Breaking News
Home / ਰੈਗੂਲਰ ਕਾਲਮ / ਪਹਿਲੀ ਪੋਸਟਿੰਗ

ਪਹਿਲੀ ਪੋਸਟਿੰਗ

ਜਰਨੈਲ ਸਿੰਘ
ਕਿਸ਼ਤ 13ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਤਾਂਬਰਮ (ਚੇਨਈ) ਵਿਚ ਕਨਵਰਸ਼ਨ ਕੋਰਸ
ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇਕੋ ਫਲਾਈਟ ਤੇ ਇਕੋ ਬੈਰਕ ਵਿਚ ਸਾਂ।
ਬੈਰਕ ਵਿਚਲੇ ਦੂਜੇ ਸੂਬਿਆਂ ਦੇ ਸੈਨਿਕ ਵੀ ਸਾਡੇ ਲਈ ਪਰਾਏ ਨਹੀਂ, ਆਪਣੇ ਹੀ ਸਨ। ਉਨ੍ਹਾਂ ਨਾਲ਼ ਸਿਰਫ਼ ਟਰੇਨਿੰਗ ਦੀ ਹੀ ਨਹੀਂ, ਖਾਣ-ਪੀਣ, ਕੰਮ-ਕਾਜ ਅਤੇ ਰਹਿਣ-ਬਹਿਣ ਦੀ ਨਿੱਤ-ਦਿਨ ਦੀ ਸਾਂਝ ਸੀ। ਇਹ ਸਾਂਝ ਸਾਡੇ ਸਾਰੇ ਟਰੇਨਿੰਗ ਸੈਂਟਰਾਂ ਅਤੇ ਹਵਾਈ-ਅੱਡਿਆਂ ‘ਚ ਪ੍ਰਚਲਤ ਸੀ। ਵੱਖਰਤਾਵਾਂ ਵੀ ਹੈਗੀਆਂ ਸਨ ਪਰ ਸਦਭਾਵਨਾ ਦੇ ਮਾਹੌਲ ‘ਚ ਵੱਖਰਤਾਵਾਂ ਵਿਚੋਂ ਵੀ ਅਪਣਾਪਨ ਹੀ ਝਲਕਦਾ ਸੀ।
ਸਾਡੀ 30 ਜਣਿਆਂ ਦੀ ਫਲਾਈਟ ਦਾ ਸੀਨੀਅਰਮੈਨ ਯੂ.ਪੀ ਦਾ ਵੀਰਭਾਨ ਸੀ। ਨਿਡਰ ਕਿਸਮ ਦਾ ਉਹ ਬੰਦਾ ਜ਼ਬਾਨ ਦਾ ਕੌੜਾ ਪਰ ਵਿਹਾਰ ਦਾ ਨਰਮ ਅਤੇ ਮੱਦਦਗਾਰ ਸੀ। ਨਿਡਰਤਾ ਦੇ ਆਵੇਸ਼ ‘ਚ ਹੋਈਆਂ ਗਲਤੀਆਂ ਕਾਰਨ ਉਹ ਕੁਝ ਕੁ ਵਾਰ ਸੀਖਾਂ ਪਿੱਛੇ ਵੀ ਜਾ ਚੁੱਕਾ ਸੀ। ਟਰੇਨਿੰਗ ਦਾ ਰੁਟੀਨ ਮੁੱਖ ਤੌਰ ‘ਤੇ ਗਰੁੱਪ-2 ਵਾਲ਼ਾ ਹੀ ਸੀ। ਸਾਰਾ ਕੋਰਸ ਤਿੰਨ-ਤਿੰਨ ਮਹੀਨਿਆਂ ਦੇ ਚਾਰ ਫੇਜ਼ਾਂ ਯਾਅਨੀ ਪੜਾਵਾਂ ਵਿਚ ਵੰਡਿਆ ਹੋਇਆ ਸੀ। ਹਰ ਫੇਜ਼ ਵਿਚੋਂ ਪਾਸ ਹੋਣਾ ਲਾਜ਼ਮੀ ਸੀ। ਪਹਿਲੇ ਫੇਜ਼ ਦੌਰਾਨ ਸਵੇਰੇ ਤਿੰਨ ਪੀਰੀਅਡ ਸਾਇੰਸ, ਐਡਵਾਂਸਡ ਅੰਗ੍ਰੇਜ਼ੀ ਤੇ ਹਵਾਬਾਜ਼ੀ ਬਾਰੇ ਸਨ ਅਤੇ ਬਾਅਦ ਦੇ ਪੀਰੀਅਡ ਸਾਡੀ ਟਰੇਡ ਬਾਰੇ। ਅਗਲੇ ਤਿੰਨ ਫੇਜ਼ਾਂ ‘ਚ ਇੰਜਣ ਟਰੇਡ ਦੀ ਵਿਕਸਤ ਟੈਕਨਾਲੋਜੀ ਪੜ੍ਹਾਈ ਜਾਣੀ ਸੀ।
ਅੰਗ੍ਰੇਜ਼ੀ ਦਾ ਇੰਸਟਰਕਟਰ ਫਲਾਈਟ ਲੈਫਟੀਨੈਂਟ ਛਾਬੜਾ ਸੀ। ਫੂੰ-ਫਾਂ ਤੋਂ ਰਹਿਤ ਉਹ ਵਧੀਆ ਅਫਸਰ ਸੀ। ਉਸਦੀ ਸ਼ਕਲ-ਸੂਰਤ ਪ੍ਰਸਿੱਧ ਫਿਲਮ ਐਕਟਰ ਸੁਨੀਲ ਦੱਤ ਨਾਲ਼ ਮਿਲਦੀ ਸੀ। ਕਲਾਸ ਦੇ ਪਹਿਲੇ ਦਿਨ ਉਸਨੇ ਹਰ ਟਰੇਨੀ ਦਾ ਨਾਂ ਤੇ ਉਸਦੇ ਸ਼ੌਕ ਬਾਰੇ ਪੁੱਛਿਆ। ਮੈਂ ਪੰਜਾਬੀ ਨਾਵਲ ਪੜ੍ਹਨ ਦਾ ਸ਼ੌਕ ਦੱਸਿਆ। ਨਾਵਲਕਾਰਾਂ ਦੇ ਨਾਂ ਪੁੱਛਣ ‘ਤੇ ਮੈਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਨਾਂ ਦੱਸੇ।
”ਨਾਨਕ ਸਿੰਘ ਦੇ ਕਿਹੜੇ ਨਾਵਲ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲ਼ਿਆ?”
”ਕਿਸੇ ਨੂੰ ਵੀ ਨਹੀਂ।” ਮੈਂ ਜਵਾਬ ਦਿੱਤਾ।
”ਇਕ ਮਿਆਨ ਦੋ ਤਲਵਾਰਾਂ ਨੂੰ। ਪਰਸੋਂ ਦੀ ਖ਼ਬਰ ਹੈ ਇਹ।” ਛਾਬੜਾ ਸਾਬ੍ਹ ਦੇ ਇਹ ਸ਼ਬਦ ਸੁਣ ਕੇ ਮੈਨੂੰ ਦੋਹਰੀ ਖੁਸ਼ੀ ਹੋਈ। ਪਹਿਲੀ ਖੁਸ਼ੀ ਇਹ ਕਿ ਪੁਰਸਕਾਰ ਯੋਗ ਕਿਤਾਬ ਨੂੰ ਦਿੱਤਾ ਗਿਆ ਸੀ। ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਹਕੀਕਤ ਅਤੇ ਕਲਪਨਾ ਦੇ ਸੁਮੇਲ ਵਾਲ਼ਾ ਇਹ ਪੁਖਤਾ ਨਾਵਲ ਮੈਂ ਪੜ੍ਹਿਆ ਹੋਇਆ ਸੀ। ਦੂਜੀ ਇਹ ਕਿ ਟਰੇਨਿੰਗ ਸੈਂਟਰ ਦੇ ਜਕੜਬੰਧ ਮਾਹੌਲ ਵਿਚ ਇਕ ਸਾਹਿਤਕ ਰੁਚੀਆਂ ਵਾਲ਼ਾ ਇਨਸਾਨ ਮਿਲ਼ ਪਿਆ ਸੀ।
ਪੀਰੀਅਡ ਤੋਂ ਬਾਅਦ ਉਸ ਨਾਲ਼ ਗੱਲਾਂ ਕਰਨ ‘ਤੇ ਪਤਾ ਲੱਗਾ ਕਿ ਉਸਨੇ ਨਾਨਕ ਸਿੰਘ ਦੇ ਕਈ ਨਾਵਲ ਪੜ੍ਹੇ ਹੋਏ ਸਨ। ਉਹ ਦਿੱਲੀ ਦਾ ਜੰਮਪਲ ਸੀ। ਉਸਦੀ ਪੰਜਾਬ ਦੇ ਪੇਂਡੂ ਜੀਵਨ ਬਾਰੇ ਜਾਣਨ ਦੀ ਇੱਛਾ ਭਾਂਪ ਕੇ ਮੈਂ ਉਸਨੂੰ ਕੰਵਲ ਦਾ ਨਾਵਲ ‘ਪੂਰਨਮਾਸ਼ੀ’ ਦਿੱਤਾ। ਉਸਨੂੰ ਪਸੰਦ ਆਇਆ। ਡਿੰਜਨ ‘ਚ ਜਮ੍ਹਾਂ ਕੀਤੇ ਨਾਵਲਾਂ ਦੇ ਸਟਾਕ ਵਿਚੋਂ ਬਹੁਤੇ ਮੈਂ ਉੱਥੋਂ ਦੇ ਕੁਝ ਸਾਹਿਤ ਪ੍ਰੇਮੀਆਂ ਨੂੰ ਦੇ ਆਇਆ ਸਾਂ। ਮੇਰੇ ਕੋਲ਼ ਕੰਵਲ ਦੇ ‘ਰਾਤ ਬਾਕੀ ਹੈ’ ‘ਪਾਲੀ’ ਤੇ ਗੁਰਦਿਆਲ ਸਿੰਘ ਦਾ ‘ਮੜ੍ਹੀ ਦਾ ਦੀਵਾ’ ਸਨ। ਛਾਬੜਾ ਨੇ ਸਾਰੇ ਪੜ੍ਹੇ। ‘ਰਾਤ ਬਾਕੀ ਹੈ’ ਤੇ ‘ਮੜ੍ਹੀ ਦਾ ਦੀਵਾ’ ਉਸਨੂੰ ਵਧੇਰੇ ਪਸੰਦ ਆਏ।
ਪਰੇਡ ਦਾ ਦਿਨ ਸੋਮਵਾਰ ਸੀ। ਪੀ.ਟੀ ਸ਼ਾਮ ਨੂੰ ਹਰ ਰੋਜ਼। ਪਰੇਡ ‘ਚੋਂ ਗੈਰਹਾਜ਼ਰ ਹੋਣਾ ਮੁਸ਼ਕਲ ਸੀ। ਪੀ.ਟੀ ‘ਚੋਂ ਟੁੱਭੀ ਮਾਰ ਜਾਂਦਾ ਸਾਂ। ਵੀਰਭਾਨ ਸਾਂਭ ਲੈਂਦਾ ਸੀ। ਕਿਟ ਲੇਅ ਆਊਟ ਪਹਿਲੀ ਟਰੇਨਿੰਗ ਵਾਂਗ ਹੀ ਕਰਨੀ ਪੈਂਦੀ ਸੀ।
ਕਨਵਰਸ਼ਨ ਕੋਰਸ ਵਾਲ਼ੇ ਟਰੇਨੀ, ਟਰੇਨਿੰਗ ਸੈਂਟਰ ਤੋਂ ਬਾਹਰ ਸਿਵਲ ਕੱਪੜਿਆਂ ‘ਚ ਜਾ ਸਕਦੇ ਸਨ। ਮੇਰੇ ਲਈ ਇਹ ਵੱਡੀ ਰਾਹਤ ਸੀ। ਵਰਦੀ ਦੀ ਅਹਿਮੀਅਤ ਮੈਂ ਸਮਝਦਾ ਸਾਂ। ਇਹਦੇ ਨਾਲ਼ ਮੇਰੀ ਰੋਟੀ-ਰੋਜ਼ੀ ਜੁੜੀ ਹੋਈ ਸੀ। ਇਹ ਮੇਰੀ ਨੌਕਰੀ ਦੀ ਪਛਾਣ ਵੀ ਸੀ। ਪਰ ਨੌਕਰੀ ਦੇ ਘੰਟਿਆਂ ਉਪ੍ਰੰਤ, ਸ਼ਹਿਰ ਵਿਚ ਘੁੰਮਦਿਆਂ-ਫਿਰਦਿਆਂ, ਤਨ ਉਤਲੀ ਵਰਦੀ ਮੇਰੇ ਮਨ ਵਿਚ ਬੇਗਾਨਗੀ ਦਾ ਅਹਿਸਾਸ ਪੈਦਾ ਕਰਦੀ ਸੀ। ਲੋਕਾਂ ਵਿਚ ਮੈਂ ਉਨ੍ਹਾਂ ਵਰਗਾ ਬਣ ਕੇ ਨਹੀਂ ਸੀ ਵਿਚਰ ਸਕਦਾ। ਟਰੇਨਿੰਗ ਸੈਂਟਰ ਤੋਂ ਬਾਹਰ ਮੇਰਾ ਪਹਿਲਾ ਗੇੜਾ ਮਰੀਨਾ ਬੀਚ ‘ਤੇ ਸੀ। ਮੈਨੂੰ ਇੰਜ ਲੱਗਾ ਜਿਵੇਂ ਸਮੁੰਦਰ ਮੈਨੂੰ ਉਡੀਕ ਰਿਹਾ ਹੋਵੇ। ਬੂਟ ਖੋਹਲ ਕੇ ਮੈਂ ਦੋ ਕਦਮ ਪਾਣੀ ਵਿਚ ਚਲਾ ਗਿਆ। ਹੱਥਾਂ ‘ਤੇ ਪਾਣੀ ਲੈ ਕੇ ਮੂੰਹ ਧੋਤਾ। ਉੱਭਰ ਕੇ ਆਈ ਛੱਲ ਨੇ ਮੈਨੂੰ ਗੋਡਿਆਂ ਤੱਕ ਭਿਉਂ ਦਿੱਤਾ… ਜਿਵੇਂ ਸਮੁੰਦਰ ਨੇ ਮੈਨੂੰ ‘ਜੀ ਆਇਆਂ’ ਆਖਿਆ ਹੋਵੇ। ਸਮੁੰਦਰ ਮੇਰੇ ਲਈ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਸੀ। ਉਤਸ਼ਾਹ ਦਾ ਸੋਮਾ ਸੀ।
ਪਹਿਲੀ ਟਰੇਨਿੰਗ ਦੌਰਾਨ ਅਸੀਂ ‘ਅਡਿਆਰ ਬੀਚ’ ‘ਤੇ ਨਹੀਂ ਸੀ ਜਾ ਸਕੇ। ਉਸ ਇਲਾਕੇ ਵਿਚ ਜ਼ਿਆਦਾ ਐਂਗਲੋ-ਇੰਡੀਅਨ ਵਸਦੇ ਸਨ। ਅੰਗ੍ਰੇਜ਼ਾਂ ਦੇ ਰਾਜ ਦੌਰਾਨ ਜਿਨ੍ਹਾਂ ਗੋਰੇ-ਗੋਰੀਆਂ ਨੇ ਤਾਮਿਲ ਔਰਤਾਂ-ਮਰਦਾਂ ਨਾਲ਼ ਵਿਆਹ ਕੀਤੇ ਉਨ੍ਹਾਂ ਦੀ ਔਲਾਦ ਸਨ ਉਹ ਲੋਕ। ਤਾਮਿਲਾਂ ਦੇ ਮੁਕਾਬਲੇ ਉਨ੍ਹਾਂ ਦਾ ਰੰਗ ਗੋਰਾ ਸੀ। ਉਨ੍ਹਾਂ ਦੀ ਜੀਵਨ-ਸ਼ੈਲੀ ਵੀ ਮੁੱਖ ਤੌਰ ‘ਤੇ ਗੋਰਿਆਂ ਵਾਲ਼ੀ ਸੀ। ਔਰਤਾਂ ਤੇ ਉਨ੍ਹਾਂ ਦੇ ਮਰਦ ਸਾਥੀ ਐਤਵਾਰਾਂ ਨੂੰ ‘ਅਡਿਆਰ ਬੀਚ’ ‘ਤੇ ਤੈਰਨ ਆਇਆ ਕਰਦੇ ਸਨ। ਇਕ ਐਤਵਾਰ ਸਾਡਾ ਪ੍ਰੋਗਰਾਮ ਬਣ ਗਿਆ। ਇਲੈਕਟ੍ਰਿਕ ਟਰੇਨ ਫੜ ਕੇ ਅਸੀਂ ਮਾਂਬਲਮ ਸਟੇਸ਼ਨ ‘ਤੇ ਉੱਤਰ ਗਏ। ਓਥੋਂ ਥੋੜ੍ਹੀ ਕੁ ਵਾਟ ਪੈਦਲ ਚੱਲ ਕੇ ਬੀਚ ‘ਤੇ ਜਾ ਪਹੁੰਚੇ।
ਸਵਿਮ-ਸੂਟਾਂ ਤੇ ਬਿਕਨੀਆਂ ‘ਚ ਤੈਰ ਰਹੀਆਂ ਅਤੇ ਰੇਤਾ ‘ਚ ਲੇਟ ਕੇ ਧੁੱਪ-ਇਸ਼ਨਾਨ ਕਰ ਰਹੀਆਂ ਅੱਧਨੰਗੀਆਂ ਔਰਤਾਂ ਦਾ ਉਤੇਜਿਕ ਨਜ਼ਾਰਾ ਅਸੀਂ ਜ਼ਿੰਦਗੀ ‘ਚ ਪਹਿਲੀ ਵਾਰ ਦੇਖ ਰਹੇ ਸਾਂ। ਔਰਤ ਦੇ ਅੰਗਾਂ ਵੱਲ ਝਾਕਣ ਦੀ ਫਿਤਰਤ ਮਰਦ ਜਾਤੀ ਅੰਦਰ ਮੁੱਢ ਕਦੀਮ ਤੋਂ ਚਲੀ ਆ ਰਹੀ ਹੈ। ਮੇਰੀ ਜਾਚੇ ਖੂਬਸੂਰਤੀ ਨੂੰ ਸਲੀਕੇ ਨਾਲ਼ ਵੇਖ ਲੈਣਾ ਮਾੜੀ ਗੱਲ ਨਹੀਂ। ਸੋ ਅਸੀਂ ਸਲੀਕੇ ਨਾਲ਼ ਬੀਚ ‘ਤੇ ਗੇੜਾ ਕੱਢਿਆ ਤੇ ਵਾਪਸ ਟੁਰ ਪਏ। ਪਰ ਦੋਸਤਾਂ ਵਿਚ ਬੀਚ ਦੇ ਲੁਭਾਵਣੇ ਦ੍ਰਿਸ਼ ਨੂੰ ਮੁੜ ਵੇਖਣ ਦੀ ਲਾਲਸਾ ਪੈਦਾ ਹੋ ਗਈ।
ਅਗਲੇ ਐਤਵਾਰ ਉਨ੍ਹਾਂ ਨੇ ਬੀਚ ‘ਤੇ ਤੈਰਨ ਦਾ ਪ੍ਰੋਗਰਾਮ ਬਣਾ ਲਿਆ। ਨਰਿੰਦਰ ਤੈਰਨਾ ਜਾਣਦਾ ਸੀ। ਜ਼ਿਆਦਾ ਉਤਾਵਲਾ ਵੀ ਉਹੀ ਸੀ। ਮੈਂ ਤੇ ਮਨਜੀਤ ਨੇ ਨਾਂਹ ਕਰ ਦਿੱਤੀ। ਆਸਾਮ ਦੀ ਨਦੀ ਵਿਚ ਮੌਤ ਦੇ ਮੂੰਹ ‘ਚੋਂ ਮੁੜਨ ਵਾਲ਼ੀ ਘਟਨਾ ਸਾਨੂੰ ਭੁੱਲੀ ਨਹੀਂ ਸੀ।
ਨਰਿੰਦਰ ਕਹਿਣ ਲੱਗਾ, ”ਤੁਸੀਂ ਬਾਹਰ ਬੈਠੇ ਰਿਹੋ। ਬੰਤ ਤੇ ਹਰਚਰਨ ਦਾ ਮੂਡ ਹੈਗਾ ਵਾ ਪਰ ਇਹ ਡੂੰਘੇ ਪਾਣੀ ‘ਚ ਨਹੀਂ ਜਾਣਗੇ। ਮੁੜ ਕੇ ਆਉਂਦਿਆਂ ਆਪਾਂ ਪੰਜਾਬੀ ਰੈਸਟੋਰੈਂਟ ‘ਚ ਖਾਣਾ ਖਾਵਾਂਗੇ।” ਰੈਸਟੋਰੈਂਟ ਦਾ ਪ੍ਰੋਗਰਾਮ ਸੁਣ ਕੇ ਮੇਰਾ ਤੇ ਮਨਜੀਤ ਦਾ ਮੂਡ ਵੀ ਬਣ ਗਿਆ। ਅਸੀਂ ਮੈੱਸ ਦੇ ਖਾਣਿਆਂ ਤੋਂ ਅੱਕ ਕੇ ਕਦੀ-ਕਦੀ ਉਸ ਰੈਸਟੋਰੈਂਟ ‘ਚ ਚਲੇ ਜਾਂਦੇ ਸਾਂ। ਬੀਚ ‘ਤੇ ਪਹੁੰਚ ਮੈਂ ਤੇ ਮਨਜੀਤ ਹਟਵੇਂ ਥਾਂ ਬੈਠ ਗਏ। ਉਹ ਤਿੰਨੇ ਤੌਲੀਏ-ਕਛਹਿਰੇ ਲੈ ਕੇ ਗਏ ਸਨ। ਕੱਪੜੇ ਉਤਾਰ ਕੇ ਉਹ ਸਮੁੰਦਰ ‘ਚ ਜਾ ਵੜੇ। ਬੰਤ ਤੇ ਹਰਚਰਨ ਥੋੜ੍ਹੇ-ਥੋੜ੍ਹੇ ਪਾਣੀ ‘ਚ ਲੱਤਾਂ-ਬਾਹਾਂ ਮਾਰਦੇ ਰਹੇ। ਉਹ ਢੰਗ ਨਾਲ਼ ਔਰਤਾਂ ਦੇ ਜਿਸਮਾਂ ਕੰਨੀ ਝਾਕ ਲੈਂਦੇ। ਨਰਿੰਦਰ ਡੂੰਘੇ ਪਾਣੀ ‘ਚ ਸੀ। ਝਾਕਣ ਦੇ ਮਾਮਲੇ ਵਿਚ ਉਹ ਜ਼ਿਆਦਾ ਲਾਲਚੀ ਸੀ। ਤਾਰੀਆਂ ਲਾਉਂਦਾ ਉਹ ਔਰਤਾਂ-ਮਰਦਾਂ ਦੇ ਨੇੜੇ ਚਲਾ ਜਾਂਦਾ।
ਮੇਰੀ ਤੇ ਮਨਜੀਤ ਦੀ ਬੀਚ ‘ਤੇ ਸੈਰ ਕਰਨ ਦੀ ਸਲਾਹ ਬਣ ਗਈ। ਅਸੀਂ ਉੱਠੇ ਹੀ ਸਾਂ ਕਿ ਨਰਿੰਦਰ ਨੇ ਹੋਰ ਹੀ ਕਾਰਾ ਕਰ ਦਿੱਤਾ। ਬਿਕਨੀ ਵਾਲ਼ੀ ਇਕ ਸੁਹਣੀ ਔਰਤ ਬੀਚ ਦੀ ਰੇਤ ‘ਤੇ ਲੇਟੀ ਧੁੱਪ-ਇਸ਼ਨਾਨ ਕਰ ਰਹੀ ਸੀ। ਨਰਿੰਦਰ ਪਾਣੀ ‘ਚੋਂ ਨਿੱਕਲ਼ ਉਸਦੇ ਬਰਾਬਰ ਜਾ ਲੇਟਿਆ। ”ਬੀਹੇਵ ਯੁਅਰਸੈਲਫ” ਆਖ ਨਜ਼ਰਾਂ ਨਾਲ਼ ਝਾੜ ਜਿਹੀ ਪਾਉਂਦਿਆਂ ਉਹ ਉੱਠ ਕੇ ਪਾਣੀ ‘ਚ ਜਾ ਵੜੀ। ਅਸੀਂ ਹੈਰਾਨ-ਪ੍ਰੇਸ਼ਾਨ। ਉਸਦਾ ਪਤੀ ਨਾਲ਼ ਨਹੀਂ ਸੀ। ਵਰਨਾ ਗੱਲ ਵਧ ਜਾਣੀ ਸੀ। ਨਿੰਮੋਝੂਣਾ ਹੋਇਆ ਨਰਿੰਦਰ ਸਾਡੇ ਕੋਲ਼ ਆ ਗਿਆ। ਬੰਤ ਤੇ ਹਰਚਰਨ ਵੀ ਫਟਾਫਟ ਆ ਗਏ। ”ਕੱਪੜੇ ਪਾਓ, ਆਪਾਂ ਕੂਚ ਕਰੀਏ।” ਮੈਂ ਆਖਿਆ। ਕਪੜੇ ਪਹਿਨ ਕੇ ਉਨ੍ਹਾਂ ਬੈਗ ਉਠਾਏ ਤੇ ਅਸੀਂ ਚੱਲ ਪਏ।
”ਨਰਿੰਦਰ ਤੂੰ ਬਹੁਤ ਵੱਡੀ ਗਲਤੀ ਕੀਤੀ ਐ।” ਮੈਂ ਉਸ ਨੂੰ ਕੋਸਿਆ।
”ਸ਼ੁਕਰ ਐ ਕਿਤੇ ਹੱਥ ਨ੍ਹੀਂ ਫੇਰਨ ਲੱਗ ਪਿਆ।” ਹਰਚਰਨ ਨੇ ਚੋਭ ਲਾਈ।
”ਓਏ ਮੈਂ ਏਨਾ ਸ਼ੁਦਾਈ ਆਂ।” ਨਰਿੰਦਰ ਨੇ ਸਫਾਈ ਦਿੱਤੀ। ”ਏਨਾ ਨਹੀਂ ਥੋੜ੍ਹਾ ਤਾਂ ਹੈਗਾ ਈ ਐਂ।” ਮਨਜੀਤ ਨੇ ਆਖਿਆ।
”ਸ਼ੁਦਾਈ ਅਸੀਂ ਸਾਰੇ ਈ ਆਂ। ਦੇਖੋ! ਇਹ ਬੀਚ ਤੈਰਨ ਵਾਸਤੇ ਐ। ਐਂਗਲੋ ਤੈਰਨ ਆਉਂਦੇ ਆ। ਉਨ੍ਹਾਂ ਦੀ ਕਲਚਰ ਆ ਇਹ। ਤੈਰਨ ਵਾਸਤੇ ਸਾਨੂੰ ਵੀ ਮਨਾਹੀ ਨਹੀਂ ਪਰ ਅਸੀਂ ਤੈਰਨ ਲਈ ਨਹੀਂ ਆਉਂਦੇ। ਜਿਹੜੇ ਕੰਮ ਲਈ ਆਉਨੇ ਆਂ, ਇਹ ਆਪਾਂ ਨੂੰ ਸੋਭਾ ਨਹੀਂ ਦਿੰਦਾ। ਸਾਡੇ ਸਿਰਾਂ ‘ਤੇ ਪੱਗਾਂ ਆਂ। ਸਾਨੂੰ ਇਨ੍ਹਾਂ ਦਾ ਖਿਆਲ ਰੱਖਣਾ ਚਾਹੀਦੈ।”
”ਓਏ ਜਰਨੈਲ! ਤੂੰ ਤਾਂ ਬੜੀਆਂ ਸਿਆਣੀਆਂ ਗੱਲਾਂ ਕਰ ਰਿਹੈਂ।” ਬੰਤ ਬੋਲਿਆ।
”ਆਸਾਮ ‘ਚ ਇਹ ਗੱਡਾ ਨਾਵਲਾਂ ਦਾ ਪੜ੍ਹ ਕੇ ਆਇਐ।” ਮਨਜੀਤ ਨੇ ਦੱਸਿਆ।
”ਅੱਖਾਂ ਤਾਂ ਇਹ ਵੀ ਤੱਤੀਆ ਕਰ ਰਹੇ ਸੀ।” ਨਰਿੰਦਰ ਦਾ ਇਸ਼ਾਰਾ ਹਰਚਰਨ ਤੇ ਬੰਤ ਵੱਲ ਸੀ।
”ਥੋੜ੍ਹੀ ਕੁ ਗਲਤੀ ਸਾਡੀ ਵੀ ਐ।” ਹਰਚਰਨ ਬੋਲਿਆ।
ਮੈਨੂੰ ਬਾਪੂ ਜੀ ਦੀ ਗੱਲ ਯਾਦ ਆ ਗਈ। ਮੈਂ ਉਹ ਦੱਸਣ ਲੱਗ ਪਿਆ, ”ਗਲਤੀਆਂ ਦੇ ਮਾਮਲੇ ‘ਚ ਮੇਰੇ ਬਾਪੂ ਜੀ ਨੇ ਦੱਸਿਆ ਸੀ ਪਈ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ।” ”ਕਿਹੜੇ-ਕਿਹੜੇ।” ਬੰਤ ਨੇ ਹੁੰਗਾਰਾ ਭਰਿਆ।
”ਇਕ ਉਹ, ਜਿਹੜੇ ਦੂਜਿਆਂ ਦੀਆਂ ਗਲਤੀਆਂ ਦੇਖ ਕੇ ਹੀ ਸਾਵਧਾਨ ਹੋ ਜਾਂਦੇ ਆ। ਦੂਜੇ ਉਹ, ਜਿਹੜੇ ਆਪਣੀ ਗਲਤੀ ਤੋਂ, ਅਗਾਂਹ ਵਾਸਤੇ ਸਬਕ ਸਿੱਖ ਲੈਂਦੇ ਆ। ਤੀਜੇ ਉਹ ਜਿਹੜੇ ਮੁੜ-ਮੁੜ ਗਲਤੀਆਂ ਕਰੀ ਜਾਂਦੇ ਆ, ਸੁਧਰਨ ਦੀ ਕੋਸ਼ਿਸ਼ ਹੀ ਨ੍ਹੀਂ ਕਰਦੇ। ਆਪਾਂ ਕਿਹੜੇ ਬਣਨੈ, ਸੋਚ ਲਓ ਸੱਜਣੋ!”
ਮਾਂਬਲਮ ਰੇਲਵੇ ਸਟੇਸ਼ਨ ਤੋਂ ਰੇਲ ‘ਚ ਬੈਠਦਿਆਂ ਹਰਚਰਨ ਨੇ ਮੱਠੀ ਪੈ ਚੁੱਕੀ ਗੱਲ ‘ਤੇ ਫਿਰ ਚੰਗਿਆੜੀ ਸੁੱਟ ਦਿੱਤੀ, ”ਨਰਿੰਦਰ ਦੀ ਗੱਲ ਤਾਂ ਬਣ ਜਾਣੀ ਸੀ ਕਮਲ਼ਾ ਕਾਹਲ਼ੀ ਕਰ ਗਿਐ।”
”ਗੱਲ ਅੱਖ-ਮਟੱਕੇ ਨਾਲ਼ ਸ਼ੁਰੂ ਹੋਣੀ ਚਾਹੀਦੀ ਸੀ।” ਮੀਸਣੀ ਜਿਹੀ ਮੁਸਕਰਾਹਟ ਵਿਚੀਂ ਬੰਤ ਬੋਲਿਆ।”
”ਸਾਡੇ ਭਰਾ ਦੀਆਂ ਅੱਖਾਂ ਮੀਚਵੀਆਂ ਜਿਹੀਆਂ ਆਂ। ਅੱਖ ਮਾਰੀ ਦਾ ਅਗਲੀ ਨੂੰ ਪਤਾ ਨਹੀਂ ਸੀ ਲੱਗਣਾ।” ਮਨਜੀਤ ਨੇ ਅੱਖਾਂ ‘ਚੁੰਨ੍ਹੀਆਂ’ ਕਹਿਣ ਦੀ ਬਜਾਇ ਮੀਚਵੀਆਂ ਕਹਿ ਕੇ ਵਿਅੰਗ ਦੀ ਚੋਭ ਮੱਠੀ ਕਰ ਦਿੱਤੀ। ਅਸੀਂ ਆਪਣਾ ਹਾਸਾ ਵੀ ਮਿਨ੍ਹਾਂ-ਮਿਨ੍ਹਾਂ ਹੀ ਰੱਖਿਆ।
”ਇਹਦਾ ਇਲਾਜ ਤਾਂ ਹੋ ਸਕਦਾ ਸੀ।” ਮੈਂ ਆਖਿਆ।
”ਉਹ ਕਿਵੇਂ?” ਹਰਚਰਨ ਨੇ ਪੁੱਛਿਆ।
”ਅੱਖ ਦੇ ਨਾਲ਼ ਸੀਟੀ ਮਾਰ ਦਿਆ ਕਰਦਾ। ਇਹਦੀ ਸੀਟੀ ਬੜੀ ਖਿੱਚਵੀਂ ਆਂ।” ਸਾਰੇ ਹੱਸ ਪਏ।
”ਕਿੰਨਾ ਵਧੀਆ ਤਰੀਕਾ ਸੀ। ਕਮਲ਼ੇ ਨੇ ਵਰਤਿਆ ਨਹੀਂ। ਜੇ ਕਿਤੇ ਅੱਖ ਦੇ ਨਾਲ਼ ਖਿੱਚਵੀਂ ਸੀਟੀ ਮਾਰੀਓ ਹੁੰਦੀ ਤਾਂ ਹੁਣ ਤੱਕ ਕਦੋਂ ਦਾ ਪੇਚਾ ਲੜ ਗਿਆ ਹੁੰਦਾ।” ਮਨਜੀਤ ਦੀ ਗੱਲ ‘ਤੇ ਫਿਰ ਹਾਸੜ ਮੱਚ ਗਈ। ਨਰਿੰਦਰ ਵੀ ਆਪਣਾ ਹਾਸਾ ਰੋਕ ਨਾ ਸਕਿਆ। ਫਿਰ ਅਪਣਤ ਅਤੇ ਗੁੱਸੇ ਦੇ ਰਲਵੇਂ ਅੰਦਾਜ਼ ‘ਚ ਬੋਲਿਆ, ”ਹੁਣ ਬੱਸ ਵੀ ਕਰੋ ਪਤੰਦਰੋ।”
ਐਗਮੋਰ ਸਟੇਸ਼ਨ ‘ਤੇ ਉੱਤਰ ਕੇ ਅਸੀਂ ਪੰਜਾਬੀ ਰੈਸਟੋਰੈਂਟ ‘ਚ ਜਾ ਵੜੇ। ਤਰੀ ਵਾਲ਼ਾ ਚਿਕਨ, ਦਹੀਂ-ਭੱਲੇ ਤੇ ਚਪਾਤੀਆਂ ਦੇ ਜ਼ਾਇਕੇਦਾਰ ਭੋਜਨ ਦਾ ਅਨੰਦ ਮਾਣ ਕੇ ਮੁੜ ਰੇਲ ‘ਚ ਬੈਠ ਗਏ।

(ਚਲਦਾ)

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …