ਨੰਗਲ ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ
ਨੰਗਲ/ਬਿਊਰੋ ਨਿਊਜ਼
ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿਚ ਅੱਜ ਵੀਰਵਾਰ ਸਵੇਰੇ ਇਕ ਫੈਕਟਰੀ ਵਿਚੋਂ ਗੈਸ ਲੀਕ ਹੋ ਗਈ। ਇਸ ਗੈਸ ਦੀ ਲਪੇਟ ਵਿਚ ਪ੍ਰਾਈਵੇਟ ਸਕੂਲ ਦੇ 30 ਤੋਂ 35 ਬੱਚਿਆਂ ਸਣੇ ਕਈ ਹੋਰ ਲੋਕ ਵੀ ਆ ਗਏ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਗਲੇ ਵਿਚ ਖਾਰਸ਼, ਸਿਰ ਦਰਦ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ’ਤੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਇਸਦੇ ਚੱਲਦਿਆਂ ਨੰਗਲ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਨਿੱਜੀ ਸਕੂਲ ਨੂੰ ਬੰਦ ਕਰਕੇ ਬੱਚਿਆਂ ਨੂੰ ਵੀ ਘਰਾਂ ਨੂੰ ਭੇਜ ਦਿੱਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਇਸ ਹਾਦਸੇ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਫੈਕਟਰੀਆਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨੰਗਲ ਵਿਚ ਦੋ ਵੱਡੀਆਂ ਫੈਕਟਰੀਆਂ ਪੀਏਸੀਐਲ ਅਤੇ ਐਨਐਫਐਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਿਸ ਜਗ੍ਹਾ ਇਹ ਗੈਸ ਲੀਕ ਹੋਈ ਹੈ, ਉਥੇ 400 ਦੇ ਕਰੀਬ ਵਿਅਕਤੀ ਹਰ ਸਮੇਂ ਮੌਜੂਦ ਰਹਿੰਦੇ ਹਨ। ਇਸਦੇ ਨੇੜੇ ਕਈ ਕਾਲੋਨੀਆਂ ਵੀ ਵਸੀਆਂ ਹੋਈਆਂ ਹਨ। ਇਹ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਇਸ ਫੈਕਟਰੀ ਦੇ ਨੇੜੇ ਸਕੂਲ ਨੂੰ ਮਨਜੂਰੀ ਕਿਸ ਨੇ ਦਿੱਤੀ ਸੀ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …