Breaking News
Home / ਰੈਗੂਲਰ ਕਾਲਮ / ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ

ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ

ਕਿਧਰੇ ਦੇਰ ਨਾ ਹੋ ਜਾਏ
(ਕਿਸ਼ਤ ਪਹਿਲੀ)
ਡਾ. ਡੀ ਪੀ ਸਿੰਘ
416-859-1856

ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਸਰੀ ਮਹਾਂਸ਼ਕਤੀ ਦੇ ਇਕ ਮਹਾਂਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਝ ਵਾਪਰਿਆ।ઠ
ਪ੍ਰਯੋਗਸ਼ਾਲਾ ਅੰਦਰ, ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ ਡਾ. ਯੰਗ ਸੂ, ਅੱਧਖੜ੍ਹ ਉਮਰ ਵਾਲੇ ਮੁਲਾਕਾਤੀ ਨਾਲ ਗੱਲਬਾਤ ਵਿਚ ਮਗਨ ਸੀ। ਤਦ ਹੀ, ਖੁਰਦਬੀਨ ਦੇ ਹੇਠਲੇ ਸਿਰੇ ਵਾਲੇ ਲੈਂਜ਼ ਹੇਠ ਕੱਚ ਦੀ ਇਕ ਸਲਾਈਡ ਨੂੰ ਖਿਸਕਾਦਿਆਂ, ਯੰਗ ਸੂ ਬੋਲਿਆ, ”ਮਿਸਟਰ ਲੀਓ! ਆਓ ਤੁਹਾਨੂੰ ਦਿਖਾਵਾਂ, ਮੌਤ ਦਾ ਇਕ ਬਹੁਤ ਹੀ ਖ਼ਤਰਨਾਕ ਏਜੰਟ।”
ਗੰਜੇ ਸਿਰ ਤੇ ਫੀਨੇ ਨੱਕ ਵਾਲੇ ਲੀਓ ਨੇ ਖੁਰਦਬੀਨ ਵੱਲ ਝਾਕਿਆ। ਜ਼ਾਹਿਰ ਸੀ ਕਿ ਉਹ ਅਜਿਹੇ ਯੰਤਰ ਬਾਰੇ ਨਹੀਂ ਸੀ ਜਾਣਦਾ। ਆਪਣੀ ਥਾਂ ਤੋਂ ਬਿਨ੍ਹਾ ਹਿੱਲੇ ਉਹ ਬੋਲਿਆ, ”ਮੇਰੀ ਨਜ਼ਰ ਕਮਜ਼ੋਰ ਹੈ।”
”ਕੋਈ ਗੱਲ ਨਹੀਂ। ਆਓ! ਆਪਣੀ ਖੱਬੀ ਅੱਖ, ਖੱਬੇ ਹੱਥ ਨਾਲ ਢੱਕ ਲਵੋ, ਤੇ ਸੱਜੀ ਅੱਖ ਨਾਲ ਤੁਸੀਂ ਖੁਰਦਬੀਨ ਦੇ ਉਪਰਲੇ ਸਿਰੇ ਵਾਲੇ ਲੈੱਜ਼ ਰਾਹੀਂ ਦੇਖੋ। ਵਿਸ਼ਾਣੂੰਆਂ ਦਾ ਅਜਬ ਸੰਸਾਰ ਨਜ਼ਰ ਆਉਣ ਲੱਗੇਗਾ।”
ਲੀਓ ਨੇ ਇੰਝ ਹੀ ਕੀਤਾ।
”ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ। ਧੁੰਦਲਾ ਧੁੰਦਲਾ ਹੈ ਸੱਭ ਕੁਝ।” ਉਹ ਬੋਲਿਆ।
”ਇਸ ਪੇਚ ਨੂੰ ਐਡਜਸਟ ਕਰੋ,” ਯੰਗ ਸੂ ਨੇ ਖੁਰਦਬੀਨ ਦੇ ਹੇਠਲੇ ਸਿਰੇ ਕੋਲ ਲੱਗੇ ਪੇਚ ਵੱਲ ਇਸ਼ਾਰਾ ਕਰਦੇ ਹੋਏ ਕਿਹਾ,”ਸ਼ਾਇਦ ਖੁਰਦਬੀਨ ਤੁਹਾਡੀ ਨਜ਼ਰ ਲਈ ਸਹੀ ਫੋਕਸਡ ਨਹੀਂ ਹੈ।”
”ਜੀ!” ਤੇ ਲੀਓ ਨੇ ਦੱਸੇ ਅਨੁਸਾਰ ਪੇਚ ਨੂੰ ਮਰੋੜਾ ਦਿੱਤਾ।
”ਵਾਹ! ਹੁਣ ਤਾਂ ਸੱਭ ਕੁਝ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ,” ਲੀਓ ਦੇ ਬੋਲ ਸਨ। ”ਬਹੁਤਾ ਕੁਝ ਤਾਂ ਹੈ ਨਹੀਂ ਇਥੇ ਦੇਖਣ ਲਈ। ਬੱਸ ਛੇ ਭੁਜੀ ਸ਼ਕਲ ਵਾਲੇ ਕੁਝ ਕੁ ਧੱਬੇ ਜਿਹੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਜਿਵੇਂ ਇਨ੍ਹਾਂ ਕੋਈ ਮੁਕਟ ਪਾਇਆ ਹੋਵੇ। ਤੁਹਾਡੇ ਅਨੁਸਾਰ, ਇਹ ਛੋਟੇ ਛੋਟੇ ਵਿਸ਼ਾਣੂ, ਵੱਧ-ਫੁਲ ਕੇ, ਕਿਸੇ ਮਹਾਂਨਗਰ ਨੂੰ ਤਬਾਹ ਕਰਣ ਦੀ ਸਮਰਥਾ ਰੱਖਦੇ ਹਨ। ਵਾਹ ਕਿਆ ਕਮਾਲ ਦੀ ਸ਼ੈਅ ਨੇ ਇਹ!”
”ਜੀ ਹਾਂ! ਇਹੋ ਹੀ ਹੈ ਨੋਵਲ ਕਰੋਨਾ ਵਾਇਰਸ (ਕੋਵਿਡ-19)। ਜੋ ਪੁਰਾਣੇ ਕੋਰੋਨਾ ਵਾਇਰਸ ਦਾ ਹੀ ਬਦਲਿਆ ਰੂਪ ਹੈ ਪਰ ਹੈ ਬਹੁਤ ਹੀ ਘਾਤਕ।”
ਤਦ ਹੀ ਲੀਓ ਖੁਰਦਬੀਨ ਤੋਂ ਨਜ਼ਰ ਹਟਾ ਉੱਠ ਖੜਾ ਹੋਇਆ। ਜਾਂਚ ਹੇਠਲੀ ਕੱਚ ਦੀ ਸਲਾਈਡ ਨੂੰ ਹੱਥ ਵਿਚ ਫੜ੍ਹ ਉਹ ਖਿੜਕੀ ਦੇ ਕੋਲ ਜਾ ਪੁੱਜਾ।”ਇੰਨ੍ਹੇ ਸੂਖਮ” ਉਸ ਨੇ ਸਲਾਈਡ ਘੋਖਦਿਆ ਕਿਹਾ। ਝਿਜਕਦੇ ਹੋਏ ਉਸ ਪੁੱਛਿਆ, ”ਕੀ ਇਹ ਜ਼ਿੰਦਾ ਨੇ? ਕੀ ਇਹ ਅਜੇ ਵੀ ਘਾਤਕ ਨੇ?”
”ਨਹੀਂ, ਇਹ ਜ਼ਿੰਦਾ ਨਹੀਂ ਹਨ। ਇਨ੍ਹਾਂ ਨੂੰ ਵਿਸ਼ੇਸ਼ ਢੰਗ ਨਾਲ ਮਾਰ ਦਿੱਤਾ ਗਿਆ ਹੈ” ਯੰਗ ਸੂ ਨੇ ਕਿਹਾ। ”ਪਰ, ਇਨ੍ਹਾਂ ਦੀ ਤਬਾਹਕੁੰਨ ਤਾਕਤ ਨੂੰ ਦੇਖਦੇ ਹੋਏ, ਮੇਰਾ ਖਿਆਲ ਹੈ ਕਿ ਕਾਸ਼ ਅਸੀਂ ਪੂਰੇ ਬ੍ਰਹਿਮੰਡ ਵਿਚ ਇਨ੍ਹਾਂ ਦੀ ਹੌਂਦ ਨੂੰ ਹੀ ਖ਼ਤਮ ਕਰ ਸਕਦੇ।”
ਲੀਓ ਨੇ ਥੋੜ੍ਹਾ ਮੁਸਕਰਾਦਿਆਂ ਕਿਹਾ,”ਲੱਗਦਾ ਹੈ ਤੁਸੀਂ ਇਨ੍ਹਾਂ ਨੂੰ ਜ਼ਿੰਦਾਂ ਹਾਲਾਤ ਵਿਚ ਰੱਖਣ ਬਾਰੇ ਤਾਂ ਕਦੇ ਨਹੀਂ ਸੋਚਿਆ ਹੋਵੇਗਾ।”
”ਨਹੀਂ। ਅਜਿਹੀ ਗੱਲ ਨਹੀਂ । ਸਗੋਂ, ਸਾਡੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।” ਯੰਗ ਸੂ ਨੇ ਕਿਹਾ।”ਇਥੇ, ਉਦਾਹਰਣ ਲਈ” ਬੋਲਦਿਆ ਉਹ ਕਮਰੇ ਨੂੰ ਪਾਰ ਕਰ ਸਾਹਮਣੀ ਕੰਧ ਵਿਚ ਜੜ੍ਹੀ ਸੈਲਫ਼ ਕੋਲ ਪੁੱਜ ਗਿਆ। ਸੈਲਫ਼ ਉਥੇ ਪਈਆਂ ਅਨੇਕ ਸੀਲਬੰਦ ਕੱਚ ਦੀਆਂ ਟਿਊਬਾਂ (ਨਲੀਆਂ) ਵਿਚੋਂ ਇਕ ਟਿਊਬ ਨੂੰ ਚੁੱਕ ਉਹ ਬੋਲਿਆ, ”ਇਹ ਇਨ੍ਹਾਂ ਜੀਵਾਣੂਆਂ ਦਾ ਜ਼ਿੰਦਾ ਸੈਂਪਲ ਹੈ। ਬਹੁਤ ਹੀ ਘਾਤਕ ਬੀਮਾਰੀ ਦੇ ਸ਼ਕਤੀਸ਼ਾਲੀ ਵਿਸ਼ਾਣੂ । ਅਜਿਹੀ ਬੀਮਾਰੀ ਜਿਸ ਨਾਲ ਇਨਸਾਨ ਬਹੁਤ ਹੀ ਦਰਦਨਾਕ ਮੌਤ ਮਰਦਾ ਹੈ।” ਉਸ ਦੇ ਝਿਜਕ ਭਰੇ ਬੋਲ ਸਨ; ”ਆਹ ਸ਼ੀਸ਼ੀ ਵਿਚ ਬੰਦ ਹੈ ਮੌਤ ਦਾ ਇਹ ਸ਼ਕਤੀਸ਼ਾਲੀ ਏਜੰਟ – ਨੋਵਲ ਕਰੋਨਾ ਵਾਇਰਸ।”
ਲੀਓ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਇਕ ਹਲਕੀ ਜਿਹੀ ਝਲਕ ਨਜ਼ਰ ਆਈ। ”ਅਜਿਹੀ ਜਾਨਲੇਵਾ ਚੀਜ਼ ਨੂੰ ਸੰਭਾਲਣਾ ਬੜਾ ਜੋਖ਼ਮਈ ਕੰਮ ਹੈ।” ਲਲਚਾਈਆਂ ਅੱਖਾਂ ਨਾਲ ਟਿਊਬ ਨੂੰ ਦੇਖਦੇ ਹੋਏ ਉਹ ਬੋਲਿਆ।
ਯੰਗ ਸੂ ਨੂੰ ਲੀਓ ਦੇ ਲਹਿਜ਼ੇ ਵਿਚ ਭੈੜੀ ਖੁਸ਼ੀ ਦਾ ਇਜ਼ਹਾਰ ਨਜ਼ਰ ਆਇਆ। ਅੱਜ ਦੁਪਿਹਰੇ, ਲੀਓ, ਉਸ ਦੇ ਇਕ ਪੁਰਾਣੇ ਮਿੱਤਰ ਦੇ ਹਵਾਲੇ ਨਾਲ ਉਸ ਨੂੰ ਮਿਲਣ ਆਇਆ ਸੀ। ਪਰ ਇਸ ਦਾ ਸੁਭਾਅ ਤਾਂ ਉਸ ਦੇ ਮਿੱਤਰ ਦੇ ਸੁਭਾਅ ਨਾਲੋਂ ਬਿਲਕੁਲ ਹੀ ਉਲਟ ਸੀ। ਗੰਜਾ ਸਿਰ, ਚਪਟਾ ਨੱਕ, ਬਿੱਲੀਆਂ ਅੱਖਾਂ, ਉਘੜ-ਦੁਘੜੇ ਹਾਵ-ਭਾਵ ਤੇ ਘਬਰਾਇਆ ਜਿਹਾ, ਪਰ ਵਿਸ਼ਾਣੂੰਆਂ ਬਾਰੇ ਜਾਨਣ ਲਈ ਡਾਢਾ ਹੀ ਤੱਤਪਰ, ਲੀਓ, ਉਸ ਦੇ ਸ਼ਾਂਤ-ਸੁਭਾਅ ਵਾਲੇ ਖੋਜੀ ਦੌਸਤ, ਜੋ ਵਿਗਿਆਨਕ ਵਿਚਾਰ-ਵਟਾਂਦਰੇ ਦੌਰਾਨ ਕਦੇ ਵੀ ਵਿਚਿਲਤ ਨਹੀਂ ਸੀ ਹੁੰਦਾ, ਨਾਲੋਂ ਬਹੁਤ ਹੀ ਵੱਖਰਾ ਸੀ। ਸ਼ਾਇਦ ਅਜਿਹਾ ਇਸ ਲਈ ਸੀ ਕਿ ਲੀਓ, ਨੋਵਲ ਕਰੋਨਾ ਵਾਇਰਸ ਦੀ ਘਾਤਕ ਤਾਕਤ ਬਾਰੇ ਜਾਣ ਕੇ ਡਾਢਾ ਪ੍ਰਭਾਵਿਤ ਹੋ ਗਿਆ ਸੀ।
ਗੰਭੀਰ ਮੁਦਰਾ ਵਿਚ ਟਿਊਬ ਨੂੰ ਹੱਥ ਵਿਚ ਫੜੀ ਯੰਗ ਸੂ ਬੋਲ ਰਿਹਾ ਸੀ; ”ਹਾਂ, ਇਸ ਵਿਚ ਮਹਾਂਮਾਰੀ ਕੈਦ ਹੈ। ਇਸ ਛੋਟੀ ਜਿਹੀ ਟਿਊਬ ਦੇ ਦ੍ਰਵ ਨੂੰ, ਜੇ ਕਿਧਰੇ ਕਿਸੇ ਵੀ ਖਾਣ ਵਾਲੀ ਚੀਜ਼ ਵਿਚ ਰਲਾ ਦੇਵੋ, ਤਾਂ ਇਸ ਵਿਚਲੇ ਸੂਖਮ ਵਿਸ਼ਾਣੂ, ਜਿਨ੍ਹਾਂ ਦੀ ਨਾ ਤਾਂ ਕੋਈ ਮਹਿਕ ਹੈ ਤੇ ਨਾ ਹੀ ਸੁਆਦ, ਅਤੇ ਜਿਨ੍ਹਾਂ ਨੂੰ ਦੇਖਣ ਲਈ ਬਹੁਤ ਹੀ ਸ਼ਕਤੀਸ਼ਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ, ਬੱਸ ”ਜਾਉ ਤੇ ਵਧੋ ਫੁੱਲੋ।” ਕਹਿੰਦਿਆਂ ਹੀ ਤੁਰੰਤ ਦਮ-ਘੋਟੂ, ਦਰਦਨਾਕ ਤੇ ਭਿਆਨਕ ਮੌਤ ਦਾ ਕਹਿਰ ਸ਼ਹਿਰ ਉੱਤੇ ਢਾਹਣਾ ਸ਼ੁਰੂ ਕਰ ਦੇਣਗੇ।
ਤਦ ਮੌਤ ਦਾ ਇਹ ਏਜੰਟ ਥਾਂ ਥਾਂ ਆਪਣਾ ਸ਼ਿਕਾਰ ਭਾਲਦਾ ਫਿਰ ਰਿਹਾ ਹੋਵੇਗਾ। ਉਹ ਕਿਧਰੇ ਕਿਸੇ ਮਾਂ ਤੋਂ ਉਸ ਦਾ ਬੱਚਾ ਖੋਹ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਔਰਤ ਤੋਂ ਉਸ ਦਾ ਸੁਹਾਗ। ਕਿਧਰੇ ਇਹ ਕਿਸੇ ਕਾਰਿੰਦੇ ਨੂੰ ਆਪਣੀ ਡਿਊਟੀ ਕਰਨ ਤੋਂ ਅਯੋਗ ਕਰ ਰਿਹਾ ਹੋਵੇਗਾ, ਤੇ ਕਿਧਰੇ ਕਿਸੇ ਮਿਹਨਤਕਸ਼ ਲਈ ਔਕੜਾਂ ਦਾ ਪਿਟਾਰਾ ਖੋਲ ਰਿਹਾ ਹੋਵੇਗਾ। ਇਸ ਦੀ ਲਾਗ ਕਾਰਣ ਬੀਮਾਰ ਹੋਏ ਮਨੁੱਖ ਦੀ ਛਿੱਕ, ਖੰਘ, ਥੁੱਕ ਤੇ ਲਾਰ ਇਸ ਦੇ ਵਾਹਣ ਹਨ। ਇਨ੍ਹਾਂ ਹੀ ਵਾਹਣਾਂ ਦਾ ਸਵਾਰ ਹੋ ਇਹ, ਸ਼ਹਿਰ ਦੀਆਂ ਹਵਾਵਾਂ ਵਿਚ ਉਡਦਾ-ਪੁਡਦਾ, ਥਾਂ-ਕੁਥਾਂ ਸ਼ਹਿ ਲਾਈ ਬੈਠਾ, ਪਾਰਕਾਂ ਵਿਚ ਲੱਗੀਆਂ ਪੀਘਾਂ ਉੱਤੇ ਝੂਟੇ ਲੈਂਦੇ ਛੋਟੇ ਬੱਚਿਆਂ, ਜਿੰਮ ਵਿਚ ਕਸਰਤ ਕਰ ਰਹੇ ਯੁਵਕਾਂ, ਰੈਸਟਰਾਂ ਵਿਚ ਖਾਣਾ ਖਾਂਦੇ ਪਰਿਵਾਰਾਂ, ਸਕੂਲਾਂ ਤੇ ਲਾਇਬ੍ਰੇਰੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ, ਖਰੀਦੋ-ਫ਼ਰੌਖਤ ਕਰਦੇ ਲੋਕਾਂ, ਬਿਜ਼ਨੈੱਸ ਮੀਟਿੰਗਾਂ ਤੇ ਕਾਨਫਰੰਸਾਂ ਵਿਚ ਮਸਰੂਫ਼ ਅਵਾਮ, ਜਨਤਕ ਰੈਲੀਆਂ ਤੇ ਜਨ-ਸਮਾਗਮਾਂ ਵਿਚ ਭਾਗ ਲੈ ਰਹੀ ਜਨਤਾ, ਹੋਰ ਤਾਂ ਹੋਰ ਬੱਸਾਂ ਜਾਂ ਟੈਕਸੀਆਂ ਵਿਚ ਸਫ਼ਰ ਕਰਦੇ ਯਾਤਰੀਆਂ ਦਾ ਵੀ ਪਿੱਛਾ ਕਰ ਰਿਹਾ ਹੋਵੇਗਾ। ਆਪਣੇ ਅਣਜਾਣਪੁਣੇ ਵਿਚ, ਕਿਧਰੇ ਇਸ ਘਰ ਦੇ ਤੇ ਕਿਧਰੇ ਓਸ ਘਰ ਦੇ ਵਾਸੀ, ਜਿਨ੍ਹਾਂ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ ਬਿਨ੍ਹਾ ਖਾਣਾ ਖਾ ਲਿਆ ਹੋਵੇਗਾ, ਜਾਂ ਫ਼ਿਰ ਸੁੱਤੇ-ਸਿਧ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਇਸ ਦੀ ਲਾਗ ਭਰਿਆ ਹੱਥ ਲਗਾ ਲਿਆ ਹੋਵੇਗਾ, ਸਹਿਜੇ ਹੀ ਇਸ ਦਾ ਸ਼ਿਕਾਰ ਬਣ ਜਾਣਗੇ। ਅਣਧੋਤੇ ਫਲਾਂ ਤੇ ਸਲਾਦ ਖਾਂਦਿਆਂ, ਪਬਲਿਕ ਨਲ ਤੋਂ ਪਾਣੀ ਪੀਦਿਆਂ, ਤੇ ਜਾਂ ਫਿਰ ਦੋਸਤਾਂ-ਮਿਤਰਾਂ ਨਾਲ ਹੱਥ ਮਿਲਾਂਦਿਆਂ ਪਤਾ ਨਹੀਂ ਕਦੋਂ ਤੇ ਕਿਥੇ ਇਹ ਜਮਦੂਤ ਤੁਹਾਨੂੰ ਪਕੜ ਲਵੇ। ਸਿਰਫ਼ ਇਕ ਵਾਰ ਮਨੁੱਖ ਦੀ ਸਾਹ ਪ੍ਰਣਾਲੀ ਜਾਂ ਖਾਥ-ਪਦਾਰਥਾਂ ਦਾ ਅੰਗ ਬਣਦਿਆਂ ਹੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਕਾਬੂ ਕਰ ਸਕੀਏ, ਦੇਖਦਿਆਂ ਹੀ ਦੇਖਦਿਆਂ ਇਹ ਮਹਾਂਨਗਰਾਂ, ਸ਼ਹਿਰਾਂ ਤੇ ਕਸਬਿਆਂ ਦੀ ਸੰਪੂਰਨ ਬਰਬਾਦੀ ਦਾ ਕਸੀਦਾ ਲਿਖ ਚੁੱਕਾ ਹੋਵੇਗਾ।”
ਅਚਾਨਕ ਉਹ ਚੁੱਪ ਹੋ ਗਿਆ। ਉਸ ਨੂੰ ਯਾਦ ਆ ਗਿਆ ਸੀ ਕਿ ਬਿਆਨਬਾਜ਼ੀ ਕਰਨਾ ਉਸਦੀ ਕਮਜ਼ੋਰੀ ਸੀ।
”ਪਰ ਇਹ ਵਾਇਰਸ-ਸੈਂਪਲ ਇਥੇ ਪੂਰੀ ਤਰ੍ਹਾਂ ਮਹਿਫ਼ੂਜ਼ ਹੈ।” ਉਹ ਬੋਲਿਆ।
ਲੀਓ ਨੇ ਸਿਰ ਹਿਲਾਇਆ । ਉਸਦੀਆਂ ਅੱਖਾਂ ਵਿਚ ਅਜੀਬ ਚਮਕ ਸੀ। ਖੰਘੂਰਾ ਮਾਰ ਉਸਨੇ ਗਲਾ ਸਾਫ਼ ਕੀਤਾ। ”ਇਹ ਅਰਾਜਕਤਾਵਾਦੀ, ਬਦਮਾਸ਼,” ਉਹ ਬੋਲਿਆ, ”ਬਿਲਕੁਲ ਮੂਰਖ ਹਨ, ਪੱਕੇ ਮੂਰਖ! ਆਪਣੇ ਮੁਫਾਦ ਲਈ ਉਹ ਬੰਬਾਂ ਦੀ ਵਰਤੋਂ ਕਰਦੇ ਨੇ, ਜਦ ਕਿ ਉਹ ਜਾਣਦੇ ਹੀ ਨਹੀਂ ਕਿ ਅਜਿਹੀ ਚੀਜ਼ ਵੀ ਮੌਜੂਦ ਹੈ। ਮੇਰਾ ਖਿਆਲ ਹੈ…….”
ਅਚਾਨਕ ਫੋਨ ਦੀ ਘੰਟੀ ਵਜੀ। ਯੰਗ ਸੂ ਦਾ ਧਿਆਨ ਉਚਕਿਆ ਤੇ ਉਹ ਫੋਨ ਸੁਨਣ ਲੱਗਾ। ਥੋੜ੍ਹੀ ਜਿਹੀ ਗੱਲਬਾਤ ਬਾਅਦ ਉਹ ਬੋਲਿਆ, ”ਤੁਸੀਂ ਰੁਕੋ! ਮੈਂ ਇਕ ਮਿੰਟ ਵਿਚ ਵਾਪਸ ਆਉਂਦਾ ਹਾਂ।” ਤੇ ਉਹ ਪ੍ਰਯੋਗਸ਼ਾਲਾ ਦਾ ਦਰਵਾਜ਼ਾ ਖੋਹਲ ਬਾਹਰ ਚਲੇ ਗਿਆ। ਜਦ ਉਹ ਦੁਬਾਰਾ ਪ੍ਰਯੋਗਸ਼ਾਲਾ ਵਿੱਚ ਦਾਖਿਲ ਹੋਇਆ ਤਾਂ ਲੀਓ ਆਪਣੀ ਘੜੀ ਦੇਖ ਰਿਹਾ ਸੀ।
”ਪਤਾ ਹੀ ਨਹੀਂ ਲੱਗਾ ਕਿ ਇਕ ਘੰਟਾ ਬੀਤ ਗਿਆ ਹੈ ਗੱਲਬਾਤ ਵਿਚ!” ਉਹ ਬੋਲਿਆ। ”ਤਿੰਨ ਵਜ ਰਹੇ ਹਨ। ਮੈਨੁੰ ਇਥੋਂ ਢਾਈ ਵਜੇ ਚਲ ਪੈਣਾ ਚਾਹੀਦਾ ਸੀ। ਪਰ ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਖੋਜ ਕਾਰਜ ਸਚਮੁੱਚ ਹੀ ਦਿਲਚਸਪ ਹੈ। ਜਿਸ ਕਾਰਣ ਵਕਤ ਦੇ ਗੁਜ਼ਰਣ ਦਾ ਪਤਾ ਹੀ ਨਹੀਂ ਚਲਿਆ। ਪਰ ਹੁਣ ਮੈਨੂੰ ਜਾਣਾ ਹੋਵੇਗਾ। ਕਿਉਂ ਕਿ ਸਾਢੇ ਤਿੰਨ ਵਜੇ ਮੇਰਾ ਕਿਸੇ ਹੋਰ ਸੱਜਣ ਨੂੰ ਮਿਲਣਾ ਤੈਅ ਹੈ। ਏਸ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਤੁਹਾਡਾ ਸ਼ੁਕਰੀਆ।”
ਯੰਗ ਸੂ ਉਸ ਨੂੰ ਦਰਵਾਜ਼ੇ ਤਕ ਛੱਡਣ ਗਿਆ ਤੇ ਸੋਚਾਂ ਵਿਚ ਡੁੱਬਾ ਵਾਪਸ ਆ ਗਿਆ। ਉਹ ਲੀਓ ਬਾਰੇ ਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕੋਰੀਅਨ ਨਜ਼ਰ ਆ ਰਿਹਾ ਸੀ ਤੇ ਨਾ ਹੀ ਤੈਵਾਨੀ ਜਾਂ ਜਾਪਾਨੀ। ”ਲਗਦਾ ਹੈ ਕਿ ਉਹ ਜ਼ਰੂਰ ਹੀ ਮਾੜੇ ਸੁਭਾਅ ਵਾਲਾ ਸਥਾਨਕ ਵਾਸੀ ਹੀ ਹੈ।” ਉਹ ਬੁੜਬੜਾਇਆ। ”ਦੇਖੋ ਤਾਂ ਉਹ ਜ਼ਿੰਦਾ ਨੋਵਲ ਕਰੋਨਾ ਵਾਇਰਸ ਦੇ ਸੈਂਪਲ ਨੂੰ ਕਿਵੇਂ ਘੂਰ ਰਿਹਾ ਸੀ।”
ਅਚਾਨਕ ਉਸ ਨੂੰ ਇਕ ਨਵੀਂ ਚਿੰਤਾ ਨੇ ਘੇਰ ਲਿਆ। ਉਹ ਤੇਜ਼ੀ ਨਾਲ ਖੁਰਦਬੀਨ ਵਾਲੇ ਮੇਜ਼ ਵੱਲ ਗਿਆ ਤੇ ਤੁਰੰਤ ਹੀ ਆਪਣੇ ਰਿਕਾਰਡ-ਟੇਬਲ ਵੱਲ ਮੁੜ ਆਇਆ।
ਤਦ ਉਸ ਨੇ ਕਾਹਲੀ ਕਾਹਲੀ ਆਪਣੀ ਜੇਬਾਂ ਦੀ ਫਰੋਲਾ-ਫਰਾਲੀ ਕੀਤੀ। ਤੇ ਫਿਰ ਫਟਾਫਟ ਦਰਵਾਜ਼ੇ ਵੱਲ ਨੱਠ ਉੱਠਿਆ। ”ਸ਼ਾਇਦ ਮੈਂ ਉਸ ਨੂੰ ਜੂਲੀਆ ਦੇ ਮੇਜ਼ ਉੱਤੇ ਭੁੱਲ ਆਇਆ ਹੋਵਾਂ।” ਉਹ ਬੁੜ ਬੁੜਾ ਰਿਹਾ ਸੀ। ਕਮਰੇ ਤੋਂ ਬਾਹਰ ਆ ਉਹ ਦੁਖਭਰੀ ਆਵਾਜ਼ ਨਾਲ ਚੀਖਿਆ। ”ਜੂਲੀਆ!”
”ਜੀ ਸਰ।” ਨਾਲ ਦੇ ਕਮਰੇ ‘ਚੋਂ ਉਸ ਦੀ ਸੈਕਟਰੀ ਦੀ ਆਵਾਜ਼ ਸੁਣਾਈ ਦਿੱਤੀ।
”ਹੁਣੇ ਹੁਣੇ ਜਦ ਆਪਾਂ ਗੱਲ ਕੀਤੀ ਸੀ, ਕੀ ਮੈਂ ਤੇਰੇ ਮੇਜ਼ ਉੱਤੇ ਕੁਝ ਭੁੱਲ ਤਾਂ ਨਹੀਂ ਆਇਆ?”
ਕੁਝ ਦੇਰ ਚੁੱਪ ਤੋਂ ਬਾਅਦ, ਜੂਲੀਆ ਦੀ ਆਵਾਜ਼ ਸੁਣਾਈ ਦਿੱਤੀ,”ਨਹੀਂ ਸਰ! ਇਥੇ ਤਾਂ ਕੁਝ ਵੀ ਨਹੀਂ ………।”
”ਸਤਿਆਨਾਸ” ਯੰਗ ਸੂ ਚੀਖਿਆ ਤੇ ਤੇਜ਼ੀ ਨਾਲ ਬਾਹਰ ਵੱਲ ਭੱਜਿਆ। ਕਾਹਲੇ ਕਾਹਲੇ ਕਦਮੀਂ ਪ੍ਰਯੋਗਸ਼ਾਲਾ ਦੇ ਹਾਲ ਨੂੰ ਪਾਰ ਕਰ ਉਹ ਬਾਹਰਲੀ ਸੜਕ ਉੱਤੇ ਪਹੁੰਚ ਗਿਆ।
ਜ਼ੋਰ ਨਾਲ ਖੋਲੇ ਗਏ ਦਰਵਾਜ਼ੇ ਦੀ ਠਾਹ ਸੁਣਦੇ ਹੀ ਜੂਲੀਆ ਅਚਣਚੇਤੀ ਡਰ ਕਾਰਣ ਖਿੜਕੀ ਵੱਲ ਭੱਜੀ।
ਸੜਕ ਉੱਤੇ ਅੱਜ ਦਾ ਮੁਲਾਕਾਤੀ ਟੈਕਸੀ ਵਿਚ ਬੈਠ ਰਿਹਾ ਨਜ਼ਰ ਆਇਆ। ਨੰਗੇ ਸਿਰ, ਬਿਨ੍ਹਾ ਕੋਟ ਪਹਿਨੀ ਯੰਗ ਸੂ, ਸਧਾਰਣ ਚੱਪਲਾਂ ਵਿਚ ਹੀ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਬਾਹਰ ਵੱਲ ਨੱਠਿਆ ਜਾ ਰਿਹਾ ਸੀ। ਉਸ ਦੀ ਇਕ ਚੱਪਲ ਦਾ ਸਟਰੈਪ ਵੀ ਨਿਕਲ ਆਇਆ ਸੀ, ਪਰ ਉਹ ਇਸ ਵੱਲ ਬਿਨ੍ਹਾ ਧਿਆਨ ਦਿੱਤੇ, ਉਵੇਂ ਹੀ ਚੱਪਲ ਨੂੰ ਘਸੀਟਦਾ ਦੌੜਿਆ ਜਾ ਰਿਹਾ ਸੀ।
”ਲੱਗਦਾ ਹੈ ਕਿ ਡਾ. ਯੰਗ ਸੂ ਦਾ ਦਿਮਾਗ ਹਿੱਲ ਗਿਆ ਹੈ।” ਜੂਲੀਆ ਬੁੜਬੁੜਾਈ। ”ਡਾ. ਯੰਗ ਸੂ ਰੁਕੋ…” ਸ਼ਬਦ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਉਸ ਦੇਖਿਆ, ਅੱਜ ਵਾਲਾ ਮੁਲਾਕਾਤੀ ਵੀ ਆਲੇ ਦੁਆਲੇ ਝਾਕਦਾ, ਅਜਿਹੀ ਹੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਲਗ ਰਿਹਾ ਸੀ। ਮੁਲਾਕਾਤੀ, ਯੰਗ ਸੂ ਵੱਲ ਅਜੀਬ ਇਸ਼ਾਰਾ ਕਰ, ਫਟਾਫਟ ਕਾਰ ਵਿਚ ਬੈਠ ਗਿਆ। ਜੋ ਤੇਜ਼ ਗਤੀ ਨਾਲ, ”ਹੁਨੇਨ ਸੀਫੂਡ ਮਾਰਕਿਟ” ਵੱਲ ਜਾਂਦੇ ਰਸਤੇ ਉੱਤੇ ਅੱਖੋ ਓਹਲੇ ਹੁੰਦੀ ਜਾ ਰਹੀ ਸੀ। ਤੁਰੰਤ ਹੀ ਯੰਗ ਸੂ ਨੇ ਪਿੱਛਿਓ ਆ ਰਹੀ ਟੈਕਸੀ ਨੂੰ ਹੱਥ ਦਿੱਤਾ, ਤੇ ਅਗਲੇ ਹੀ ਪਲ ਉਸ ਵਿਚ ਬੈਠ, ਤੇਜ਼ ਰਫ਼ਤਾਰ ਨਾਲ ਲੀਓ ਦੀ ਟੈਕਸੀ ਦਾ ਪਿੱਛਾ ਕਰਦਾ ਨਜ਼ਰ ਆਇਆ।
ਜੂਲੀਆ ਖਿੜਕੀ ਤੋਂ ਪਿੱਛੇ ਹਟ, ਕਮਰੇ ਵਿਚ ਹੱਕੀ-ਬੱਕੀ ਖੜੀ ਸੀ।
”ਬੇਸ਼ਕ ਡਾ. ਯੰਗ ਸੂ ਥੋੜ੍ਹਾ ਸਨਕੀ ਹੈ, ਪਰ ਸਰਦੀ ਦੇ ਇਸ ਮੌਸਮ ਵਿਚ ਬਿਨ੍ਹਾਂ ਟੋਪ, ਕੋਟ ਤੇ ਬੂਟ-ਜੁਰਾਬਾਂ ਪਹਿਨੇ ਸੜਕਾਂ ਉੱਤੇ ਦੌੜੇ ਫਿਰਨਾ ਕਿਥੋਂ ਦੀ ਸਿਆਣਪ ਹੈ।” ਉਸ ਸੋਚਿਆ।
(ਚਲਦਾ)
ਡਾ. ਡੀ. ਪੀ. ਸਿੰਘ, ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 21 ਕਿਤਾਬਾਂ ਤੇ ਲਗਭਗ 1000 ਲੇਖ ਤੇ ਕਹਾਣੀਆਂ ਆਦਿ, ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 70 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਕੈਂਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਅਤੇ ਕਈ ਸੈਕੰਡਰੀ ਤੇ ਪੋਸਟ-ਸੈਕੰਡਰੀ ਵਿਦਿਅਕ ਸੰਸੰਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਹਨ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …