ਗੁਰਮੀਤ ਸਿੰਘ ਪਲਾਹੀ
ਅੰਗਰੇਜ਼ ਹੁਕਮਰਾਨਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਦੇ 894 ਦਿਨਾਂ ਬਾਅਦ 26 ਜਨਵਰੀ 1950 ਨੂੰ ਡਾਕਟਰ ਰਜਿੰਦਰ ਪ੍ਰਸ਼ਾਦ ਵੱਲੋਂ 21 ਗੰਨਾਂ ਦੀ ਸਲਾਮੀ ਲੈਣ ਪਿੱਛੋਂ ਭਾਰਤ ਦਾ ਆਪਣਾ ਝੰਡਾ ਲਹਿਰਾਇਆ ਗਿਆ। ਦੇਸ਼ ਦੇ ਲੋਕਾਂ ਲਈ ਇਹ ਖ਼ੁਸ਼ੀ ਦਾ ਮੌਕਾ ਸੀ। ਇਹ ਭਾਰਤੀ ਗਣਤੰਤਰ ਦਾ ਜਨਮ ਸੀ। ਇਸ ਦਿਨ ਦੇਸ਼ ਦੇ ਲੋਕਾਂ ਲਈ ਨਵੇਂ ਸੁਫ਼ਨਿਆਂ ਦਾ ਆਗਾਜ਼ ਹੋਇਆ। ਆਜ਼ਾਦੀ ਮਿਲੀ; ਬੋਲਣ-ਚੱਲਣ, ਲਿਖਣ-ਪੜ੍ਹਨ, ਆਜ਼ਾਦ ਤੌਰ ‘ਤੇ ਖੁੱਲ੍ਹ ਕੇ ਵਿਚਰਣ ਦੀ। ਦੇਸ਼ ਨੂੰ ਇਸੇ ਦਿਨ ਨਵਾਂ ਸੰਵਿਧਾਨ ਮਿਲਿਆ; ਉਹ ਸੰਵਿਧਾਨ, ਜਿਹੜਾ ਬੁੱਧੀਜੀਵੀਆਂ, ਵਕੀਲਾਂ, ਚਿੰਤਕਾਂ ਨੇ ਡਾ: ਭੀਮ ਰਾਓ ਅੰਬੇਡਕਰ ਦੀ ਅਗਵਾਈ ਵਿੱਚ ਦੇਸ਼ ਦੇ ਹਰ ਵਰਗ ਦੇ, ਹਰ ਧਰਮ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰੜੀ ਮਿਹਨਤ ਨਾਲ ਤਿਆਰ ਕੀਤਾ ਸੀ। ਇਸ ਦਿਨ ਦੇਸ਼ ਨੂੰ ਧਰਮ-ਨਿਰਪੱਖ, ਜਮਹੂਰੀ ਗਣਤੰਤਰ ਐਲਾਨ ਕੀਤਾ ਗਿਆ।
ਸੰਵਿਧਾਨ ਵਿੱਚ ਦੇਸ਼ ਦੇ ਨਾਗਰਿਕਾਂ ਨੂੰ ਮੁੱਢਲੇ ਅਧਿਕਾਰ ਦਿੱਤੇ ਗਏ। ਨਿੱਜਤਾ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾ ਗਿਆ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸ ਦੇ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਵਿਸ਼ੇਸ਼ ਅੰਗ ਹਨ। ਕੀ ਭਾਰਤੀ ਲੋਕਤੰਤਰ ਦੇ ਇਹ ਤਿੰਨੇ ਅੰਗ ਠੀਕ ਕੰਮ ਕਰ ਰਹੇ ਹਨ, ਆਪਣਾ ਅਕਸ ਚੰਗੇਰਾ ਬਣਾ ਰਹੇ ਹਨ? ਦੇਸ਼ ਦੇ ਨਾਗਰਿਕ ਸੱਤ ਦਹਾਕੇ ਬੀਤਣ ਬਾਅਦ ਕੀ ਲੋਕਤੰਤਰਿਕ ਗਣਤੰਤਰ ਦੀਆਂ ਉਹ ਠੰਢੀਆਂ ਹਵਾਵਾਂ ਮਾਣ ਸਕੇ ਹਨ, ਜਿਸ ਬਾਰੇ ਸੰਵਿਧਾਨ ਬਣਾਉਣ ਵਾਲੇ ਅਤੇ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਲੋਕਾਂ ਨੇ ਚਿਤਵਿਆ ਸੀ? ਦੇਸ਼ ਦੇ ਹਾਕਮ ਕੀ ਉਹ ਸਾਰੇ ਕਰਤੱਵ ਨਿਭਾ ਸਕੇ ਹਨ, ਜਿਨ੍ਹਾਂ ਨੂੰ ਨਿਭਾਉਣ ਲਈ ਸੰਵਿਧਾਨ ਵਿੱਚ ਨਿਯਮਬੱਧ ਸਾਫ਼-ਸੁਥਰੇ ਆਦੇਸ਼ ਦਿੱਤੇ ਗਏ ਹਨ? ਉਹ ਨੇਤਾ, ਜਿਨ੍ਹਾਂ ਤੋਂ ਇਸ ਗੱਲ ਦੀ ਤਵੱਕੋ ਸੀ ਕਿ ਉਹ ਸਮਾਜ ਸੇਵਕ ਬਣ ਕੇ ਕੰਮ ਕਰਨਗੇ, ਅਸਲ ਵਿੱਚ ਦੇਸ਼ ਦੇ ਹਾਕਮ ਬਣ ਕੇ ਲੋਕਾਂ ਦੇ ਹੱਕ ਖੋਹਣ ਦੇ ਰਸਤੇ ਤੁਰ ਪਏ ਹਨ। ਵੱਖੋ-ਵੱਖਰੀਆਂ ਰਾਜਨੀਤਕ ਪਾਰਟੀਆਂ ‘ਚ ਆਪਣੀ ਚੌਧਰ ਤੇ ਧਾਂਕ ਜਮਾ ਕੇ ਉਹ ਮਨਮਾਨੀਆਂ ਕਰਨ ਦੇ ਰਾਹ ਤੁਰੇ ਹੋਏ ਹਨ ਅਤੇ ਸਮੁੱਚੇ ਭਾਰਤ ਵਿੱਚ ਉਹਨਾਂ ਨੇਤਾਵਾਂ ਦਾ ਇੱਕ ਵਰਗ ਪੈਦਾ ਹੋ ਗਿਆ ਹੈ, ਜਿਹੜੇ ਪੀੜ੍ਹੀ-ਦਰ-ਪੀੜ੍ਹੀ ਆਪਣੀ ਔਲਾਦ ਨੂੰ ਅੱਗੇ ਕਰ ਕੇ ਦੇਸ਼ ਦੇ ਹਾਕਮ ਬਣਨ ਵਿੱਚ ਹਰ ਕਿਸਮ ਦੇ ਜੋੜ-ਤੋੜ ਕਰਦੇ ਹਨ; ਅਫ਼ਸਰਸ਼ਾਹੀ, ਭਾਵ ਕਾਰਜ ਪਾਲਿਕਾ ਨੂੰ ਲਾਲਚ ਦੇ ਕੇ, ਡਰਾ-ਧਮਕਾ ਕੇ ਆਪਣੇ ਨਾਲ ਜੋੜਦੇ ਹਨ ਅਤੇ ਆਪਣੀ ਕੁਰਸੀ ਹਰ ਹੀਲੇ ਕਾਇਮ ਰੱਖਣ ਦੇ ਉਪਰਾਲੇ ਕਰ ਰਹੇ ਹਨ। ਭਾਵ ਦੇਸ਼ ਦੇ ਲੋਕਤੰਤਰ ਦੇ ਦੋ ਥੰਮ੍ਹ ਪਿਛਲੇ ਸੱਤ ਦਹਾਕਿਆਂ ਤੋਂ ਲੋਕਤੰਤਰ ਨੂੰ ਖੋਰਾ ਲਾਉਣ ਦੇ ਰਾਹ ਤੁਰੇ ਹੋਏ ਹਨ। ਅਸਲ ਵਿੱਚ ਦੇਸ਼ ਦੇ ਕੁਝ ਕੁ ਨੇਤਾ ਵਿਧਾਨ ਪਾਲਿਕਾ, ਕਾਰਜ ਪਾਲਿਕਾ ਉੱਤੇ ਹਾਵੀ ਹੋ ਕੇ, ਨਿਆਂ ਪਾਲਿਕਾ ਉੱਤੇ ਗਲਬਾ ਪਾ ਕੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਲੋਕਤੰਤਰ ਨੂੰ ਬਚਾਉਣ ਲਈ ਜਾਣਿਆ ਜਾਂਦਾ ਅਤੇ ਇੱਕ ਚੌਕੀਦਾਰ ਵਜੋਂ ‘ਜਾਗਦੇ ਰਹਿਣਾ ਬਈਓ’ ਦਾ ਹੋਕਾ ਦੇਣ ਵਾਲੇ ਭਾਰਤੀ ਪ੍ਰੈੱਸ ਦਾ ਇੱਕ ਹਿੱਸਾ ਕਾਰਪੋਰੇਟ ਸੈਕਟਰ ਦੇ ਪੰਜੇ ਵਿੱਚ ਫਸਿਆ ਹੋਣ ਕਾਰਨ ਆਪਣੀ ਸਹੀ ਭੂਮਿਕਾ ਨਿਭਾਉਣ ‘ਚ ਕਾਮਯਾਬ ਨਹੀਂ ਹੋ ਰਿਹਾ। ਨੌਜਵਾਨ ਬੇਰੁਜ਼ਗਾਰ ਹਨ। ਲੋਕ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦੀ ਦਿਨ-ਪ੍ਰਤੀ-ਦਿਨ ਆਮਦਨ ਘਟ ਰਹੀ ਹੈ। ਲੋਕਾਂ ਦੇ ਜਿਉਣ ਦਾ ਪੱਧਰ ਨੀਵਾਂ ਹੋ ਰਿਹਾ ਹੈ। ਲੋਕ ਪ੍ਰਦੂਸ਼ਤ ਵਾਤਾਵਰਣ ‘ਚ ਰਹਿਣ ਲਈ ਮਜਬੂਰ ਹਨ। ਲੋਕਾਂ ਲਈ ਕੁੱਲੀ, ਗੁੱਲੀ, ਜੁੱਲੀ ਦਾ ਪ੍ਰਬੰਧ ਕਰਨ ‘ਚ ਭਾਰਤੀ ਗਣਤੰਤਰ ਦੇ ਹਾਕਮ ਇਹ ਕਹਿ ਕੇ ਬੇਵੱਸੀ ਪ੍ਰਗਟ ਕਰਦੇ ਹਨ ਕਿ ਦੇਸ਼ ਦੀ ਆਬਾਦੀ ਵਧ ਰਹੀ ਹੈ। ਏਨੇ ਲੋਕਾਂ ਲਈ ਸਿਹਤ, ਸਿੱਖਿਆ, ਰੋਟੀ ਆਦਿ ਦਾ ਪ੍ਰਬੰਧ ਕਰਨਾ ਸੌਖਾ ਨਹੀਂ। ਜੇ ਕਿਧਰੇ ਸਹੀ ਢੰਗ ਨਾਲ ਵਿਕਾਸ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ, ਦੇਸ਼ ਦੇ ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਕੀਤੀ ਗਈ ਹੁੰਦੀ, ਤਾਂ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਨੇ ਕੋਈ ਬਹੁਤਾ ਔਖਾ ਕੰਮ ਨਹੀਂ ਸੀ, ਪਰ ਹਾਕਮਾਂ ਨੇ ਤਾਂ ਸਦਾ ਵੋਟਾਂ ਦੀ ਸਿਆਸਤ ਕੀਤੀ, ਕੁਦਰਤੀ ਸੋਮਿਆਂ ਦੀ ਲੁੱਟ ਕਰਨ ਦੀ ਖੁੱਲ੍ਹ ਦੇਈ ਰੱਖੀ ਅਤੇ ਆਪਣੀਆਂ ਤੇ ਧਨਾਢਾਂ ਦੀਆਂ ਝੋਲੀਆਂ ਧਨ ਨਾਲ ਭਰਨ ਨੂੰ ਤਰਜੀਹ ਦਿੱਤੀ। ਸਿੱਟਾ? ਲੋਕ ਦਿਨੋ-ਦਿਨ ਗ਼ਰੀਬ ਹੋਏ ਅਤੇ ਨੇਤਾਵਾਂ ਦਾ ਵੱਡਾ ਵਰਗ ਕਾਰਪੋਰੇਟ ਜਗਤ ਦਾ ਹੱਥ-ਠੋਕਾ ਬਣ ਕੇ ਰਹਿ ਗਿਆ ਹੈ।
ਭਾਰਤੀ ਗਣਤੰਤਰ ਦੇ ਕੁਝ ਇੱਕ ਸੂਬਿਆਂ ਨੂੰ ਛੱਡ ਕੇ ਬਹੁਤੇ ਰਾਜਾਂ ਵਿੱਚ ਧਰਮ ਆਧਾਰਤ ਰਾਜਨੀਤੀ ਦਾ ਬੋਲਬਾਲਾ ਹੋ ਚੁੱਕਾ ਹੈ। ਜਾਤ, ਬਰਾਦਰੀ ਦੇ ਨਾਮ ਉੱਤੇ ਨੇਤਾ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਲਾਕਾਵਾਦ ਭਾਰੂ ਹੋ ਚੁੱਕਾ ਹੈ। ਦੇਸ਼ ਦੇ ਕੁਝ ਨੇਤਾ ਧਰਮ-ਨਿਰਪੱਖ ਲੋਕਤੰਤਰ ਦੇ ਉਲਟ ਵਿਹਾਰ ਕਰ ਰਹੇ ਹਨ। ਧਰਮ ਦੇ ਨਾਮ ਉੱਤੇ ਸ਼ਰੇਆਮ ਸਿਆਸਤ ਕੀਤੀ ਜਾ ਰਹੀ ਹੈ। ਇਸ ਹਾਲਤ ਵਿੱਚ ਦੇਸ਼ ਦੇ ਧਰਮ-ਨਿਰਪੱਖ, ਸਮਾਜਵਾਦੀ, ਜਮਹੂਰੀ ਗਣਰਾਜ ਦਾ ਅਕਸ ਧੁੰਦਲਾ ਪੈਣਾ ਲਾਜ਼ਮੀ ਹੈ। ਅੱਜ ਦੁਨੀਆ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਲੋਕਤੰਤਰ ਨੂੰ ਉਹਨਾਂ ਲੋਕਾਂ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਆਜ਼ਾਦੀ ਸੰਗਰਾਮ ਵਿੱਚ ਕੋਈ ਹਿੱਸਾ ਹੀ ਨਹੀਂ ਸੀ। ਇਹੋ ਲੋਕ ਅੱਜ ਭਾਰਤੀ ਲੋਕਤੰਤਰ ਦੇ ਤਿੰਨਾਂ ਥੰਮ੍ਹਾਂ ਨੂੰ ਘੁਣ ਵਾਂਗ ਖਾ ਰਹੇ ਹਨ। ਭਾਰਤੀ ਲੋਕਤੰਤਰ ਸਾਹਮਣੇ ਹਿੰਦੂ ਰਾਸ਼ਟਰ ਦਾ ਸੰਕਲਪ ਮੂੰਹ ਅੱਡੀ ਖੜਾ ਹੈ, ਜੋ ਇਸ ਨੂੰ ਨਿਗਲ ਜਾਣਾ ਚਾਹੁੰਦਾ ਹੈ।
ਸਾਡੇ ਅਜੋਕੇ ਹਾਕਮ ਲੋਕਤੰਤਰਿਕ ਗਣਰਾਜ ਨੂੰ ਡਿਕਟੇਟਰਸ਼ਿਪ ਵਿੱਚ ਬਦਲ ਕੇ ਆਪਣੀ ਕੁਰਸੀ ਪੱਕੀ ਕਰਨਾ ਲੋਚਦੇ ਹਨ, ਪਰ ਸੂਝਵਾਨ ਨੌਜਵਾਨ ਲੋਕਤੰਤਰ ਦੀ ਰਾਖੀ ਕਰਨ ਲਈ ਦੇਸ਼ ਦੇ ਕੋਨੇ-ਕੋਨੇ ‘ਚ ਇੱਕ ਲਹਿਰ ਵਾਂਗ ਸੰਗਠਤ ਹੋ ਕੇ ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਸਾਹਮਣੇ ਆ ਰਹੇ ਹਨ। ਭਾਰਤੀ ਗਣਤੰਤਰ ਦੇ ਪੈਂਡੇ ਭਾਵੇਂ ਬਿਖੜੇ ਹਨ, ਔਖੇ ਹਨ, ਪਰ ਭਾਰਤੀ ਸੰਵਿਧਾਨ ਦੀ ਬਣਤਰ ਤੇ ਸਮਰੱਥਾ ਕੁਝ ਐਸੀ ਹੈ ਕਿ ਤਾਨਾਸ਼ਾਹ ਤਾਕਤਾਂ ਸ਼ਾਇਦ ਇਸ ਲਈ ਕਦੇ ਵੀ ਵੱਡਾ ਖ਼ਤਰਾ ਨਾ ਬਣ ਸਕਣ।