ਸੱਧਰਾਂ ਨੂੰ ਲਾਂਬੂ ਲਾ ਕੇ ਦੂਰ ਹੋ ਗਿਆ।
ਕਿਸੇ ਹੋਰ ਦੀਆਂ ਅੱਖਾਂ ਦਾ ਨੂਰ ਹੋ ਗਿਆ।
ਚੋਗ ਚੁਗ ਲਏ ਬਥੇਰੇ, ਤਲੀਆਂ ਤੋਂ ਸਾਡੇ,
ਕੀ ਹੋ ਗਿਆ ਜੇ ਉਹ ਮਸ਼ਹੂਰ ਹੋ ਗਿਆ।
ਪਤਾ ਲੱਗ ਜਾਊਗਾ ਜਦੋਂ ਮਰ ਮੁੱਕੇ ਚਾਅ,
ਅਜੇ ਸ਼ੌਹਰਤਾਂ ਦੇ ਨਸ਼ੇ ਦਾ ਸਰੂਰ ਹੋ ਗਿਆ।
ਗੁੱਡੀ ਚੜ੍ਹੀ ਅਸਮਾਨੀ ਡਿੱਗ ਪੈਂਦੀ ਥੱਲੇ,
ਫੇਰ ਪੁੱਛਦਾ ਰਹੀਂ ਕੀ ਕਸੂਰ ਹੋ ਗਿਆ।
ਨਾ ਦੋਸ਼ ਕਿਸੇ ਦਾ ਮਿਲੇ ਲਿਖਿਆ ਨਸੀਬਾਂ।
ਜ਼ਮਾਨੇ ਦਾ ਵੀ ਏਹੀ ਦਸਤੂਰ ਹੋ ਗਿਆ।
ਕੀਮਤੀ ਪੱਥਰ ਵੀ ਵਿਕੇ ਕੌਡੀਆਂ ਦੇ ਭਾਅ,
ਐਵੇਂ ਸਮਝੇ ਨਾ ਕੋਈ ਕੋਹਿਨੂਰ ਹੋ ਗਿਆ।
ਇੱਕ ਅੱਟੀ ਮੁੱਲ ਪਿਆ ਰੂਪ ਦਾ ਅਖੀਰ,
ਕਦੇ ਲਾਲ ਵੀ ਬਜ਼ਾਰਾਂ ‘ਚ ਮਨੂਰ ਹੋ ਗਿਆ।
ਸ਼ੀਸ਼ਾ ਬੋਲਦਾ ਨਾ ਝੂਠ ਦੱਸ ਦਿੰਦਾ ਏ ਔਕਾਤ,
ਪਤਾ ਲੱਗ ਜਾਂਦਾ ਆਪੇ ਜੋ ਗ਼ਰੂਰ ਹੋ ਗਿਆ।
ਲੱਭਦੈਂ ਕਿਉਂ ਹੁਣ ਤੂੰ ਅਤੀਤ ਗੁਆਚਾ,
ਕਿਉਂ ਗੁੰਮਨਾਮ ਲੱਭਣਾ ਜਰੂਰ ਹੋ ਗਿਆ।
– ਸੁਲੱਖਣ ਮਹਿਮੀ
+647-786-6329