ਧੋਖ਼ੇ ਠਗੀਆਂ ਖਾ ਕੇ ਤੁਰ ਗਿਆ।
ਕਿੰਨਾ ਦਰਦ ਹੰਢ੍ਹਾ ਕੇ ਤੁਰ ਗਿਆ।
ਮਲ੍ਹਮ ਨਾ ਲਾਈ ਲੂਣ ਹੀ ਭੁੱਕੇ,
ਜਖ਼ਮ ਨਾਸੂਰ ਬਣਾ ਕੇ ਤੁਰ ਗਿਆ।
ਰੋਹੀ ਦਾ ਫੁੱਲ ਅੱਧ ਖਿੜ੍ਹਿਆ ਹੀ,
ਮਹਿਕਾਂ ਨੂੰ ਖਿੰਡਾ ਕੇ ਤੁਰ ਗਿਆ।
ਦਿਲ ਦੇ ਚਾਅ, ਅਧੂਰੇ ਸੁਪਨੇ,
ਸੀਨੇ ਵਿੱਚ ਲੁਕਾ ਕੇ ਤੁਰ ਗਿਆ।
ਆਏ ਨਾ ਕਦੇ ਕਾਗ ਬਨੇਰੇ,
ਤਾਘਾਂ ਸੀਨੇ ਲਾ ਕੇ ਤੁਰ ਗਿਆ।
ਪੱਤਝੜ੍ਹ ਰੁੱਤੇ ਗੀਤ ਪਿਆਰ ਦਾ,
‘ਕੱਲਾ ਹੀ ਉਹ ਗਾ ਕੇ ਤੁਰ ਗਿਆ।
ਨੈਣਾ ਵਿੱਚ ਸਮੋਅ ਕੇ ਹੰਝੂ,
ਪਲਕਾਂ ਨੂੰ ਸਮਝਾ ਕੇ ਤੁਰ ਗਿਆ।
ਉਹਦੀ ਯਾਦ ਕਦੇ ਨਾ ਭੁੱਲੇ,
ਉਹ ਵੀ ਸਿਤਮ ਭੁਲਾ ਕੇ ਤੁਰ ਗਿਆ।
ਯਾਦਾਂ ਹੀ ਰਹਿ ਗਈਆਂ ਬਾਕੀ,
ਅਪਣਾਪਨ ਦਿਖਾ ਕੇ ਤੁਰ ਗਿਆ।
ਜੀਉਂਦੇ ਜੀਅ ਨਾ ਸੁਣੀ ਕਿਸੇ ਨੇ,
ਮਰ ਕੇ ਫਤਿਹ ਬੁਲਾ ਕੇ ਤੁਰ ਗਿਆ।
– ਸੁਲੱਖਣ ਮਹਿਮੀ +647-786-6329