਰਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਅਲਾਟ ਕਰਨ ਬਾਰੇ ਪਹਿਲਾਂ ਵੀ ਚਰਚਾ ਚਲਦੀ ਰਹੀ ਹੈ। ਪਿਛਲੇ ਸਮੇਂ ਮੌਜੂਦਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਕੋਠੀ ਨੰਬਰ 46 ਵਿਚ ਮਿਥੀ ਮਿਆਦ ਤੋਂ ਵੱਧ ਰਹਿਣ ਕਾਰਨ ਉਨ੍ਹਾਂ ਸਿਰ ਬਣਦੀ 84 ਲੱਖ ਰੁਪਏ ਦੀ ਰਕਮ ਮੁਆਫ ਕੀਤੀ ਸੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …