Breaking News
Home / ਰੈਗੂਲਰ ਕਾਲਮ / ਅਵਾਮ ਇਕਮੁੱਠ ਹੋਵੇ ਤਾਂ ਡੋਲ ਜਾਂਦਾ ਹੈ ਹਾਕਮਾਂ ਦਾ ਸਿੰਘਾਸਨ

ਅਵਾਮ ਇਕਮੁੱਠ ਹੋਵੇ ਤਾਂ ਡੋਲ ਜਾਂਦਾ ਹੈ ਹਾਕਮਾਂ ਦਾ ਸਿੰਘਾਸਨ

ਦੀਪਕ ਸ਼ਰਮਾ ਚਨਾਰਥਲ
ਕੀੜੀਆਂ ਦਾ ਇਕੱਠ ਕਿਸੇ ਭਾਰੀ ਚੀਜ਼ ਨੂੰ ਵੀ ਖਿੱਚਣ ਦਾ ਦਮ ਰੱਖਦਾ ਹੈ ਤੇ ਫਿਰ ਜੇ ਇਨਸਾਨ ਏਕਾ ਕਰ ਲੈਣ, ਜੇ ਅਵਾਮ ਇਕਮੁੱਠ ਹੋ ਜਾਵੇ ਤਾਂ ਫਿਰ ਹਾਕਮਾਂ ਦਾ ਸਿੰਘਾਸਨ ਵੀ ਡੋਲ ਸਕਦਾ ਹੈ, ਜੱਲ੍ਹਿਆਂਵਾਲਾ ਬਾਗ ਇਸਦੀ ਸਪੱਸ਼ਟ ਉਦਾਹਰਨ ਹੈ। ਪੰਜਾਬ ਦੀ ਧਰਤੀ ‘ਤੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿਖੇ ਬੇਗੁਨਾਹ ਨਿਹੱਥੇ ਦੇਸ਼ ਭਗਤਾਂ ‘ਤੇ ਫਰੰਗੀਆਂ ਨੇ ਗੋਲੀਆਂ ਵਰ੍ਹਾਈਆਂ ਤੇ ਜੱਲ੍ਹਿਆਂਵਾਲਾ ਬਾਗ ਦੁਨੀਆ ਦੇ ਨਕਸ਼ੇ ‘ਤੇ ਚਰਚਿਤ ਹੋ ਗਿਆ। ਪਰ ਜਿਨ੍ਹਾਂ ਫਰੰਗੀਆਂ ਨੇ ਭਾਰਤੀਆਂ ‘ਤੇ ਗੋਲੀਆਂ ਵਰ੍ਹਾਈਆਂ ਸਨ, ਉਨ੍ਹਾਂ ਫਰੰਗੀਆਂ ਦੀ ਭਾਸ਼ਾ ਹੀ ਜੱਲ੍ਹਿਆਂਵਾਲੇ ਬਾਗ ਵਿਚ ਸਾਈਨ ਬੋਰਡਾਂ ‘ਤੇ ਸਭ ਤੋਂ ਉਤੇ ਦਰਜ ਸੀ। ਫਿਰ ਜਦੋਂ ਅਵਾਮ ਨੇ ਆਵਾਜ਼ ਬੁਲੰਦ ਕੀਤੀ, ਮੀਡੀਆ, ਸ਼ੋਸ਼ਲ ਮੀਡੀਆ ਵਿਚ ਇਹ ਮਾਮਲਾ ਮੁੱਦਾ ਬਣ ਗਿਆ, ਆਖਰ ਸਬੰਧਤ ਵਿਭਾਗ ਨੂੰ ਜਾਂ ਸਰਕਾਰ ਨੂੰ ਗਲਤੀ ਸੁਧਾਰਨੀ ਪਈ ਤੇ ਅੱਜ ਉਥੇ ਨਵਾਂ ਬੋਰਡ ਲੱਗ ਗਿਆ ਹੈ, ਜਿਸ ਵਿਚ ਮਾਂ ਬੋਲੀ ਪੰਜਾਬੀ ਸਭ ਤੋਂ ਉਤੇ, ਫਿਰ ਹਿੰਦੀ ਅਤੇ ਫਿਰ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਸੰਪਰਕ ਭਾਸ਼ਾ ਵਜੋਂ ਤੀਜੇ ਨੰਬਰ ‘ਤੇ ਅੰਗਰੇਜ਼ੀ ਦਰਜ ਕੀਤੀ ਗਈ। ਕੁਝ ਅਜਿਹੀ ਹੀ ਮੰਗ ਪੰਜਾਬ ਭਰ ਵਿਚ ਲੱਗੇ ਸਾਈਨ ਬੋਰਡਾਂ ਨੂੰ ਲੈ ਕੇ ਵੀ ਉਠੀ ਹੈ, ਜਿਸ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ, ਬੇਸ਼ੱਕ ਰਫਤਾਰ ਧੀਮੀ ਹੈ। ਪਰ ਮਾਂ ਬੋਲੀ ਦੇ ਸਨਮਾਨ ਨੂੰ ਲੈ ਕੇ ਲੰਬੀ ਲੜਾਈ ਚੰਡੀਗੜ੍ਹ ਵਿਚ ਜਾਰੀ ਹੈ, ਜਿੱਥੇ ਦਫਤਰੀ ਤੇ ਕੰਮ ਕਾਜ ਦੀ ਭਾਸ਼ਾ ਦਾ ਦਰਜਾ ਅੰਗਰੇਜ਼ੀ ਨੂੰ ਦਿੱਤਾ ਗਿਆ ਹੈ ਤੇ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਇਸ ਲਈ ਜਿਸ ਦਿਨ ਚੰਡੀਗੜ੍ਹ ਦੇ ਨਾਗਰਿਕ, ਚੰਡੀਗੜ੍ਹ ਦੇ ਵਾਸ਼ਿੰਦੇ, ਇਸ ਖਿੱਤੇ ‘ਚੋਂ ਉਜਾੜੇ ਗਏ ਲੋਕ ਮਾਂ ਬੋਲੀ ਦੇ ਹੱਕ ਵਿਚ ਇਕਜੁਟ ਹੋ ਕੇ ਡਟ ਗਏ, ਉਸ ਦਿਨ ਫਿਰ ਹਾਕਮਾਂ ਦਾ ਸਿੰਘਾਸਨ ਡੋਲੇਗਾ ਤੇ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਹਾਸਲ ਹੋਵੇਗਾ। ਸੰਘਰਸ਼ ਲੰਬਾ ਜ਼ਰੂਰ ਹੈ ਪਰ ਜਿੱਤ ਅਸੰਭਵ ਨਹੀਂ। ਜ਼ਰੂਰਤ ਬਸ ਇਕਜੁੱਟਤਾ ਦੀ ਹੈ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 12ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ‘ਕੈਨੇਡੀਅਨ ਫੋਰਸਜ਼ ਬੇਸ’ ਕੀਲ ਸ਼ੈਪਰਡ …