Breaking News
Home / ਰੈਗੂਲਰ ਕਾਲਮ / ਵਿਗਿਆਨ – ਗਲਪ ਕਹਾਣੀ

ਵਿਗਿਆਨ – ਗਲਪ ਕਹਾਣੀ

ਕਿਸ਼ਤ 2
ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ
ਡਾ. ਡੀ ਪੀ ਸਿੰਘ
416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
“ਨਹੀਂ। ਪਰ ਇਨ੍ਹਾਂ ਦੋਨੋਂ ਵਿਧੀਆਂ ਦਾ ਨਤੀਜਾ ਇਕੋ ਜਿਹਾ ਹੀ ਹੁੰਦਾ ਹੈ।” ਬਾਂਦਰਾਂ ਨੇ ਜਵਾਬ ਦਿੱਤਾ। “ਅਸੀਂ ਜਾਣਦੇ ਹਾਂ ਕਿ ਤੁਹਾਨੂੰ ਇੰਝ ਲੱਗ ਰਿਹਾ ਹੈ ਜਿਵੇਂ ਅਸੀਂ ਤੁਹਾਡੇ ਨਾਲ ਪੰਜਾਬੀ ਵਿਚ ਗੱਲ ਕਰ ਰਹੇ ਹੋਈਏ।
ਸਿਵਾਏ ਉਹ ਪਰ੍ਹੇ ਖੜੇ ਮਨੁੱਖ ਦੇ ਜੋ ਸੋਚਦਾ ਹੈ ਕਿ ਅਸੀਂ ‘ਨਾਵਾਹੋ'(ਂਅਵਅਜੋ) ਬੋਲ ਰਹੇ ਹਾਂ।”
“ਸਾਡੀ ਆਵਾਜ਼ ਤੁਹਾਨੂੰ ਕਿੰਝ ਦੀ ਲਗ ਰਹੀ ਹੈ।” ਮਨੁੱਖਾਂ ਨੇ ਪੁੱਛਿਆ।
“ਤੁਹਾਡੀ ਆਵਾਜ਼ ਤਾਂ ਇੰਝ ਹੈ, ਜਿਵੇਂ ਪੇਟ ਖਰਾਬ ਹੋਣ ਉੱਤੇ ਇਸ ‘ਚੋਂ ਗੜਗੜ ਦੀ ਆਵਾਜ਼ ਆਉਂਦੀ ਹੈ।”
“ਬਹੁਤ ਦਿਲਚਸਪ ਗੱਲ ਹੈ।” ਮਨੁੱਖਾਂ ਨੇ ਕਿਹਾ, ਪਰ ਨਿੱਜੀ ਤੌਰ ਉੱਤੇ ਇਹ ਸੋਚ ਰਹੇ ਸਨ ਕਿ ਅਜਿਹਾ ਵਰਤਾਰਾ ਦਿਲਚਸਪ ਨਹੀਂ ਸਗੋਂ ਬਹੁਤ ਭੈੜੀ ਗੱਲ ਸੀ।
“ਕੀ ਤੁਸੀਂ ਜਾਣਦੇ ਹੋ ਕਿ ਸੱਭ ਤੋਂ ਦਿਲਚਸਪ ਗੱਲ ਕੀ ਹੈ?” ਬਾਂਦਰਾਂ ਨੇ ਗੱਲ ਅੱਗੇ ਤੋਰਦੇ ਹੋਏ ਕਿਹਾ। “ਇਹ ਤੱਥ ਬਹੁਤ ਹੀ ਦਿਲਚਸਪ ਹੈ ਕਿ ਤੁਹਾਡੇ ਨਾਲ ਨੇਟਿਵ ਅਮੇਰੇਕਿਨ ਇੰਡੀਅਨ ਵੀ ਮੌਜੂਦ ਹੈ।” ਉਨ੍ਹਾਂ ਦੇਖਿਆ ਕਿ ਮਨੁੱਖਾਂ ਨੂੰ ਉਨ੍ਹਾਂ ਦੀ ਗੱਲ ਦੀ ਸਮਝ ਨਹੀਂ ਲੱਗੀ। ਇਸ ਲਈ ਉਹ ਬੋਲਦੇ ਰਹੇ, “ਅਸੀਂ ਸਦਾ ਸੋਚਦੇ ਸਾਂ ਕਿ ਸਾਡੀ ਦੌੜ ਨੇਟਿਵ ਅਮੇਰੀਕਨ ਇੰਡੀਅਨਾਂ ਨਾਲ ਲੱਗੀ ਹੋਈ ਹੈ ਕਿ ਸਾਡੇ ਦੋਨਾਂ ਵਿਚੋਂ ਪਹਿਲਾਂ ਕਿਹੜਾ ਮਲੀਆਮੇਟ ਹੋ ਜਾਵੇਗਾ। ਅਸੀਂ ਤਾਂ ਖੁੱਦ ਨੂੰ ਪਸ਼ੂ਼ ਜਗਤ ਦੇ ਨੇਟਿਵ ਅਮੇਰੇਕਿਨ ਇੰਡਿਅਨ ਸਮਝਦੇ ਰਹੇ ਹਾਂ।”
ਉਹ ਮੁੜੇ ਅਤੇ ਨੇਟਿਵ ਅਮੇਰੇਕਿਨ ਆਦਮੀ ਵੱਲ ਮੂੰਹ ਕਰ ਕੇ ਬੋਲੇ, “ਕੀ ਨੇਟਿਵ ਅਮੇਰੇਕਿਨ ਇੰਡਿਅਨ ਵੀ ਆਪਣੇ ਆਪ ਨੂੰ ਮਨੁੱਖ ਜਗਤ ਦੇ ਬਾਂਦਰ ਸਮਝਦੇ ਹਨ?” “ਨਹੀਂ, ਤਦ ਤਕ ਤਾਂ ਨਹੀਂ, ਜਦ ਤਕ ਤੁਸੀਂ ਇਸ ਤੱਥ ਦਾ ਜ਼ਿਕਰ ਨਹੀਂ ਸੀ ਕੀਤਾ।” ਨੇਟਿਵ ਅਮੇਰੇਕਿਨ
ਆਦਮੀ ਨੇ ਕਿਹਾ। ਉਹ ਅਚਾਨਕ ਹੀ ਖੁੱਦ ਨੂੰ ਇਸ ਤੱਥ ਦੀ ਸਚਾਈ ਨਾਲ ਸਹਿਮਤ ਹੁੰਦਾ ਮਹਿਸੂਸ ਕਰ ਰਿਹਾ
ਸੀ।
1492 – 1900 A.D.
ਖੋਜੀਆਂ ਅਨੁਸਾਰ ਸੰਨ 1492 ਵਿਚ ਨੇਟਿਵ ਅਮੇਰੇਕਿਨ ਇੰਡਿਅਨਾਂ ਦੀ ਜਨਸੰਖਿਆ ਲਗਭਗ 12 ਮਿਲੀਅਨ ਸੀ। ਸੰਨ 1493 ਵਿਚ ਜਦੋਂ ਸਮੁੰਦਰੀ ਜਹਾਜ਼ਰਾਨ ਕੋਲੰਬਸ ਅਮੇਰੇਕਿਨ ਉਪ ਮਹਾਂਦੀਪ ਵਿਚ ਪੁੱਜਾ ਤਾਂ ਸਾਮਰਾਜਵਾਦ ਦੇ ਪ੍ਰਸਾਰ ਦੀ ਨੀਤੀ ਹੇਠ, ਨੇਟਿਵ ਅਮੇਰੇਕਿਨ ਲੋਕਾਂ ਦੀ ਜੋ ਨਸਲਕੁਸ਼ੀ ਹੋਈ, ਉਸ ਦੇ ਫਲਸਰੂਪ ਸੰਨ 1900 ਤਕ ਨੇਟਿਵ ਅਮੇਰੇਕਿਨ ਲੋਕਾਂ ਦੀ ਜਨਸੰਖਿਆ ਘਟ ਕੇ ਸਿਰਫ਼ 237 ਹਜ਼ਾਰ ਹੀ ਰਹਿ ਗਈ।
“ਇਹ ਉਸ ਦਾ ਕਸੂਰ ਨਹੀਂ ਹੈ ਕਿ ਉਹ ਨੇਟਿਵ ਅਮੇਰੇਕਿਨ ਇੰਡਿਅਨ ਹੈ, ਠੀਕ ਉਵੇਂ ਹੀ ਜਿਵੇਂ ਕਿ ਇਹ ਤੁਹਾਡਾ ਕਸੂਰ ਨਹੀਂ ਕਿ ਤੁਸੀਂ ਬਾਂਦਰ ਹੋ।” ਬਾਕੀ ਮਨੁੱਖਾਂ ਦੇ ਬੋਲ ਸਨ। “ਸਾਨੂੰ, ਤੁਸਾਂ ਦੋਹਾਂ ਵਿਰੁੱਧ ਕੋਈ ਵੀ ਗਿਲਾ ਸ਼ਿਕਵਾ ਨਹੀਂ।”
“ਬਹੁਤ ਮੁਸ਼ਕਲ ਹੈ ਤੁਹਾਡੀ ਗੱਲ ਉੱਤੇ ਵਿਸ਼ਵਾਸ ਕਰਨਾ।” ਬਾਂਦਰਾਂ ਨੇ ਕਿਹਾ।
“ਕੋਈ ਸ਼ੱਕ?” ਮਨੁੱਖਾਂ ਨੇ ਕਿਹਾ। “ਚਲੋ ਅਮੇਰਿਕਾ ਵਾਲੇ ਬੁਰੇ ਇੰਡੀਅਨਾਂ ਦੀ ਗੱਲ ਛੱਡਦੇ ਹੋਏ, ਜ਼ਰਾ ਇਹ ਤੱਥ ਵਿਚਾਰ ਲਵੋ। ਇੰਡੀਅਨ, ਭਾਵ ਚੰਗੇ ਇੰਡੀਅਨ, ਜੋ ਕਿ ਇੰਡੀਆ (ਭਾਰਤ) ਦੇ ਵਾਸੀ ਸਨ, ਉਹ ਬਾਂਦਰ ਜਾਤੀ ਦੇ ਵਿਲੱਖਣ ਯੋਧੇ ਹਨੂੰਮਾਨ ਦੀ ਪੂਜਾ ਕਰਦੇ ਸਨ।”
“ਬਹੁਤ ਚੰਗੀ ਗੱਲ ਹੈ।” ਬਾਂਦਰਾਂ ਨੇ ਚੰਗਾ ਪ੍ਰਭਾਵ ਕਬੂਲਦੇ ਹੋਏ ਕਿਹਾ। “ਕੀ ਇੰਡੀਅਨ ਅਜੇ ਵੀ ਹਨੂੰਮਾਨ ਦੀ ਪੂਜਾ ਕਰਦੇ ਹਨ?”
“ਓਹ ਹਾਂ, ਸਾਡਾ ਖਿਆਲ ਹੈ ਕਿ ਉਹ ਅੱਜੇ ਤਕ ਵੀ ਅਜਿਹਾ ਕਰਦੇ ਹੁੰਦੇ ਜੇ ਅਸੀਂ ਉਨ੍ਹਾਂ ਨੂੰ ਰਾਜ ਦੇ ਪ੍ਰਸਾਰ ਦੌਰਾਨ ਖ਼ਤਮ ਨਾ ਕਰ ਦਿੱਤਾ ਹੁੰਦਾ।” ਮਨੁੱਖਾਂ ਨੇ ਕਿਹਾ। “ਤਦ ਤਕ ਬਾਂਦਰਾਂ ਦੀ ਫੌਜੀ ਕੰਮਾਂ ਵਿਚ ਵਰਤੋਂ ਵੀ ਬੰਦ ਹੋ ਚੁੱਕੀ ਸੀ।” ਉਨ੍ਹਾਂ ਗੱਲ ਅੱਗੇ ਤੋਰਦੇ ਹੋਏ ਕਿਹਾ। “ਇਹ ਗੱਲ ਲਈ ਤਾਂ ਤੁਹਾਨੂੰ ਸਾਡੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।”
1299 B.C.
ਬਾਂਦਰਾਂ ਦੀਆਂ ਅੱਖਾਂ ਅੱਗੇ ਤਾਂ ਸ੍ਰੀ ਰਾਮ ਤੇ ਲੰਕਾਪਤੀ ਰਾਵਣ ਦੀਆਂ ਸੈਨਾਵਾਂ ਵਿਚਕਾਰ ਚਲ ਰਹੇ ਯੁੱਧ ਦਾ ਦ੍ਰਿਸ਼ ਘੁੰਮ ਰਿਹਾ ਸੀ। ਜਿਸ ਵਿਚ ਬਾਂਦਰ ਨਸਲ ਦੇ ਹਜ਼ਾਰਾਂ ਯੋਧੇ ਯੁੱਧ ਦੀ ਭੇਟਾ ਚੜ੍ਹ ਗਏ ਸਨ। ਲੜਾਈ ਦੇ ਮੈਦਾਨ ਵਿਚ ਖਿਲ੍ਹਰੀਆਂ ਉਨ੍ਹਾਂ ਦੀਆਂ ਲਾਸ਼ਾਂ ਦਾ ਦ੍ਰਿਸ਼, ਕੈਪਲਰ ਗ੍ਰਹਿ ਦੇ ਬਾਂਦਰਾਂ ਦੀਆਂ ਯਾਦਾਂ ਵਿਚ ਅਜੇ ਵੀ ਤਾਜ਼ਾ ਸੀ।
1100-1200 A.D.
ਚੀਨ ਵਿਖੇ ਦੱਖਣੀ ਸੌਂਗ ਰਾਜਵੰਸ਼ ਦੇ ਰਾਜ ਦੌਰਾਨ, ਜੰਗਜ਼ੋ ਸੂਬੇ ਦੇ ਬਾਗ਼ੀਆਂ ਅਤੇ ਚੀਨ ਦੀ ਸ਼ਾਹੀ ਫ਼ੌਜ ਵਿਚ ਜੰਗ ਦੌਰਾਨ ਬਾਂਦਰਾਂ ਨੂੰ ਅੱਗ ਲਗਾਊ ਸਾਧਨ ਵਲੋਂ ਵਰਤਿਆ ਗਿਆ । ਬਾਂਦਰਾਂ ਗਿਰਦ ਪਰਾਲੀ ਬੰਨ ਕੇ ਉਨ੍ਹਾਂ ਨੂੰ ਬਲਣਸ਼ੀਲ ਤੇਲ ਵਿਚ ਡੋਬ ਦਿੱਤਾ ਜਾਂਦਾ ਅਤੇ ਇਸ ਪਿੱਛੋਂ ਉਨ੍ਹਾਂ ਨੂੰ ਅੱਗ ਲਗਾ ਕੇ ਦੁਸ਼ਮਣ ਫੌਜ ਵਿਚ ਛੱਡ ਦਿੱਤਾ ਜਾਂਦਾ ਸੀ ਤਾਂ ਜੋ ਦੁਸ਼ਮਣ ਦੇ ਤੰਬੂਆਂ ਨੂੰ ਅੱਗ ਲੱਗ ਜਾਵੇ ਅਤੇ ਉਨ੍ਹਾਂ ਵਿਚ ਘੜਮਸ ਮੱਚ ਜਾਵੇ।
ਇਸ ਤਰ੍ਹਾਂ ਮਨੁੱਖੀ ਜੰਗਾਂ ਨੇ ਅਣਗਿਣਤ ਬਾਂਦਰ ਯੋਧਿਆ ਦੀ ਬਲੀ ਲੈ ਲਈ ਸੀ। ਇਸ ਤਰਾਸਦੀ ਨੂੰ ਭੁੱਲ ਸਕਣਾ ਕੈਪਲਰ ਗ੍ਰਹਿ ਦੇ ਵਾਸੀਆਂ ਲਈ ਅਸੰਭਵ ਸੀ।
1839-42 A.D.
ਪਹਿਲੀ ਓਪੀਅਮ ਜੰਗ ਦੌਰਾਨ ਹਮਲਾਵਰ ਅੰਗਰੇਜ਼ੀ ਫੌਜਾਂ ਦੇ ਸਮੁੰਦਰੀ ਜਹਾਜ਼ਾਂ ਨੂੰ ਤਬਾਹ ਕਰਨ ਲਈ ਚੀਨੀ ਫੌਜ ਨੇ ਅਨੇਕ ਬਾਂਦਰਾਂ ਦੀਆਂ ਪਿੱਠਾਂ ਉੱਤੇ ਆਤਸ਼ਬਾਜ਼ੀ ਬੰਨ ਕੇ ਉਨ੍ਹਾਂ ਨੂੰ ਅੰਗਰੇਜ਼ੀ ਬੇੜੇ ਵੱਲ ਸੁੱਟਿਆਂ ਤਾਂ ਜੋ ਅੱਗ ਨਾਲ ਜਲ ਰਹੇ ਬਾਂਦਰ ਆਪਣੀ ਨੱਠ ਭਜ ਨਾਲ ਸਮੁੰਦਰੀ ਜਹਾਜ਼ ਉੱਤੇ ਮੌਜੂਦ ਚੀਜ਼ਾਂ ਨੂੰ ਅੱਗ ਲਗਾ ਦੇਣ। ਚੀਨੀ ਫੌਜ ਦੀ ਇਸ ਘਾਤਕ ਨੀਤੀ ਨਾਲ ਅਨੇਕ ਬਾਂਦਰ ਬਹੁਤ ਹੀ ਭਿਆਨਕ ਮੌਤ ਦਾ ਸ਼ਿਕਾਰ ਬਣੇ। “ਅਜਿਹਾ ਜ਼ਾਲਮਾਨਾ ਤਸ਼ੱਦਦ ਭਲਾ ਕਿਵੇਂ ਭੁਲਾਇਆ ਜਾ ਸਕਦਾ ਹੈ?” ਕੈਪਲਰ ਵਾਸੀ ਅੱਜ ਵੀ ਸੋਚ ਰਹੇ ਸਨ।
“ਨਾ ਸਿਰਫ਼ ਅਸੀਂ ਤੁਹਾਡੀ ਪੂਜਾ ਹੀ ਕਰਦੇ ਰਹੇ ਹਾਂ, ਸਗੋਂ ਅਸੀਂ ਅੱਜ ਵੀ ਆਪਸੀ ਗਲਬਾਤ ਵਿਚ ਮੰਕੀ ਟਾਊਨ, ਮੰਕੀ ਮਾਈਂਡ ਤੇ ਮੰਕੀ ਕੰਟਰੀ ਵਰਗੇ ਸ਼ਬਦਾਂ ਦੀ ਅਕਸਰ ਵਰਤੋਂ ਕਰਦੇ ਹਾਂ। ਇਹ ਸੱਭ ਕੁਝ ਸਾਡੇ ਚੰਗੇ
ਵਿਚਾਰਾਂ ਦਾ ਸਹੀ ਸਬੂਤ ਹੀ ਤਾਂ ਹੈ।”
“ਤੁਸੀਂ ਇਹ ਨਾਂ ਸਾਡੀ ਕਿਸੇ ਮੁਹਾਰਤ ਦੀ ਪ੍ਰੰਸਸਾ ਵਜੋਂ ਨਹੀਂ ਰੱਖੇ ਸਗੋਂ ਬਦਜ਼ਬਾਨੀ ਲਈ ਸਾਡੀਆਂ ਕਮਜ਼ੋਰੀਆਂ
ਦੇ ਪ੍ਰਗਟਾ ਵਜੋਂ ਰੱਖੇ ਹੋਏ ਨੇ।”
“ਇਹ ਤਾਂ ਬੇਵਜਹ ਨੁਕਤਾਚੀਨੀ ਹੈ।” ਮਨੁੱਖਾਂ ਨੇ ਕਿਹਾ। “ਅਸੀਂ ਅਜਿਹੇ ਕੰਮ ਲਈ ਤੁਹਾਡੇ ਨਾਂ ਦੀ ਥਾਂ ਕਿਸੇ
ਸਿਆਸਤਦਾਨ ਦਾ ਨਾਮ ਵੀ ਵਰਤ ਸਕਦੇ ਸਾਂ।”
“ਮੰਕੀ ਕੰਟਰੀ ਦੀ ਹੀ ਗੱਲ ਲੈ ਲਵੋ, ਕੀ ਤੁਹਾਨੂੰ ਪਤਾ ਹੈ ਕਿ ਧਰਤੀ ਵਿਖੇ ਪਹਿਲੇ ਪਰ-ਗ੍ਰਹਿਵਾਸੀ ਸੰਨ 900 ਵਿਚ ਚੀਨ ਵਿਖੇ ਹੀ ਉਤਰੇ ਸਨ?”
“ਕਿਹੋ ਜਿਹੇ ਸਨ ਉਹ?”
“ਸਾਡੇ ਸਾਥੀ ਹੀ ਸਨ ਉਹ।” ਬਾਂਦਰਾਂ ਦਾ ਜਵਾਬ ਸੀ। “ਪਰ ਜਦ ਉਨ੍ਹਾਂ ਚੀਨੀ ਜਨਰਲ ਪੋ-ਮੀ-ਲਾਨ ਦੇ ਫੌਜੀਆਂ ਦੁਆਰਾ 300,000 ਬਾਂਦਰਾਂ ਦਾ ਸੰਘਾਰ ਹੋਇਆ ਦੇਖਿਆ ਤਾਂ ਵਾਪਸ ਚਲੇ ਗਏ।”
“ਕੀ ਇਹ ਸੱਚ ਹੈ? ਕਿਧਰੇ ਤੁਸੀਂ ਗੱਪ ਤਾਂ ਨਹੀਂ ਮਾਰ ਰਹੇ।” ਮਨੁੱਖਾਂ ਨੇ ਪੁੱਛਿਆ।
“ਅਸੀਂ ਗੱਪ ਕਿਉਂ ਮਾਰਾਗੇ?”
“ਸ਼ਾਇਦ ਅਜਿਹਾ ਤੁਹਾਡਾ ਸੁਭਾਅ ਹੋਵੇ।” ਮਨੁੱਖਾਂ ਦੇ ਬੋਲ ਸਨ।
“ਓਹ ਨਹੀਂ …. ਸਾਡਾ ਸੁਭਾਅ ਤਾਂ ਹੈ ਕਿ ਅਸੀਂ ਸਦਾ ਸੱਚ ਬੋਲਦੇ ਹਾਂ।” ਬਾਂਦਰਾਂ ਨੇ ਕਿਹਾ। “ਪਰ ਸਾਡਾ ਦੁਖਾਂਤ ਹੈ ਕਿ ਅਸੀਂ ਕਦੇ ਵੀ ਕੁਝ ਵੀ ਨਹੀਂ ਭੁੱਲਦੇ।”
ਰਾਤ ਪੈਂਦੀ ਦੇਖ ਮਨੁੱਖਾਂ ਨੇ ਫੈਸਲਾ ਕੀਤਾ ਕਿ ਹੁਣ ਮੀਟਿੰਗ ਖ਼ਤਮ ਕਰ ਦਿੱਤੀ ਜਾਵੇ ਅਤੇ ਮਿਸ਼ਨ ਕੰਟਰੋਲ ਦੀ ਰਿਪੋਰਟ ਪੜ੍ਹੀ ਜਾਵੇ, ਤਾਂ ਕਿ ਉਨ੍ਹਾਂ ਦਾ ਕੀ ਹੁਕਮ ਹੈ, ਦਾ ਪਤਾ ਲਗ ਸਕੇ। ਉਹ ਸਾਰੇ ਪੁਲਾੜੀ ਵਾਹਣ ਵੱਲ ਵਾਪਸ ਚਲ ਪਏ ਸਿਵਾਏ ਇਕ ਮਨੁੱਖ ਦੇ। ਜੋ ਥੋੜ੍ਹੀ ਦੇਰ ਲਈ ਪਿੱਛੇ ਰੁਕ ਗਿਆ।
ਸਾਰੇ ਬਾਂਦਰ ਵੀ ਵਾਪਸ ਚਲੇ ਗਏ, ਸਿਵਾਏ ਇਕ ਬੁੱਢੇ ਬਾਂਦਰ ਦੇ। “ਮੇਰਾ ਖਿਆਲ ਹੈ ਕਿ ਤੂੰ ਕੁਝ ਪੁੱਛਣਾ ਚਾਹੁੰਦਾ ਹੈ।” ਬੁੱਢੇ ਬਾਂਦਰ ਨੇ ਕਿਹਾ।
“ਹਾਂ!” ਆਦਮੀ ਦਾ ਉੱਤਰ ਸੀ। “ਤੁਸੀਂ ਤਾਂ ਇੰਨੇ ਫੁਰਤੀਲੇ ਹੋ, ਫਿਰ ਸ਼ਿਕਾਰੀ ਤੁਹਾਨੂੰ ਫੜ ਕਿਵੇਂ ਲੈਂਦਾ ਹੈ?”
“ਲਾਲਚ …. ਸਿਰਫ਼ ਲਾਲਚ ਕਾਰਣ।”
“ਓਹ ਕਿਵੇਂ?”
“ਬਾਂਦਰ ਨੂੰ ਫ਼ੜਣ ਲਈ, ਸ਼ਿਕਾਰੀ ਸਿਓਂਕ ਦੁਆਰਾ ਬਣਾਏ ਮਿੱਟੀ ਦੇ ਟਿੱਲੇ, ਵਿਚ ਛੋਟੀ ਜਿਹੀ ਮੋਰੀ ਕਰ ਦਿੰਦਾ ਅਤੇ ਮੋਰੀ ਅੰਦਰ ਬਾਂਦਰਾਂ ਦਾ ਮਨਪਸੰਦ ਖ਼ਾਜਾ “ਗਿਰੀਆਂ” ਰੱਖ ਦਿੰਦਾ। ਇਹ ਮੋਰੀ ਇੰਨ੍ਹੀ ਕੁ ਵੱਡੀ ਹੁੰਦੀ ਕਿ ਬਾਂਦਰ ਦਾ ਖ਼ਾਲੀ ਪੰਜਾ ਥੋੜ੍ਹੀ ਮੁਸ਼ਕਲ ਨਾਲ ਹੀ ਇਸ ਵਿਚ ਵੜ੍ਹ ਸਕਦਾ। ਖਾਣੇ ਦੀ ਭਾਲ ਵਿਚ ਤੁਰਿਆ ਫਿਰਦਾ ਬਾਂਦਰ ਗਿਰੀਆਂ ਦੀ ਮਹਿਕ ਦਾ ਖਿਚਿਆ ਮੋਰੀ ਕੋਲ ਪਹੁੰਚ ਜਾਂਦਾ। ਮੋਰੀ ਵਿਚ ਹੱਥ ਪਾ ਉਹ ਗਿਰੀਆਂ ਦਾ ਰੁੱਗ ਭਰ ਲੈਂਦਾ। ਤਦ ਉਹ ਆਪਣਾ ਹੱਥ ਬਾਹਰ ਕੱਢਣਾ ਚਾਹੁੰਦਾ, ਪਰ ਹੱਥ ਬਾਹਰ ਨਹੀਂ ਨਿਕਲਦਾ। ਨਾ ਤਾਂ ਬਾਂਦਰ ਗਿਰੀਆਂ ਨੂੰ ਛੱਡਣਾ ਚਾਹੁੰਦਾ ਤੇ ਨਾ ਹੀ ਰੁੱਗ ਭਰੇ ਹੱਥ ਨੂੰ ਬਾਹਰ ਕੱਢਣਾ ਸੰਭਵ ਹੁੰਦਾ। ਇਸੇ ਖਿਚੋਤਾਣ ਪਿੱਛੋਂ ਥੱਕ ਹਾਰ ਕੇ ਬਾਂਦਰ ਉਥੇ ਹੀ ਬੈਠ ਜਾਂਦਾ ਤੇ ਸ਼ਿਕਾਰੀ ਆ ਕੇ ਉਸ ਨੂੰ ਫੜ ਲੈਂਦਾ। ਇੰਝ ਬਾਂਦਰ ਆਪਣੇ ਲਾਲਚ ਕਾਰਣ ਆਪਣੀ ਆਜ਼ਾਦੀ ਗੁਆ ਬੈਠਦਾ ਹੈ।”
“ਹੂੰ! …. ਗੱਲ ਤਾਂ ਠੀਕ ਲੱਗਦੀ ਹੈ।” ਆਦਮੀ ਨੇ ਸਿਰ ਹਿਲਾਉਂਦੇ ਹੋਏ ਕਿਹਾ।
“ਸੱਚ ਹੈ ਇਹ।” ਬੁੱਢੇ ਬਾਂਦਰ ਨੇ ਕਿਹਾ। ਤੇ ਫਿਰ ਪੂਰੇ ਸਵੈਮਾਣ ਨਾਲ ਉਹ ਬੋਲਿਆ,”ਤੇ ਜੇ ਕਿਧਰੇ ਇਹ ਵਰਤਾਰਾ ਉਲਟ ਹੋ ਜਾਵੇ ਤਾਂ ਮੈਂ ਧੋਖਾਧੜ੍ਹੀ ਕਰਨ ਨਾਲੋਂ ਸ਼ਿਕਾਰ ਨਾ ਕਰਨ ਨੂੰ ਹੀ ਤਰਜ਼ੀਹ ਦੇਣਾ ਚਾਹਾਂਗਾ।” ਤਦ ਉਹ ਵਾਪਸ ਪਰਤ ਆਪਣੇ ਸਾਥੀਆਂ ਨਾਲ ਜਾ ਰਲਿਆ।
———
ਸਿਗਨਸ ਗਲੈਕਸੀ ਦੇ ਅਨੇਕ ਗ੍ਰਹਿਆਂ ਵਿਚੋਂ ਕੈਪਲਰ ਸੱਚ ਹੀ ਇਕ ਅਜਬ ਗ੍ਰਹਿ ਹੈ। “ਤਬਦੀਲੀ ਇਕ ਅਟੱਲ ਸਚਾਈ ਹੈ।” ਇਸ ਕਥਨ ਦੀ ਸਚਾਈ ਦੇਖਣੀ ਹੋਵੇ ਤਾਂ ਕੈਪਲਰ ਉਸ ਦੀ ਸਪਸ਼ਟ ਉਦਾਹਰਣ ਹੈ। ਇਸ ਕਥਨ ਦੀ ਪੁਸ਼ਟੀ ਉਹ ਇੰਝ ਕਰਦਾ ਹੈ ਜਿਵੇਂ ਕਿ ਕੋਈ ਜਾਦੂ ਵਾਪਰ ਰਿਹਾ ਹੋਵੇ।
ਕਿਸੇ ਅਗਿਆਤ ਕਾਰਣ ਕਰਕੇ ਬਾਂਦਰ ਸਮਝ ਨਹੀਂ ਸਨ ਸਕੇ ਕਿ ਕੈਪਲਰ ਗ੍ਰਹਿ, ਆਪਣੇ ਵਾਸੀਆਂ ਦੇ ਰੂਪ ਵਿਚ ਤਬਦੀਲੀ
(metamorphosis) ਪੈਦਾ ਕਰਨ ਦੇ ਸਮਰਥ ਹੈ। ਇਹ ਵਰਤਾਰਾ, ਕਿਸੇ ਵੀ ਜੀਵ ਵਲੋਂ, ਗ੍ਰਹਿ ਦੀਆਂ ਹਾਲਾਤਾਂ ਅਨੁਸਾਰ ਖੁੱਦ ਨੂੰ ਢਾਲ ਲੈਣ (adaptation) ਨਾਲੋਂ ਭਿੰਨ ਸੀ। ਇਹ ਤਾਂ ਕਾਇਆ-ਪਲਟ (metamorphosis) ਹੋ ਜਾਣ ਵਾਂਗ ਸੀ। ਬਾਂਦਰ ਮਾਨਸਿਕ ਪੱਧਰ ਉੱਤੇ ਇਹ ਸਮਝਦੇ ਸਨ ਕਿ ਗ੍ਰਹਿ ਨੇ ਕਿਸੇ ਢੰਗ ਨਾਲ ਉਨ੍ਹਾਂ ਨੂੰ ਅਜਿਹੀ ਮੁਹਾਰਤ ਬਖ਼ਸ਼ੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਆਪਣਾ ਰੂਪ ਬਦਲ ਸਕਦੇ ਸਨ।
ਪਰ ਉਹ ਇੰਨੇ ਕੁ ਚੇਤੰਨ ਸਨ ਕਿ ਉਨ੍ਹਾਂ ਇਸ ਮੁਹਾਰਤ ਦੀ ਕਦੇ ਦੁਰਵਰਤੋਂ ਨਹੀਂ ਸੀ ਕੀਤੀ।
ਕਿਉਂਕਿ ਉਹ ਬਾਂਦਰ ਸਨ, ਤੇ ਇਸੇ ਕਾਰਣ ਉਹ ਵੈਰ ਤੇ ਘਿਰਣਾ ਦੀ ਭਾਵਨਾ ਤੋਂ ਮੁਕਤ ਸਨ। ਉਹ ਸੋਚਦੇ ਸਨ ਕਿ ਵਿਚਾਰਾ ਮਨੁੱਖ ਅਜੇ ਇਸ ਕਾਬਿਲ ਨਹੀਂ ਹੋਇਆ ਕਿ ਇਸ ਸੋਹਣੇ ਗ੍ਰਹਿ ਉੱਤੇ, ਹੈਲਮਟ ਅਤੇ ਭਾਰੀ ਪੁਲਾੜੀ ਪੁਸ਼ਾਕ ਤੋਂ ਬਿਨ੍ਹਾਂ ਘੁੰਮ ਫਿਰ ਸਕੇ।
——–
ਅਗਲੀ ਸਵੇਰ, ਜਦੋਂ ਮਨੁੱਖ, ਪੁਲਾੜੀ ਵਾਹਣ ‘ਚੋਂ ਨਿਕਲ, ਕੈਪਲਰ ਦੇ ਗ੍ਰਹਿ ਵਾਸੀਆਂ ਨੂੰ ਮਿਲਣ ਲਈ ਚੱਲੇ ਤਾਂ ਬਾਂਦਰ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ।
“ਬੜੀ ਅਜੀਬ ਗੱਲ ਹੈ?” ਆਗੂ ਨੇ ਕਿਹਾ।
“ਕਿਹੜੀ?” ਬਾਦਰਾਂ ਨੇ ਪੁੱਛਿਆ।
ਮੱਥੇ ਉੱਤੇ ਤਿਊੜੀ ਪਾਈ ਉਨ੍ਹਾਂ ਨੂੰ ਘੂਰਦੇ ਹੋਏ ਆਗੂ ਬੋਲਿਆ, “ਤੁਸੀਂ ਪਹਿਲਾਂ ਨਾਲੋਂ ਲੰਬੇ ਲੱਗ ਰਹੇ ਹੋ।”
‘ਅਸੀਂ ਤਾਂ ਕਹਿਣਾ ਚਾਹ ਰਹੇ ਸਾਂ ਕਿ ਤੁਸੀਂ ਪਹਿਲਾਂ ਨਾਲੋਂ ਛੋਟੇ ਲਗ ਰਹੇ ਹੋ।” ਬਾਂਦਰਾਂ ਨੇ ਕਿਹਾ।
“ਇਹ ਗੱਲਬਾਤ ਤਾਂ ਉਨ੍ਹੀ ਹੀ ਬੇਥਵੀ ਹੈ, ਜਿਨ੍ਹੀ ਕਿ ਮਿਸ਼ਨ ਕੰਟਰੋਲ ਨਾਲ ਹੁਣੇ ਹੁਣੇ ਹੋਈ ਮੇਰੀ ਗੱਲਬਾਤ।”
ਆਗੂ ਨੇ ਕਿਹਾ। “ਉਨ੍ਹਾਂ ਦਾ ਕਹਿਣਾ ਹੈ ਕਿ ਕੈਪਲਰ ਉੱਤੇ ਕੋਈ ਬਾਂਦਰ ਨਹੀਂ ਹਨ।” “ਤਾਂ ਉਨ੍ਹਾਂ ਦਾ ਕੀ ਖਿਆਲ ਹੈ ਕਿ ਅਸੀਂ ਕੌਣ ਹਾਂ?” ਬਾਂਦਰਾਂ ਨੇ ਪੁੱਛਿਆ। “ਜਾਂ ਤਾਂ ਤੁਸੀਂ ਮਨੋ-ਭ੍ਰਾਂਤੀ (hallucinations) ਹੋ ਜਾਂ ਫਿਰ ਪੁਲਾੜੀ ਛਲਾਵਾ” ਆਗੂ ਨੇ ਕਿਹਾ। “ਜੇ ਤੁਸੀਂ ਮਨੋ-ਭ੍ਰਾਂਤੀ ਹੋ ਤਾਂ ਸਾਨੂੰ ਹੁਕਮ ਹੈ ਕਿ ਅਸੀਂ ਤੁਹਾਨੂੰ ਨਜ਼ਰ-ਅੰਦਾਜ਼ ਕਰ ਦੇਈਏ।”
ਲਗ ਰਿਹਾ ਸੀ ਕਿ ਜਿਵੇਂ ਉਹ ਉਡੀਕ ਰਿਹਾ ਹੋਵੇ ਕਿ ਬਾਂਦਰ ਉਸ ਨੂੰ ਪੁੱਛਣਗੇ ਕਿ ਜੇ ਉਹ ਪੁਲਾੜੀ ਛਲਾਵਾ ਹਨ ਤਾਂ ਮਨੁੱਖਾਂ ਨੂੰ ਉਨ੍ਹਾਂ ਨਾਲ ਕਿੰਝ ਦਾ ਵਰਤਾਉ ਕਰਨ ਦਾ ਹੁਕਮ ਹੈ। ਪਰ ਬਾਂਦਰ ਵੀ, ਜਦ ਉਹ ਚਾਹੁਣ, ਮਨੁੱਖਾਂ ਵਾਂਗ ਹੀ ਅੜਬ ਹੋ ਸਕਦੇ ਹਨ। ਤੇ ਇਹੋ ਸਵਾਲ ਹੀ ਤਾਂ ਉਹ ਨਹੀਂ ਸਨ ਪੁੱਛਣਾ ਚਾਹੁੰਦੇ।
ਅਗਲੇ ਪੰਜ ਕੁ ਮਿੰਟਾਂ ਤਕ ਮਨੁੱਖ, ਬਾਂਦਰਾਂ ਵੱਲ ਚੁੱਪਚਾਪ ਟਿਕਟਿਕੀ ਲਗਾ ਝਾਕਦੇ ਰਹੇ। ਬਾਂਦਰ ਵੀ ਉਨ੍ਹਾਂ ਨੂੰ ਇੰਝ ਹੀ ਇਕਟਕ ਦੇਖਦੇ ਰਹੇ। ਤਦ ਆਗੂ ਬੋਲਿਆ।
“ਮਾਫ਼ ਕਰਨਾ, ਮੈਂ ਕੁਝ ਦੇਰ ਲਈ ਛੁੱਟੀ ਚਾਹੁੰਦਾ ਹਾਂ।” ਆਗੂ ਦੇ ਬੋਲ ਸਨ। “ਅਚਾਨਕ ਹੀ ਮੈਨੂੰ ਡਾਢੀ ਇੱਛਾ ਹੋਈ ਹੈ ਕਿ ਮੈਂ ਕੇਲੇ ਖਾਵਾਂ।”
ਉਹ ਮੁੜਿਆ ਤੇ ਬਿਨ੍ਹਾਂ ਕੁਝ ਹੋਰ ਬੋਲੇ, ਪੁਲਾੜੀ ਵਾਹਣ ਵੱਲ ਚਲਾ ਗਿਆ।
ਅਗਲੇ ਕੁਝ ਕੁ ਸੈਕਿੰਡਾਂ ਲਈ ਬਾਕੀ ਮਨੁੱਖਾਂ ਨੇ ਆਪਣੇ ਪੈਰ ਬੇਆਰਾਮੀ ਨਾਲ ਥਪਥਪਾਏ।
“ਕੀ ਕੁਝ ਗੜਬੜ ਹੈ?” ਬਾਂਦਰਾਂ ਨੇ ਪੁੱਛਿਆ।
“ਕੀ ਤੁਸੀਂ ਲੰਬੇ ਹੁੰਦੇ ਜਾ ਰਹੇ ਹੋ ਜਾਂ ਕੀ ਅਸੀਂ ਛੋਟੇ ਹੁੰਦੇ ਜਾ ਰਹੇ ਹਾਂ?” ਮਨੁੱਖਾਂ ਦਾ ਸਵਾਲ ਸੀ।
“ਹਾਂ।” ਬਾਂਦਰਾਂ ਦਾ ਜਵਾਬ ਸੀ।
‘ਮੈਂ ਹੁਣ ਠੀਕ ਮਹਿਸੂਸ ਕਰ ਰਿਹਾ ਹਾਂ।” ਵਾਪਸ ਆ, ਮਨੁੱਖਾਂ ਦੇ ਟੋਲੇ ਵਿਚ ਸ਼ਾਮਿਲ ਹੁੰਦਿਆਂ, ਆਗੂ ਦੇ ਬੋਲ ਸਨ।
“ਹੁਣ ਤੂੰ ਚੰਗਾ ਲੱਗ ਰਿਹਾ ਹੈ। ਪਹਿਲਾਂ ਨਾਲੋਂ ਜ਼ਿਆਦਾ ਸੋਹਣਾ। ਪਤਾ ਨਹੀਂ ਕਿਉਂ!” ਬਾਂਦਰਾਂ ਨੇ ਹਾਮੀ ਭਰੀ।
“ਕੀ ਤੁਸੀਂ ਸੱਚ ਹੀ ਅਜਿਹਾ ਸੋਚਦੇ ਹੋ?” ਖੁਸ਼ਾਮਦ ਨਾਲ ਗਦ ਗਦ ਹੋਏ ਆਗੂ ਨੇ ਪੁੱਛਿਆ।
“ਸਾਡੇ ਵਲੋਂ ਅੱਜ ਤਕ ਦੇਖੀ ਤੇਰੀ ਨਸਲ ਦਾ ਤੂੰ ਸੱਭ ਤੋਂ ਸੋਹਣਾ ਰੂਪ ਹੈ।” ਬਾਂਦਰਾਂ ਨੇ ਬਿਆਨ ਕੀਤਾ। “ਸਾਨੂੰ ਤੇਰੇ ਕੰਨ ਬਹੁਤ ਪਸੰਦ ਹਨ।”
“ਸੱਚੀ?” ਉਸ ਨੇ ਆਪਣੇ ਕੰਨਾਂ ਨੂੰ ਹੱਥ ਨਾਲ ਛੂੰਹਦਿਆ ਪੁੱਛਿਆ। “ਪਹਿਲਾਂ ਤਾਂ ਕਿਸੇ ਨੇ ਅਜਿਹਾ ਨਹੀਂ ਕਿਹਾ।”
“ਸੱਚ ਹੀ ਇਹ ਉਨ੍ਹਾਂ ਦੀ ਭੁੱਲ ਹੈ।” ਬਾਂਦਰਾਂ ਦਾ ਜਵਾਬ ਸੀ। “ਕੰਨਾਂ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਜਾਨਣਾ ਚਾਹਾਂਗਾ ਕਿ ਕੀ ਤੁਸੀੰਂ ਓਲਡ ਵਰਲਡ ਮੰਕੀ ਹੋ ਜਾਂ ਨਿਊ ਵਰਲਡ ਮੰਕੀ?” ਆਗੂ ਨੇ ਪੁੱਛਿਆ। “ਦਰਅਸਲ ਸਵੇਰੇ ਤੁਸੀਂ ਓਲਡ ਵਰਲਡ ਮੰਕੀ ਲਗ ਰਹੇ ਸੀ,__ਜਿਨ੍ਹਾਂ ਦੀ ਟਿੰਮਪੈਨਿਕ ਝਿੱਲੀ ਕੰਨ ਦੇ ਬਾਹਰੀ ਹਿੱਸੇ ਨਾਲ ਹੱਡੀ ਦੁਆਰਾ ਜੁੜੀ ਹੁੰਦੀ ਹੈ__ਅਤੇ ਖੋਪੜੀ ਦੇ ਬਾਹਰਵਾਰ ਨਜ਼ਰ ਆਉਂਦੀ ਹੈ।___ਪਰ ਹੁਣ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ।”
“ਅਸੀਂ ਤਾਂ ਕੈਪਲਰ ਗ੍ਰਹਿ ਦੇ ਬਾਂਦਰ ਹਾਂ।” ਉਨ੍ਹਾਂ ਜਵਾਬ ਦਿੱਤਾ।
“ਓਹ!”
ਉਨ੍ਹਾਂ ਅੱਧਾ ਕੁ ਘੰਟਾ ਕੁਝ ਹੋਰ ਗੱਲਾਂ ਕੀਤੀਆਂ। ਤਦ ਮਨੁੱਖਾਂ ਨੇ ਆਸਮਾਨ ਵੱਲ ਝਾਤ ਮਾਰੀ।
“ਸੂਰਜ ਕਿਧਰ ਗਾਇਬ ਹੋ ਗਿਆ?” ਉਨ੍ਹਾਂ ਪੁੱਛਿਆ।
“ਹੁਣ ਰਾਤ ਹੋ ਗਈ ਹੈ।” ਉਨ੍ਹਾਂ ਦੱਸਿਆ । ਸਾਡੇ ਗ੍ਰਹਿ ਉੱਤੇ ਦਿਨ-ਰਾਤ ਦਾ ਅਰਸਾ ਸਿਰਫ਼ 15 ਘੰਟੇ ਹੀ ਹੈ ।
ਸਾਢੇ ਸੱਤ ਘੰਟੇ ਦਾ ਦਿਨ ਤੇ ਸਾਢੇ ਸੱਤ ਘੰਟੇ ਲੰਮੀ ਰਾਤ।
“ਖੈਰ ਧੁੱਪ ਵੀ ਕੋਈ ਬਾਹਲੀ ਤੇਜ਼ ਨਹੀਂ ਸੀ।” ਮਨੁੱਖਾਂ ਵਿਚੋਂ ਇਕ ਨੇ ਮੋਢੇ ਛੰਡਦੇ ਹੋਏ ਕਿਹਾ।
“ਰਾਤ ਸਮੇਂ ਦੇਖਣਾ ਸਾਡੇ ਲਈ ਕਾਫ਼ੀ ਔਖਾ ਕੰਮ ਹੈ। ਤਦ ਅਸੀਂ ਆਪਣੀਆਂ ਛੂੰਹਣ ਤੇ ਸੁਨਣ ਸ਼ਕਤੀਆਂ ਨਾਲ ਹੀ ਕੰਮ ਚਲਾਉਂਦੇ ਹਾਂ।” ਬਾਂਦਰਾਂ ਨੇ ਦੱਸਿਆ।
ਮਨੁੱਖ ਕਾਫ਼ੀ ਬੇਚੈਨ ਲੱਗ ਰਹੇ ਸਨ। ਆਖ਼ਰ ਉਹ ਆਪਣੇ ਆਗੂ ਵੱਲ ਮੁੜੇ ਅਤੇ ਬੋਲੇ।
“ਸਾਨੂੰ ਕੁਝ ਦੇਰ ਲਈ ਛੁੱਟੀ ਚਾਹੀਦੀ ਹੈ, ਜਨਾਬ!”
“ਕਿਉਂ?”
“ਅਚਾਨਕ ਹੀ, ਬਹੁਤ ਤੇਜ਼ ਭੁੱਖ ਮਹਿਸੂਸ ਹੋ ਰਹੀ ਹੈ।” ਮਨੁੱਖਾਂ ਨੇ ਕਿਹਾ।
“ਮੈਂ ਤਾਂ ਵਾਸ਼ਰੂਮ ਵੀ ਜਾਣਾ ਹੈ।” ਉਨ੍ਹਾਂ ਵਿਚੋਂ ਕਿਸੇ ਦੇ ਬੋਲ ਸਨ।
“ਮੈਂ ਵੀ।” ਕਿਸੇ ਹੋਰ ਨੇ ਕਿਹਾ।
“ਮੈਂ ਵੀ।” ਕਿਸੇ ਤੀਸਰੇ ਦੀ ਆਵਾਜ਼ ਸੀ।
“ਤੁਸੀਂ ਠੀਕ ਤਾਂ ਹੋ?” ਆਪਣੇ ਚਪਟੇ ਜਿਹੇ ਨੱਕ ਨੂੰ ਚਿੰਤਾ ਨਾਲ ਸੁੰਗੇੜਦੇ ਹੋਏ ਆਗੂ ਨੇ ਪੁੱਛਿਆ।
“ਮੈਨੂੰ ਤਾਂ ਡਾਢੀ ਭੁੱਖ ਲੱਗੀ ਹੈ।” ਕੋਲ ਖੜੇ ਮਨੁੱਖ ਦੇ ਬੋਲ ਸਨ। “ਮੈਂ ਤਾਂ ਪੂਰਾ ਬੱਕਰਾ ਖਾ ਸਕਦਾ ਹਾਂ।”
ਹੋਰ ਮਨੁੱਖਾਂ ਨੇ ਉਸ ਦੀ ਇਸ ਗੱਲ ਉੱਤੇ ਅਜੀਬ ਜਿਹਾ ਮੂੰਹ ਬਣਾਇਆ।
“ਦਰਅਸਲ, ਮੈਂ ਕੇਲਿਆਂ ਦਾ ਪੂਰਾ ਗੁੱਛਾ, ਬੂਟੇ ਸਮੇਤ ਹੀ ਖਾ ਸਕਦਾ ਹਾਂ।” ਉਸ ਨੇ ਆਪਣੀ ਗੱਲ ਵਿਚ ਸੁਧਾਈ
ਕਰਦਿਆਂ ਕਿਹਾ।
“ਇਜ਼ਾਜਤ ਹੈ।” ਆਗੂ ਨੇ ਕਿਹਾ। ਮਨੁੱਖ ਤੇਜ਼ੀ ਨਾਲ ਪੁਲਾੜੀ ਵਾਹਣ ਵੱਲ ਚੱਲ ਪਏ। “ਆਉਂਦੇ ਹੋਏ ਮੇਰੇ ਲਈ ਵੀ ਕੁਝ ਕੇਲੇ ਤੇ ਸੇਬ ਲੈਂਦੇ ਆਉਣਾ।” ਉੱਚੀ ਆਵਾਜ਼ ਵਿਚ, ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਉਸ ਨੇ ਕਿਹਾ।
“ਤੂੰ ਚਾਹੇ ਤਾਂ ਤੂੰ ਵੀ ਉਨ੍ਹਾਂ ਨਾਲ ਜਾ ਸਕਦਾ ਹੈ।” ਬਾਂਦਰਾਂ ਨੇ ਕਿਹਾ। ਦਿਮਾਗੀ ਤੌਰ ਉੱਤੇ ਉਹ ਇਸ ਨਤੀਜੇ ‘ਤੇ ਪੁੱਜ ਰਹੇ ਸਨ ਕਿ ਬੱਕਰੇ ਨੂੰ ਖਾਣਾ ਇੰਨ੍ਹੀ ਬੁਰੀ ਗੱਲ ਵੀ ਨਹੀਂ ਜਿੰਨ੍ਹੀ ਮਨੁੱਖਾਂ ਨੇ ਇਸ ਬਾਰੇ ਉਕਤੀ ਜਾ਼ਿਹਰ ਕੀਤੀ ਸੀ।
“ਨਹੀਂ। ਮੇਰਾ ਕੰਮ ਹੈ ਹੋਰ ਗ੍ਰਹਿਆਂ ਦੇ ਵਾਸੀਆਂ (aliens) ਨਾਲ ਸੰਪਰਕ ਸਥਾਪਤੀ।” ਆਗੂ ਨੇ ਦੱਸਿਆ। ‘ਪਰ ਜੇ ਹੁਣ ਦੀ ਗੱਲ ਕਰੀਏ ਤਾ ਤੁਸੀਂ ਇੰਨੇ ਵੀ ਪਰਾਏ (alien) ਨਹੀਂ ਜਿਨ੍ਹਾਂ ਕੁ ਅਸੀਂ ਸੋਚ ਰਹੇ ਸਾਂ।”
“ਤੁਸੀਂ ਤਾਂ ਇੰਨ ਬਿੰਨ ਉਵੇਂ ਦੇ ਹੀ ਹੋ ਜਿਵੇਂ ਅਸੀਂ ਤੁਹਾਡੇ ਬਾਰੇ ਸੋਚਿਆ ਸੀ।” ਬਾਂਦਰਾਂ ਨੇ ਜਵਾਬ ਦਿੱਤਾ।
“ਮੈਂ ਇਸ ਨੂੰ ਤਾਰੀਫ਼ ਹੀ ਸਮਝਾਂਗਾ,” ਆਗੂ ਨੇ ਕਿਹਾ। “ਰਵਾਇਤੀ ਦੋਸਤਾਂ ਤੋਂ ਇੰਨੀ ਕੁ ਆਸ ਤਾਂ ਰੱਖੀ ਹੀ ਜਾ ਸਕਦੀ ਹੈ।”
“ਰਵਾਇਤੀ ਦੋਸਤ?” ਬਾਂਦਰਾਂ ਦੇ ਹੈਰਾਨੀ ਭਰੇ ਬੋਲ ਸਨ। ਇਸ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਸੋਚ ਸੀ ਕਿ ਮਨੁੱਖਾਂ ਦੀ ਕੋਈ ਗੱਲ ਵੀ ਉਨ੍ਹਾਂ ਨੂੰ ਹੈਰਾਨ ਨਹੀਂ ਸੀ ਕਰ ਸਕਦੀ।
“ਯਕੀਨਨ। ਬੇਸ਼ਕ ਤੁਸੀਂ ਸਮੇਂ ਦੇ ਬੀਤਣ ਨਾਲ ਜੰਗ ਵਿਚ ਸਾਡਾ ਸਾਥ ਦੇਣਾ ਛੱਡ ਦਿੱਤਾ। ਪਰ ਤੁਹਾਡੇ ਨਾਲ ਸਾਡਾ ਹਮੇਸ਼ਾਂ ਖ਼ਾਸ ਸੰਬੰਧ ਰਿਹਾ ਹੈ।”
“ਸੱਚ?”
“ਪੱਕੀ ਗੱਲ ਹੈ। ਅਮਰੀਕੀ ਸਰਕਾਰ ਨੇ ਤਾਂ ਬੇਕਰ ਤੇ ਐਬਲ ਬਾਂਦਰੀਆਂ ਨੂੰ ਆਮ ਜ਼ਿੰਦਗੀ ਤੋਂ ਚੁੱਕ ਅੰਤਰਰਾਸ਼ਟਰੀ ਸੁਪਰ-ਸਟਾਰ ਹੀ ਬਣਾ ਦਿੱਤਾ ਸੀ। ਉਨ੍ਹਾਂ ਨੂੰ ਧਰਤੀ ਦੇ ਮੁੱਢਲੇ ਪੁਲਾੜੀ ਜੀਵ ਹੋਣ ਦਾ ਰੁਤਬਾ ਹਾਸਿਲ ਹੋਇਆ। ਸੰਨ 1959 ਦੌਰਾਨ ਆਪਣੀ ਪਹਿਲੀ ਪੁਲਾੜੀ ਉਡਾਣ ਸਮੇਂ, ਉਹ 16,000 ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਪੁਲਾੜ ਵਿਚ 480 ਕਿਲੋਮੀਟਰ ਦੀ ਉਚਾਈ ਤੱਕ ਜਾ ਪੁੱਜੀਆਂ। ਮਨੁੱਖ ਤਾਂ ਅਜਿਹਾ ਦੋ ਸਾਲ ਬਾਅਦ ਹੀ ਕਰ ਸਕਿਆ। ਜੂਨ 1959 ਵਿਚ ਤਾਂ ਬੇਕਰ ਤੇ ਐਬਲ, ਦੀ ਤਸਵੀਰ ਵੀ “ਲਾਈਫ਼” ਰਸਾਲੇ ਦੇ ਮੁੱਖ ਸਫੇ ਤੇ ਛਪੀ ਸੀ। ਬੇਸ਼ਕ ਐਬਲ ਤਾਂ ਪੁਲਾੜੀ ਉਡਾਣ ਤੋਂ ਵਾਪਸੀ ਦੇ ਚਾਰ ਦਿਨਾਂ ਬਾਂਅਦ ਹੀ, ਇਕ ਹਾਦਸੇ ਵਿਚ ਮਰ ਗਈ, ਪਰ ਬੇਕਰ ਨੇ ਆਪਣੇ ਜੀਵਨ ਦੇ ਅਗਲੇ 25 ਸਾਲ ਸੁਪਰਸਟਾਰ ਵਾਲੇ ਰੁਤਬੇ ਦਾ ਪੂਰਾ ਲੁਤਫ਼ ਉਠਾਇਆ।”
“ਅਸੀਂ ਸਨਕੀ ਤਾਂ ਨਹੀਂ ਲੱਗਣਾ ਚਾਹੁੰਦੇ,” ਬਾਦਰਾਂ ਨੇ ਕਿਹਾ, “ਪਰ ਇਕ ਸੁਪਰ-ਸਟਾਰ ਅਚਾਨਕ ਹਾਦਸੇ ਦਾ ਸ਼ਿਕਾਰ ਕਿਵੇਂ ਹੋ ਸਕਦਾ ਹੈ?”
“ਅਜਿਹਾ ਹੋ ਜਾਂਦਾ ਹੈ।” ਬੋਲਦੇ ਸਮੇਂ ਆਗੂ ਦਾ ਚਿਹਰਾ ਘੁਮੰਡ ਨਾਲ ਦਗ ਦਗ ਕਰ ਰਿਹਾ ਸੀ। “ਅਜਿਹਾ ਹੋਣ ਲਈ ਸੱਭ ਤੋਂ ਪਹਿਲਾਂ ਤਾਂ ਰਾਕਟ ਦੀ ਖੋਜ ਕਰਨਾ ਜ਼ਰੂਰੀ ਹੈ ਤੇ ਫਿਰ ਕਲੋਰੋਫਾਰਮ ਦੀ। ਅਸੀਂ ਭਾਵੇਂ ਕਿਹੋ ਜਿਹੇ ਵੀ ਹੋਈਏ ਇਹ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਅਸੀਂ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ (ਜਿਵੇਂ ਕਿ ਰੇਲ ਗੱਡੀਆ ਤੇ ਹਵਾਈ ਜਹਾਜ਼ਾਂ ਦਾ ਨਿਰਮਾਣ, ਨਿਊਕਲੀ ਊਰਜਾ ਦੀ ਪੈਦਾਇਸ਼, ਪੁਲਾੜੀ ਯਾਤਰਾਵਾਂ ਆਦਿ) ਉੱਤੇ ਮਾਣ ਦੇ ਹੱਕਦਾਰ ਹਾਂ।” ਕੁਝ ਕੁ ਦੇਰ ਚੁੱਪ ਰਹਿਣ ਬਾਅਦ ਉਹ ਬੋਲਿਆ, “ਮੈਂ ਤੁਹਾਨੂੰ ਠਿੱਠ ਤਾਂ ਨਹੀਂ ਕਰਨਾ ਚਾਹੁੰਦਾ, ਪਰ ਤੁਹਾਡੇ ਕੋਲ ਹੈ ਕੀ ਸਾਡੀ ਇਨ੍ਹਾਂ ਪ੍ਰਾਪਤੀਆਂ ਦੇ ਬਰਾਬਰ ਦਾ ?”
“ਅਸੀਂ ਗੁਨਾਹ ਮੁਕਤ ਜੀਵਨ ਜੀਊਂਦੇ ਹਾਂ।” ਬਾਂਦਰਾਂ ਦਾ ਸਹਿਜਤਾ ਭਰਿਆ ਜਵਾਬ ਸੀ। “ਅਸੀਂ ਇਕ ਦੂਸਰੇ ਦੀ ਨਿਸ਼ਠਾ ਦੀ ਕਦਰ ਕਰਦੇ ਹਾਂ। ਅਸੀਂ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਂਦੇ ਅਤੇ ਨਾ ਹੀ ਅਸੀਂ ਹੋਰ ਬਾਂਦਰਾਂ ਨਾਲ ਕਦੇ ਯੁੱਧ ਕੀਤਾ ਹੈ।”
“ਅਤੇ ਤੁਸੀਂ ਇਨ੍ਹਾਂ ਗੱਲਾਂ ਦੀ ਤੁਲਨਾ ਸਾਡੀ ਲੇਜ਼ਰ ਕਿਰਨਾਂ ਦੀ ਖੋਜ਼, ਕੈਂਸਰ ਦੇ ਇਲਾਜ, ਦਿਮਾਗ ਟ੍ਰਾਂਸਪਲਾਂਟ ਤੇ ਸਿਲੀਕਾਨ ਚਿੱਪ ਦੀ ਖੋਜ ਨਾਲ ਕਰਨਾ ਚਾਹੁੰਦੇ ਹੋ?” ਆਗੂ ਨੇ ਹਉਮੈ ਭਰੇ ਅੰਦਾਜ਼ ਵਿਚ ਕਿਹਾ।
“ਸਾਡੀਆਂ ਉਮੰਗਾਂ ਤੁਹਾਡੇ ਨਾਲੋਂ ਭਿੰਨ ਹਨ।” ਬਾਂਦਰਾਂ ਨੇ ਕਿਹਾ। “ਪਰ ਸਾਨੂੰ ਆਪਣੇ ਨਾਇਕਾਂ (ਵਿਲੱਖਣ ਸਖ਼ਸ਼ੀਅਤਾਂ) ਉੱਤੇ ਉਨ੍ਹਾਂ ਹੀ ਮਾਣ ਹੈ ਜਿੰਨ੍ਹਾਂ ਤੁਹਾਨੂੰ ਆਪਣੇ ਨਾਇਕਾਂ ਉੱਤੇ।”
“ਤੁਹਾਡੇ ਵੀ ਨਾਇਕ ਨੇ?” ਪੁੱਛਦਿਆ ਆਗੂ ਆਪਣੀ ਹੈਰਾਨਗੀ ਛੁੱਪਾ ਨਹੀਂ ਸੀ ਸਕਿਆ।
“ਯਕੀਨਨ” ਬਾਦਰਾਂ ਨੇ ਫਟਾਫਟ ਆਪਣੇ ਨਾਇਕਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ, “ਮਹਾਂਬਲੀ-ਕੇਸਰ, ਬਜਰੰਗ ਬਲੀ-ਹੰਨੂਮਾਨ, ਮੰਕੀ ਕਿੰਗ-ਸੰਨ ਵੂਕੋਂਗ, ਰਾਮ ਸੇਤੂ ਨਿਰਮਾਤਾ-ਨਲ ਤੇ ਨੀਲ, ਜੰਗਜੂ-ਜੈਕੀ ਦਾ ਬਾਬੂਨ, ਪੁਲਾੜ ਯਾਤਰੀ-ਐਲਬਰਟ, ਗੋਰਡੋ, ਬੇਕਰ, ਐਬਲ, ਜਗਿਆਸੂ-ਜੋਰਜ, ਫਿਲਾਸਫਰ-ਕੋਰਨੀਲੀਅਸ, ਹਿੰਮਤੀਬਰੇਕੀਏਟਰ, ਹਿਮਾੲਤੀ-ਹੈੱਲੀਅਨ, ਅਦਾਕਾਰਾ-ਕ੍ਰਿਸਟਲ, ਆਰਟਿਸਟ-ਐਮੀ ਅਤੇ ਨਟਖਟ-ਡੈਕਸਟਰ।”
“ਕੀ ਉਹ ਇਥੇ ਕੈਪਲਰ ਉੱਤੇ ਰਹਿੰਦੇ ਨੇ?” ਆਗੂ ਨੇ ਪੁੱਛਿਆ।
ਤਦ ਹੋਰ ਮਨੁੱਖ ਪੁਲਾੜੀ ਵਾਹਣ ਤੋਂ ਵਾਪਸ ਆਉਣੇ ਸ਼ੁਰੂ ਹੋ ਚੁੱਕੇ ਸਨ।
“ਨਹੀਂ।” ਬਾਂਦਰਾਂ ਨੇ ਕਿਹਾ। “ਕੁਝ ਕੁ ਨੂੰ ਸਮੇਂ ਨੇ ਤੇ ਬਹੁਤਿਆਂ ਨੂੰ ਤੁਸੀਂ ਮਾਰ ਦਿੱਤਾ।”
“ਉਨ੍ਹਾਂ ਨੂੰ ਮਾਰਨ ਦਾ ਜ਼ਰੂਰ ਕੋਈ ਕਾਰਨ ਹੋਵੇਗਾ।” ਮਨੁੱਖਾਂ ਦੇ ਅੜਬ ਬੋਲ ਸਨ।
“ਉਹ ਧਰਤੀ ਦੇ ਵਾਸ਼ਿੰਦੇ ਸਨ।’ ਬਾਂਦਰਾਂ ਨੇ ਕਿਹਾ। “ਉਨ੍ਹਾਂ ਦੀ ਸਰੀਰਕ ਬਣਤਰ ਤੇ ਲੋੜਾਂ, ਮਨੁੱਖਾਂ ਨਾਲ ਮੇਲ ਖਾਂਦੀਆਂ ਸਨ। ਜਿਸ ਕਾਰਣ ਮਨੁੱਖਾਂ ਨੇ ਉਨ੍ਹਾਂ ਨੂੰ ਵਿਗਿਆਨਕ ਤਜਰਬਿਆਂ ਦੀ ਸਮਗਰੀ ਬਣਾ ਲਿਆ।”
“ਦੇਖਿਆ?” ਮਨੁੱਖਾਂ ਨੇ ਕਿਹਾ। “ਕਿਹਾ ਸੀ ਨਾ ਕਿ ਜ਼ਰੂਰ ਕੋਈ ਕਾਰਣ ਹੋਵੇਗਾ।”
ਬਾਂਦਰਾਂ ਨੂੰ ਮਨੁੱਖਾਂ ਦਾ ਇਹ ਜਵਾਬ ਪਸੰਦ ਨਹੀਂ ਸੀ ਆਇਆ ਪਰ ਉਹ ਇੰਨ੍ਹੇ ਨਿਮਰ ਸਨ ਕਿ ਉਨ੍ਹਾਂ ਆਪਣੀ ਨਰਾਜ਼ਗੀ ਜ਼ਾਹਿਰ ਨਾ ਕੀਤੀ।
ਕੈਪਲਰ ਗ੍ਰਹਿ ਦੀ ਰਾਤ ਦੇ ਛੋਟੇ ਜਿਹੇ ਅਰਸੇ ਦੌਰਾਨ, ਮਨੁੱਖਾਂ ਤੇ ਬਾਂਦਰਾਂ, ਦੋਵਾਂ ਨੇ ਹੀ ਕਈ ਗੱਲਾਂ ਸਾਂਝੀਆਂ ਕੀਤੀਆਂ। ਪਰ ਜਦੋਂ ਸਵੇਰ ਹੋਈ ਤਾਂ ਮਨੁੱਖ ਦੇ ਹੈਰਾਨੀ ਭਰੇ ਬੋਲ ਸਨ;
“ਜ਼ਰਾ ਖੁੱਦ ਨੂੰ ਦੇਖੋ।” ਉਹ ਬੋਲੇ। “ਇਹ ਹੋ ਕੀ ਰਿਹਾ ਹੈ?”
“ਅਸੀਂ ਪੰਜਿਆਂ ਦੇ ਆਸਰੇ ਚੱਲ ਚੱਲ ਕੇ ਅੱਕ ਗਏ ਸਾਂ।” ਬਾਂਦਰਾਂ ਨੇ ਕਿਹਾ। “ਤਦ ਅਸੀਂ ਫੈਸਲਾ ਕੀਤਾ ਕਿ ਸਿੱਧੇ ਖੜਾ ਹੋਣਾ ਵਧੇਰੇ ਆਰਾਮਦੇਹ ਹੈ।”
“ਤੇ ਤੁਹਾਡੀ ਪੂੰਛ ਕਿਥੇ ਚਲੀ ਗਈ?” ਮਨੁੱਖਾਂ ਨੇ ਜਾਨਣਾ ਚਾਹਿਆ।
“ਉਹ ਅੜ੍ਹਿਕਾ ਬਣ ਰਹੀ ਸੀ।”
“ਅੱਛਾ, ਜੇ ਇਹ ਭੈੜੀ ਗੱਲ ਨਹੀਂ ।” ਮਨੁੱਖਾਂ ਨੇ ਇਕ ਦੂਜੇ ਵੱਲ ਝਾਂਕਦਿਆ ਕਿਹਾ, “ਤਾਂ, ਆਹ ਬਹੁਤ ਭੈੜੀ ਗੱਲ ਹੈ। ਸਾਡੇ ਸਪੇਸ ਸੂਟ ਇੰਨੇ ਖੁੱਲੇ ਖੁੱਲੇ ਤੇ ਲੰਮੇ ਕਿਵੇਂ ਹੁੰਦੇ ਜਾ ਰਹੇ ਨੇ?”
“ਤੇ ਸਾਡੇ ਨੱਕ ਚਪਟੇ ਹੁੰਦੇ ਜਾ ਰਹੇ ਨੇ।” ਆਗੂ ਨੇ ਕਿਹਾ।
“ਅਤੇ ਸਾਡੇ ਹੱਥ, ਬਾਂਦਰਾਂ ਦੇ ਪੰਜਿਆਂ ਵਰਗੇ ਬਣਦੇ ਜਾ ਰਹੇ ਹਨ।” ਕਿਸੇ ਹੋਰ ਮਨੁੱਖ ਦੇ ਬੋਲ ਸਨ।
“ਇਹ ਤਾਂ ਬਹੁਤ ਹੀ ਪ੍ਰੇਸ਼ਾਨੀ ਵਾਲੀ ਹਾਲਾਤ ਹੈ।” ਆਗੂ ਨੇ ਕਿਹਾ।
ਉਹ ਕੁਝ ਦੇਰ ਚੁੱਪ ਰਿਹਾ ਤੇ ਫਿਰ ਬੋਲਿਆ; “ਸਗੋਂ ਇਸ ਦੇ ਠੀਕ ਉਲਟ, ਮੈਨੂੰ ਤੁਹਾਡੇ ਨਾਲ ਕੱਲ ਜਿੰਨ੍ਹੀ ਵੈਰ ਭਾਵਨਾ ਵੀ ਮਹਿਸੂਸ ਨਹੀਂ ਹੋ ਰਹੀ। ਪਤਾ ਨਹੀਂ ਕਿਉਂ?”
“ਪਤਾ ਨਹੀਂ।” ਬਾਂਦਰਾਂ ਨੇ ਕਿਹਾ। ਜੋ ਉਸ ਦੇ ਸ਼ਿਕਾੲਤੀ ਰਵਈਏ ਤੋਂ ਨਰਾਜ਼ਗੀ ਮਹਿਸੂਸ ਕਰ ਰਹੇ ਸਨ।
“ਇਹ ਸੱਚ ਹੈ” ਆਗੂ ਕਹਿ ਰਿਹਾ ਸੀ “ਕਿ ਮੈਂ ਅੱਜ ਇੰਝ ਮਹਿਸੂਸ ਕਰ ਰਿਹਾ ਹਾਂ ਜਿਵੇਂ ਬ੍ਰਹਿਮੰਡ ਦਾ ਹਰ ਬਾਂਦਰ ਮੇਰਾ ਦੋਸਤ ਹੋਵੇ।”
“ਦੁੱਖ ਦੀ ਗੱਲ ਹੈ ਕਿ ਤੂੰ ਤਦ ਅਜਿਹਾ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ ਜਦ ਤੂੰ ਕੁਝ ਚੰਗਾ ਕੰਮ ਕਰ ਸਕਦਾ ਸੀ।” ਬਾਂਦਰਾਂ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ। “ਕੀ ਤੂੰ ਜਾਣਦਾ ਹੈ ਕਿ ਮਨੁੱਖਾਂ ਨੇ ਇਕੱਲੀ ਬੀਹਵੀਂ
ਸਦੀ ਦੌਰਾਨ ਹੀ ਦਸ ਲੱਖ ਬਾਂਦਰ ਮਾਰੇ ਸਨ?”
“ਪਰ ਅਸੀਂ ਆਪਣੀ ਗਲਤੀ ਦੀ ਸੁਧਾਈ ਵੀ ਤਾਂ ਕਰ ਲਈ ਸੀ।” ਮਨੁੱਖਾਂ ਨੇ ਸਫ਼ਾਈ ਦਿੰਦਿਆ ਕਿਹਾ। “ਤੁਹਾਡੀ ਸੁਰੱਖਿਆ ਲਈ ਅਸੀਂ ਚਿੜ੍ਹੀਆਂ ਘਰ ਵੀ ਤਾਂ ਬਣਾਏ ਸਨ।”
“ਠੀਕ” ਬਾਂਦਰਾਂ ਨੇ ਹਾਮੀ ਭਰੀ, “ਪਰ ਅਜਿਹਾ ਕਰਦਿਆਂ ਤੁਸੀਂ ਸਾਡੇ ਕੁਦਰਤੀ ਘਰ-ਘਾਟਾਂ ਦਾ ਉੱਤੇ ਕਬਜ਼ਾ ਕਰ ਲਿਆ ਸੀ। ਚਿੜ੍ਹੀਆਂ ਘਰਾਂ ਵਿਚ ਖਾਜ਼ੇ ਦੀ ਥੋੜ੍ਹ ਦੇ ਮੱਦੇ-ਨਜ਼ਰ, ਤੁਸੀਂ ਸਾਡੀ ਆਬਾਦੀ ਨੂੰ ਸੀਮਾ ਵਿਚ ਰੱਖਣ ਲਈ ਸਾਨੂੰ ਮਾਰਦੇ ਵੀ ਰਹੇ।”
ਉਹ ਕੁਝ ਦੇਰ ਲਈ ਚੁੱਪ ਕਰ ਗਏ ਤੇ ਫਿਰ ਨਾਟਕੀ ਅੰਦਾਜ਼ ਵਿਚ ਬੋਲੇ, “ਇਹ ਉਹ ਸਮਾਂ ਸੀ ਜਦ ਕਿਸੇ ਹੋਰ ਗ੍ਰਹਿ ਦੇ ਵਾਸੀ (aliens) ਦੂਜੀ ਵਾਰ ਧਰਤੀ ਉੱਤੇ ਆਏ ਸਨ। ਉਨ੍ਹਾਂ ਨੇ “ਮਾਰਨ ਦੀ ਵਿਧੀ ਰਾਹੀਂ ਜੀਵਾਂ ਦੀ ਸੁਰੱਖਿਆ” ਦੇ ਸਿਧਾਂਤ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਨਿਸ਼ਚਾ ਹੋ ਗਿਆ ਕਿ ਧਰਤੀ ਇਕ ਪਾਗਲਖਾਨਾ ਹੈ। ਤੇ ਉਨ੍ਹਾਂ, ਭਵਿੱਖ ਵਿਚ, ਆਪਣੇ ਲਾਇਲਾਜ ਬੀਮਾਰਾਂ ਨੂੰ ਇਥੇ ਰੱਖਣ ਦਾ ਫੈਸਲਾ ਕਰ ਲਿਆ।”
ਮਨੁੱਖਾਂ ਦੀਆਂ ਚਪਟੀਆਂ ਗੱਲਾਂ ਉੱਤੇ ਹੰਝੂਆਂ ਦੀ ਧਾਰਾ ਵਹਿ ਤੁਰੀ। “ਸਾਨੂੰ ਅਜਿਹੇ ਹਾਲਤਾਂ ਦਾ ਸਖ਼ਤ ਅਫਸੋਸ ਹੈ।” ਕਹਿੰਦਿਆ ਉਹ ਰੋ ਰਹੇ ਸਨ। ਕੁਝ ਕੁ ਨੇ ਤਾਂ ਤਿੱਖੇ ਲੰਮੇ ਨਹੁੰਆਂ ਵਾਲੀਆਂ ਉਗਲਾਂ, ਜੋ ਆਪਸ ਵਿਚ ਜੁੜੀਆਂ ਲੱਗ ਰਹੀਆਂ ਸਨ, ਨਾਲ ਆਪਣੀਆਂ ਅੱਖਾਂ ਵੀ ਪੂੰਝੀਆਂ।
“ਸ਼ਾਇਦ ਸਾਨੂੰ ਪੁਲਾੜੀ ਵਾਹਣ ਵਿਚ ਜਾ ਕੇ ਅਜੋਕੇ ਹਾਲਤਾਂ ਦੀ ਚਰਚਾ ਕਰਨੀ ਠੀਕ ਰਹੇਗੀ।” ਮਨੁੱਖਾ ਦੇ ਆਗੂ ਨੇ ਕਿਹਾ। ਉਹ ਆਪਣੇ ਫਟੇ ਹੋਏ ਸਪੇਸ ਸੂਟ ਵਿਚੋਂ ਨਿਕਲ ਰਹੀ ਪੂੰਛ ਨੂੰ ਦੇਖ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ‘ਮੈਂ ਵਾਸ਼ਰੂਮ ਵੀ ਜਾਣਾ ਚਾਹੁੰਦਾ ਹਾਂ।” ਉਹ ਬੋਲਿਆ।
“ਠੀਕ ਹੈ। ਚਲੋ ਚਲੀਏ।” ਕਿਸੇ ਮਨੁੱਖ ਦੇ ਬੋਲ ਸਨ। “ਮੇਰਾ ਵੀ ਫਲ ਖਾਣ ਨੂੰ ਬਹੁਤ ਜੀਅ ਕਰ ਰਿਹਾ ਹੈ।”
“ਦੋਸਤੋ!”ਕਿਸੇ ਹੋਰ ਦੇ ਬੋਲ ਸਨ। “ਮੈਂ ਜਾਣਦਾ ਹਾਂ ਕਿ ਇਹ ਗੱਲ ਤੁਹਾਨੂੰ ਥੋੜ੍ਹੀ ਅਜੀਬ ਲਗੇਗੀ, ਪਰ ਚਾਰ ਪੈਰਾਂ ਉੱਤੇ ਚਲਣਾ ਬਹੁਤ ਆਰਾਮਦੇਹ ਹੈ।”
ਬਾਂਦਰ ਤਦ ਤਕ ਚੁੱਪਚਾਪ ਖੜੇ ਰਹੇ ਜਦ ਤਕ ਸਾਰੇ ਮਨੁੱਖ ਪੁਲਾੜੀ ਵਾਹਣ ਵਿਚ ਨਾ ਜਾ ਵੜੇ। ਤਦ ਉਹ ਆਪੋ ਆਪਣੇ ਕੰਮਾਂ ਵਿਚ ਲਗ ਗਏ। ਅਜਿਹਾ ਕਰਨਾ ਉਨ੍ਹਾਂ ਨੂੰ ਬਹੁਤ ਅਜੀਬ ਲੱਗਿਆ ਕਿਉਂ ਕਿ ਮਨੁੱਖਾਂ ਦੇ ਇਥੇ
ਆਉਣ ਤੋਂ ਪਹਿਲਾਂ ਤਾਂ ਉਨ੍ਹਾਂ ਦਾ ਕੋਈ ਆਪੋ ਆਪਣਾ ਕੰਮ ਨਹੀਂ ਸੀ।
“ਸੁਣੋ ! ਸੁਣੋ!” ਇਕ ਬਾਂਦਰ ਦੇ ਬੋਲ ਸਨ। “ਅਚਾਨਕ ਮੇਰਾ ਦਿਲ ਤਾਂ ਆਲੂ ਵਾਲੇ ਪਰੌਂਠੇ ਖਾਣ ਨੂੰ ਕਰ ਰਿਹਾ ਹੈ।”
“ਮੇਰਾ ਦਿਲ ਤਾਂ ਚਿਲਡ ਬੀਅਰ ਪੀਣ ਨੂੰ ਕਰਦਾ ਹੈ।” ਕਿਸੇ ਹੋਰ ਦੇ ਬੋਲ ਸਨ।”ਸੋਚ ਰਿਹਾ ਹਾਂ ਕਿ ਜੇ ਕਿਧਰੇ ਟੀ।ਵੀ। ਉੱਤੇ ਕ੍ਰਿਕਟ ਮੈਚ ਦਿਖਾਇਆ ਜਾ ਰਿਹਾ ਹੋਵੇ ਤਾਂ ਮਜ਼ਾ ਹੀ ਆ ਜਾਵੇ।”
“ਬੜਾ ਅਜੀਬ ਖਿਆਲ ਹੈ।”ਕਿਸੇ ਤੀਸਰੇ ਦੇ ਬੋਲ ਸਨ। “ਜੀਅ ਕਰਦਾ ਹੈ ਯਾਰਾਂ ਦੀ ਮਹਿਫਲ ਵਿਚ ਬੈਠ ਕੇ ਖੂਬ ਲੁਤਫ਼ ਉਠਾਇਆ ਜਾਵੇ …. ਤੇ ਦੇਰ ਨਾਲ ਘਰ ਪਹੁੰਚਣ ਉੱਤੇ ਬੀਵੀ ਗੁੱਸੇ ਵੀ ਨਾ ਹੋਵੇ …. ਪਰ ਹਾਂ! ਸੱਚ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ।”
ਬੈਚੇਨੀ ਦੀ ਹਾਲਤ ਵਿਚ ਹੀ, ਜਲਦੀ ਹੀ ਉਹ ਸੁਪਨੇ ਰਹਿਤ ਬੇਆਰਾਮੀ ਵਾਲੀ ਨੀਂਦ ਸੋਂ ਗਏ।
ਅਰਥਰ ਚਾਰਲਸ ਕਲਾਰਕ ਨੇ ਕਦੇ ਕਿਹਾ ਸੀ, “ਸੰਭਾਵਨਾ ਦੀ ਸੀਮਾਵਾਂ, ਉਨ੍ਹਾਂ ਦੇ ਪਾਰ ਅਸੰਭਵ ਵਿਚ ਜਾ ਕੇ ਹੀ ਮਿਥੀਆ ਜਾ ਸਕਦੀਆਂ ਹਨ।”
ਮਾਰਕ ਟਵੈਨ ਦਾ ਕਥਨ ਸੀ ਕਿ ਸੱਚਾਈ, ਕਲਪਨਾ ਤੋਂ ਵੀ ਅਜਬ ਹੁੰਦੀ ਹੈ। ਕਿਉ਼ਂਕਿ ਕਲਪਨਾ ਸਦਾ ਸੰਭਾਵਨਾਵਾਂ ਦੇ ਦਾਇਰੇ ਵਿਚ ਸੀਮਿਤ ਰਹਿੰਦੀ ਹੈ, ਪਰ ਸੱਚ ਅਜਿਹੇ ਬੰਧਨਾਂ ਤੋਂ ਮੁਕਤ ਹੁੰਦਾ ਹੈ।
ਖ਼ਲੀਲ ਗਿਬਰਾਨ ਦਾ ਕਹਿਣਾ ਸੀ, “ਸੁਪਨਿਆਂ ਵਿਚ ਯਕੀਨ ਕਰੋ, ਉਨ੍ਹਾਂ ਵਿਚ ਹੀ ਅਨੰਤਤਾ ਦਾ ਰਹੱਸ ਛੁੱਪਿਆ ਹੈ।”
ਕੈਪਲਰ ਵਾਸੀ ਯਾਨਾਕੈਥ ਰੀਨਾਂਕ ਦਾ ਕਥਨ ਸੀ, “ਸੱਚ ਮਹਿਜ਼ ਇਕ ਸੁਪਨਾ ਹੈ। ਜਦ ਤੱਕ ਮੇਰਾ ਸੁਪਨਾ ਸੱਚ ਨਹੀਂ ਹੁੰਦਾ।”
ਕੈਪਲਰ ਇਨ੍ਹਾਂ ਕਥਨਾਂ ਦਾ ਪੁਸ਼ਟੀ ਕਰਤਾ ਗ੍ਰਹਿ ਸੀ।
ਅਗਲੀ ਸਵੇਰ ਜਦ ਦੋਨੋਂ ਗਰੁੱਪ ਮਿਲੇ ਤਾਂ ਮਨੁੱਖਾਂ ਨੇ ਕਿਹਾ, “ਅਸੀਂ ਸੋਚ ਰਹੇ ਸਾਂ ਕਿ ਧਰਤੀ ਦੇ ਆਖ਼ਰੀ ਬਾਂਦਰ ਨਾਲ ਕੀ ਬੀਤੀ?”
“ਸੁਮੋ ਨਾਂ ਸੀ ਉਸ ਦਾ।” ਬਾਂਦਰਾਂ ਨੇ ਕਿਹਾ, “ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ।”
“ਕੀ ਅਜੇ ਵੀ ਕਿਧਰੇ ਉਸ ਦਾ ਸਰੀਰ ਸੁਰੱਖਿਅਤ ਰੱਖਿਆ ਹੋਇਆ ਹੈ।”
“ਉਸ ਦੀ ਖੱਲ, ਜੋ ਇੰਡੋਨੇਸ਼ੀਅਨ ਖੇਤਰ ਦੀ ਰੂਪ-ਰੇਖਾ ਨਾਲ ਮੇਲ ਖਾਂਦੀ ਸੀ, ਏਸ਼ੀਅਨ ਸਿਵਲਾਈਜ਼ੇਸ਼ਨ ਮਿਊਜ਼ੀਅਮ, ਸਿੰਗਾਪੁਰ ਵਿਚ ਰੱਖੀ ਹੋਈ ਹੈ। ਉਸ ਦੀ ਖੋਪੜੀ ਬ੍ਰਿਟਿਸ਼ ਮਿਊਜੀਅਮ, ਲੰਡਨ ਵਿਖੇ ਤੇ ਉਸ ਦੇ ਪੰਜੇ, ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ, ਬੀਜਿੰਗ ਵਿਖੇ ਨੁਮਾਇਸ਼ ‘ਤੇ ਹਨ। ਉਸ ਦੀ ਪੂੰਛ, ਮੱਖੀਮਾਰ ਵਜੋਂ ਸਾਊਦੀ ਅਰਬ ਦੇ ਆਖਰੀ ਆਮੀਰ ਦੇ ਤੋਸ਼ੇਖਾਨੇ ਵਿਚ ਮੌਜੂਦ ਹੈ।”
“ਅਸੀਂ ਨਹੀਂ ਸਾਂ ਜਾਣਦੇ।” ਪ੍ਰਤੱਖ ਤੌਰ ਉੱਤੇ ਦੁੱਖੀ ਨਜ਼ਰ ਆ ਰਹੇ ਮਨੁੱਖਾਂ ਦੇ ਬੋਲ ਸਨ।
ਮਰਨ ਸਮੇਂ ਸੁਮੋ ਦੇ ਆਖਰੀ ਸ਼ਬਦ ਸਨ, “ਇਸ ਭੁੱਲ ਲਈ ਮੈਂ ਤੁਹਾਨੂੰ ਮਾਫ਼ ਕਰਦਾ ਹਾਂ।” ਬਾਂਦਰਾਂ ਨੇ ਦੱਸਿਆ।
“ਉਸ ਨੂੰ ਤੁਰੰਤ ਸਵਰਗ ਵਿਚ ਲੈ ਜਾਇਆ ਗਿਆ, ਜਿਥੇ ਜਾਣ ਦੀ ਮਨੁੱਖਾਂ ਦੀ ਹਮੇਸ਼ਾਂ ਤਮੰਨਾ ਰਹਿੰਦੀ ਹੈ।”
ਮਨੁੱਖਾਂ ਨੇ ਅੰਬਰ ਵੱਲ ਝਾਂਕਿਆ। “ਕੀ ਅਸੀਂ ਉਹ ਸਥਾਨ ਇਥੋਂ ਦੇਖ ਸਕਦੇ ਹਾਂ?” ਉਨ੍ਹਾਂ ਪੁੱਛਿਆ।
“ਸ਼ਾਇਦ ਨਹੀਂ।”
ਮਨੁੱਖਾਂ ਨੇ ਬਾਂਦਰਾਂ ਵੱਲ ਦੇਖਿਆ। ਜੋ ਹੁਣ ਕਾਫੀ ਬਦਲੇ ਬਦਲੇ ਨਜ਼ਰ ਆ ਰਹੇ ਸਨ। ਉਨ੍ਹਾ ਦੇ ਨੱਕ, ਕੰਨ, ਪੰਜੇ, ਪੈਰ ਤੇ ਦਿੱਖ ਵਿਚ ਬਹੁਤ ਬਦਲਾਵ ਆ ਚੁੱਕਾ ਸੀ। ਬਾਂਦਰ ਬਿਲਕੁਲ ਹੀ ਮਨੁੱਖਾਂ ਵਾਂਗ ਲੱਗ ਰਹੇ ਸਨ, ਆਪਣੇ ਸਪੇਸ ਸੂਟਾਂ ਤੇ ਹੈਲਮਟਾਂ ਸਮੇਤ।
ਅਤੇ ਦੂਜੇ ਬੰਨੇ, ਮਨੁੱਖ, ਆਪਣੇ ਖੁੱਲੇ ਡੁੱਲੇ ਸਪੇਸ ਸੂਟਾਂ ਅਤੇ ਹੈਲਮਟਾਂ ਨੂੰ ਲਾਹ, ਕੈਪਲਰ ਦੀ ਖੁੱਲੀ ਫ਼ਿਜ਼ਾ ਵਿਚ ਆਪਣੇ ਚਾਰੋਂ ਪੈਰਾਂ ਦੇ ਸਹਾਰੇ ਉੱਛਲ ਕੁੱਦ ਦੇ ਮਜ਼ੇ ਲੈ ਰਹੇ ਸਨ। ਉਨ੍ਹਾਂ ਦੀਆਂ ਨਵੀਆਂ ਨਿਕਲੀਆਂ ਪੂੰਛਾਂ, ਹਵਾ ਵਿਚ ਹੋਲੇ ਹੋਲੇ ਹਿਲ ਰਹੀਆਂ ਸਨ।
“ਇਹ ਕਾਫ਼ੀ ਮਜ਼ੇਦਾਰ ਹਾਲਤ ਹੈ।” ਮਨੁੱਖ, ਜੋ ਹੁਣ ਮਨੁੱਖ ਨਹੀਂ ਸਨ ਰਹੇ, ਨੇ ਕਿਹਾ।”ਹੁਣ ਕਿਉਂਕਿ ਅਸੀਂ ਬਾਂਦਰ ਬਣ ਗਏ ਲੱਗਦੇ ਹਾਂ, ਸ਼ਾਇਦ ਤੁਸੀਂ ਸਾਨੂੰ ਇਹ ਦੱਸ ਸਕੋ ਕਿ ਬਾਂਦਰ ਹੋਰ ਕੀ ਕੀ ਕਰਦੇ ਹਨ।”
“ਠੀਕ!” ਬਾਂਦਰ, ਜੋ ਹੁਣ ਬਾਂਦਰ ਨਹੀਂ ਸਨ, ਨੇ ਕਿਹਾ, ‘ਅਸੀਂ ਆਪਣੇ ਵਿਹਲੇ ਸਮੇਂ ਵਿਚ ਉਦਾਰਤਾ, ਖਿਮਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਵਰਗੇ ਨਵੇਂ ਨੈਤਿਕ ਸਿਧਾਤਾਂ ਦੀ ਰਚਨਾ ਕਰਦੇ ਹਾਂ। ਅਸੀੰ ਤੁਲਸੀਦਾਸ, ਸ਼ੇਖ਼ ਫ਼ਰੀਦ, ਬਾਬਾ ਨਾਨਕ, ਜੀਸਸ, ਰੋਜ਼ਰ ਪੈਨਰੋਜ਼, ਐਲਨ ਟੂਰਿੰਗ, ਡੈਕਾਰਟ, ਸਪੀਨੋਜ਼ਾ, ਤੇ ਸੈਕਸ਼ਪੀਅਰ ਦੇ ਕੰਮਾਂ ਕਾਰਾਂ ਨੂੰ ਹੋਰ ਵਧੇਰੇ ਤਾਰਕਿਕ ਤੇ ਵਿਵੇਕਸ਼ੀਲ ਬਨਾਉਣ ਵਿਚ ਲਗੇ ਰਹਿੰਦੇ ਹਾਂ। ਤੇ ਅਜਿਹੇ ਕਾਰਜਾਂ ਵਿਚ ਹਰ ਪੱਧਰ ‘ਤੇ ਜਜ਼ਬਾਤੀ ਤੇ ਕਲਾਤਮਕ ਗੁਣਾਂ ਨੂੰ ਵੀ ਸ਼ਾਮਿਲ ਕਰਦੇ ਰਹਿੰਦੇ ਹਾਂ।”
“ਠੀਕ। ਇਹ ਕਾਫੀ ਦਿਲਚਸਪ ਅਮਲ ਹੈ।” ਨਵੇਂ ਬਣੇ ਬਾਂਦਰਾਂ ਦੇ ਨੀਰਸਤਾ ਭਰੇ ਬੋਲ ਸਨ। ‘ਕੀ ਅਸੀਂ ਕੁਝ ਹੋਰ ਵੀ ਕਰ ਸਕਦੇ ਹਾਂ?”
“ਓਹ ਹਾਂ” ਨਵੇਂ ਬਣੇ ਪੁਲਾੜੀ ਮਨੁੱਖਾਂ ਨੇ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਕਿਹਾ। ਇਸੇ ਸਮੇਂ ਉਨ੍ਹਾਂ ਨੇ ਆਪਣੀਆਂ ਲੇਜ਼ਰ ਗੰਨਸ ਤੇ ਪਿਸਤੋਲ ਉਨ੍ਹਾਂ ਵੱਲ ਸਾਧ ਲਏ ਤੇ ਬੋਲੇ, “ਤੁਸੀੰ ਮਰ ਸਕਦੇ ਹੋ।”
“ਅਜਿਹਾ ਨਹੀਂ ਹੋ ਸਕਦਾ। ਕੱਲ ਤਕ ਤਾਂ ਤੁਸੀਂ ਖੁੱਦ ਬਾਂਦਰ ਸੀ।”
“ਬਿਲਕੁਲ ਠੀਕ। ਪਰ ਹੁਣ ਅਸੀਂ ਮਨੁੱਖ ਹਾਂ।”
“ਪਰ ਤੁਸੀਂ ਸਾਨੂੰ ਕਿਉਂ ਮਾਰਨਾ ਚਾਹੁੰਦੇ ਹੋ?” ਬਾਂਦਰਾਂ ਨੇ ਪੁੱਛਿਆ।
“ਆਦਤ ਦੀ ਮਜ਼ਬੂਰੀ।” ਕਹਿੰਦਿਆਂ ਹੀ ਮਨੁੱਖਾਂ ਨੇ ਤੜਾਤੜ ਗੋਲੀਆਂ ਦਾਗ ਦਿੱਤੀਆਂ।
ਅਤੇ ਜਦ ਹੋਰ ਕੋਈ ਮਾਰਨ ਲਈ ਨਹੀਂ ਬਚਿਆ ਤਾਂ ਉਹ ਮਨੁੱਖ, ਜੋ ਪਹਿਲਾਂ ਬਾਂਦਰ ਸਨ, ਪੁਲਾੜੀ ਵਾਹਣ ਉੱਤੇ ਜਾ ਚੜ੍ਹੇ ਤੇ ਪੂਰੀ ਦਲੇਰੀ ਨਾਲ, ਨਵੇਂ ਜੀਵਾਂ ਦੀ ਤਲਾਸ਼ ਵਿਚ ਪੁਲਾੜ ਵੱਲ ਉੱਡ ਗਏ।
______
ਡਾ. ਦੇਵਿੰਦਰ ਪਾਲ ਸਿੰਘ 800 ਤੋਂ ਵਧੇਰੇ ਰਚਨਾਵਾਂ ਅਤੇ ਵੀਹ ਕਿਤਾਬਾਂ ਦਾ ਰਚੇਤਾ ਹੈ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਰਹਿ ਰਿਹਾ ਹੈ।

Email : [email protected]

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …