‘ਪੰਜਾਬੀ ਸੂਬਾ’ ਬਣਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਤਿਹਾਸ ਦੀ ਸਭ ਤੋਂ ਨਮੋਸ਼ੀਜਨਕ ਹਾਰ ਦਾ ਸਾਹਮਣਾ ਫਰਵਰੀ 2017 ਦੀਆਂ ਸੂਬਾਈ ਚੋਣਾਂ ‘ਚ ਕਰਨਾ ਪਿਆ ਜਦੋਂ ਵਿਧਾਨ ਸਭਾ ਵਿਚ ਇਹ 15 ਸੀਟਾਂ ਤੱਕ ਸੀਮਤ ਹੋ ਗਿਆ ਅਤੇ ਵੋਟ ਪ੍ਰਤੀਸ਼ਤਤਾ ਵੀ 2012 ਦੀਆਂ ਸੂਬਾਈ ਚੋਣਾਂ ਦੇ 34.73% ਤੋਂ ਘੱਟ ਕੇ 25.2% ਰਹਿ ਗਈ। ਚੋਣਾਂ ਤੋਂ ਬਾਅਦ ਇਹ ਆਸ ਕੀਤੀ ਜਾ ਰਹੀ ਸੀ ਕਿ 1975 ਦੀ ਐਮਰਜੈਂਸੀ ਵਰਗੇ ਹਾਲਾਤ ‘ਚ ਵੀ ਜਮਹੂਰੀਅਤ ਲਈ ਡਟ ਕੇ ਪਹਿਰਾ ਦੇਣ ਵਾਲਾ ਅਕਾਲੀ ਦਲ ਆਪਣੀ ਹਾਰ ਦਾ ਖੁੱਲ੍ਹਦਿਲੀ ਨਾਲ ਆਤਮ-ਚਿੰਤਨ ਕਰੇਗਾ। ਹੋਈਆਂ ਗ਼ਲਤੀਆਂ ਨੂੰ ਸਵੀਕਾਰ ਕਰਕੇ ਪਾਰਟੀ ਦੀ ਹਾਈਕਮਾਨ ਪੰਜਾਬ ਨੂੰ ਨਵੀਂ ਸਿਆਸੀ ਸੇਧ ਦੇਣ ਲਈ ਫ਼ੈਸਲਾਕੁਨ ਵਿਉਂਤਬੰਦੀ ਕਰੇਗੀ, ਪਰ ਅਜਿਹਾ ਨਹੀਂ ਹੋਇਆ।
ਸ਼੍ਰੋਮਣੀ ਅਕਾਲੀ ਦਲ ਲਈ ਇਹ ਚਿੰਤਾ ਦਾ ਸਬੱਬ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਲੋਕਾਂ ਅੰਦਰ ਭਾਰੀ ਨਿਰਾਸ਼ਾ ਪਾਏ ਜਾਣ ਦੇ ਬਾਵਜੂਦ ਅਕਾਲੀ ਦਲ ਪ੍ਰਤੀ ਵੀ ਉਹ ਗ਼ੁੱਸਾ ਤੇ ਰੋਸ ਘਟਿਆ ਨਹੀਂ ਜੋ ਲਗਾਤਾਰ 10 ਸਾਲ ਅਕਾਲੀ-ਭਾਜਪਾ ਸਰਕਾਰ ਵੇਲੇ ਸੱਤਾ ਵਿਰੋਧੀ ਰੁਝਾਨ ਕਾਰਨ ਸੀ। ਇਸ ਕਰਕੇ ਪੰਜਾਬ ਦੀ ਰਾਜਨੀਤੀ ‘ਚ ਵੱਡਾ ਖ਼ਲਾਅ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਲਾਹਕਾਰ ਪੰਜਾਬ ਦੀ ਰਾਜਨੀਤੀ ‘ਚ ਬਣੇ ਖ਼ਲਾਅ ਨੂੰ ਦੂਰ ਕਰਨ ਲਈ ਸਵੈ-ਪੜਚੋਲ ਕਰਕੇ ਪਾਰਟੀ ਅੰਦਰ ਨਵੀਂ ਰੂਹ ਫੂਕਣ ਦੇ ਯਤਨਾਂ ਦੀ ਬਜਾਇ ਇਸ ਧਾਰਨਾ ‘ਤੇ ਅਡਿੱਗ ਹਨ ਕਿ ਕਾਂਗਰਸ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਲੋਕ ਅਗਲੀਆਂ ਚੋਣਾਂ ‘ਚ ਅਕਾਲੀ ਦਲ ਦੇ ਹੱਕ ‘ਚ ਹੀ ਭੁਗਤਣਗੇ। ਪਾਰਟੀ ਹਾਈਕਮਾਨ ਦੇ ਅਜਿਹੇ ਰਵੱਈਏ ਕਾਰਨ ਇਹ ਪ੍ਰਭਾਵ ਸਥਾਪਿਤ ਹੋ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਅੰਦਰ ਦੂਜਿਆਂ ਦੀ ਗੱਲ ਸੁਣਨ ਦਾ ਮਾਦਾ ਕਮਜ਼ੋਰ ਹੈ। ਅਜਿਹੇ ਵਿਚ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਨੂੰ ਵੀ ਸੱਟ ਵੱਜੀ ਅਤੇ ਟਕਸਾਲੀ ਤੇ ਕੁਰਬਾਨੀਪ੍ਰਸਤ ਅਕਾਲੀ ਆਗੂ ਇਕ-ਇਕ ਕਰਕੇ ਪੰਥਕ ਸਿਆਸਤ ਵਿਚੋਂ ਸਾਹ-ਸੱਤ ਹੀਣ ਮਹਿਸੂਸ ਕਰਨ ਲੱਗੇ। ਅਜਿਹੇ ਮਰਹਲੇ ਦੌਰਾਨ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਸਮੇਤ ਵੱਡੀ ਗਿਣਤੀ ‘ਚ ਟਕਸਾਲੀ ਅਕਾਲੀ ਆਗੂਆਂ ਨੇ ਪਾਰਟੀ ਤੋਂ ਅਸਤੀਫ਼ੇ ਦੇ ਕੇ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੀ ਸਥਾਪਨਾ ਕਰ ਦਿੱਤੀ।
ਹਾਲਾਂਕਿ ਇਤਿਹਾਸ ‘ਚ ਅਕਾਲੀ ਲੀਡਰਸ਼ਿਪ ਬਹੁਤ ਵਾਰੀ ਭਰੋਸੇਯੋਗਤਾ ਦੇ ਸੰਕਟ ਵਿਚੋਂ ਲੰਘੀ ਪਰ ਪਾਰਟੀ ਅੰਦਰਲੀ ਜਮਹੂਰੀਅਤ ਅਤੇ ਨੈਤਿਕ ਕਦਰਾਂ-ਕੀਮਤਾਂ ‘ਚ ਦ੍ਰਿੜ੍ਹ ਆਗੂਆਂ ਕਾਰਨ ਅਕਾਲੀ ਦਲ ਹਰੇਕ ਮੁਸੀਬਤ ਵਿਚੋਂ ‘ਕੁਠਾਲੀ ‘ਚੋਂ ਕੁੰਦਨ ਵਾਂਗ ਚਮਕ ਕੇ’ ਨਿਕਲਦਾ ਰਿਹਾ ਹੈ। ਸੰਨ 1961 ‘ਚ ਪੰਜਾਬੀ ਸੂਬੇ ਲਈ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵਲੋਂ ਰੱਖਿਆ ਮਰਨ ਵਰਤ ਵਿਚਾਲੇ ਛੱਡ ਦੇਣ ਤੋਂ ਬਾਅਦ ਉਨ੍ਹਾਂ ਦੀ ਵਿਰੋਧਤਾ ਵਧਣ ਲੱਗੀ ਤਾਂ ਸੰਤ ਫ਼ਤਹਿ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਸੀ। ਸੰਨ 1965 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸੰਤ ਫ਼ਤਿਹ ਸਿੰਘ ਦੇ ਧੜੇ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ ਮਾਸਟਰ ਜੀ ਇਹ ਐਲਾਨ ਕਰਕੇ ਸਿਆਸਤ ਤੋਂ ਲਾਂਭੇ ਹੋ ਗਏ ਕਿ ਕੌਮ ਨੇ ਸੰਤ ਫ਼ਤਹਿ ਸਿੰਘ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਹੈ। ਸੰਨ 1972 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ ਤਾਂ ਕੁਝ ਅਕਾਲੀ ਆਗੂ ਇਸ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕਰਨ ਲੱਗੇ। ਆਖ਼ਰਕਾਰ ਸੰਤ ਫ਼ਤਹਿ ਸਿੰਘ ਨੇ ਪਾਰਟੀ ਦੀ ਭਲਾਈ ਲਈ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੀ ਥਾਂ ਜਥੇਦਾਰ ਮੋਹਨ ਸਿੰਘ ਤੁੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ। ਅਕਾਲੀ ਦਲ ਅੰਦਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਬਰਾਬਰ ਧੜਾ ਖੜ੍ਹਾ ਹੋ ਗਿਆ ਤਾਂ ਜਥੇਦਾਰ ਮੋਹਨ ਸਿੰਘ ਤੁੜ ਨੇ ਇਹ ਆਖ ਕੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਕਿ, ਜੇਕਰ ਮੇਰੇ ਕਾਰਨ ਪੰਥ ‘ਚ ਫੁੱਟ ਪੈਂਦੀ ਹੈ ਤਾਂ ਮੈਂ ਪ੍ਰਧਾਨਗੀ ਛੱਡਣੀ ਬਿਹਤਰ ਸਮਝਦਾ ਹਾਂ।
ਸੰਨ 1986 ‘ਚ ਬਤੌਰ ਮੁੱਖ ਮੰਤਰੀ ਸ੍ਰੀ ਦਰਬਾਰ ਸਾਹਿਬ ‘ਚ ਪੁਲਿਸ ਭੇਜਣ ਮਗਰੋਂ ਸੁਰਜੀਤ ਸਿੰਘ ਬਰਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹ ਦਿੱਤਾ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀਆਂ ਸੰਭਾਵਨਾਵਾਂ ਤੇ ਸਮਰੱਥਾਵਾਂ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲ ਗਿਆ। ਹਾਲਾਂਕਿ ਇਹ ਉਹ ਦੌਰ ਸੀ ਜਦੋਂ ਇਕੋ ਵੇਲੇ ਅਕਾਲੀ ਦਲ ਦੇ ਅੱਧੀ ਦਰਜਨ ਦੇ ਕਰੀਬ ਧੜੇ ਬਣੇ ਹੋਏ ਸਨ। ਸੰਨ 1989 ਦੀਆਂ ਲੋਕ ਸਭਾ ਚੋਣਾਂ ‘ਚ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਸੰਯੁਕਤ ਨੂੰ ਵੱਡਾ ਬਹੁਮਤ ਮਿਲਿਆ ਪਰ ਉਹ ‘ਕਿਰਪਾਨ’ ਦੇ ਮੁੱਦੇ ‘ਤੇ ਸੰਸਦ ਵਿਚ ਜਾਣੋਂ ਨਾਂਹ ਕਰਕੇ ਖੁੰਝ ਗਏ। ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਉਤਰਾਅ-ਚੜ੍ਹਾਅ ਵਿਚੋਂ ਹੁੰਦਾ ਹੋਇਆ ਸੰਨ 1997 ‘ਚ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਪੰਜਾਬ ‘ਚ ਸਰਕਾਰ ਬਣਾਉਣ ‘ਚ ਸਫਲ ਰਿਹਾ। ਉਸ ਤੋਂ ਬਾਅਦ 2007 ਅਤੇ 2012 ‘ਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਵੀਹਵੀਂ ਸਦੀ ਦੇ ਸਭ ਤੋਂ ਕੱਦਾਵਾਰ ਸਿੱਖ ਸਿਆਸਤਦਾਨ ਵਜੋਂ ਸਥਾਪਤ ਹੋਏ।
31 ਜਨਵਰੀ 2008 ਨੂੰ ਪਾਰਟੀ ਦੇ 20ਵੇਂ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਆਪਣੇ ਪਿਤਾ ਦੀ ਵਿਰਾਸਤ ਦੇ ਰੂਪ ਵਿਚ ਮਿਲ ਗਈ। ਸੁਖਬੀਰ ਸਿੰਘ ਬਾਦਲ ਨੇ ‘ਮਰਜੀਵੜੇ ਜਥੇਦਾਰਾਂ’ ਦੀ ਪਾਰਟੀ ਸਮਝੇ ਜਾਂਦੇ ਅਕਾਲੀ ਦਲ ਨੂੰ ਇਕ ‘ਚੀਫ਼ ਐਗਜ਼ੀਕਿਊਟਿਵ ਅਫ਼ਸਰ’ ਵਾਂਗ ਮਾਈਕਰੋ-ਮੈਨੇਜਮੈਂਟ ਦੁਆਰਾ ਚਲਾਉਣਾ ਸ਼ੁਰੂ ਕੀਤਾ ਅਤੇ ਇਸ ਵਿਚ ਕੁਝ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਕੀਤੀਆਂ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਹੋਂਦ ਨੂੰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵਲੋਂ 1996 ਦੀ ਮੋਗਾ ਕਾਨਫ਼ਰੰਸ ਦੌਰਾਨ ‘ਪੰਜਾਬੀ ਪਾਰਟੀ’ ਵਿਚ ਬਦਲ ਦੇਣ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਗੈਰ-ਸਿੱਖਾਂ ਨੂੰ ਰਵਾਇਤੀ ਪੰਥਕ ਪਾਰਟੀ ‘ਚ ਵੱਡੀ ਪੱਧਰ ‘ਤੇ ਦਾਖ਼ਲਾ ਦੇਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜਨੀਤਕ ਘੇਰਾ ਅਤੇ ਸਰੋਕਾਰਾਂ ਦੀ ਵਿਆਪਕਤਾ ‘ਚ ਵਾਧਾ ਤਾਂ ਹੋਇਆ ਪਰ ਇਸ ਵਲੋਂ ਆਪਣੇ ਪੰਥਕ ਸਰੋਕਾਰਾਂ ਅਤੇ ਰਵਾਇਤੀ ਮੁੱਦਿਆਂ ਤੋਂ ਉੱਕਾ ਹੀ ਮੁਖ ਮੋੜ ਲੈਣਾ, ਇਸ ਲਈ ਸਵੈਘਾਤੀ ਸਾਬਤ ਹੋਇਆ। ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਗੱਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਬੁਨਿਆਦੀ ਖ਼ਾਸੇ ਅਤੇ ਵਿਚਾਰਧਾਰਾ ਨੂੰ ਕਾਇਮ ਰੱਖਣ ਦੀ ਬਜਾਇ ਅਜਿਹਾ ਪ੍ਰਭਾਵ ਵਧਦਾ ਗਿਆ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਵਿੰਗ ਵਜੋਂ ਕੰਮ ਕਰ ਰਿਹਾ ਹੈ। ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਹੁੰਦਿਆਂ ਵੀ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਦੀ ਸਥਾਪਨਾ ਸਿੱਖਾਂ ਦੀ ਰਾਜਨੀਤਕ ਹੋਂਦ ਨੂੰ ਸੁਰੱਖਿਅਤ ਕਰਨ ਦੀ ਭਾਵਨਾ ਤਹਿਤ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਫ਼ਲਸਫ਼ੇ ‘ਤੇ ਚੱਲਦਿਆਂ ਸਾਰੇ ਧਰਮਾਂ, ਵਰਗਾਂ ਤੇ ਜਾਤਾਂ ਦੇ ਲੋਕਾਂ ਨੂੰ ਵੀ ਕਲਾਵੇ ਵਿਚ ਲੈ ਕੇ ਚੱਲਣਾ ਚਾਹੀਦਾ ਹੈ ਪਰ ਘੱਟੋ-ਘੱਟ ਜਥੇਬੰਦੀ ਵਿਚ ਸ਼ਾਮਲ ਹੋਣ ਵਾਲੇ ਕਿਸੇ ਵੀ ਆਗੂ ਅਤੇ ਵਰਕਰ ਦੇ ਆਚਰਣ, ਵਿਚਾਰਧਾਰਕ ਪਿਛੋਕੜ, ਮਨੁੱਖੀ ਅਧਿਕਾਰਾਂ, ਪੰਜਾਬ ਤੇ ਸਮਾਜ ਪ੍ਰਤੀ ਸੋਚ ਤੇ ਸੇਧ ਨੂੰ ਨਿਰਖ-ਪਰਖਣ ਦੀ ਨੀਤੀ ਜ਼ਰੂਰ ਅਪਣਾਉਣੀ ਚਾਹੀਦੀ ਹੈ। ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪਰਿਵਾਰਵਾਦ ਦੇ ਪਰਛਾਵੇਂ ਤੋਂ ਮੁਕਤ ਕਰਨ ਲਈ ਅਤੇ ਪਾਰਟੀ ਅੰਦਰ ਜਮਹੂਰੀਅਤ ਕਾਇਮ ਕਰਨ ਲਈ ‘ਸਮੂਹਿਕ ਲੀਡਰਸ਼ਿਪ’ ਉਸਾਰਨ ਦੀ ਲੋੜ ਹੈ। ਜ਼ਮੀਨ ਨਾਲ ਜੁੜੇ; ਸਿੱਖੀ ਨਾਮ, ਸਰੂਪ, ਸੋਚ ਤੇ ਵਿਹਾਰ ਵਾਲੇ ਕੁਰਬਾਨੀਪ੍ਰਸਤ ਟਕਸਾਲੀ ਆਗੂਆਂ ਨੂੰ ਪਾਰਟੀ ਅੰਦਰ ਰਵਾਇਤੀ ਸਨਮਾਨ ਅਤੇ ਰੁਤਬੇ ਦੇਣ ਦੀ ਲੋੜ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …