Breaking News
Home / ਰੈਗੂਲਰ ਕਾਲਮ / ਨਵੀਂ ਨੌਕਰੀ

ਨਵੀਂ ਨੌਕਰੀ

ਜਰਨੈਲ ਸਿੰਘ
(ਕਿਸ਼ਤ 26ਵੀਂ)
ਸਾਡੇ ਪਿੰਡ ਸਰਕਾਰੀ ਹਾਈ ਸਕੂਲ ਤਾਂ ਹੈਗਾ ਸੀ ਪਰ ਪੰਜਾਬ ਦੇ ਹੋਰ ਸਰਕਾਰੀ ਸਕੂਲਾਂ ਵਾਂਗ ਪੜ੍ਹਾਈ ਦਾ ਮਿਆਰ ਹੇਠਾਂ ਡਿਗ ਚੁੱਕਾ ਸੀ। ਬੱਚਿਆਂ ਨੂੰ ਉਸ ਸਕੂਲ ‘ਚ ਪੜ੍ਹਾਉਣ ਲਈ ਸਾਡਾ ਮਨ ਨਾ ਮੰਨਿਆਂ। ਵੱਡਾ ਬੇਟਾ ਹਰਪ੍ਰੀਤ ਚੰਡੀਗੜ੍ਹ ਹਵਾਈ ਅੱਡੇ ਦੇ ਸੈਂਟਰਲ ਸਕੂਲ ਵਿਚ ਦੂਜੀ ਜਮਾਤ ‘ਚ ਪੜ੍ਹਦਾ ਆਇਆ ਸੀ। ਉਸ ਨੂੰ ਆਦਮਪੁਰ ਹਵਾਈ ਅੱਡੇ ਦੇ ਸੈਂਟਰਲ ਸਕੂਲ ਵਿਚ ਦਾਖਲਾ ਮਿਲ਼ ਗਿਆ। ਹਵਾਈ ਅੱਡਿਆਂ ਤੇ ਛਾਉਣੀਆਂ ਵਿਚ ਸਥਿਤ ਅੰਗ੍ਰੇਜ਼ੀ ਮੀਡੀਅਮ ਵਾਲ਼ੇ ਸਕੂਲਾਂ ‘ਚ ਪੜ੍ਹਾਈ ਦਾ ਮਿਆਰ ਵਧੀਆ ਹੁੰਦਾ ਹੈ। ਹਰਪ੍ਰੀਤ ਦਾ ਪਿੰਡੋਂ ਬੱਸ ‘ਤੇ ਸਕੂਲ ਜਾਣਾ-ਆਉਣਾ ਸੰਭਵ ਨਹੀਂ ਸੀ। ਉਸਨੂੰ ਛੱਡਣ-ਲਿਆਉਣ ਦਾ ਕੰਮ ਮੈਂ ਸਾਈਕਲ ‘ਤੇ ਕਰ ਦੇਂਦਾ।
ਕੁਦਰਤ ਦੀ ਮਿਹਰ ਨਾਲ਼ ਨਵੀਂ ਨੌਕਰੀ ਵਾਸਤੇ ਮੇਰੇ ਯਤਨ ਸਫਲ ਹੋ ਗਏ। ਏਅਰਫੋਰਸ ਦੀ ਪ੍ਰੀ-ਰਿਟਾਇਰਮੈਂਟ ਛੁੱਟੀ ਦੌਰਾਨ ਹੀ, ਫਰਵਰੀ 1977 ‘ਚ ਪੰਜਾਬ ਸਟੇਟਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਵਿਚ ‘ਫੀਲਡ ਇਕਨਾਮਿਕਸ ਇਨਵੈਸਟੀਗੇਟਰ’ ਦੀ ਪੋਸਟ ਵਾਸਤੇ ਮੇਰੀ ਸਿਲੈਕਸ਼ਨ ਹੋ ਗਈ। ਹੋਰ ਵੀ ਵਧੀਆ ਗੱਲ ਇਹ ਹੋਈ ਕਿ ਮੇਰੀ ਪੋਸਟ ‘ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ’ ਨੂੰ ਅਲਾਟ ਹੋ ਗਈ। ਪੰਜਾਬ ਦੀ ਹਰ ਸੈਂਟਰਲ ਕੋਆਪ੍ਰੇਟਿਵ ਬੈਂਕ ਵਿਚਇਕ ਐਫ.ਈ.ਆਈ ਪੋਸਟ ਕੀਤਾ ਗਿਆ। ਤਿੰਨ ਇਨਵੈਸਟੀਗੇਟਰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ‘ਚ ਰੱਖੇ ਗਏ। ‘ਪੰਜਾਬ ਕੋਆਪ੍ਰੇਟਿਵ ਇਨਸਟੀਚਿਊਟ’ ਚੰਡੀਗੜ੍ਹ ਵਿਖੇ ਸਾਨੂੰ 10 ਦਿਨ ਟਰੇਨਿੰਗ ਦਿੱਤੀ ਗਈ।
ਬੈਂਕ ਦੇ ਕੰਮ ਦੇ ਘੰਟੇ 10 ਤੋਂ 5 ਵਜੇ ਤੱਕ ਸਨ। ਮੈਂ ਹਰਪ੍ਰੀਤ ਨੂੰ ਸਵੇਰੇ ਛੱਡ ਤਾਂ ਸਕਦਾ ਸੀ ਪਰ ਲਿਆਉਣਾ ਸੰਭਵ ਨਹੀਂ ਸੀ। ਸੋ ਅਸੀਂ ਘਰਦਿਆਂ ਦੀ ਸਲਾਹ ਨਾਲ਼ ਆਦਮਪੁਰ ਸ਼ਿਫਟ ਕਰ ਗਏ। ਆਦਮਪੁਰ ਤੋਂ ਹੁਸ਼ਿਆਰਪੁਰ ਵਾਸਤੇ ਹਰ ਪੰਜ ਮਿੰਟ ਬਾਅਦ ਬੱਸ ਸਰਵਿਸ ਸੀ।
ਉਦੋਂ ਪੰਜਾਬ ਦੇ ਕੋਆਪ੍ਰੇਟਿਵ ਬੈਂਕ-ਸਿਸਟਮ ਦੇ ਤਿੰਨ ਲੈਵਲ ਸਨ।
(1) ਸੂਬਾ ਪੱਧਰ ‘ਤੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ। ਇਸਨੂੰ ਏਪੈੱਕਸ ਬੈਂਕ (ApexBank) ਵੀ ਕਿਹਾ ਜਾਂਦਾ ਸੀ।
(2) ਜ਼ਿਲ੍ਹਾ ਲੈਵਲ ‘ਤੇ ਸੈਂਟਰਲ ਕੋਆਪ੍ਰੇਟਿਵ ਬੈਂਕ ਅਤੇ ਜ਼ਿਲ੍ਹੇ ਦੇ ਪਿੰਡਾਂ-ਕਸਬਿਆਂ ਵਿਚ ਇਸਦੀਆਂ ਬਰਾਂਚਾਂ। ਸੈਂਟਰਲ ਕੋਆਪ੍ਰੇਟਿਵ ਬੈਂਕ ਨੂੰ ‘ਕੇਂਦਰੀ ਸਹਿਕਾਰੀ ਬੈਂਕ’ ਵੀ ਆਖਦੇ ਸਨ।
(3) ਪਿੰਡਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ।
ਪੰਜਾਬ ਦੇ ਸਮੁੱਚੇ ਕੋਆਪ੍ਰੇਟਿਵ ਮਹਿਕਮੇ ਦੀ ਕਮਾਂਡ ‘ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਪੰਜਾਬ’ ਦੇ ਹੱਥਾਂ ਵਿਚ ਹੁੰਦੀ ਹੈ। ਉਹ ਆਮ ਤੌਰ ‘ਤੇ ਆਈ.ਏ.ਐਸ ਕੇਡਰ ਦਾ ਅਫਸਰ ਹੁੰਦਾ ਹੈ। ਰਜਿਸਟਰਾਰ ਤੋਂ ਹੇਠਾਂ ਜਾਇੰਟ ਰਜਿਸਟਰਾਰ, ਐਡੀਸ਼ਨਲ ਰਜਿਸਟਰਾਰ, ਡਿਪਟੀ ਰਜਿਸਟਰਾਰ, ਅਸਿਸਟੈਂਟ ਰਜਿਸਟਰਾਰ ਦੇ ਅਹੁਦਿਆਂ ਵਾਲ਼ੇ ਅਫਸਰ ਹੁੰਦੇ ਹਨ।
ਰਜਿਸਟਰਾਰ, ਪੰਜਾਬ ਸਰਕਾਰ ਦੀਆਂ ਪਾਲਿਸੀਆਂ ਤੇ ਪ੍ਰੋਗਰਾਮਾਂ ਅਨੁਸਾਰ ਪੰਜਾਬ ਦੇ ਸਾਰੇ ਕੋਆਪ੍ਰੇਟਿਵ ਅਦਾਰਿਆਂ ਦੇ ਪ੍ਰਬੰਧਾਂ ਤੇ ਕਾਰਜਾਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਉਹ ਲੋੜ ਪੈਣ ‘ਤੇ ਏਪੈੱਕਸ ਬੈਂਕ ਨੂੰ ਵੀ ਹਦਾਇਤਾਂ ਭੇਜਦਾ ਹੈ। ਏਪੈੱਕਸ ਬੈਂਕ ਜਿੱਥੇ ਕੋਆਪ੍ਰੇਟਿਵ ਬੈਕਿੰਗ ਦੇ ਰੂਲਜ਼ ਤੇ ਰੈਗੂਲੇਸ਼ਨਜ਼ ਨਿਰਧਾਰਤ ਕਰਦੀ ਹੈ, ਉੱਥੇ ਰਜਿਸਟਰਾਰ ਤੇ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਚੰਡੀਗੜ੍ਹ ‘ਚ ਆਪਣੀਆਂ ਬਰਾਂਚਾਂ ਨੂੰ ਮੈਮੋਰੈਂਡਮ ਵੀ ਜਾਰੀ ਕਰਦੀ ਹੈ। ਬੈਂਕਿੰਗ ਕਾਰਜਾਂ ਤੋਂ ਇਲਾਵਾ ਇਹ ਬੈਂਕ, ਕੇਂਦਰੀ ਸਹਿਕਾਰੀ ਬੈਂਕਾਂ ਦੇ ਜਨਰਲ ਮੈਨੇਜਰਾਂ, ਡਿਪਟੀ ਮੈਨੇਜਰਾਂ ਤੇ ਅਸਿਸਟੈਂਟ ਮੈਨੇਜਰਾਂ ਦੀਆਂ ਪੰਜਾਬ ਲੈਵਲ ‘ਤੇ ਬਦਲੀਆਂ ਅਤੇ ਉਨ੍ਹਾਂ ਦੀਆਂ ਪ੍ਰਮੋਸ਼ਨਾਂ ਬਾਬਤ ਪ੍ਰਬੰਧਕੀ ਕਾਰਜ ਵੀ ਨਿਭਾਉਂਦੀ ਹੈ।
ਜ਼ਿਲ੍ਹਾ ਹੈੱਡਕੁਆਟਰ ‘ਤੇ ਸਥਿਤ ਕੇਂਦਰੀ ਸਹਿਕਾਰੀ ਬੈਂਕ, ਜ਼ਿਲੇ ਦੀਆਂ ਬਰਾਂਚਾਂ ਦਾ ਹੈੱਡ ਆਫਿਸ ਹੁੰਦਾ ਹੈ। ਇਸ ਬੈਂਕ ਦਾ ਜਨਰਲ ਮੈਨੇਜਰ ਏਪੈੱਕਸ ਬੈਂਕ, ਰਿਜ਼ਰਵ ਬੈਂਕ ਅਤੇ ਹੋਰ ਅਦਾਰਿਆਂ ਵੱਲੋਂ ਆਈਆਂ ਹਦਾਇਤਾਂ ਆਪਣੀਆਂ ਬਰਾਂਚਾਂ ਵਿਚ ਲਾਗੂ ਕਰਵਾਉਂਦਾ ਹੈ। ਉਹ ਬਰਾਂਚ ਮੈਨੇਜਰਾਂ ਤੇ ਹੋਰ ਸਾਰੇ ਕਰਮਚਾਰੀਆਂ ਦੀਆਂ ਜ਼ਿਲ੍ਹਾ ਲੈਵਲ ‘ਤੇ ਬਦਲੀਆਂ ਅਤੇ ਪ੍ਰਮੋਸ਼ਨਾਂ ਤੋਂ ਇਲਾਵਾ ਕੁਤਾਹੀਆਂ ਸੰਬੰਧੀ ਉਨ੍ਹਾਂ ‘ਤੇ ਐਕਸ਼ਨ ਲੈਣ ਦੇ ਕਾਰਜ ਵੀ ਨਿਪਟਾਉਂਦਾ ਹੈ। ਇਨ੍ਹਾਂ ਕਾਰਜਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ, ਟੀ.ਏ, ਡੀ.ਏ ਅਤੇ ਪਰਸਨਲ ਫਾਈਲਾਂ ਸੰਬੰਧੀ ਸਮੁੱਚੀ ਲਿਖਤ-ਪੜ੍ਹਤ ਬੈਂਕ ਦਾ ‘ਐਡਮਨਿਸਟ੍ਰੇਸ਼ਨ ਸੈਕਸ਼ਨ’ ਕਰਦਾ ਹੈ। ਸਾਡੀ ਬੈਂਕ ਵਿਚ ਇਸਨੂੰ ‘ਐਸਟੈਬਲਿਸ਼ਮੈਂਟ ਸੈਕਸ਼ਨ’ (EstablishmentSection) ਆਖਦੇ ਸਨ।
ਕੇਂਦਰੀ ਸਹਿਕਾਰੀ ਬੈਂਕ ਦੇ ਪ੍ਰਬੰਧਾਂ ਵਿਚ ਬੋਰਡ ਆਫ ਡਾਇਰੈਕਟਰਜ਼ ਵੀ ਭੂਮਿਕਾ ਨਿਭਾਉਂਦਾ ਹੈ। ਹੁਣ ਦਾ ਪਤਾ ਨਹੀਂ, ਉਦੋਂ ਡਾਇਰੈਕਟਰਾਂ ਦੀ ਵੱਡੀ ਗਿਣਤੀ ਸੁਸਾਇਟੀਆਂ ਦੇ ਪ੍ਰਤੀਨਿਧਾਂ ਦੀ ਹੁੰਦੀ ਸੀ। ਇਹ ਪ੍ਰਤੀਨਿਧ ਆਪਣੇ ਵਿੱਚੋਂ ਬੋਰਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਚੁਣਦੇ ਸਨ। ਜ਼ਿਲ੍ਹੇ ਦਾ ਅਸਿਸਟੈਂਟ ਰਜਿਸਟਰਾਰ ਵੀ ਸਰਕਾਰੀ ਮੈਂਬਰ ਵਜੋਂ ਬੋਰਡ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਸੀ।
ਸੁਸਾਇਟੀਆਂ ਦਾ ਕੰਮ-ਕਾਜ, ਸੁਸਾਇਟੀਆਂ ਦੇ ਮੈਂਬਰਾਂ ਵੱਲੋਂ ਚੁਣੇ ਪ੍ਰਧਾਨ, ਮੀਤ ਪ੍ਰਧਾਨ, ਸੈਕਟਰੀ ਤੇ ਸੇਲਜ਼ਮੈਨ ਚਲਾਉਂਦੇ ਹਨ। ਸੁਸਾਇਟੀਆਂ ਦੇ ਕੰਮ-ਕਾਜ ਦੀ ਸਮੁੱਚੀ ਨਿਗਰਾਨੀ ਕੋਆਪ੍ਰੇਟਿਵ ਮਹਿਕਮੇ ਦੇ ਇਨਸਪੈਕਟਰ, ਸਬ-ਇਨਸਪੈਕਟਰ, ਅਸਿਸਟੈਂਟ ਰਜਿਸਟਰਾਰ ਤੇ ਡਿਪਟੀ ਰਜਿਸਟਰਾਰ ਕਰਦੇ ਹਨ।
ਐਫ.ਈ.ਆਈ ਵਜੋਂ ਮੇਰੀ ਮੁੱਖ ਡਿਊਟੀ 5 ਸਾਲ ਤੋਂ ਵੱਧ ਡਿਫਾਲਟਰ ਸੁਸਾਇਟੀਆਂ ਦੀ ਪੜਤਾਲ ਕਰਕੇ ਵਿਸਥਾਰਤ ਰਿਪੋਰਟਾਂ ਏਪੈੱਕਸ ਬੈਂਕ ਚੰਡੀਗੜ੍ਹ ਨੂੰ ਭੇਜਣ ਦੀ ਸੀ। ਇਸ ਤੋਂ ਇਲਾਵਾ ਦੋ ਡਿਊਟੀਆਂ ਹੋਰ ਸਨ:
(1) ਬੈਂਕ ਦੀ ਡਿਪਾਜ਼ਿਟ ਵਧਾਉਣ ਲਈ ਬਰਾਂਚਾਂ ਨੂੰ ਸਲਾਨਾ ਟਾਰਗਿਟ ਅਲਾਟ ਕਰਨੇ ਅਤੇ ਹਰ ਤਿੰਨ ਮਹੀਨਿਆਂ ਬਾਅਦ ਪ੍ਰੌਗਰੈੱਸ ਚੈੱਕ ਕਰਨੀ। ਵਾਧੇ ਦੀ ਦਰ ਤੋਂ ਹੇਠਾਂ ਆ ਰਹੀਆਂ ਬਰਾਂਚਾਂ ਦੇ ਮੈਨੇਜਰਾਂ ਨੂੰ ਯਤਨ ਤੇਜ਼ ਕਰਨ ਲਈ ਤਾੜਨਾ ਕਰਨੀ।
(2) ਨਵੀਆਂ ਬਰਾਂਚਾਂ ਖੋਲ੍ਹਣ ਲਈ ਸੰਬੰਧਿਤ ਇਲਾਕੇ ਦਾ ਸਰਵੇ ਕਰਨਾ।
ਖੁਲ੍ਹੇ ਅਹਾਤੇ ‘ਚ ਅੰਗ੍ਰੇਜਾਂ ਦੇ ਸਮੇਂ ਦੀ ਬਣੀ ਸਾਡੀ ਬੈਂਕ ਦੀ ਬਿਲਡਿੰਗ ਬਹੁਤ ਵੱਡੀ ਸੀ। ਬਿਲਡਿੰਗ ਦੇ ਮੂਹਰਲੇ ਹਿੱਸੇ ਵਿਚ ਹਰੇ ਸਪੰਜੀ ਘਾਹ ਤੇ ਭਾਂਤ-ਸੁਭਾਂਤੇ ਫੁੱਲਾਂ ਦਾ ਲਾਅਨ ਸੀ। ਬਿਲਡਿੰਗ ਦੇ ਸੱਜੇ-ਖੱਬੇ ਨਵੇਂ-ਪੁਰਾਣੇ ਦ੍ਰਖਤ ਅਤੇ ਸੁਹਣੇ ਪੱਤਿਆਂ ਵਾਲ਼ੇ ਬੂਟੇ ਸਨ। ਦੇਖ-ਭਾਲ ਬੈਂਕ ਦਾ ਮਾਲੀ ਕਰਦਾ ਸੀ।
ਬੈਂਕ ਦੇ ਅਗਲੇ ਤੇ ਪਿਛਲੇ ਹਿੱਸੇ ਵਿਚ ਦੋ ਵੱਡੇ ਹਾਲ ਤੇ ਸਾਈਡਾਂ ‘ਤੇ ਕਈ ਕਮਰੇ ਸਨ। ਉਨ੍ਹਾਂ ਵਿਚੋਂ ਇਕ ਕਮਰੇ ‘ਚ ਬਲਵੰਤ ਰਾਏ ਬੰਗਾ ਅਤੇ ਲਾਲਾ ਓਮ ਪ੍ਰਕਾਸ਼ ਦੇ ਟੇਬਲ ਸਨ। ਉਹ ਦੋਵੇਂ ਜੂਨੀਅਰ ਅਕਾਊਂਟੈਂਟ ਸਨ।
ਮੇਰਾ ਟੇਬਲ ਉਨ੍ਹਾਂ ਦੇ ਕਮਰੇ ਵਿਚ ਲਾਇਆ ਗਿਆ। ਬੰਗਾ ਬੈਂਕ ਦਾ ਅਹਿਮ ਕਰਮਚਾਰੀ ਸੀ। ਉਸ ਤੋਂ ਉੱਪਰ ਤਿੰਨ ਸੀਨੀਅਰ ਅਕਾਊਂਟੈਂਟ ਵੀ ਸਨ ਪਰ ਉਨ੍ਹਾਂ ਦੀਆਂ ਡਿਊਟੀਆਂ ਅਗਲੇ ਹਾਲ ਵਿਚ ਡਿਪਾਜ਼ਿਟ ਸੈਕਸ਼ਨ ‘ਤੇ ਸਨ। ਬੰਗੇ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਅਕਾਊਂਟੈਂਸੀ ਦੇ ਨਾਲ਼-ਨਾਲ਼ ਅੰਕੜਿਆਂ ਦਾ ਵੀ ਮਾਹਰ ਸੀ। ਸਲਾਨਾ ਬੈਲੈਂਸ-ਸ਼ੀਟ ਉਹ ਬਣਾਉਂਦਾ ਸੀ। ਬੈਂਕ ਵਿਚ ਲੋਕਾਂ ਦੀ ਡਿਪਾਜ਼ਿਟ ਬਹੁਤ ਸੀ। ਉਸ ਵੱਡੀ ਰਕਮ ਦੀ ਢੁਕਵੀਂ ਇਨਵੈਸਟਮੈਂਟ ਵੀ ਉਹੀ ਕਰਦਾ ਸੀ।
ਬੈਂਕ ਦਾ ਪੁਰਾਣਾ ਕਰਮਚਾਰੀ ਲਾਲਾ ਡੇਅ-ਬੁੱਕ ਲਿਖਣ ਅਤੇ ਸੁਸਾਇਟੀਆਂ ਦੀਆਂ ਬੈਂਕ ਵਿਚ ਹਿੱਸੇਦਾਰੀਆਂ ਦਾ ਕੰਮ ਕਰਦਾ ਸੀ। ਕਿਸੇ ਕਾਰਨ ਕਰਕੇ ਉਸ ਨੂੰ ਜੂਨੀਅਰ ਅਕਾਊਂਟੈਂਟ ਦੀ ਪ੍ਰਮੋਸ਼ਨ ਦੇਰ ਨਾਲ਼ ਮਿਲੀ ਸੀ। ਬੈਂਕ ਦਾ ਸੀਨੀਅਰ ਬੰਦਾ ਹੋਣ ਕਰਕੇ ਆਮ ਕਰਮਚਾਰੀ ਉਸਦਾ ਆਦਰ ਕਰਦੇ ਸਨ।
ਮੈਂ ਮਹੀਨੇ ‘ਚ ਦੋ ਕੁ ਹਫ਼ਤੇ ਹੀ ਬੈਂਕ ‘ਚ ਬੈਠਦਾ ਸਾਂ। ਬਾਕੀ ਦੇ ਦਿਨ ਟੂਰ ‘ਤੇ। ਹਰ ਮਹੀਨੇ ਜਿੰਨੀਆਂ ਕੁ ਸੁਸਾਇਟੀਆਂ ਦੀ ਪੜਤਾਲ ਸੰਭਵ ਹੁੰਦੀ, ਉਨ੍ਹਾਂ ਬਾਰੇ ਆਪਣਾ ਟੂਰ-ਪ੍ਰੋਗਰਾਮ ਜਨਰਲ ਮੈਨੇਜਰ ਤੋਂ ਪ੍ਰਵਾਨ ਕਰਵਾ ਕੇ ਸੁਸਾਇਟੀਆਂ ਦੇ ਇੰਚਾਰਜ ਇਨਸਪੈਕਟਰਾਂ ਨੂੰ ਭੇਜ ਦੇਂਦਾ। ਉਹ ਅਗਾਂਹ ਸੈਕਟਰੀਆਂ ਅਤੇ ਬੰਦ ਹੋ ਚੁਕੀਆਂ ਸੁਸਾਇਟੀਆਂ ਦੇ ਮਾਮਲੇ ਵਿਚ ਸਬ- ਇਨਸਪੈਕਟਰਾਂ ਦੀਆਂ ਡਿਊਟੀਆਂ ਲਾ ਦੇਂਦੇ। ਮਿੱਥੀ ਹੋਈ ਤਾਰੀਖ਼ ਅਤੇ ਸਮੇਂ ‘ਤੇ ਮੈਂ ਸੁਸਾਇਟੀ ਵਿਚ ਜਾਂ ਜਿੱਥੇ ਸੁਸਾਇਟੀ ਦਾ ਰਿਕਾਰਡ ਪਿਆ ਹੁੰਦਾ, ਓਥੇ ਪਹੁੰਚ ਜਾਂਦਾ। ਦੂਰ-ਨੇੜੇ ਦੇ ਪਿੰਡਾਂ ‘ਚ ਜਾਣ ਲਈ ਆਪਣੀ ਸਵਾਰੀ ਦੀ ਜ਼ਰੂਰਤ ਸੀ। ਸੋ ਮੈਂ ਸਕੂਟਰ ਖ਼ਰੀਦ ਲਿਆ।
ਪੜਤਾਲ ਵਾਸਤੇ ਏਪੈੱਕਸ ਬੈਂਕ ਨੇ ਲੰਮਾ-ਚੌੜਾ ਪਰਫਾਰਮਾ ਭੇਜਿਆ ਹੋਇਆ ਸੀ। ਸੈਕਟਰੀ ਜਾਂ ਸਬ-ਇਨਸਪੈਕਟਰ ਦੀ ਸਹਾਇਤਾ ਨਾਲ਼, ਰਿਕਾਰਡ ਵਿਚੋਂ ਡਿਫਾਲਟਰ ਮੈਂਬਰਾਂ ਬਾਰੇ ਪਰਫਾਰਮੇ ਭਰਨ ਬਾਅਦ, ਮੈਂਬਰਾਂ ਨੂੰ ਬੁਲਾ ਕੇ ਕਰਜਾ ਨਾ ਮੋੜਨ ਦੇ ਕਾਰਨ ਪੁੱਛਦਾ ਸਾਂ।
ਸੁਸਾਇਟੀ ਦੀ ਕਾਰਜਸ਼ੈਲੀ ਬਾਰੇ ਵਿਸਥਾਰਤ ਰਿਪੋਰਟ ਲਿਖਣੀ ਹੁੰਦੀ ਸੀ। ਉਹ ਮੈਂ ਬੈਂਕ ‘ਚ ਬੈਠ ਕੇ ਤੱਸਲੀ ਨਾਲ਼ ਲਿਖਦਾ ਸਾਂ। ਉਸ ਰਿਪੋਰਟ ਵਿਚ ਮੈਂਬਰਾਂ ਦੇ ਅਤੇ ਸੁਸਾਇਟੀ ਦੇ ਡਿਫਾਲਟਰ ਹੋਣ ਦੇ ਕਾਰਨਾਂ ਸਮੇਤ, ਬੈਂਕ ਦੇ ਕਰਜੇ ਦੀ ਵਸੂਲੀ ਲਈ ਸੁਝਾਅ ਦੇਣੇ ਹੁੰਦੇ ਸਨ।
ਜੇ ਕਿਸੇ ਸੁਸਾਇਟੀ ਵਿਚ ਗਬਨ ਜਾਂ ਘਪਲਾ ਹੋਇਆ ਹੁੰਦਾ, ਰਿਪੋਰਟ ਵਿਚ ਉਸ ਬਾਬਤ ਵੀ ਲਿਖਣਾ ਹੁੰਦਾ ਸੀ।
ਸਾਡੀ ਕੇਂਦਰੀ ਬੈਂਕ ਦੀਆਂ ਬਰਾਂਚਾਂ ਅਤੇ ਬਰਾਂਚਾਂ ਤੋਂ ਕਰਜਾ ਲੈਂਦੀਆਂ ਸੁਸਾਇਟੀਆਂ ਤਲਵਾੜਾ, ਮੁਕੇਰੀਆਂ, ਬਲਾਚੌਰ (ਉਦੋਂ ਬਲਾਚੌਰ ਹੁਸ਼ਿਆਰਪੁਰ ਦੀ ਸਬ-ਤਹਿਸੀਲ ਹੁੰਦੀ ਸੀ) ਤੱਕ ਫ਼ੈਲੀਆਂ ਹੋਈਆਂ ਸਨ। ਦੁਰਾਡੇ ਇਲਾਕਿਆਂ ਦੀਆਂ ਸੁਸਾਇਟੀਆਂ ਦੀ ਪੜਤਲ ਜੇ ਇਕ ਦਿਨ ‘ਚ ਨਾ ਮੁਕਦੀ ਤਾਂ ਰਾਤ ਸੰਬੰਧਿਤ ਬਰਾਂਚਾਂ ਵਿਚ ਕੱਟ ਲੈਂਦਾ ਸਾਂ। ਕਸਬਿਆਂ ਦੀਆਂ ਬਰਾਂਚਾਂ ਵਿਚ ਮੰਜੇ-ਬਿਸਤਰੇ ਦਾ ਪ੍ਰਬੰਧ ਹੈਗਾ ਸੀ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …