Breaking News
Home / ਸੰਪਾਦਕੀ / ਭਾਰਤ ਵਲੋਂ ਕਰਤਾਰਪੁਰ ਦੇ ਲਾਂਘੇ ਲਈ ਹਾਮੀ, ਹਾਂ-ਪੱਖੀ ਫ਼ੈਸਲਾ

ਭਾਰਤ ਵਲੋਂ ਕਰਤਾਰਪੁਰ ਦੇ ਲਾਂਘੇ ਲਈ ਹਾਮੀ, ਹਾਂ-ਪੱਖੀ ਫ਼ੈਸਲਾ

ਵੀਰਵਾਰ ਨੂੰ ਭਾਰਤ ਸਰਕਾਰ ਨੇ ਇਕ ਇਤਿਹਾਸਕ ਫ਼ੈਸਲਾ ਲੈਂਦਿਆਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਭਾਰਤ ਸਥਿਤ ਸਿੱਖ ਸ਼ਰਧਾਲੂ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਭਾਰਤੀ ਖੇਤਰ ਤੋਂ ਮਹਿਜ ਤਿੰਨ ਕਿਲੋਮੀਟਰ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਵਿਚ ਲਿਆ ਗਿਆ, ਜਦੋਂਕਿ ਇਸ ਤੋਂ ਪਹਿਲਾਂ ਲੰਬਾ ਸਮਾਂ ਪਾਕਿਸਤਾਨ ਵਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਪੇਸ਼ਕਸ਼ ਕੀਤੀ ਜਾਂਦੀ ਰਹੀ ਹੈ ਪਰ ਭਾਰਤ ਸਰਕਾਰ ਦਾ ਰਵੱਈਆ ਇਸ ਸਬੰਧੀ ਉਦਾਸੀਨ ਰਿਹਾ।
ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੈਬਨਿਟ ਦੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਨੁਮਾਇੰਦਗੀ ਹੇਠ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਇਕ ਕਮੇਟੀ ਬਣੀ ਸੀ, ਜਿਸ ਦੇ ਸੁਝਾਅ ‘ਤੇ ਫ਼ੈਸਲਾ ਲਿਆ ਗਿਆ। ਇਸ ਦੇ ਕੁਝ ਘੰਟਿਆਂ ਦੇ ਅੰਦਰ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘੇ ਦੀ ਉਸਾਰੀ ਕਰਨ ਦਾ ਬਿਆਨ ਆ ਗਿਆ। ਉਨ੍ਹਾਂ ਨੇ ਐਲਾਨ ਕੀਤਾ ਕਿ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਵਾਲੇ ਪਾਸਿਓਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਜਦੋਂਕਿ ਭਾਰਤ ਵਲੋਂ 26 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ‘ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ।
ਇਸ ਸੰਦਰਭ ‘ਚ ਜ਼ਿਕਰ ਕਰਨਾ ਬਣਦਾ ਹੈ ਕਿ ਦੋ ਕੁ ਮਹੀਨੇ ਪਹਿਲਾਂ ਪਾਕਿਸਤਾਨ ‘ਚ ਸੱਤਾ ਤਬਦੀਲੀ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਮੂਲੀਅਤ ਕਰਕੇ ਪਰਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ‘ਕਰਤਾਰਪੁਰ ਦਾ ਲਾਂਘਾ ਖੋਲ੍ਹਣ’ ਦੀ ਸੰਭਾਵਨਾ ਜਤਾਈ ਗਈ ਸੀ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਨਿੱਜੀ ਦਖ਼ਲ ਦੀ ਮੰਗ ਕੀਤੀ ਸੀ ਪਰ ਭਾਰਤ ਸਰਕਾਰ ਦਾ ਰਵੱਈਆ ਇਕ ਤਰ੍ਹਾਂ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਉਦਾਸੀਨ ਰਿਹਾ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਸਰਹੱਦੀ ਸੈਕਟਰ ‘ਚ ਭਾਰਤ-ਪਾਕਿਸਤਾਨ ਵਿਚਾਲੇ ਕੰਡਿਆਲੀ ਤਾਰ ਦੇ ਬਿਲਕੁਲ ਨਾਲ ਉੱਚ ਪੱਧਰ ਦੀਆਂ ਦੂਰਬੀਨਾਂ ਲਗਾ ਕੇ ਪਾਕਿਸਤਾਨ ਵਾਲੇ ਪਾਸੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਫ਼ੈਸਲਾ ਕੀਤਾ ਸੀ।
ਭਾਰਤ-ਪਾਕਿ ਸਰਹੱਦ ਦੇ ਐਨ ਨਾਲ ਪਾਕਿਸਤਾਨ ਵਾਲੇ ਪਾਸੇ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਸਿਰਫ਼ ਸਿੱਖਾਂ ਦਾ ਹੀ ਉੱਚ ਧਾਰਮਿਕ ਸਥਾਨ ਨਹੀਂ, ਬਲਕਿ ਹਿੰਦੂ, ਮੁਸਲਮਾਨਾਂ ਲਈ ਵੀ ਸਦੀਆਂ ਤੋਂ ਅਕੀਦਤ ਦਾ ਕੇਂਦਰ ਰਿਹਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ, ਜਿੱਥੇ ਉਨ੍ਹਾਂ ਨੇ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਨੂੰ ਬਿਨ੍ਹਾਂ ਕਿਸੇ ਵਰਨ-ਵਿਤਕਰੇ ਦੇ ਪ੍ਰਮਾਰਥਕ ਗਿਆਨ ਵੰਡਿਆ ਅਤੇ ਇਸੇ ਹੀ ਮੁਕੱਦਸ ਧਰਤੀ ‘ਤੇ ਗੁਰੂ ਸਾਹਿਬ ਨੇ ਖੇਤੀ ਕਰਕੇ ਮਨੁੱਖਤਾ ਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਉਪਦੇਸ਼ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ ‘ਮਹਾਨ ਕੋਸ਼’ ਅਨੁਸਾਰ, ‘ਜ਼ਿਲ੍ਹਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿਚ ਗੁਰੂ ਨਾਨਕ ਦੇਵ ਦਾ ਸੰਮਤ 1561 ਵਿਚ ਵਸਾਇਆ ਇਕ ਨਗਰ, ਜਿਸ ਥਾਂ ਦੇਸ਼ ਦੇਸ਼ਾਂਤਰਾਂ ਵਿਚ ਸਿੱਖ ਧਰਮ ਦਾ ਉਪਦੇਸ਼ ਕਰਨ ਪਿੱਛੋਂ ਜਗਤ ਗੁਰੂ ਨੇ ਸੰਮਤ 1579 ਵਿਚ ਰਿਹਾਇਸ਼ ਕੀਤੀ।’
ਕਰਤਾਰਪੁਰ ਸਾਹਿਬ ਨਾ-ਸਿਰਫ਼ ਸਿੱਖਾਂ ਦੀ ਧਾਰਮਿਕ ਸ਼ਰਧਾ ਦਾ ਹੀ ਕੇਂਦਰ ਹੈ ਬਲਕਿ ਭਾਰਤੀ ਉਪ-ਮਹਾਂਦੀਪ ਦੇ ਬਹੁਪੱਖੀ ਸੱਭਿਆਚਾਰ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਜਦ 1539 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ-ਜੋਤਿ ਸਮਾਏ ਤਾਂ ਹਿੰਦੂ ਅਤੇ ਮੁਸਲਮਾਨ ਦੋਵਾਂ ਨੇ ਗੁਰੂ ਸਾਹਿਬ ਦੀ ਦੇਹ ਦੀਆਂ ਅੰਤਮ ਰਸਮਾਂ ਆਪਣੀ-ਆਪਣੀ ਮਰਿਆਦਾ ਅਨੁਸਾਰ ਪੂਰੀਆਂ ਕਰਨ ਦੇ ਦਾਅਵੇ ਰੱਖੇ। ਅਗਲੀ ਸਵੇਰ ਨੂੰ ਜਦੋਂ ਦੋਹਾਂ ਧਿਰਾਂ ਨੇ ਚਾਦਰ ਚੁੱਕ ਕੇ ਵੇਖਿਆ ਤਾਂ ਗੁਰੂ ਸਾਹਿਬ ਦਾ ਸਰੀਰ ਅਲੋਪ ਸੀ। ਦੋਹਾਂ ਭਾਈਚਾਰਿਆਂ ਨੇ ਅਖ਼ੀਰ ਗੁਰੂ ਸਾਹਿਬ ਦੀ ਚਾਦਰ ਦੇ ਹੀ ਦੋ ਹਿੱਸੇ ਕਰ ਲਏ। ਮੁਸਲਮਾਨਾਂ ਨੇ ਇਸ ਨੂੰ ਦਫ਼ਨਾ ਦਿੱਤਾ ਤੇ ਹਿੰਦੂਆਂ ਨੇ ਸਸਕਾਰ ਕਰ ਦਿੱਤਾ। ਇਸ ਲਈ ਉਥੇ ਕਬਰ ਅਤੇ ਸਮਾਧ ਦੋਵੇਂ ਹੀ ਮੌਜੂਦ ਹਨ। ਇਤਿਹਾਸਕਾਰ ਰਾਬਰਟ ਐਨ. ਕਸਟ ਅਨੁਸਾਰ ਸੰਸਾਰ ਵਿਚ ਹੋਰ ਕਿਧਰੇ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਕੋ ਪੁਰਸ਼ ਦਾ ਮਕਬਰਾ ਤੇ ਸਮਾਧ ਬਣੀ ਹੋਵੇ ਤੇ ਇਹ ਦੀਵਾਰ ਸਾਂਝੀ ਹੋਵੇ।
22 ਫ਼ਰਵਰੀ 1999 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਮੌਕੇ ਪਾਕਿਸਤਾਨ ਗਏ ਸਨ ਤਾਂ ਉਸ ਵੇਲੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ ਤੱਕ ਦੋ ਮੀਲ ਲੰਬਾ ਲਾਂਘਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਤਾਂ ਜੋ ਸਿੱਖ ਸ਼ਰਧਾਲੂ ਪਾਸਪੋਰਟ ਅਤੇ ਵੀਜ਼ੇ ਤੋਂ ਬਿਨ੍ਹਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆ ਸਕਣ।
ਸਤੰਬਰ 2004 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦੇ 400 ਸਾਲਾ ਸ਼ਤਾਬਦੀ ਮੌਕੇ ਜਦੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਨੇ ਵੀ ਇਥੇ ਐਲਾਨ ਕੀਤਾ ਕਿ ਭਾਰਤ ਸਰਕਾਰ ਕਰਤਾਰਪੁਰ ਲਾਂਘੇ ਲਈ ਹਾਂ-ਪੱਖੀ ਦਿਸ਼ਾ ‘ਚ ਕੰਮ ਕਰ ਰਹੀ ਹੈ।
ਡੇਰਾ ਬਾਬਾ ਨਾਨਕ ਕਸਬੇ ਤੋਂ ਇਕ ਕਿਲੋਮੀਟਰ ਦੀ ਵਿੱਥ ‘ਤੇ ਕੌਮਾਂਤਰੀ ਸਰਹੱਦ ‘ਤੇ, ਜਿਥੋਂ ਕਰਤਾਰਪੁਰ ਸਾਹਿਬ ਸਿਰਫ਼ ਤਿੰਨ ਕਿਲੋਮੀਟਰ ਦੂਰੋਂ ਸਾਫ਼ ਦਿਖਾਈ ਦਿੰਦਾ ਹੈ, ਲੋਕ ਇਸ ਜਗ੍ਹਾ ਨੂੰ ਲਾਂਘਾ ਸਥਲ ਕਹਿੰਦੇ ਹਨ ਅਤੇ ਡੇਰਾ ਬਾਬਾ ਨਾਨਕ ਤੋਂ ਇਸ ਜਗ੍ਹਾ ਨੂੰ ਮਿਲਾਉਣ ਵਾਲੀ ਸੜਕ ਨੂੰ ਵੀ ਲਾਂਘਾ ਸੜਕ ਕਿਹਾ ਜਾਂਦਾ ਹੈ। ਫ਼ਿਲਹਾਲ ਭਾਰਤ ਦੀ ਸਿੱਖ ਸੰਗਤ ਨੂੰ ਹਿੰਦ-ਪਾਕਿ ਸਰਹੱਦ ‘ਤੇ ਫ਼ੌਜ ਦੇ ਬਣਾਏ ‘ਦਰਸ਼ਨ ਸਥਲ’ ਤੋਂ ਦੂਰਬੀਨਾਂ ਨਾਲ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲੇ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਹੁਣ ਕਰਤਾਰਪੁਰ ਸਾਹਿਬ ਦਰਸ਼ਨ ਸਥਲ ‘ਤੇ ਵੀ ਜ਼ਰੂਰ ਨਤਮਸਤਕ ਹੁੰਦੀਆਂ ਹਨ।
ਕਰਤਾਰਪੁਰ ਦੇ ਲਾਂਘੇ ਨੂੰ ਸਿਰਫ਼ ਧਾਰਮਿਕ ਪੱਖ ਤੋਂ ਹੀ ਨਹੀਂ, ਸਗੋਂ ਕੂਟਨੀਤਕ ਪੱਖ ਤੋਂ ਵੀ ਭਾਰਤ-ਪਾਕਿ ਵਿਚਾਲੇ ਸਦੀਵੀ ਸੁਖਾਵੇਂ ਸਬੰਧਾਂ ਲਈ ਪੁਲ ਵਜੋਂ ਦੇਖਿਆ ਜਾਂਦਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਦੋਸਤੀ ਵਧਾਉਣ ਦੀਆਂ ਮੁੱਦਈ ਧਿਰਾਂ ਵੀ ਸਮਝਦੀਆਂ ਹਨ ਕਿ ਇਸ ਤਰ੍ਹਾਂ ਦਾ ਵਿਸ਼ੇਸ਼ ਲਾਂਘਾ ਭਾਰਤ-ਪਾਕਿ ਵਿਚਾਲੇ ਵਿਸ਼ਵਾਸ ਦੇ ਰਿਸ਼ਤੇ ਨੂੰ ਹੋਰ ਪੀਢਾ ਕਰਨ ਅਤੇ ਦੋਵਾਂ ਦੇਸ਼ਾਂ ਦੀ ਅਵਾਮ ਨੂੰ ਇਕ-ਦੂਜੇ ਦੇ ਨੇੜੇ ਕਰਨ ‘ਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਇਸ ਦੇ ਨਾਲ ਹੀ ਇਹ ਲਾਂਘਾ ਧਾਰਮਿਕ ਸਹਿਹੋਂਦ ਦੇ ਸਿੱਖੀ ਦੇ ਬੁਨਿਆਦੀ ਦ੍ਰਿਸ਼ਟੀਕੋਣ ਤੋਂ ਏਸ਼ੀਆ ਦੇ ਦੋ ਦੇਸ਼ਾਂ ਵਿਚਕਾਰ ਇਕ ਅਹਿਮ ਕੜੀ ਬਣ ਸਕਦਾ ਹੈ, ਕਿਉਂਕਿ ਭਾਰਤ-ਪਾਕਿ ਵਿਚਾਲੇ ਸਦੀਵੀ ਮਿੱਤਰਤਾ ਕਾਇਮ ਕਰਨ ਲਈ ਸੱਭਿਆਚਾਰਕ ਸੈਰ-ਸਪਾਟਾ, ਵਪਾਰਕ ਅਦਾਨ-ਪ੍ਰਦਾਨ ਅਤੇ ਧਾਰਮਿਕ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਇਸ ਨਾਲ ਭਾਰਤ-ਪਾਕਿ ਦੀ ਅਵਾਮ ਨੂੰ ਇਕ-ਦੂਜੇ ਦੇ ਨੇੜੇ ਹੋਣ ਅਤੇ ਸਰਕਾਰਾਂ ਦਾ ਵਿਸ਼ਵਾਸ ਵਧਾਉਣ ‘ਚ ਸਹਾਇਤਾ ਮਿਲੇਗੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …