Breaking News
Home / ਸੰਪਾਦਕੀ / ਪੀਣਯੋਗ ਨਹੀਂ ਰਿਹਾ ਭਾਰਤ ਦਾ ਪਾਣੀ

ਪੀਣਯੋਗ ਨਹੀਂ ਰਿਹਾ ਭਾਰਤ ਦਾ ਪਾਣੀ

ਭਾਰਤ ‘ਚ ਵਧਦੇ ਜਲ ਪ੍ਰਦੂਸ਼ਣ ਨੇ ਪਹਿਲਾਂ ਹੀ ਮਨੁੱਖ ਨੂੰ ਨਾਜ਼ੁਕ ਸਥਿਤੀ ‘ਚ ਲਿਆ ਖੜ੍ਹਾ ਕੀਤਾ ਹੈ, ਪਰ ਹੁਣ ਧਰਤੀ ਹੇਠਲੇ ਪਾਣੀ ‘ਚ ਜ਼ਹਿਰੀਲੇ ਤੱਤਾਂ ਦੇ ਵਧਦੇ ਜਾਣ ਦੀ ਖ਼ਬਰ ਨੇ ਇਸ ਸੰਬੰਧੀ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਵੀ ਵੱਡੀ ਚੁਣੌਤੀ ਦੇਸ਼ ਦੇ ਧਰਤੀ ਹੇਠਲੇ ਪਾਣੀ ‘ਚ ਆਰਸੈਨਿਕ ਤੱਤਾਂ ਦਾ ਨਿਰੰਤਰ ਪਾਇਆ ਜਾਣਾ ਹੈ। ਆਰਸੈਨਿਕ (ਸੰਖੀਏ) ‘ਚ ਆਪਣੇ ਆਸਪਾਸ ਦੇ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਦੇਣ ਦੀ ਵੱਡੀ ਸਮਰੱਥਾ ਹੁੰਦੀ ਹੈ। ਇਸ ਤੋਂ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਦੇਸ਼ ਦੀਆਂ ਵੱਡੀਆਂ ਨਦੀਆਂ ਗੰਗਾ, ਬ੍ਰਹਮਪੁੱਤਰ, ਯਮੁਨਾ ਆਦਿ ‘ਚ ਆਰਸੈਨਿਕ ਧਾਤੂ ਦੇ ਤੱਤ ਨਿਰੰਤਰ ਵਧਦੇ ਜਾ ਰਹੇ ਹਨ। ਪੰਜਾਬ ਦੇ ਦੋ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ‘ਚ ਵੀ ਆਰਸੈਨਿਕ ਦੇ ਤੱਤ ਪਾਏ ਜਾਣ ਨਾਲ ਖ਼ਤਰੇ ‘ਚ ਹੋਰ ਵਾਧਾ ਹੋਇਆ ਹੈ। ਆਰਸੈਨਿਕ ‘ਚ ਉਹ ਤੱਤ ਮੌਜੂਦ ਹਨ, ਜਿਨ੍ਹਾਂ ਨਾਲ ਕੈਂਸਰ, ਚਮੜੀ ਦੇ ਰੋਗ, ਫੇਫੜੇ ਆਦਿ ਦੇ ਬੇਕਾਰ ਹੋ ਜਾਣ ਦਾ ਖ਼ਤਰਾ ਵਧ ਜਾਂਦਾ ਹੈ। ਆਰਸੈਨਿਕ ਪ੍ਰਭਾਵਿਤ ਪਾਣੀ ਪੀਣ ਨਾਲ ਪਸ਼ੂਆਂ ਦੇ ਦੁੱਧ ‘ਚ ਵੀ ਇਹ ਘਾਤਕ ਪਦਾਰਥ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਅਜਿਹੇ ਪਾਣੀ ਦੀ ਸਿੰਜਾਈ ਨਾਲ ਉਪਜੀਆਂ ਫ਼ਸਲਾਂ ‘ਚ ਇਨ੍ਹਾਂ ਤੱਤਾਂ ਦੇ ਮਿਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਕਾਰਨ ਮਨੁੱਖ ਹੌਲੀ-ਹੌਲੀ ਇਸ ਗੰਭੀਰ ਖ਼ਤਰੇ ‘ਚ ਚਾਰੇ ਪਾਸਿਓਂ ਘਿਰਦਾ ਨਜ਼ਰ ਆ ਰਿਹਾ ਹੈ। ਹਾਲਾਤ ਦੀ ਇਸ ਗੰਭੀਰਤਾ ਦਾ ਪਤਾ ਇਸ ਗੱਲ ਤੋਂ ਵੀ ਲੱਗ ਜਾਂਦਾ ਹੈ ਕਿ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਖ਼ੁਦ ਲੋਕ ਸਭਾ ‘ਚ ਇਹ ਖ਼ੁਲਾਸਾ ਕੀਤਾ ਹੈ ਕਿ ਪੰਜਾਬ ਦੇ 556 ਅਜਿਹੇ ਖੇਤਰਾਂ ਦੀ ਪਛਾਣ ਹੋਈ ਹੈ, ਜਿੱਥੇ ਪਾਣੀ ‘ਚ ਬਹੁਤ ਜ਼ਿਆਦਾ ਮਾਤਰਾ ‘ਚ ਆਰਸੈਨਿਕ ਤੱਤ ਪਾਏ ਗਏ ਹਨ। ਦੇਸ਼ ਦੇ ਜਲ ਸ਼ਕਤੀ ਮੰਤਰਾਲੇ ਵਲੋਂ ਇਸ ਸੰਬੰਧੀ ਜਾਰੀ ਇਕ ਰਿਪੋਰਟ ਅਨੁਸਾਰ ਬੀਤੇ ਪੰਜ ਸਾਲਾਂ ‘ਚ ਆਰਸੈਨਿਕ-ਪ੍ਰਭਾਵਿਤ ਜਲ ਖੇਤਰਾਂ ਦੀ ਗਿਣਤੀ ‘ਚ 145 ਫ਼ੀਸਦੀ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ ਹੈ। ਅਜਿਹੀ ਹੀ ਸਥਿਤੀ ਪੰਜਾਬ ‘ਚ ਵੀ ਪਾਈ ਗਈ ਹੈ, ਜਿੱਥੇ ਅਜਿਹੇ ਪ੍ਰਭਾਵਿਤ ਖੇਤਰਾਂ ‘ਚ ਵਾਧੇ ਤੋਂ ਇਲਾਵਾ ਪਾਣੀ ‘ਚ ਆਰਸੈਨਿਕ ਤੱਤਾਂ ਦੀ ਫ਼ੀਸਦੀ ਵੀ ਵਧੀ ਹੈ। ਉੱਤਰ ਪ੍ਰਦੇਸ਼ ਇਸ ਸਮੱਸਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਾਇਆ ਗਿਆ ਹੈ, ਜਿੱਥੇ ਧਰਤੀ ਹੇਠਲੇ ਪਾਣੀ ‘ਚ ਫਲੋਰਾਈਡ ਅਤੇ ਆਰਸੈਨਿਕ ਤੱਤ ਪਹਿਲਾਂ ਤੋਂ ਮੌਜੂਦ ਮਾਤਰਾ ਤੋਂ ਨਿਰੰਤਰ ਵਧਦੇ ਜਾ ਰਹੇ ਹਨ। ਇਹ ਵੀ ਕਿ ਇਸ ਸੂਬੇ ਦੇ 63 ਜ਼ਿਲ੍ਹਿਆਂ ‘ਚ ਫਲੋਰਾਈਡ ਨਿਰਧਾਰਤ ਮਾਪਦੰਡ ਤੋਂ ਕਾਫੀ ਵੱਧ ਮਾਤਰਾ ‘ਚ ਪਾਇਆ ਗਿਆ ਹੈ, ਜਦੋਂ ਕਿ 25 ਜ਼ਿਲ੍ਹਿਆਂ ‘ਚ ਆਰਸੈਨਿਕ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ। ਕਈ ਹੋਰ ਜ਼ਿਲ੍ਹਿਆਂ ‘ਚ ਫਲੋਰਾਈਡ ਅਤੇ ਆਰਸੈਨਿਕ ਦੋਵੇਂ ਹੀ ਵੱਡੀ ਮਾਤਰਾ ‘ਚ ਪਾਏ ਗਏ ਹਨ। ਇਸੇ ਤਰ੍ਹਾਂ ਬਿਹਾਰ ‘ਚ ਵੀ ਧਰਤੀ ਹੇਠਲੇ ਪਾਣੀ ਅਤੇ ਨਦੀਆਂ ਦੇ ਪਾਣੀ ‘ਚ ਫਲੋਰਾਈਡ ਅਤੇ ਆਰਸੈਨਿਕ ਦੋਵੇਂ ਤਰ੍ਹਾਂ ਦੇ ਤੱਤ ਪਾਏ ਗਏ ਹਨ। ਇਨ੍ਹਾਂ ਦੋਵਾਂ ਸੂਬਿਆਂ ‘ਚ ਕਈ ਅਜਿਹੇ ਖੇਤਰਾਂ ਦੀ ਪਛਾਣ ਹੋਈ ਹੈ, ਜਿੱਥੋਂ ਦਾ ਪਾਣੀ ਮਨੁੱਖਾਂ ਲਈ ਪੀਣ ਯੋਗ ਨਹੀਂ ਹੈ।
ਬਿਹਾਰ ਦੇ 18 ਜ਼ਿਲ੍ਹੇ ਅਜਿਹੇ ਹਨ, ਜਿੱਥੇ ਧਰਤੀ ਹੇਠਲੇ ਪਾਣੀ ‘ਚ ਆਰਸੈਨਿਕ ਤੱਤ ਕਾਫ਼ੀ ਮਾਤਰਾ ‘ਚ ਪਾਏ ਗਏ ਹਨ। ਦੋਵਾਂ ਸੂਬਿਆਂ ‘ਚ ਸੈਂਕੜੇ ਸ਼ਹਿਰੀ ਅਤੇ ਪੇਂਡੂ ਹਲਕੇ ਅਜਿਹੇ ਹਨ, ਜਿੱਥੇ ਪਾਣੀ ‘ਚ ਜ਼ਹਿਰੀਲੇ ਤੱਤਾਂ ਦੀ ਭਰਮਾਰ ਹੈ। ਇਸ ਰਿਪੋਰਟ ਅਨੁਸਾਰ ਦੇਸ਼ ਦੇ ਲਗਭਗ 3 ਕਰੋੜ ਲੋਕ ਆਰਸੈਨਿਕ ਤੱਤਾਂ ਵਾਲਾ ਪਾਣੀ ਪੀ ਕੇ ਗੰਭੀਰ ਰੋਗਾਂ ਦੀ ਲਪੇਟ ‘ਚ ਆ ਰਹੇ ਹਨ। ਇੱਥੇ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਰ ਧਰਤੀ ਹੇਠਲੇ ਪਾਣੀ ‘ਚ ਆਰਸੈਨਿਕ ਸਮੇਤ ਹੋਰ ਜ਼ਹਿਰੀਲੇ ਤੱਤਾਂ ਜਾਂ ਰਸਾਇਣਾਂ ਦੀ ਮਾਤਰਾ ਕਿਵੇਂ ਵਧ ਰਹੀ ਹੈ। ਅਸਲ ‘ਚ ਦੇਸ਼ ‘ਚ ਸਥਾਪਿਤ ਬਹੁਤ ਸਾਰੀਆਂ ਸਨਅਤੀ ਇਕਾਈਆਂ ਪਾਣੀ ਨੂੰ ਸਾਫ਼ ਕੀਤੇ ਬਗ਼ੈਰ ਹੀ ਇਹ ਗੰਦਾ ਪਾਣੀ ਸਿੱਧਾ ਬੋਰਵੈੱਲਾਂ ਰਾਹੀਂ ਜਾਂ ਨਦੀਆਂ-ਨਾਲਿਆਂ ਰਾਹੀਂ ਧਰਤੀ ਹੇਠ ਪਹੁੰਚਾ ਰਹੀਆਂ ਹਨ, ਜਿਸ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਕੋਈ ਵੀ ਅਜਿਹਾ ਕਰਦਾ ਹੈ, ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮਨੁੱਖੀ ਲਾਪਰਵਾਹੀ ਨਾਲ ਉਪਜੀ ਇਸ ਤਰਾਸਦੀ ਦਾ ਇਕ ਗੰਭੀਰ ਪੱਖ ਇਹ ਵੀ ਹੈ ਕਿ ਉੱਤਰ ਭਾਰਤ ਦੇ ਕਿਸੇ ਵੀ ਸੂਬੇ ਦੀ ਸਰਕਾਰ ਚਾਹੇ ਉੱਥੇ ਕਿਸੇ ਵੀ ਸਿਆਸੀ ਪਾਰਟੀ ਦਾ ਸ਼ਾਸਨ ਰਿਹਾ ਹੋਵੇ, ਇਸ ਮਾਮਲੇ ਨੂੰ ਲੈ ਕੇ ਕਦੇ ਵੀ ਗੰਭੀਰ ਨਹੀਂ ਰਹੀ ਹੈ।
ਪੰਜਾਬ ‘ਚ ਬੀਤੇ ਕਈ ਦਹਾਕਿਆਂ ਤੋਂ ਵਾਤਾਵਰਨ ਪ੍ਰੇਮੀਆਂ ਅਤੇ ਜਲ ਸੁਰੱਖਿਆ ਨਾਲ ਜੁੜੇ ਲੋਕਾਂ ਤੇ ਸੰਸਥਾਵਾਂ ਵਲੋਂ ਇਸ ਸੰਬੰਧੀ ਜਾਗਰੂਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਕਿਸੇ ਵੀ ਪੱਧਰ ‘ਤੇ ਕੋਈ ਸਾਰਥਕ ਨਤੀਜੇ ਕਦੇ ਨਹੀਂ ਨਿਕਲੇ। ਸਰਕਾਰਾਂ, ਸਮਾਜ ਜਾਂ ਕਾਰੋਬਾਰੀ ਪੱਧਰ ‘ਤੇ ਵੀ ਮਨਮਰਜ਼ੀ ਨਾਲ ਪਾਣੀ ਨੂੰ ਦੂਸ਼ਿਤ ਤੇ ਜ਼ਹਿਰੀਲਾ ਬਣਾਉਣ ਸੰਬੰਧੀ ਕੰਮਾਂ ‘ਤੇ ਰੋਕ ਲਗਾਏ ਜਾਣ ਦੀ ਕੋਈ ਯੋਜਨਾ ਸਾਹਮਣੇ ਨਹੀਂ ਆਈ। ਪੰਜਾਬ ਦੇ ਘੱਟ ਤੋਂ ਘੱਟ 16 ਅਜਿਹੇ ਜ਼ਿਲ੍ਹਿਆਂ ਦੀ ਪਛਾਣ ਹੋਈ ਹੈ, ਜਿੱਥੋਂ ਦੇ ਲੋਕ ਜ਼ਹਿਰੀਲੇ ਜਾਂ ਆਰਸੈਨਿਕ ਨਾਲ ਪ੍ਰਭਾਵਿਤ ਪਾਣੀ ਪੀਣ ਲਈ ਮਜਬੂਰ ਹਨ।
ਸਰਕਾਰਾਂ ਅਕਸਰ ਰਾਜਨੀਤਕ ਨਜ਼ਰੀਏ ਨਾਲ ਪਾਣੀ ਦੇ ਸੁਧਾਰ ਲਈ ਐਲਾਨ ਕਰਦੀਆਂ ਹਨ, ਪਰ ਲੋਕ ਭਲਾਈ ਲਈ ਇਸ ਪੱਧਰ ‘ਤੇ ਕਦੇ ਕਿਸੇ ਸਰਕਾਰ ਨੇ ਪ੍ਰਭਾਵਸ਼ਾਲੀ ਨੀਤੀ ਤਿਆਰ ਨਹੀਂ ਕੀਤੀ। ਧਰਤੀ ਹੇਠਲੇ ਪਾਣੀ ਦੀ ਕਮੀ ਦੇ ਵਧਦੇ ਸੰਕਟ ਨੂੰ ਠੱਲ੍ਹ ਪਾਉਣ ਲਈ ਦਰਿਆਵਾਂ ਦੇ ਪਾਣੀ ਨੂੰ ਪੀਣ ਵਾਲੇ ਪਾਣੀ ‘ਚ ਬਦਲੇ ਜਾਣ ਦੀ ਕਿਸੇ ਵੱਡੀ ਯੋਜਨਾ ‘ਤੇ ਅੱਜ ਤੱਕ ਅਮਲ ਨਹੀਂ ਕੀਤਾ ਜਾ ਸਕਿਆ। ਪੰਜਾਬ ‘ਚ ਧਰਤੀ ਹੇਠਲਾ ਪਾਣੀ ਹੋਰ ਡੂੰਘਾ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਉਠਦਾ ਜਾ ਰਿਹਾ ਹੈ, ਪਰ ਸਰਕਾਰਾਂ ਅਜੇ ਵੀ ਧਰਤੀ ਜਲ ਸਪਲਾਈ ਦੀਆਂ ਯੋਜਨਾਵਾਂ ਬਣਾਈ ਜਾ ਰਹੀਆਂ ਹਨ। ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਅੱਜ ਪੂਰਾ ਵਿਸ਼ਵ ਜੂਝ ਰਿਹਾ ਹੈ। ਭਾਰਤ ‘ਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਸਾਹਮਣੇ ਦਿਖਾਈ ਦੇ ਰਿਹਾ ਹੈ। ਅਜਿਹੀ ਹੀ ਸਥਿਤੀ ਨਾਲ ਪੰਜਾਬ ਵੀ ਜੂਝਣ ਨੂੰ ਮਜਬੂਰ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਸ਼ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੰਗੀ ਪੱਧਰ ‘ਤੇ ਯੋਜਨਾਵਾਂ ਬਣਾ ਕੇ ਉਨ੍ਹਾਂ ‘ਤੇ ਅਮਲ ਨੂੰ ਵੀ ਯਕੀਨੀ ਬਣਾਇਆ ਜਾਵੇ। ਧਰਤੀ ਹੇਠਲੇ ਜਲ ‘ਤੇ ਨਿਰਭਰਤਾ ਘਟਾਉਣ ਅਤੇ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਇਸ ਨੂੰ ਸਿੰਜਾਈ ਲਈ ਵਰਤੇ ਜਾਣ ਸੰਬੰਧੀ ਯੋਜਨਾਵਾਂ ਬਣਾਉਣ ਦੀ ਵੱਡੀ ਜ਼ਰੂਰਤ ਹੈ। ਅਸੀਂ ਸਮਝਦੇ ਹਾਂ ਕਿ ਪਾਣੀ ਦੇ ਮੋਰਚੇ ‘ਤੇ ਸਮੁੱਚੇ ਯਤਨਾਂ ਨਾਲ ਹੀ ਇਸ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਨ ਅਤੇ ਇਸ ਦੀ ਭਰਪੂਰ ਮਾਤਰਾ ‘ਚ ਉਪਲਬਧਤਾ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਹ ਟੀਚਾ ਜਿੰਨੀ ਜਲਦੀ ਹਾਸਲ ਕੀਤਾ ਜਾਵੇਗਾ, ਓਨਾ ਹੀ ਇਹ ਪੂਰੀ ਮਨੁੱਖੀ ਜਾਤੀ ਦੇ ਹਿੱਤ ‘ਚ ਹੋਵੇਗਾ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …