Breaking News
Home / ਰੈਗੂਲਰ ਕਾਲਮ / ਪਹਿਲੀ ਪੋਸਟਿੰਗ

ਪਹਿਲੀ ਪੋਸਟਿੰਗ

ਜਰਨੈਲ ਸਿੰਘ
ਕਿਸ਼ਤ 14ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਆਪਣੇ ਨਾਲ਼ ਦੇ ਤਾਮਿਲ ਸਾਥੀਆਂ ਕੋਲੋਂ ਚੇਨਈ ਦੇ ਸਰਕਾਰੀ ਮਿਊਜ਼ਿਅਮ ਦੀਆਂ ਸਿਫਤਾਂ ਸੁਣ ਕੇ ਅਸੀਂ ਇਕ ਐਤਵਾਰ ਓਥੇ ਚਲੇ ਗਏ। ਭਾਰਤ ਦੇ ਸਭ ਤੋਂ ਪੁਰਾਣੇ ਮਿਊਜ਼ਿਅਮਾਂ ਵਿਚੋਂ ਇਹ ਮਿਊਜ਼ਿਅਮ ਦੂਜੇ ਨੰਬਰ ‘ਤੇ ਹੈ। 19ਵੀਂ ਸਦੀ ਦੇ ਅੱਧ ਵਿਚ ਬਣੇ ਇਸ ਮਿਊਜ਼ਿਅਮ ਦੀਆਂ 40 ਗੈਲਰੀਆਂ ਹਨ। ਮਾਨਵ ਇਤਿਹਾਸ, ਜੀਵਨ ਵਿਗਿਆਨ, ਨਾਰੀਅਲ ਦੇ ਪੱਤਰਾਂ ‘ਤੇ ਲਿਖੇ ਪੁਰਾਣੇ ਖਰੜੇ, ਅਮਰਾਵਤੀ ਸ਼ੈਲੀ ਦੇ ਚਿੱਤਰ ਆਦਿ ਚੀਜ਼ਾਂ ਨਾਲ਼ ਭਰਿਆ ਉਹ ਮਿਊਜ਼ਿਅਮ ਅਸੀਂ ਪੂਰਾ ਦਿਨ ਲਾ ਕੇ ਤਸੱਲੀ ਨਾਲ਼ ਵੇਖਿਆ। ਜਦੋਂ ਅਸੀਂ ਪੁਰਾਤਨ ਕਲਾ ਤੇ ਵਿਗਿਆਨ ਦੀਆਂ ਵਸਤਾਂ ਦੀ ਪ੍ਰਸ਼ੰਸਾ ਕਰ ਰਹੇ ਸਾਂ ਤਾਂ ਬੰਤ ਟਿਵਾਣਾ ਨੇ ਬੜੀ ਸਾਰਥਕ ਗੱਲ ਆਖੀ ਸੀ, ”ਨਵੀਆਂ-ਨਵੀਆਂ ਥਾਵਾਂ ਅਤੇ ਇਸ ਤਰ੍ਹਾਂ ਦੀਆਂ ਕਮਾਲ-ਕਮਾਲ ਚੀਜ਼ਾਂ ਏਅਰ ਫੋਰਸ ਦੇ ਸਿਰ ‘ਤੇ ਹੀ ਦੇਖ ਰਹੇ ਆਂ। ਪੱਲਿਓਂ ਖਰਚ ਕੇ ਕਿੱਥੋਂ ਦੇਖ ਹੋਣੀਆਂ ਸਨ।”
ਟਰੇਨਿੰਗ ਅਜੇ ਅੱਧੀ ਕੁ ਹੀ ਮੁੱਕੀ ਸੀ ਕਿ ਘਰਦਿਆਂ ਨੇ ਛੋਟੇ ਭਰਾ ਕੁਲਦੀਪ ਦਾ ਵਿਆਹ ਰੱਖ ਲਿਆ। ਦੋ ਕੁ ਮਹੀਨੇ ਪਹਿਲਾਂ ਜਦੋਂ ਗੱਲ ਚਲੀ ਸੀ ਤਾਂ ਮੈਂ ਚਿੱਠੀ ‘ਚ ਤਾਕੀਦ ਕੀਤੀ ਸੀ ਕਿ ਸਾਨੂੰ ਏਨੀ ਕਾਹਲ਼ ਨਹੀਂ ਕਰਨੀ ਚਾਹੀਦੀ। ਕੁਲਦੀਪ ਦੀ ਕਿਹੜੀ ਉਮਰ ਲੰਘਦੀ ਜਾਂਦੀ ਸੀ। ਤਿੰਨ ਚਾਰ ਸਾਲ ਅਟਕ ਕੇ ਵਿਆਹ ਕੀਤਾ ਜਾ ਸਕਦਾ ਸੀ। ਇਹ ਵੀ ਲਿਖ ਦਿੱਤਾ ਸੀ ਕਿ ਜੇ ਲੜਕੀ ਵਾਲ਼ੇ ਨਹੀਂ ਮੰਨਦੇ ਤਾਂ ਜਵਾਬ ਦੇ ਦਿਓ। ਬਾਪੂ ਜੀ ਨੇ ਜਵਾਬ ‘ਚ ਲਿਖਿਆ ਸੀ, ”ਜੇ ਵਿਚੋਲਾ ਕੋਈ ਹੋਰ ਹੁੰਦਾ ਤਾਂ ਮੈਂ ਜਵਾਬ ਦੇ ਦੇਂਦਾ। ਪਰ ਕੁੜਮ ਦੀ ਵਿਚੋਲਗੀ ਵਾਲ਼ੇ ਰਿਸ਼ਤੇ ਨੂੰ ਤੋੜਨਾ ਸਿਆਣਪ ਨਹੀਂ।” ਵਿਚੋਲਾ ਸਾਡੀ ਭੈਣ ਗੁਰਦੀਸ਼ ਕੌਰ ਦਾ ਸਹੁਰਾ ਸਾਬ੍ਹ ਸੀ। ਕੁੜਮਾਈ ਸਮੇਂ ਲੜਕੀ ਦੇ ਬਾਪ ਨੇ ਛੇਤੀ ਵਿਆਹ ਕਰਨ ਬਾਰੇ ਕੋਈ ਗੱਲ ਨਹੀਂ ਸੀ ਕੀਤੀ। ਹੁਣ ਉਹਦੇ ਪੁੱਤਾਂ-ਨੂੰਹਾਂ ਨੇ ਅਲੱਗ ਹੋਣ ਦਾ ਬਖੇੜਾ ਪਾ ਦਿੱਤਾ ਸੀ। ਉਨ੍ਹਾਂ ਨੂੰ ਅਲੱਗ ਕਰਨ ਤੋਂ ਪਹਿਲਾਂ ਉਹ ਆਪਣੀ ਧੀ ਦੇ ਹੱਥ ਪੀਲ਼ੇ ਕਰਨੇ ਚਾਹੁੰਦਾ ਸੀ।
ਸੋ ਵਿਆਹ ਬੰਨ੍ਹੀ ਹੋਈ ਤਾਰੀਖ਼ ‘ਤੇ ਹੋਣਾ ਹੀ ਹੋਣਾ ਸੀ। ਮੈਂ ਦੁਚਿੱਤੀ ‘ਚ ਸਾਂ। ਭਰਾ ਦਾ ਵਿਆਹ ਦੇਖਣ ਦੀ ਇਛਾ ਵੀ ਸੀ ਤੇ ਟਰੇਨਿੰਗ ‘ਚ ਪਛੜ ਜਾਣ ਦਾ ਡਰ ਵੀ। ਮਨਜੀਤ ਨਾਲ਼ ਸਲਾਹ ਕੀਤੀ। ਉਹ ਕਹਿਣ ਲੱਗਾ, ”ਤੂੰ ਬੇਫ਼ਿਕਰ ਹੋ ਕੇ ਚਲਾ ਜਾਹ। ਮੈਂ ਹਰੇਕ ਦਿਨ ਦੀ ਪੜ੍ਹਾਈ ਦੇ ਡੀਟੇਲਡ ਨੋਟਸ ਬਣਾਈ ਜਾਊਂਗਾ। ਤੂੰ ਆ ਕੇ ਚਾਰ ਦਿਨ ਗੱਡਵੇਂ ਲਾ ਲਈਂ।” ਮੈਨੂੰ ਸਲਾਹ ਜਚ ਗਈ। 10 ਦਿਨ ਦੀ ਕੈਯੂਅਲ ਛੁੱਟੀ ਲੈ ਕੇ ਘਰ ਪਹੁੰਚ ਗਿਆ।
ਬਾਹਰਲੇ ਦਰਵਾਜ਼ੇ ‘ਤੇ ਸਾਡੇ ਪਿੰਡ ਦੀਆਂ ਸਿਆਣੀ ਉਮਰ ਦੀਆਂ ਦੋ ਮਰਾਸਣਾਂ ”ਵੇ ਮੇਰਾ ਬੰਨੜਾ” ਦੀ ਪੰਕਤੀ ਦੁਹਰਾਉਂਦੀਆਂ ਢੋਲਕੀ ਦੀ ਤਾਲ ‘ਤੇ ਘੋੜੀਆਂ ਗਾ ਰਹੀਆਂ ਸਨ। ਉਹ ਦੋਵੇਂ ਬੁੜ੍ਹੀਆਂ ਪਿੰਡ ਦੇ ਵਿਆਹ ਵਾਲ਼ੇ ਘਰੀਂ ਇਸੇ ਤਰ੍ਹਾਂ ਹੀ ਘੋੜੀਆਂ-ਸੁਹਾਗ ਗਾਇਆ ਕਰਦੀਆਂ ਸਨ। ”ਵੇ ਮਾਂ ਸਦਕੇ! ਐਹ ਤਾਂ ਤੂੰ ਬਹੁਤ ਚੰਗਾ ਕੀਤਾ, ਜੁ ਹਿੰਮਤ ਕਰ ਕੇ ਆ ਗਿਆ।” ਆਖਦਿਆਂ ਬੀਬੀ ਨੇ ਮੈਨੂੰ ਛਾਤੀ ਨਾਲ਼ ਲਾ ਲਿਆ। ਬਾਪੂ ਜੀ ਤੇ ਭਰਾਵਾਂ ਦੇ ਚਿਹਰੇ ਵੀ ਖਿੜ ਗਏ। ਵਿਹੜੇ ਦੇ ਇਕ ਪਾਸੇ ਭੱਠੀ ਪੁੱਟੀ ਹੋਈ ਸੀ। ਲੱਕੜਾਂ ਦੀ ਅੱਗ ਉੱਤੇ ਵੱਡੀ ਸਾਰੀ ਕੜਾਹੀ ਵਿਚ, ਸਾਡੇ ਪਿੰਡ ਦਾ ਹਲਵਾਈ ਬਾਬੂ ਰਾਮ ਬ੍ਰਾਹਮਣ ਮੱਠੀਆਂ ਤਲ਼ ਰਿਹਾ ਸੀ। ਦਲਾਨ ਵਿਚ ਲੱਡੂਆਂ, ਗੋਗਲਿਆਂ, ਪਕੌੜਿਆਂ ਤੇ ਮਿੱਠੀ ਸੀਰਨੀ ਦੀਆਂ ਪਰਾਤਾਂ ਭਰੀਆਂ ਪਈਆਂ ਸਨ।
ਸ਼ਾਮ ਨੂੰ ਮਾਈਂਏਂ ਦੀ ਰਸਮ ਸੀ। ਸਾਡੀਆਂ ਭੈਣਾਂ, ਭਰਜਾਈ ਤੇ ਸ਼ਰੀਕੇ ਦੀਆਂ ਔਰਤਾਂ ਨੇ ਗੀਤ ਗਾਉਣ ਦੇ ਨਾਲ਼-ਨਾਲ਼ ਭਰਾ ਦੇ ਬਟਣਾ ਲਾਉਣਾ ਸ਼ੁਰੂ ਕਰ ਦਿੱਤਾ। ਸਾਡੀ ਭਰਜਾਈ ਤਾਂ ਸਾਊ ਸੀ ਪਰ ਗਲ਼ੀ ‘ਚੋਂ ਲਗਦੀਆਂ ਭਰਜਾਈਆਂ ਨੇ ਹਾਸਾ-ਠੱਠਾ ਕਰਦਿਆਂ ਪਹਿਲਾਂ ਕੁਲਦੀਪ ਦੇ ਮੁੰਹ ਉੱਤੇ ਅਤੇ ਬਾਅਦ ਵਿਚ ਗੁੱਝੇ ਵਾਰ ਕਰਦਿਆਂ ਇਕ-ਦੂਜੀ ਦੇ ਮੂੰਹਾਂ ਉੱਤੇ ਬਟਣਾ ਥੋਪਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਅਜ਼ੀਬੋ-ਗਰੀਬ ਚਿਹਰਿਆਂ ਨੂੰ ਵੇਖ ਕੇ ਖੂਬ ਹਾਸਾ ਪਿਆ।
ਅਗਲੇ ਦਿਨ ਗੁਰੂ ਗ੍ਰੰਥ ਸਾਹਿਬ ਦੇ ਸਾਧਾਰਨ-ਪਾਠ ਦਾ ਭੋਗ ਸੀ। ਬਾਅਦ ‘ਚ ਪਿੰਡ ਵਾਲਿਆਂ ਨੂੰ ਰੋਟੀ ਸੀ। ਉਦੋਂ ਕਾਰਡ ਛਪਵਾਉਣ-ਵੰਡਣ ਦਾ ਰਿਵਾਜ਼ ਨਹੀਂ ਸੀ। ਲਾਗੀ ਰਾਹੀਂ ਸੱਦਾ ਦਿੱਤਾ ਜਾਂਦਾ ਸੀ। ਭੋਗ ਦੇ ਸੱਦੇ ਦੇ ਨਾਲ਼ ਹੀ ਰੋਟੀ ਦਾ ਸੱਦਾ ਵੀ ਦਿੱਤਾ ਜਾਣਾ ਸੀ। ਬੀਬੀ ਤੇ ਬਾਪੂ ਜੀ ਨੇ ਰਹਿਮੇ ਮਰਾਸੀ ਨੂੰ ਸਮਝਾ ਦਿੱਤਾ ਕਿ ਇਕ-ਇਕ ਨਿਉਂਦਾ ਕਿਹੜੇ ਘਰੀਂ ਤੇ ‘ਚੁੱਲ੍ਹੇ ਨਿਉਂਦਾ’ ਕਿਹੜੇ ਘਰੀਂ ਦੇਣਾ ਹੈ। ‘ਚੁੱਲ੍ਹੇ ਨਿਉਂਦਾ’ ਦਾ ਮਤਲਬ ਸਾਰੇ ਟੱਬਰ ਨੂੰ ਨਿਉਂਦਾ ਹੁੰਦਾ ਸੀ। ਇਸ ਨਿਉਂਦੇ ਤਹਿਤ ਸ਼ਰੀਕੇ ਦੇ ਨੇੜਲੇ ਪਰਿਵਾਰਾਂ ਦਾ ਦੋ-ਤਿੰਨ ਦਿਨ ਦਾ ਸਮੁੱਚਾ ਖਾਣ-ਪੀਣ ਵਿਆਹ ਵਾਲ਼ੇ ਘਰ ਹੁੰਦਾ ਸੀ। ਦਾਲਾਂ, ਸਬਜ਼ੀਆਂ ਤੇ ਹੋਰ ਚੀਜ਼ਾਂ ਬਣਾਉਣ ‘ਚ ਰੁੱਝੇ ਹੋਏ ਹਲਵਾਈ ਨਾਲ਼ ਸਾਡੀ ਬੀਹੀ ਦੇ ਪੰਜ-ਛੇ ਗੱਭਰੂ ਮੱਦਦ ਕਰਵਾ ਰਹੇ ਸਨ। ਉਹ ਐਵੇਂ ਹਾਜ਼ਰੀ ਲਵਾਉਣ ਨਹੀਂ ਆਏ ਸਨ, ਆਪਣੇ ਘਰ ਦਾ ਕੰਮ ਸਮਝ ਕੇ ਜੁੱਟੇ ਹੋਏ ਸਨ।
ਵਿਹੜੇ ਵਿਚ ਇਕ ਹੀ ਚਾਨਣੀ ਸੀ। ਅੱਜ ਵਾਂਗ ਚੋਖੀਆਂ ਕਨਾਤਾਂ ਤੇ ਪਰਦੇ ਲਾ ਕੇ ਪੰਡਾਲ ਨਹੀਂ ਸੀ ਬਣਾਇਆ ਹੋਇਆ। ਦਿਨ ਗਰਮੀਆਂ ਦੇ ਸਨ। ਸਾਡੇ ਘਰ ਬਿਜਲੀ ਤਾਂ ਸੀ ਪਰ ਅੱਜ ਵਾਂਗ ਸਟੈਂਡ ਵਾਲ਼ੇ ਬਿਜਲੀ ਦੇ ਵੱਡੇ ਪੱਖੇ ਪ੍ਰਚਲਿਤ ਨਹੀਂ ਸਨ ਹੋਏ। ਭੋਗ ਸਮੇਂ ਦੋ ਨੌਜਵਾਨਾਂ ਨੇ ਪੱਖੇ ਝੱਲਣੇ ਸ਼ੁਰੂ ਕਰ ਦਿੱਤੇ। ਪੱਖੀ ਦੀ ਸ਼ਕਲ ਦੇ ਉਹ ਵੱਡੇ ਪੱਖੇ ਖੜ੍ਹ ਕੇ ਝੱਲੇ ਜਾਂਦੇ ਸਨ। ਗੁਰਦਵਾਰੇ ਜਾਂ ਖੁਸ਼ੀ-ਗਮੀ ਦੇ ਮੌਕੇ ਘਰਾਂ ‘ਚ ਇਕੱਠੇ ਹੋਏ ਲੋਕਾਂ ਵਾਸਤੇ ਪੱਖਾ ਝੱਲਣ ਦੇ ਕੰਮ ਲਈ ਕਿਸੇ ਦੀ ਡਿਊਟੀ ਲਾਉਣ ਦੀ ਲੋੜ ਨਹੀਂ ਹੁੰਦੀ ਸੀ। ਕੋਈ ਜਣਾ ਆਪਣੇ ਆਪ ਹੀ ਇਹ ਉੱਦਮ ਸ਼ੁਰੂ ਕਰ ਲੈਂਦਾ। ਉਸਦਾ ਹੱਥ ਵਟਾਉਣ ਲਈ ਕੋਈ ਹੋਰ ਜਣਾ ਉੱਠ ਪੈਂਦਾ। ਪੱਖਾ ਝਲਣਾ ਸੇਵਾ ਸਮਝੀ ਜਾਂਦੀ ਸੀ।
ਭੋਗ ਤੋਂ ਬਾਅਦ ਚਾਨਣੀ ਥੱਲੇ ਚਿੱਟੇ ਖੱਦਰ ਦੇ ‘ਕੋਰੇ’ ਵਿਛਾ ਦਿੱਤੇ ਗਏ। ਪੰਗਤਾਂ ‘ਚ ਬੈਠ ਲੋਕੀਂ ਲੰਗਰ ਛਕਣ ਲੱਗ ਪਏ। ਸਾਡੇ ਆਪਣੇ ਹੀ ਘਰਾਂ ਦੇ ਨੌਜਵਾਨ ਲੰਗਰ ਵਰਤਾ ਰਹੇ ਸਨ।
ਲੌਢੇ ਵੇਲੇ ਨਾਨਕਾ-ਮੇਲ਼ ਆ ਧਮਕਿਆ। ਨਿਆਣੇ ਤੇ ਬਜ਼ੁਰਗ ਮਾਮੇ ਦੇ ਗੱਡੇ ‘ਤੇ ਬਾਕੀ ਤੁਰ ਕੇ ਆ ਗਏ। ਸਾਡਾ ਘਰ ਪਿੰਡ ਦੇ ਬਾਹਰਵਾਰ ਸੀ। ਘਰ ਨੂੰ ਆ ਰਹੀਆਂ ਮੇਲਣਾਂ ਨੇ ਲਾਗਲੀਆਂ ਹਵੇਲੀਆਂ ‘ਤੇ ਧਾਵਾ ਬੋਲ ਦਿੱਤਾ। ਡੰਗਰਾਂ ਦੇ ਰੱਸੇ ਖੋਲ੍ਹ ਕੇ ਲੱਕੜ ਦੀਆਂ ਖੁਰਲੀਆਂ ਮੂਧੀਆਂ ਮਾਰ ਦਿੱਤੀਆਂ। ਹਲ਼-ਪੰਜਾਲੀਆਂ ਤੇ ਹੋਰ ਸੰਦ-ਬੇਟ ਖਿਲਾਰ ਦਿੱਤੇ। ਘਰ ਦੇ ਨੇੜੇ ਢੁਕ ਕੇ ਪਹਿਲਾਂ ਮਿਠਾਸ ਵਾਲ਼ਾ ਗੀਤ ਛੋਹਿਆ: ਉਠ ਵੇ ਦੀਪ ਸੁੱਤੜਿਆ, ਮਾਮੇ ਤੇਰੇ ਆਏ,
ਬਣ ਬਣੇਦੀਆਂ ਮਾਮੀਆਂ, ਮਾਮੇ ਅੰਮਾਂ ਜਾਏ।
ਤੇ ਫਿਰ ਸ਼ੁਰੂ ਕਰ ਦਿੱਤੀਆਂ ਕਰਾਰੀਆਂ ਸਿੱਠਣੀਆਂ:
ਖਾਧੀਆਂ ਸੀ ਖਿੱਲਾਂ, ਜੰਮੀਆਂ ਸੀ ਇੱਲਾਂ;
ਦੋ ਅੰਬਰੀਂ ਭਉਂਦੀਆਂ ਵੇ, ਦੀਪ ਸਿਆਂ ਚਾਚੀਆਂ ਤੇਰੀਆਂ।
ਮੂਹਰਿਓਂ ਦਾਦਕੀਆਂ ਵੀ ਮੈਦਾਨ ਮੱਲੀ ਖਲੋਤੀਆਂ ਸਨ। ਉਨ੍ਹਾਂ ਦੀ ‘ਸਵਾਗਤੀ ਸਿੱਠਣੀ’ ਕੁਝ ਇਸ ਤਰ੍ਹਾਂ ਸੀ: ਛੱਜ ਓਹਲੇ ਛਾਨਣੀ, ਪਰਾਤ ਓਹਲੇ ਲੱਜ ਵੇ,
ਨਾਨਕਿਆਂ ਦਾ ਮੇਲ਼ ਆਇਆ, ਗਾਉਣੇ ਦਾ ਨਾ ਚੱਜ ਵੇ।
ਨਾਨਕੀਆਂ: ਖਾਧੀ ਸੀ ਪਿੱਛ, ਜੰਮੇ ਸੀ ਰਿੱਛ,
ਦਊਮੌਲਾ-ਦਊਮੌਲਾ ਕਰਦੇ ਵੇ, ਦੀਪ ਸਿਆਂ ਚਾਚੇ-ਤਾਏ ਤੇਰੇ।
ਦਾਦਕੀਆਂ: ਖਾਧੇ ਸੀ ਲੱਡੂ, ਜੰਮੇ ਸੀ ਡੱਡੂ,
ਗੜੈਂ-ਗੜੈਂ ਕਰਦੇ ਵੇ, ਦੀਪ ਸਿਆਂ ਮਾਮੇ ਤੇਰੇ।
ਨਾਨਕੀਆਂ-ਦਾਦਕੀਆਂ ਦਾ ਸਿੱਠਣੀਆਂ ਦਾ ਭੇੜ ਕਾਫ਼ੀ ਦੇਰ ਚਲਦਾ ਰਿਹਾ। ਰਾਤ ਨੂੰ ਜਾਗੋ ਕੱਢੀ ਗਈ। ਬੀਬੀ ਨੇ ਸਕਿਆਂ ‘ਚੋਂ ਲਗਦੀਆਂ ਆਪਣੀਆਂ ਭਤੀਜੀਆਂ ਦੇ ਰਿਸ਼ਤੇ ਪਿੰਡ ‘ਚ ਕਰਵਾਏ ਹੋਏ ਸਨ। ਪਿੰਡ ਦੀਆਂ ਗਲ਼ੀਆਂ ਦੇ ਗੇੜੇ ਦੌਰਾਨ ਜਾਗੋ ਵਾਲ਼ੀਆਂ ਉਨ੍ਹੀਂ ਘਰੀਂ ਵੀ ਗਈਆਂ ਤੇ ਗਾਉਣ-ਨੱਚਣ ਦਾ ਖੂਬ ਧਮੱਚੜ ਪਾਇਆ। ਘਰ ਨੂੰ ਮੁੜਦੀਆਂ ਮੇਲਣਾਂ ਨੇ ਜਦੋਂ ਹਵੇਲੀਆਂ ‘ਚ ਸੁੱਤੇ ਪਏ ਦੋ ਕੁ ਜਾਣਿਆਂ ਦੇ ਮੰਜੇ ਮੂਧੇ ਮਾਰੇ ਤਾਂ ਦੂਜੀਆਂ ਹਵੇਲੀਆਂ ਵਾਲਿਆਂ ਨੇ ਬਿਸਤਰੇ ਗੋਲ਼ ਕੀਤੇ ਅਤੇ ਆਸੇ-ਪਾਸੇ ਹੋ ਕੇ ਆਪਣਾ ਬਚਾ ਕਰ ਲਿਆ।
ਅਗਲੀ ਸਵੇਰ ਭਰਾ ਦੀ ਜੰਞ ਚੜ੍ਹੀ। ਫੋਟੋਗਰਾਫੀ ਬਲੈਕ ਐਂਡ ਵ੍ਹਾਈਟ ਹੀ ਹੁੰਦੀ ਸੀ। ਐਲਬਮ ਸਰਦੇ-ਪੁੱਜਦੇ ਪਰਿਵਾਰ ਹੀ ਬਣਵਾਉਂਦੇ ਸਨ। ਮੇਰੇ ਕੋਲ਼ ਕੈਂਟੀਨ ਤੋਂ ਖਰੀਦਿਆ ਕੈਮਰਾ ਸੀ। ਮੈਂ ਉਸ ਨਾਲ਼ ਫੋਟੋ ਖਿੱਚਦਾ ਰਿਹਾ। ਜੰਞ ਕਾਰਾਂ ‘ਚ ਨਹੀਂ ਸੀ ਗਈ। ਬਾਪੂ ਜੀ ਨੇ ਬੱਸ ਕਰਨੀ ਚਾਹੀ ਸੀ। ਪਰ ਸਾਡਾ ਮਾਮਾ ਬਿੱਕਰ ਸਿੰਘ ਕਹਿਣ ਲੱਗਾ, ”ਛੱਡ ਮਹਿੰਦਰ ਸਿਆਂ, ਹਾਅ ਤਾਂ ਕੋਟਲੀ ਐ। ਮਸਾਂ ਚੌਦਾਂ-ਪੰਦਰਾਂ ਮੀਲ। ਕੀ ਲੋੜ ਐ ਬੱਸ ‘ਤੇ ਖਰਚਾ ਕਰਨ ਦੀ। ਗੱਡਾ ਮੈਂ ਲੈ ਚੱਲੂੰਗਾ, ਦੋ ਗੱਡੀਆਂ ਆਪਣੇ ਪਿੰਡ ਦੇ ਸੁਹਣੇ ਬਲ਼ਦਾਂ ਆਲ਼ਿਆਂ ਨੂੰ ਕਹਿ ਦੇ।”
ਮਾਮੇ ਅਤੇ ਗੱਡੀਆਂ ਵਾਲ਼ਿਆਂ ਨੇ ਆਪੋ-ਆਪਣੇ ਬਲ਼ਦ ਪੂਰੀ ਤਰ੍ਹਾਂ ਸ਼ਿੰਗਾਰੇ ਹੋਏ ਸਨ। ਬਲ਼ਦਾਂ ਦੇ ਗਲ਼ਾਂ ਵਿਚ ਘੁੰਗਰੂਆਂ ਦੇ ਹਾਰ ਸਨ ਅਤੇ ਮੱਥਿਆਂ ‘ਤੇ ਚਮਕਦੇ ਕੋਕਿਆਂ ‘ਤੇ ਮੇਖਾਂ ਨਾਲ਼ ਮੜ੍ਹੇ ਹੋਏ ਚਮੜੇ ਦੇ ਪਟੇ। ਸਵੇਰੇ ਵੇਲੇ ਸਿਰ ਚੱਲ ਕੇ 10 ਕੁ ਵਜੇ ਕੋਟਲੀ ਜਾ ਢੁੱਕੇ। ਕੁਝ ਬਰਾਤੀ ਸਾਈਕਲਾਂ ‘ਤੇ ਵੀ ਗਏ ਸਨ। ਵਾਜਾ ਸਾਡੇ ਪਿੰਡ ਦੇ ਮਰਾਸੀਆਂ ਦਾ ਸੀ। ਮਿਲਣੀ ਤੋਂ ਬਾਅਦ ਚਾਹ-ਪਾਣੀ ਪੀ ਕੇ 12 ਵਜੇ ਤੋੇਂ ਪਹਲਿਾਂ ਆਨੰਦ ਕਾਰਜ ਦੀ ਰਸਮ ਸੰਪੰਨ ਹੋ ਗਈ। ਪਿੰਡ ਬਹੁਤ ਛੋਟਾ ਸੀ। ਵਸੋਂ ਥੋੜ੍ਹੀ ਹੋਣ ਕਾਰਨ ਗੀਤਾਂ-ਸਿੱਠਣੀਆਂ ਦਾ ਕੰਮ ਠੰਢਾ ਹੀ ਰਿਹਾ। ਬਖ਼ਸ਼ੀਸ਼ ਨੇ ਪੁੱਛ-ਗਿੱਛ ਕਰਕੇ ਲਾਗਲੇ ਪਿੰਡੋਂ ਘਰ ਦੀ ਕੱਢੀ ਸ਼ਰਾਬ ਦੇ ਦੋ ਬਲੈਡਰ ਮੰਗਵਾ ਲਏ। ਦੁਪਹਿਰ ਦੀ ਰੋਟੀ ਲਈ ਜਾਂਦਿਆਂ ਵਾਜੇ ਦੀਆਂ ਧੁਨਾਂ ‘ਤੇ ਖੂਬ ਭੰਗੜਾ ਪਿਆ। ਰੋਟੀ ਤੋਂ ਬਾਅਦ ਅਸੀਂ ਕੁਝ ਦੇਰ ਆਰਾਮ ਕੀਤਾ। ਲੌਢੇ ਕੁ ਵੇਲੇ ਖੰਡ ਤੇ ਦੁੱਧ ਰਲ਼ਿਆ ਬਰਫ ਵਾਲ਼ਾ ਠੰਢਾ ਪਾਣੀ ਪਿਲਾ ਕੇ ਲੜਕੀ ਵਾਲ਼ਿਆਂ ਡੋਲ਼ੀ ਤੋਰ ਦਿੱਤੀ।
ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸੰਗ-ਸਾਥ ਵਿਆਹ ਦੀਆਂ ਰੌਣਕਾਂ ਮਾਣਦਿਆਂ 10 ਦਿਨ ਦੀ ਛੁੱਟੀ ਅੱਖ-ਪਲਕਾਰੇ ‘ਚ ਬੀਤ ਗਈ। ਵਾਪਸੀ ‘ਤੇ ਬੀਬੀ ਨੇ ਲੱਡੂਆਂ, ਗੋਗਲਿਆਂ ਅਤੇ ਮਿੱਠੀਆਂ ਤੇ ਨਮਕੀਮ ਪਕੌੜੀਆਂ ਦਾ ਝੋਲਾ ਭਰ ਦਿੱਤਾ। ਮੈਂ ਉਹ ਚੀਜ਼ਾਂ ਆਪਣੀ ਫਲਾਈਟ ਦੇ ਸਾਰੇ ਸੈਨਿਕਾਂ ਨੂੰ ਵੰਡੀਆਂ। ਦੋਸਤਾਂ ਨੇ ਵਧਾਈਆਂ ਦੇ ਨਾਲ਼-ਨਾਲ਼ ਮਖੌਲ ਵੀ ਕੀਤੇ, ”ਤੇਰੇ ਮਾਪਿਆਂ ਨੇ ਤੇਰਾ ਨੰਬਰ ਕੱਟ ਕੇ ਛੋਟਾ ਵਿਆਹ ਲਿਆ। ਤੈਨੂੰ ਛੜਾ ਰੱਖਣਗੇ।”
”ਕੋਈ ਗੱਲ ਨ੍ਹੀਂ ਮੈਂ ਤੁਹਾਡੀਆਂ ਰੰਨਾਂ ‘ਚ ਧੰਨਾ ਬਣ ਕੇ ਸਾਰ ਲਊਂਗਾ।” ਮੈਂ ਖਟਮਿਠੀ ਟਕੋਰ ਲਾ ਦੇਂਦਾ। ”ਮੂੰਹ ਧੋ ਰੱਖੀਂ, ਵੱਡਿਆ ਕਾਹਨਾ।” ਦੋਸਤ ਟੀਟਣਾ ਦਿਖਾ ਦੇਂਦੇ।
ਮਨਜੀਤ ਨੇ ਮੇਰੀ ਛੁੱਟੀ ਦੌਰਾਨ ਪੜ੍ਹਾਏ ਲੈਸਨਾਂ ਦੇ ਨੋਟਸ ਲੈ ਰੱਖੇ ਸਨ। ਦੋ ਕੁ ਝੁੱਟ ਲਾ ਕੇ ਮੈਂ ਉਹ ਦਿਮਾਗ ‘ਚ ਬਿਠਾ ਲਏ।
ਕਦੀ-ਕਦੀ ਟਰੇਨਿੰਗ ਸੈਂਟਰ ਦੇ ਥੀਏਟਰ ਵਿਚ ਫਿਲਮ ਦੇਖ ਲੈਂਦਾ ਸਾਂ। ਮਦਰ ਇੰਡੀਆ, ਜਾਗਤੇ ਰਹੋ, ਮਧੂਮਤੀ, ਦੋ ਆਂਖੇਂ ਬਾਰਾਂ ਹਾਥ, ਬਰਸਾਤ ਆਦਿ ਪੁਰਾਣੀਆਂ ਫਿਲਮਾਂ ਬਹੁਤ ਪਸੰਦ ਆਈਆਂ।
ਚੇਨਈ ਦੀਆਂ ਸਾਰੀਆਂ ਮਸ਼ਹੂਰ ਥਾਵਾਂ ਦੇਖ ਚੁੱਕੇ ਸਾਂ, ਸਿਵਾਇ ਕਪਲੀਸ਼ਵਰ ਮੰਦਰ ਦੇ। ਇਹ ਮੰਦਰ ਤਾਂਬਰਮ ਤੋਂ 22 ਕਿਲੋਮੀਟਰ ਦੂਰ, ਮਿਲਪੋਰ ਵਿਖੇ ਸਥਿਤ ਹੈ। ਟਰੇਨਿੰਗ ਦੇ ਤੀਜੇ ਫੇਜ਼ ਦੇ ਟੈਸਟਾਂ ਬਾਅਦ ਅਸੀਂ ਪੰਜੇ ਜੋਟੀਦਾਰ, ਆਪਣੀ ਬੈਰਕ ਦੇ ਤਾਮਿਲ ਸਾਥੀ ਰੰਗਾਨਾਥਨ ਨੂੰ ਲੈ ਕੇ ਜਾ ਪਹੁੰਚੇ। ਦਰਾਵੜੀਅਨ ਸ਼ੈਲੀ ‘ਚ ਬਣਿਆ ਇਹ ਸ਼ਿਵ ਮੰਦਰ ਤਾਮਿਲਾਂ ਦਾ ਮਹਤੱਵਪੂਰਨ ਤੀਰਥ ਅਸਥਾਨ ਹੈ। ਜ਼ਿਆਦਾ ਮੂਰਤੀਆਂ ਸ਼ਿਵ ਤੇ ਪਾਰਬਤੀ ਦੀਆਂ ਹਨ। ਸਰੋਵਰ ਵੀ ਹੈ। ਸਾਡੀ ਇਨਟੇਕ ਦੀਆਂ ਸਾਰੀਆਂ ਟਰੇਡਾਂ ਦੀ ਟਰੇਨਿੰਗ 1965 ਦੇ ਅਕਤੂਬਰ ਮਹੀਨੇ ‘ਚ ਮੁੱਕਣੀ ਸੀ। ਅਗਸਤ ਵਿਚ ਭਾਰਤ-ਪਾਕਿਸਤਾਨ ਦੀਆਂ ਫੌਜੀ ਝੜਪਾਂ ਸ਼ੁਰੂ ਹੋ ਗਈਆਂ। ਟਰੇਨਿੰਗ ਛੇਤੀ ਨਿਬੇੜਨ ਦੀ ਸਕੀਮ ਤਹਿਤ ਕਲਾਸਾਂ ਦਾ ਓਵਰਟਾਈਮ ਆਰੰਭ ਹੋ ਗਿਆ।
ਆਸਾਮ ‘ਚ ਸ਼ੁਰੂ ਕੀਤੇ ਨਾਵਲ ਨੂੰ ਮੈਂ ਅਗਾਂਹ ਨਹੀਂ ਸੀ ਤੋਰ ਸਕਿਆ। ਟਰੇਨਿੰਗ ਸੈਂਟਰ ਦੇ ਰੁਝੇਵਿਆਂ ਭਰੇ ਰੁਟੀਨ ਕਾਰਨ ਲਿਖਣ ਦਾ ਮੂਡ ਨਹੀਂ ਸੀ ਬਣਿਆਂ।
(ਚਲਦਾ)
(ਇਹ ਆਰਟੀਕਲ ਇਥੇ ਸਮਾਪਤ ਹੈ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …