ਇੱਕੋ ਕਿਸਤੀ ਵਿੱਚ ਹਾਂ ਸਾਰੇ ਟਿਕ ਕੇ ਬਹਿਜਾ।
ਪੁੱਠੇ ਨਾ ਹੁਣ ਕਰ ਤੂੰ ਕਾਰੇ ਟਿਕ ਕੇ ਬਹਿਜਾ।
ਤੇਰੀ ਕਿਸਮਤ ਵਾਲੇ ਤਾਰੇ ਤੇਰੇ ਹੱਥ ਨੇ
ਕੁਦਰਤ ਤੇ ਤੂੰ ਸਮਝ ਇਸ਼ਾਰੇ ਟਿਕ ਕੇ ਬਹਿਜਾ।
ਸਾਗਰ ਅੰਦਰ ਹਲਚਲ ਮੱਚੀ ਖਤਰਾ ਬਣਿਆ
ਕਰਨੀ ਜੇ ਤੂੰ ਪਹੁੰਚ ਕਿਨਾਰੇ ਟਿਕ ਕੇ ਬਹਿਜਾ।
ਨਾ ਹੀ ਮੰਗਲ ਨਾ ਹੀ ਬੁੱਧ ਹੁਣ ਤੇਰੇ ਆਖੇ
ਕੰਮ ਕਿਸੇ ਨਾ ਆਉਣੇ ਤਾਰੇ ਟਿਕ ਕੇ ਬਹਿਜਾ।
ਜਿਨ੍ਹਾਂ ਨੂੰ ਤੂੰ ਆਖ ਰਿਹਾ ਸੀ ਮੇਰੇ ਮੇਰੇ
ਕੱਲ੍ਹਾ ਛੱਡਕੇ ਤੁਰਗੇ ਸਾਰੇ ਟਿਕ ਕੇ ਬਹਿਜਾ।
ਵਕਤ ਸੰਭਾਲਣ ਦਾ ਹੈ ਵੇਲਾ ਨਹੀਓਂ ਤੇ ਫਿਰ
ਪੱਲੇ ਬਚਣੇ ਹੰਝੂ ਖਾਰੇ ਟਿਕਕੇ ਬਹਿਜਾ।
ਚੱਪੂ ਲੈਅ ਵਿੱਚ ਮਾਰੋ ਸਾਰੇ ਜੇਕਰ ਬਚਣਾ
ਨਹੀਂ ਤੇ ਕਿਸਤੀ ਲਊ ਹੁਲਾਰੇ ਟਿਕ ਕੇ ਬਹਿਜਾ।
ਜੋ ਕੁਦਰਤ ਨੂੰ ਟਿੱਚ ਜਾਣਦੇ ਭੁਗਤ ਰਹੇ ਸਭ
ਕੁਦਰਤ ਨੂੰ ਹੁਣ ਚਿਤਵੋ ਸਾਰੇ ਟਿਕਕੇ ਬਹਿਜਾ।
-ਹਰਦੀਪ ਬਿਰਦੀ
90416-00900
ਸ਼ਹਿਰੀ ਆਪਣੇ ਭਾਰਤ ਤੋਂ ਲਿਆਉਣੇ ਆ…..
ਸ਼ੋਸ਼ਾ ਛੱਡਿਆ ਸਾਡੀ ਸਰਕਾਰ ਕੈਨੇਡਾ ਨੇ,
ਸ਼ਹਿਰੀ ਆਪਣੇ ਭਾਰਤ ਤੋਂ ਲਿਆਉਣੇ ਆ।
ਜਹਾਜ਼ ਕੁਝ ਦਿੱਲੀ ਤੇ ਮੁੰਬਈ ਸ਼ਹਿਰਾਂ ਤੋਂ,
ਉਨ੍ਹਾਂ ਦੇ ਲਈ ਖ਼ਾਸ ਤੌਰ ‘ਤੇ ਚਲਾਉਣੇ ਆ।
ਤਰੀਕਾਂ ਵੀ ਦੇ ਛੱਡੀਆਂ ਨੇ ਫ਼ਲਾਈਟਾਂ ਦੀਆਂ,
ਚਾਰ ਤੋਂ ਸੱਤ ਅਪ੍ਰੈਲ ਦੇ ਵਿਚ ਪਹੁੰਚਾਉਣੇ ਆ।
ਟਿਕਟ ਰੱਖ ‘ਤੀ ਤਿੰਨ ਹਜ਼ਾਰ ਇਕ ਪਾਸੇ ਦੀ,
ਏਅਰ-ਲਾਈਨ ਨੂੰ ਡਾਲਰ ਕਈ ਖਟਾਉਣੇ ਆ।
ਦੋ-ਦੋ ਹਜ਼ਾਰ ਖ਼ਰਚ ਕੇ ਜਿਹੜੇ ਆਏ ਆ,
ਤਿੰਨ-ਤਿੰਨ ਹਜ਼ਾਰ ਕਿੱਥੋਂ ਹੋਰ ਲਿਆਉਣੇ ਆ?
ਦਿੱਲੀ, ਮੁੰਬਈ ਜਾਣਾ ਆਪਣੇ ਵਸੀਲਿਆਂ ਨਾਲ,
ਉਹਦੇ ਲਈ ਵੀ ਕਰਫ਼ਿਊ-ਪਾਸ ਬਣਾਉਣੇ ਆ।
‘ਗੱਡੇ ਨਾਲ ਕੱਟਾ ਬੰਨ੍ਹਣ’ ਵਾਲੀ ਕਰਤੀ ਗੱਲ,
ਏਦਾਂ ਹੀ ਸ਼ਾਇਦ ਸ਼ਹਿਰੀ ਆਪਣੇ ਮੰਗਾਉਣੇ ਆ।
ਏਨਾ ਹੀ ਜੇ ਫ਼ਿਕਰ ਏ ਆਪਣੇ ਸ਼ਹਿਰੀਆਂ ਦਾ,
ਤਾਂ ਕਹੇ ਪਹਿਲੀਆਂ ਟਿਕਟਾਂ ਵਿਚ ਸਦਵਾਉਣੇ ਆ।
ਪਹੁੰਚ ਵੀ ਗਏ ਜੇਕਰ ਔਖੇ-ਸੌਖੇ ਹੋ ਕੇ ਉਹ,
ਪੰਦਰਾਂ ਦਿਨਾਂ ਲਈ ਇਕਾਂਤਵਾਸ ਠਹਿਰਾਉਣੇ ਆ।
ਏਡੀ ਵੀ ਕਿਹੜੀ ਵੇਲਣੇ ‘ਚ ਬਾਂਹ ਆਈ ‘ਝੰਡ’,
ਅਸੀਂ ਤਾਂ ਏਥੇ ਰਹਿਕੇ ਇਹ ਦਿਨ ਲੰਘਾਉਣੇ ਆ।
-ਡਾ. ਸੁਖਦੇਵ ਸਿੰਘ ਝੰਡ
ਫ਼ੋਨ: 84377-27375