ਜਰਨੈਲ ਸਿੰਘ
(ਕਿਸ਼ਤ : ਦੂਜੀ ਕਿਸ਼ਤ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਭਾਂਡਾ-ਟੀਂਡਾ ਧੋ ਕੇ ਦੋਵੇਂ ਭੈਣਾਂ ਚਰਖੇ ਡਾਹ ਲੈਂਦੀਆਂ। ਬੀਬੀ ਗਲ਼ੋਟੇ ਅਟੇਰਨ ਲੱਗ ਜਾਂਦੀ, ਨਾਲ਼ ਗੱਲਾਂ ਵੀ ਕਰਦੀ ਰਹਿੰਦੀ। ਗੱਲਾਂ ਕਦੀ ਆਮ ਜਿਹੀਆਂ ਹੁੰਦੀਆਂ ਤੇ ਕਦੀ ਸਿੱਖਿਆ ਵਾਲ਼ੀਆਂ। ਸਿੱਖਿਆ ਉਹ ਸਿੱਧੀ ਨਹੀਂ ਸੀ ਦਿੰਦੇ। ਦੂਰ ਦੇ ਜਾਂ ਨੇੜਲੇ ਕਿਸੇ ਪਰਿਵਾਰ ਦੇ ਜੀਆਂ ਦੇ ਆਪਸੀ ਮੋਹ-ਪਿਆਰ ਦੀਆਂ ਬਰਕਤਾਂ ਬਾਰੇ ਜਾਂ ਕਿਸੇ ਪਰਿਵਾਰ ਦੀ ਪਾਟੋਧਾੜ ਕਾਰਨ ਉਸ ਘਰ ਵਿਚ ਪਈ ਮੰਦਹਾਲੀ ਬਾਬਤ। ਬੀਬੀ ਦੀ ਗੱਲਬਾਤ ਦੇ ਕੁਝ ਸ਼ਬਦ ਬੜੇ ਟੁੰਬਵੇਂ ਹੁੰਦੇ ਜਿਵੇਂ ਇਕ ਰਿਸ਼ਤੇ ਦਾ ਦੂਜੇ ਰਿਸ਼ਤੇ ਦੇ ਸਾਹੀਂ ਜਿਊਣਾ, ਕਿਸੇ ਦੇ ਚਾਵਾਂ ਦਾ ਠੀਕਰੀਆਂ-ਠੀਕਰੀਆਂ ਹੋ ਜਾਣਾ। ਗੁੱਸੇ ਵਿਚ ਕੁੜ੍ਹਦਿਆਂ ਤੌੜੀ ਵਾਂਗ ਕੰਢੇ ਸਾੜਨੇ, ਵੇਲਣੇ ‘ਚ ਆਈ ਬਾਂਹ, ਤੜਿੰਗ ਖਾਣਾ, ਕੌਡੀਆਂ ਦੇ ਭਾਅ, ਰੱਟ ਲਾਉਣੀ, ਮੂੰਹ ਤੋੜਵਾਂ ਜਵਾਬ ਦੇਣਾ, ਡੈਂਬਰ ਜਾਣਾ, ਆਂਦਕ-ਜਾਂਦਕ, ਹਾਂਜ ਖਾਣੀ, ਮੂੰਹ ਭੁਆਉਣਾ ਵਰਗੇ ਅਨੇਕਾਂ ਸ਼ਬਦ ਤੇ ਮੁਹਾਵਰੇ ਜੋ ਮੇਰੇ ਸ਼ਬਦ-ਭੰਡਾਰ ਦਾ ਹਿੱਸਾ ਬਣੇ। ਬੀਬੀ ਕੁਝ ਔਰਤਾਂ ਦੀ ਸਾਂਗ ਬਹੁਤ ਵਧੀਆ ਲਾਉਂਦੀ ਸੀ। ਜਦੋਂ ਉਹ ਕਿਸੇ ਦੀ ਆਵਾਜ਼ ਤੇ ਐਕਸ਼ਨਾਂ ਦੀ ਹੂਬਹੂ ਨਕਲ ਲਾਉਂਦੀ ਤਾਂ ਅਸੀਂ ਖੂਬ ਹੱਸਦੇ।
ਬਾਪੂ ਜੀ ਨੇ ਸਿੱਖ ਇਤਿਹਾਸ ਪੜ੍ਹਿਆ ਹੋਇਆ ਸੀ। ਆਪਣੇ ਉਸ ਗਿਆਨ ਵਿਚੋਂ ਉਹ ਸਾਨੂੰ ਗੁਰੂ ਸਾਹਿਬਾਨਾਂ, ਭਗਤਾਂ ਤੇ ਸਿਦਕਵਾਨ ਸਿੰਘਾਂ ਦੇ ਕਾਰਨਾਮੇ ਸੁਣਾਇਆ ਕਰਦੇ ਸਨ। ਕਦੀ-ਕਦੀ ਉਹ ਆਪਣੀ ਜਾਂ ਸਾਡੇ ਬਾਬਾ ਜੀ ਦੇ ਸੰਘਰਸ਼ ਦੀ ਕੋਈ ਹੱਡ-ਬੀਤੀ ਛੋਹ ਲੈਂਦੇ।
ਜਦੋਂ ਬਾਪੂ ਜੀ ਤੇ ਬੀਬੀ ਕੋਈ ਖਾਸ ਗੱਲ ਨਾ ਕਰ ਰਹੇ ਹੁੰਦੇ, ਸਾਡੀ ਭਰਾਵਾਂ-ਭੈਣਾਂ ਦੀ ਨੋਕ-ਝੋਕ ਸ਼ੁਰੂ ਹੋ ਜਾਂਦੀ। ਮੈਂ ਬੋਲਦਾ ਘੱਟ, ਸੋਚਦਾ ਜ਼ਿਆਦਾ ਸਾਂ। ਸਾਧਾਰਨ ਜਿਹੀਆਂ ਗੱਲਾਂ ਨੂੰ ਬਾਰੀਕੀ ਨਾਲ਼ ਸੋਚਣ ਲੱਗ ਜਾਂਦਾ। ਛੋਟੇ ਭਰਾ ਕੁਲਦੀਪ ਨੂੰ ਗੱਲ ਫੁਰਦੀ ਸੀ। ਉਹ ਟਿੱਚਰ-ਮਸਖਰੀ ਵੀ ਕਰ ਲੈਂਦਾ। ਵੱਡਾ ਭਰਾ ਬਖ਼ਸ਼ੀਸ਼ ਮੇਲੇ ਦੇਖਣ ਦਾ ਸ਼ੌਕੀਨ ਸੀ। ਕੁਲਦੀਪ ਨੇ ਜਨਵਰੀ ਦੇ ਮਹੀਨੇ ਉਸ ਨੂੰ ਚੋਭ ਮਾਰ ਦੇਣੀ, ”ਲੈ ਬਈ ਦੁਸਹਿਰੇ ‘ਚ ਤਾਂ ਹੁਣ ਥੋੜ੍ਹੇ ਹੀ ਦਿਨ ਰਹਿ ਗਏ ਹੋਣੇ ਆਂ।” ਦੀਵਾਲ਼ੀ ਤੋਂ ਛੇਤੀ ਬਾਅਦ ਆਖ ਦੇਣਾ, ”ਹੋਲਾ-ਮਹੱਲਾ ਵੀ ਆਇਆ ਸਮਝੋ…।”
ਬੀਬੀ ਦੀ ਰੀਸੇ ਉਸਨੇ ਸਾਂਗਾਂ ਲਾਉਣੀਆਂ ਸਿੱਖ ਲਈਆਂ ਸਨ। ਸਾਡੀ ਗਲ਼ੀ ਦੇ ਇਕ ਬੰਦੇ ਤੇ ਉਸਦੇ ਪੁੱਤਾਂ ਨੂੰ ਸੁੜ੍ਹਕੇ ਮਾਰ ਕੇ ਚਾਹ ਪੀਣ ਦੀ ਆਦਤ ਸੀ। ਉਨ੍ਹਾਂ ਦੇ ਲੰਮੇ-ਲੰਮੇ ਸੁੜ੍ਹਕਿਆਂ ਦੀ ਤੇ ਹਰ ਸੁੜ੍ਹਕੇ ਦੇ ਅਖੀਰ ‘ਚ ਲੰਮੇ ਸਾਹ ਨਾਲ਼ ਨਿਕਲ਼ੀ ‘ਐਹਅ’ ਦੀ ਆਵਾਜ਼ ਗਲ਼ੀ ‘ਚ ਸੁਣਦੀ ਹੁੰਦੀ ਸੀ। ਚਾਹ ਪੀਂਦਿਆਂ ਕਦੀ-ਕਦੀ ਜਦੋਂ ਕੁਲਦੀਪ ਲੰਮਾ ਸੁੜ੍ਹਕਾ ਮਾਰ ਕੇ ਲੰਮੇ ਸਾਹ ਨਾਲ਼ ‘ਐਹਅ’ ਦੀ ਆਵਾਜ਼ ਕੱਢਦਾ ਸਾਡਾ ਹਾਸਾ ਨਿਕਲ਼ ਜਾਂਦਾ।
ਗੱਲਾਂ-ਬਾਤਾਂ ਤੇ ਹਾਸੇ-ਮਜ਼ਾਕ ਤੋਂ ਬਾਅਦ ਅਸੀਂ ਤਿੰਨੇ ਭਰਾ ਬਾਪੂ ਜੀ ਨਾਲ਼ ਹਵੇਲੀ ਚਲੇ ਜਾਂਦੇ। ਸਿਆਲ ਦੀਆਂ ਲੰਮੀਆਂ ਰਾਤਾਂ ‘ਚ ਬਾਪੂ ਜੀ ਨੂੰ ਬਾਤ ਸੁਣਾਉਣ ਲਈ ਆਖਦੇ। ਰਜਾਈਆਂ ਦਾ ਨਿੱਘ ਮਾਣਦਿਆਂ ਬਾਤਾਂ ਸੁਣਨ ਦਾ ਬੜਾ ਅਨੰਦ ਆਉਂਦਾ। ਉਨ੍ਹਾਂ ਦੀਆਂ ਬਾਤਾਂ ਬਹੁਤ ਲੰਮੀਆਂ ਹੁੰਦੀਆਂ ਸਨ। ਅੱਧੀ-ਅੱਧੀ ਰਾਤ ਲੰਘ ਜਾਣੀ ਤਾਂ ਜਾ ਕੇ ਕਿਤੇ ਬਾਤ ਮੁੱਕਣੀ। ਕਈ ਵਾਰ ਭਰਾ ਸੌਂ ਜਾਂਦੇ ਪਰ ਮੈਂ ਤੋੜ ਤੱਕ ਜਾਗਦਾ ਤੇ ਹੁੰਗਾਰਾ ਭਰਦਾ। ਜਦੋਂ ਕੋਈ ਪ੍ਰਾਹੁਣਾ ਆਇਆ ਹੁੰਦਾ, ਉਸ ਨੂੰ ਵੀ ਬਾਤ ਸੁਣਨ ਦੀ ਲਾਲਸਾ ਹੁੰਦੀ। ਸਾਰੇ ਰਿਸ਼ਤੇਦਾਰ ਉਨ੍ਹਾਂ ਦੀਆਂ ਬਾਤਾਂ ਦੇ ਪ੍ਰਸ਼ੰਸਕ ਸਨ।
ਉਹ ਸਮਾਂ ਪਰਿਵਾਰ ਵਿਚ ਆਰਥਿਕ ਤੰਗੀ ਵਾਲ਼ਾ ਸੀ। ਕਦੀ-ਕਦੀ ਥੁੜਾਂ ਤੋਂ ਖਿਝੀ ਬੀਬੀ ਦਾ ਬਾਪੂ ਜੀ ਨਾਲ਼ ਮਨ-ਮੁਟਾਵ ਹੋ ਜਾਂਦਾ ਪਰ ਦੋ ਕੁ ਦਿਨਾਂ ਬਾਅਦ ਉਹ ਮੁੜ ਸਹਿਜ ਹੋ ਜਾਂਦੀ। ਬਾਪੂ ਜੀ ਅਡੋਲ ਵਿਅਕਤੀ ਸਨ। ਉਨ੍ਹਾਂ ਨੇ ਬਹੁਤ ਕਰੜੇ ਦਿਨ ਦੇਖੇ ਹੋਏ ਸਨ। ਉਨ੍ਹਾਂ ਦੀ ਸਿਦਕ ਦਿਲੀ ਵੱਲ ਦੇਖਦੇ ਅਸੀਂ ਭੈਣ-ਭਰਾ ਵੀ ਹੌਂਸਲੇ ‘ਚ ਰਹਿੰਦੇ। ਨਿਆਣਪੁਣੇ ਵਿਚ ਸਾਥੋਂ ਗਲਤੀਆਂ ਹੋ ਜਾਂਦੀਆਂ ਸਨ। ਬਾਪੂ ਜੀ ਤੇ ਬੀਬੀ ਨਰਮ ਸੁਰ ਵਿਚ ਝਿੜਕ ਦਿੰਦੇ। ਉਨ੍ਹਾਂ ਦੀ ਝਿੜਕਣ-ਘੂਰਨ ਦੀ ਸੁਰ ਪ੍ਰੇਰਨਾਮਈ ਸੀ।
ਵੱਡਾ ਭਰਾ ਸੱਤਵੀਂ ‘ਚੋਂ ਹਟ ਗਿਆ ਸੀ। ਉਸ ਵੱਲ ਦੇਖ ਕੇ ਮੈਂ ਵੀ ਨਾਗੇ ਪਾਉਣ ਲੱਗ ਪਿਆ। ਇਹ ਬਾਪੂ ਜੀ ਦੀ ਪ੍ਰੇਰਨਾ ਹੀ ਸੀ ਕਿ ਮੈਂ ਬਾਕਾਇਦਾ ਸਕੂਲ ਨਾਲ਼ ਜੁੜ ਗਿਆ। ਕੁਲਦੀਪ ਵੀ ਮੇਰੇ ਨਾਲ਼ ਜਾਣ ਲੱਗ ਪਿਆ ਪਰ ਲੰਙੇ-ਡੰਗ। ਬਾਪੂ ਜੀ ਨੇ ਬਥੇਰਾ ਪ੍ਰੇਰਿਆ ਤੇ ਘੂਰਿਆ ਵੀ ਪਰ ਉਸਨੇ ਸਕੂਲ ਤੋਂ ਪੱਕੇ ਤੌਰ ‘ਤੇ ਮੂਹ ਮੋੜ ਲਿਆ… ਤੇ ਖੇਤੀ ‘ਚ ਖੁੱਭ ਗਿਆ।
ਮਾਂ ਅਤੇ ਭੈਣਾਂ ਲਈ ਰਸੋਈ ਤੋਂ ਬਿਨਾਂ ਹੋਰ ਵੀ ਕਈ ਕੰਮ ਹੁੰਦੇ ਸਨਂ ਮੱਝਾਂ ਲਈ ਗੁਤਾਵਾ ਕਰਨਾ, ਧਾਰਾਂ ਕੱਢਣੀਆਂ, ਦੁੱਧ ਰਿੜਕਣਾ, ਖੇਤਾਂ ਵਿਚੋਂ ਕਪਾਹ ਚੁਗਣੀ, ਕਪਾਹ ਵੇਲ ਕੇ ਰੂੰ ਤੇ ਵੜੇਵੇਂ ਅਲੱਗ ਕਰਨੇ। ਵੜੇਵੇਂ ਰਿੰਨ੍ਹ ਕੇ ਮੱਝਾਂ ਨੂੰ ਚਾਰੇ ਜਾਂਦੇ ਸਨ। ਉਦੋਂ ਹੁਣ ਵਾਂਗ ਮੱਝਾਂ-ਗਾਈਆਂ ਲਈ ‘ਫੀਡ’ ਨਹੀਂ ਸੀ ਹੁੰਦੀ। ਵੜੇਵੇਂ, ਅਲ਼ਸੀ ਅਤੇ ਵੜੇਵਿਆਂ ਦੀ ਖਲ਼ ਮੱਝਾਂ ਦੀ ਖ਼ੁਰਾਕ ਹੁੰਦੀ ਸੀ। ਕੁੜੀਆਂ ਦੇ ਕੰਮਾਂ ਵਿਚ ਕਢਾਈ-ਕਸੀਦਾਕਾਰੀ ਵੀ ਸ਼ਾਮਲ ਸੀ। ਸਾਡੀ ਵੱਡੀ ਭੈਣ ਤਾਂ ਵਿਆਹ ਤੋਂ ਬਾਅਦ ਸਹੁਰੀਂ ਚਲੀ ਗਈ ਸੀ। ਦੂਜੀ ਭੈਣ, ਪਿੰਡ ਦੀਆਂ ਹੋਰ ਕੁੜੀਆਂ ਵਾਂਗ ਫੁਲਕਾਰੀ, ਪੱਖੀਆਂ, ਮੇਜ਼-ਪੋਸ਼, ਬਿਸਤਰਿਆਂ ਦੀਆਂ ਚਾਦਰਾਂ ਆਦਿ ‘ਤੇ ਕਢਾਈ ਕਰਦੀ ਹੁੰਦੀ ਸੀ।
ਸੰਘਰਸ਼ਮਈ ਵਿਰਸਾ
ਸਾਡੇ ਪੜਦਾਦੇ ਹੁਰੀਂ ਦੋ ਭਰਾ ਸਨਂ ਟਹਿਲ ਸਿੰਘ ਤੇ ਮੀਂਹਾਂ ਸਿੰਘ। ਮੀਂਹਾਂ ਸਿੰਘ ਛੜਾ ਸੀ। ਟਹਿਲ ਸਿੰਘ ਦੇ ਚਾਰ ਪੁੱਤਰ ਸਨਂ ਭਗਵਾਨ ਸਿੰਘ, ਹਰਨਾਮ ਸਿੰਘ, ਖੇਮ ਸਿੰਘ ਤੇ ਦੀਵਾਨ ਸਿੰਘ। ਭਗਵਾਨ ਸਿੰਘ ਤੇ ਹਰਨਾਮ ਸਿੰਘ ਵਿਆਹੇ ਹੋਏ ਸਨ, ਖੇਮ ਸਿੰਘ ਛੜਾ ਸੀ। ਦੀਵਾਨ ਸਿੰਘ ਫੌਜ ‘ਚ ਭਰਤੀ ਹੋ ਗਿਆ ਸੀ। ਨੌਕਰੀ ਦੇ ਤੀਜੇ ਸਾਲ, ਭਰ ਜਵਾਨੀ ਵਿਚ ਹੀ ਪਹਿਲੀ ਸੰਸਾਰ ਜੰਗ ਉਸ ਨੂੰ ਨਿਗਲ਼ ਗਈ। ਆਖਰੀ ਸਮੇਂ, ਘਰ-ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਉਸਦਾ ਮਨ ਪਤਾ ਨਹੀਂ ਕਿੱਧਰ ਕਿੱਧਰ ਦੌੜਿਆ ਹੋਵੇਗਾ।
ਸਾਡੇ ਬਾਬਾ ਜੀ ਹਰਨਾਮ ਸਿੰਘ ਕਿਸੇ ਸਕੂਲ ‘ਚ ਨਹੀਂ ਸੀ ਗਏ। ਆਪਣੀ ਲਗਨ ਨਾਲ਼ ਹੀ ਪੰਜਾਬੀ ਤੇ ਉਰਦੂ ‘ਚ ਮੁਹਾਰਤ ਹਾਸਲ ਕਰ ਲਈ ਸੀ। ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਕਰ ਲੈਂਦੇ ਸਨ। ਉਹ ਤੇ ਉਨ੍ਹਾਂ ਦੇ ਦੋਵੇਂ ਭਰਾ ਖੇਤੀ ਦੇ ਕੰਮਾਂ ਨੂੰ ਮੂਹਰੇ ਲਾਈ ਫਿਰਦੇ। ਕਿਹੜੇ ਖੇਤ ‘ਚ ਕੀ ਬੀਜਣਾ ਅਤੇ ਖੇਤੀ ਸਬੰਧੀ ਹੋਰ ਸਕੀਮਾਂ ਬਾਬਾ ਜੀ ਦੀ ਹੁੰਦੀਆਂ ਸਨ।
ਅਚਾਨਕ ਹੀ ਬਾਬਾ ਜੀ ਨਾਲ਼ ਤ੍ਰਾਸਦੀ ਵਾਪਰ ਗਈ। ਸਾਡੀ ਦਾਦੀ ਤੇ ਬਾਪੂ ਜੀ ਤੋਂ ਵੱਡੀ ਉਨ੍ਹਾਂ ਦੀ ਭੈਣ (ਜਿਸਨੇ ਸਾਡੀ ਭੂਆ ਬਣਨਾ ਸੀ) ਪਲੇਗ ਦੀ ਮਹਾਂਮਾਰੀ ਨੇ ਡੱਸ ਲਈਆਂ। ਬਾਬਾ ਜੀ ਦੀ ਦੁਨੀਆਂ ਵਿਚ ਹਨ੍ਹੇਰਾ ਛਾ ਗਿਆ। ਤ੍ਰਾਸਦੀ ਨੇ ਉਨ੍ਹਾਂ ਦਾ ਮਨ ਉਚਾਟ ਕਰ ਦਿੱਤਾ। ਬਾਪੂ ਜੀ ਉਦੋਂ ਸੱਤ ਮਹੀਨਿਆਂ ਦੇ ਸਨ। ਉਨ੍ਹਾਂ ਦੀ ਭੂਆ ਉਨ੍ਹਾਂ ਨੂੰ ਆਪਣੇ ਪਿੰਡ ਜੈਤਪੁਰ (ਹੁਸ਼ਿਆਰਪੁਰ) ਲੈ ਗਈ। ਪਰ ਉਹ ਠੀਕ ਤਰ੍ਹਾਂ ਸੰਭਾਲ ਨਾ ਕਰ ਸਕੀ। ਬਾਬਾ ਜੀ ਦੇ ਦੂਰੋਂ ਲਗਦੇ ਚਾਚੇ ਦਾ ਪੁੱਤਰ ਮੰਗਲ ਸਿੰਘ ਪਿੰਡ ਲਿੱਦੜਾਂ (ਹੁਸ਼ਿਆਰਪੁਰ) ਰਹਿੰਦਾ ਸੀ ਉਸ ਦੀ ਪਤਨੀ ਧੰਨ ਕੌਰ ਬਾਪੂ ਜੀ ਨੂੰ ਲਿੱਦੜੀਂ ਲੈ ਗਈ ਤੇ ਆਪਣੇ ਬੱਚਿਆ ਵਾਂਗ ਪਾਲਣ-ਪੋਸਣ ਕੀਤਾ। ਪੁੱਤਰ ਦੀ ਸਲਾਮਤੀ ਲਈ ਦੁਆਵਾਂ ਕਰਦੇ ਬਾਬਾ ਜੀ ਭਰਾਵਾਂ ਨਾਲ਼ ਵਾਹੀ ਕਰਵਾਉਂਦੇ ਰਹੇ। ਜਦੋਂ ਮਨ ਜ਼ਿਆਦਾ ਉਚਾਟ ਹੋ ਜਾਂਦਾ, ਦੂਰ-ਨੇੜੇ ਦੇ ਗੁਰਦਵਾਰਿਆਂ ਜਾਂ ਜੋਗੀਆਂ ਦੇ ਡੇਰਿਆਂ ਵਿਚ ਸਾਧੂਆਂ-ਜੋਗੀਆਂ ਦੀ ਸੰਗਤ ਕਰਨ ਚਲੇ ਜਾਂਦੇ। ਕਦੀ-ਕਦੀ ਨੇੜਤਾ ਵਾਲ਼ਾ ਕੋਈ ਸਾਧੂ ਉਨ੍ਹਾਂ ਨੂੰ ਮਿਲਣ ਆ ਜਾਂਦਾ। ਕੁਝ ਸਾਧੂ ਹਿਕਮਤ ਵੀ ਕਰਦੇ ਸਨ। ਬਾਬਾ ਜੀ ਨੇ ਉਨ੍ਹਾਂ ਕੋਲੋਂ ਕੁਝ ਆਮ ਜਿਹੀਆਂ ਬਿਮਾਰੀਆਂ ਦਾ ਇਲਾਜ ਸਿੱਖ ਲਿਆ ਸੀ। ਉਹ ਲੋਕਾਂ ਦਾ ਮੁਫ਼ਤ ਦਵਾ-ਦਾਰੂ ਕਰਦੇ ਸਨ। ਉਨ੍ਹਾਂ ਨੂੰ ਬੁੱਲੇ ਸ਼ਾਹ, ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਸ਼ਾਇਦ ਕਿਸੇ ਜੋਗੀ ਕੋਲੋਂ ਹੀ ਲੱਗੀ ਸੀ।
ਜਦੋਂ ਬਾਪੂ ਜੀ ਦੀ ਸਕੂਲ ਜਾਣ ਦੀ ਉਮਰ ਹੋਈ ਤਾਂ ਬਾਬਾ ਜੀ ਉਨ੍ਹਾਂ ਨੂੰ ਪਿੰਡ ਲੈ ਆਏ। ਉਨ੍ਹੀਂ ਦਿਨੀਂ ਸਾਡੇ ਇਲਾਕੇ ਵਿਚ ਇਕੋ-ਇਕ ਸਕੂਲ ਹੁੰਦਾ ਸੀ ਸ਼ਾਮਚੁਰਾਸੀ। ਉਸ ਸਕੂਲ ਨੂੰ ਬਾਪੂ ਜੀ ਗਿਆਰਾਂ ਕਿਲੋਮੀਟਰ ਟੁਰ ਕੇ ਜਾਂਦੇ, ਟੁਰ ਕੇ ਆਉਂਦੇ। ਜੇ ਉਨ੍ਹਾਂ ਦੀ ਮਾਂ ਜਾਂ ਭੈਣ ਹੁੰਦੀ ਤਾਂ ਚਾਅ ਨਾਲ਼ ਸਵੇਰੇ ਵੇਲੇ ਸਿਰ ਤਿਆਰ ਕਰਦੀ, ਰੋਟੀ ਖੁਆ ਕੇ ਸਕੂਲ ਨੂੰ ਤੋਰਦੀ। ਭਗਵਾਨ ਸਿੰਘ ਦੀ ਪਤਨੀ, ਯਾਅਨੀ ਬਾਪੂ ਜੀ ਦੀ ਤਾਈ ਅਤੇ ਤਾਈ ਦੀਆਂ ਧੀਆਂ ਰੋਟੀ ਬਣਾ ਤਾਂ ਦੇਂਦੀਆਂ ਪਰ ਕਈ ਵਾਰ ਦੇਰ ਕਰ ਦੇਂਦੀਆਂ। ਬਾਪੂ ਜੀ ਲੇਟ ਹੋ ਜਾਂਦੇ। ਜੇ ਉਹ ਤਾਏ ਕੋਲ਼ ਗਿਲਾ ਕਰਦੇ ਤਾਂ ਉਹ ਮੂਹਰਿਉਂ ਨਹੋਰੇ ਮਾਰਨ ਲੱਗ ਜਾਂਦਾ, ”ਮੈਂ ਤੇ ਖੇਮਾ (ਖੇਮ ਸਿੰਘ) ਖੇਤਾਂ ‘ਚ ਜਾਨ ਹੀਲਦੇ ਆਂ ਤੇ ਬਾਪੂ ਤੇਰਾ ਸਾਧਾਂ ਦੇ ਡੇਰਿਆਂ ਨੂੰ ਤੁਰਿਆ ਰਹਿੰਦੈ। ਤੂੰ ਬਸਤਾ ਚੁੱਕ ਕੇ ਸਕੂਲੇ ਜਾ ਵੜਦੈਂ। ਪੜ੍ਹ ਕੇ ਕਿਹੜਾ ਤੂੰ ਕਾਨੂੰਗੋ ਬਣ ਜਾਣੈ, ਸਾਡੇ ਨਾਲ਼ ਖੇਤਾਂ ਨੂੰ ਚੱਲਿਆ ਕਰ। ਮੋਤੇ (ਮੋਤਾ ਸਿੰਘ) ਨੇ ਹਲ਼ ਦੀ ਕੀਲੀ ਫੜ ਹੀ ਲਈ ਆ।”
ਪਰ ਬਾਪੂ ਜੀ ਅੰਦਰ ਪੜ੍ਹਨ ਦੀ ਰੀਝ ਸੀ। ਉਦੋਂ ਭੱਠੀਆਂ ਸਾਰਾ ਦਿਨ ਤਪਦੀਆਂ ਸਨ। ਜਦੋਂ ਦੇਰ ਹੁੰਦੀ ਦਿਸਦੀ, ਉਹ ਮੱਕੀ ਜਾਂ ਛੋਲਿਆਂ ਦੇ ਦਾਣੇ ਨਾਲ਼ ਲੈ ਜਾਂਦੇ ਤੇ ਸ਼ਾਮਚੁਰਾਸੀ ਕਿਸੇ ਭੱਠੀ ਤੋਂ ਭੁਨਾ ਕੇ ਬੁੱਤਾ ਸਾਰ ਲੈਂਦੇ। ਪਰ ਕਦੀ-ਕਦੀ ਦੇਰ ਨਾਲ਼ ਰੋਟੀ ਪੱਕਣ ਦੀ ਗੱਲ ਜਦੋਂ ਹਰ ਤੀਜੇ-ਚੌਥੇ ਦਿਨ ਦੀ ਕਹਾਣੀ ਬਣ ਗਈ ਤਾਂ ਨਿੱਤ ਦਾਣੇ ਚੱਬ ਕੇ ਦਿਹਾੜੀ ਲੰਘਾਉਣੀ ਬਾਪੂ ਜੀ ਲਈ ਔਖੀ ਹੋ ਗਈ। ਖਿੱਚ-ਧੂਹ ਕੇ ਉਹ ਮਸਾਂ ਛੇ ਜਮਾਤਾਂ ਹੀ ਪੜ੍ਹ ਸਕੇ ਤੇ ਖੇਤੀ ‘ਚ ਪੈ ਗਏ। ਉਹ ਉਰਦੂ ਵਧੀਆ ਪੜ੍ਹ-ਲਿਖ ਲੈਂਦੇ ਸਨ। ਹੌਲੀ-ਸਹਿਜੇ ਅੰਗ੍ਰੇਜ਼ੀ ਦੇ ਸ਼ਬਦ ਪੜ੍ਹ ਲੈਂਦੇ ਸਨ। ਪੰਜਾਬੀ ਉਨ੍ਹਾਂ ਘਰ ਵਿਚ ਹੀ ਸਿੱਖ ਲਈ ਸੀ।
ਬਾਬਾ ਜੀ ਦਾ ਇਕ ਦੋਸਤ ਸਿੰਘਾਪੁਰ ‘ਚ ਸੀ। ਉਸਨੇ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਉਨ੍ਹਾਂ ਬਾਬਾ ਜੀ ਨੂੰ ਗੁਰਦਵਾਰੇ ਦੇ ਮੁੱਖ ਸੇਵਾਦਾਰ ਦੇ ਕਾਰਜ ਲਈ ਸੱਦ ਲਿਆ… ਛੇ ਸਾਲ ਲਾ ਕੇ ਜਦੋਂ ਉਹ ਸਿੰਘਾਪੁਰੋਂ ਪਰਤੇ, ਭਰਾ ਭਗਵਾਨ ਸਿੰਘ ਨੇ ਉਨ੍ਹਾਂ ਨੂੰ ਹੱਥਾਂ ‘ਤੇ ਚੁੱਕ ਲਿਆ। ਪੈਰ-ਪੈਰ ‘ਤੇ ਹੇਜ ਜਤਾਉਂਦਿਆਂ ਉਨ੍ਹਾਂ ਦੀ ਖੂਬ ਟਹਿਲ-ਸੇਵਾ ਕੀਤੀ। ਬਾਪੂ ਜੀ ਨੂੰ ਵੀ ਵਾਧੂ ਅਪਣੱਤ ਦਿਖਾਉਣ ਲੱਗ ਪਏ। ਬਾਪੂ ਜੀ ਉਨ੍ਹਾਂ ਦੀ ਅਪਣੱਤ ਨੂੰ ਸ਼ੱਕ ਨਾਲ਼ ਦੇਖਦੇ ਸਨ ਪਰ ਬਾਬਾ ਜੀ ਨੂੰ ਭਰਾ ਤੇ ਉਸਦੇ ਪਰਿਵਾਰ ਤੋਂ ਮਿਲਦੇ ਆਦਰ-ਮਾਣ ਨੇ ਕੀਲ ਲਿਆ। ਸਾਂਝੇ ਘਰ ਦੀਆਂ ਕੁਝ ਕੰਧਾਂ ਕੱਚੀਆਂ ਸਨ। ਜਦੋਂ ਉਹ ਘਰ ਪੱਕਾ ਕਰਵਾ ਕੇ ਹਟੇ ਤਾਂ ਇਕ ਦਿਨ ਭਰਾ-ਭਰਜਾਈ ਨੇ ਡਾਢੇ ਹੀ ਨਿਤਾਣੇ ਜਿਹੇ ਹੋ ਕੇ ਧੀਆਂ ਦੇ ਵਿਆਹ ਦੀ ਗੱਲ ਛੇੜ ਲਈ, ”ਭਰਾ ਹਰਨਾਮ ਸਿਆਂ। ਤੈਨੂੰ ਪਤਾ ਈ ਐ ਤੇਰੀਆਂ ਦੋਵੇਂ ਭਤੀਜੀਆਂ ਵੱਡੇ ਘਰੀਂ ਮੰਗੀਆਂ ਆਂ। ਸਾਡੇ ਮਨ ‘ਚ ਵੀ ਸੀ, ਵਿਚੋਲੇ ਵੀ ਕਹਿਣ ਲੱਗੇ ਪਈ ਸੁੱਖ ਨਾਲ਼ ਕੁੜੀਆਂ ਦਾ ਚਾਚਾ ਸਿੰਘਾਪੁਰ ‘ਚ ਐ। ਸਾਡੇ ‘ਚ ਤਾਂ ਏਨੀ ਹਿੰਮਤ ਨਈਂ ਤੇਰੇ ਆਸਰੇ ਹੀ ਬੇੜਾ ਬੰਨੇ ਲੱਗਣੈ।” ਬਾਬਾ ਜੀ ਪਸੀਜ ਗਏ। ਬਾਪੂ ਜੀ ਨੇ ਉਨ੍ਹਾਂ ਨੂੰ ਹਿਸਾਬ ਨਾਲ਼ ਖਰਚਾ ਕਰਨ ਲਈ ਕਿਹਾ। ਪਰ ਉਹ ਭਰਾ-ਭਰਜਾਈ ਦੀਆਂ ਗੱਲਾਂ ਵਿਚ ਆ ਚੁੱਕੇ ਸਨ। ਉਨ੍ਹਾਂ ਭਤੀਜੀਆਂ ਦੇ ਵਿਆਹਾਂ ‘ਤੇ ਵਾਧੂ ਖਰਚਾ ਕਰ ਦਿੱਤਾ। ਫਿਰ ਆਪਣੇ ਪੁੱਤਰ (ਸਾਡੇ ਬਾਪੂ ਜੀ) ਦਾ ਵਿਆਹ ਕੀਤਾ। ਸਿੰਘਾਪੁਰ ਦੀ ਕਮਾਈ ਮੁੱਕਣ ਦੀ ਦੇਰ ਸੀ ਕਿ ਬਾਬਾ ਜੀ ਦੀ ਟੱਬਰ ‘ਚ ਬਣੀ ਵਿਸ਼ੇਸ਼ਤਾ ਫਿੱਕੀ ਪੈ ਗਈ। ਭਰਾ-ਭਰਜਾਈ ਦੇ ਤੌਰ ਬਦਲ ਗਏ। ਫ਼ਸਲ-ਵਾੜੀ ਦੀ ਵੇਚ-ਵਟਕ ਦਾ ਹਿਸਾਬ ਭਗਵਾਨ ਸਿੰਘ ਕੋਲ਼ ਹੀ ਹੁੰਦਾ ਸੀ। ਜਦੋਂ ਬਾਪੂ ਜੀ ਤੇ ਬੀਬੀ ਨੇ ਕਿਤੇ ਜਾਣਾ ਹੁੰਦਾ ਜਾਂ ਕੋਈ ਚੀਜ਼ ਖ਼ਰੀਦਣੀ ਹੁੰਦੀ ਉਹ ਤਾਏ (ਭਗਵਾਨ ਸਿੰਘ) ਤੋਂ ਪੈਂਸੇ ਮੰਗਦੇ। ਉਹ ਥੋੜ੍ਹੇ ਕੁ ਪੈਸੇ ਦੇ ਕੇ ਸਾਂਝੇ ਟੱਬਰ ਦੇ ਖਰਚੇ ਵਧਾ-ਚੜ੍ਹਾ ਕੇ ਦੱਸਣ ਲੱਗ ਪੈਂਦਾ। ਬਾਪੂ ਜੀ ਤੇ ਬਾਬਾ ਜੀ ਨੇ ਅਲੱਗ ਹੋਣ ਦੀ ਗੱਲ ਆਖ ਦਿੱਤੀ। ਭਗਵਾਨ ਸਿੰਘ ਨੇ ਟਾਲ-ਮਟੋਲ ਕੀਤੀ ਪਰ ਇਹ ਪਿਉ-ਪੁੱਤ ਅੜ ਗਏ।
ਜ਼ਮੀਨ ਤਕਸੀਮ ਹੋ ਗਈ। ਬਾਪੂ ਜੀ ਤੇ ਬਾਬਾ ਜੀ ਨੇ ਕਰੜੀ ਮਿਹਨਤ ਕਰਕੇ ਜ਼ਮੀਨ ਵਧੀਆ ਬਣਾ ਲਈ। ਇਨ੍ਹਾਂ ਦੇ ਖੇਤਾਂ ਵਿਚ ਲਹਿਲਹਾਉਂਦੀਆਂ ਫ਼ਸਲਾਂ ਦੇਖ ਕੇ ਭਗਵਾਨ ਸਿੰਘ ਤੇ ਉਸਦਾ ਪੁੱਤਰ ਮੋਤਾ ਸਿੰਘ ਈਰਖਾ ‘ਚ ਸੜ ਗਏ। ਮੋਤਾ ਸਿੰਘ ਨੇ ਰੱਟਾ ਪਾ ਦਿੱਤਾਂ ਆਖੇ ਚਾਚੇ ਹਰਨਾਮ ਸੁੰਹ ਨੇ ਆਪਣੇ ਹਿੱਸੇ ਵਧੀਆ ਖੇਤ ਪੁਆ ਲਏ ਤੇ ਸਾਨੂੰ ਮਾੜੇ ਦਿੱਤੇ ਆ। ਜ਼ਮੀਨ ਦੀ ਵੰਡ ਮੁੜ ਕੇ ਕੀਤੀ ਜਾਵੇ। ਵੰਡ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਦੋਨਾਂ ਧਿਰਾਂ ਦੀ ਰਜ਼ਾਮੰਦੀ ਨਾਲ਼ ਹੋਈ ਸੀ। ਬਾਬਾ ਜੀ ਨੇ ਨਾਂਹ ਕਰ ਦਿੱਤੀ। ਉਨ੍ਹਾਂ ਦੀਆਂ ਖਾਰਬਾਜ਼ੀਆਂ ਵਧਦੀਆਂ ਗਈਆਂ… ਖੂਹ ਸਾਂਝਾ ਸੀ। ਖੂਹ ਦੀਆਂ ਵਾਰੀਆਂ ਦਾ ਰੱਟਾ ਪਾਉਣ ਲੱਗ ਪਏ। ਬਾਪੂ ਜੀ ਨੂੰ ਗੁੱਸਾ ਚੜ੍ਹ ਜਾਂਦਾ। ਬਾਬਾ ਜੀ ਉਸਨੂੰ ਸਾਂਤ ਰਹਿਣ ਲਈ ਆਖ ਦਿੰਦੇ।
ਉਨ੍ਹਾਂ ਦਾ ਛੜਾ ਭਰਾ ਖੇਮ ਸਿੰਘ ਵੀ ਭਗਵਾਨ ਸਿੰਘ ਦੀ ਹਮਾਇਤ ‘ਤੇ ਸੀ। ਦੂਜੀ ਧਿਰ ਭਾਰੀ ਹੋਣ ਕਰਕੇ ਬਾਬਾ ਜੀ ਲੜਾਈ ਤਾਂ ਟਾਲਦੇ ਰਹੇ ਪਰ ਉਨ੍ਹਾਂ ਅੰਦਰਲਾ ਗੁਬਾਰ ਵਧਦਾ ਗਿਆ। ਭਗਵਾਨ ਸਿੰਘ ਦੇ ਖੋਟੇ ਵਿਹਾਰ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਉਨ੍ਹਾਂ ਨੂੰ ਝੋਰਾ ਲੱਗ ਗਿਆ ਕਿ ਉਨ੍ਹਾਂ ਨੇ ਸਿੰਘਾਪੁਰ ਦੀ ਕਮਾਈ, ਖੋਟੀ ਨੀਅਤ ਵਾਲ਼ੇ ਭਰਾ ਦੀਆਂ ਧੀਆਂ ਦੇ ਵਿਆਹ ਅਤੇ ਹੋਰ ਸਾਂਝੇ ਖਰਚਿਆਂ ‘ਚ ਕਿਉਂ ਰੋੜ੍ਹੀ? ਉਹ ਕਮਾਈ ਪੁੱਤਰ ਵਾਸਤੇ ਕਿਉਂ ਨਾ ਰੱਖੀ? ਬਾਪੂ ਜੀ ਨੇ ਬਥੇਰਾ ਕਿਹਾ ਕਿ ਜੋ ਹੋ ਗਿਆ ਸੋ ਹੋ ਗਿਆ, ਇਸ ਗੱਲ ਨੂੰ ਛੱਡ ਦਿਓ। ਪਰ ਉਹ ਝੋਰੇ ਤੋਂ ਮੁਕਤ ਨਾ ਹੋ ਸਕੇ… ਇਕ ਦਿਨ ਦਿਲ ਦਾ ਦੌਰਾ ਪਿਆ ਤੇ ਚੱਲ ਵਸੇ।
ਜ਼ਮੀਨ ਬਾਪੂ ਜੀ ਦੇ ਬਾਬੇ ਟਹਿਲ ਸਿੰਘ ਤੇ ਉਸਦੇ ਛੜੇ ਭਰਾ ਮੀਂਹਾਂ ਸਿੰਘ ਦੇ ਨਾਂ ਬੋਲਦੀ ਸੀ। ਟਹਿਲ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ, ਖੇਮ ਸਿੰਘ ਤੇ ਸਾਡੇ ਬਾਬਾ ਜੀ ਦੇ ਨਾਵਾਂ ‘ਤੇ ਨਹੀਂ ਸੀ ਚੜ੍ਹੀ। ਭਗਵਾਨ ਸਿੰਘ ਨੇ ਪਟਵਾਰੀਆਂ, ਗਰਦਾਵਰਾਂ ਨੂੰ ਚੜ੍ਹਾਵਾ ਚਾੜ੍ਹ ਕੇ ਪਿਉ ਦੀ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ, ਜਦੋਂ ਕਿ ਤੀਜਾ ਹਿੱਸਾ ਸਾਡੇ ਬਾਬਾ ਜੀ ਤੇ ਅਗਾਂਹ ਬਾਪੂ ਜੀ ਦਾ ਬਣਦਾ ਸੀ। ਬਾਪੂ ਜੀ ਵਾਸਤੇ ਬਹੁਤ ਵੱਡਾ ਝਟਕਾ ਸੀ ਪਰ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਮੁੱਕਦਮਾ ਕਰ ਦਿੱਤਾ। ਉਸ ਸਮੇਂ ਸਾਡੀ ਮਾਂ ਦੀ ਗੋਦ ਵਿਚ ਸਾਡੀ ਵੱਡੀ ਭੈਣ ਤੇ ਵੱਡਾ ਭਰਾ ਸਨ। ਬਾਪੂ ਜੀ ਨੇ ਤਿੰਨਾਂ ਨੂੰ ਸਾਡੇ ਨਾਨਕੀਂ ਛੱਡ ਦਿੱਤਾ ਤੇ ਆਪ ਯੂ.ਪੀ ਦੀ ਕਿਸੇ ਖੰਡ-ਮਿੱਲ ਵਿਚ ਨੌਕਰੀ ਕਰ ਲਈ। ਮੁਕੱਦਮੇ ਦਾ ਮੁਖਤਿਆਰਨਾਮਾ ਸਾਡੇ ਮਾਮੇ ਨੂੰ ਦੇ ਦਿੱਤਾ। ਬਾਪੂ ਜੀ ਤੇ ਬੀਬੀ ਲਈ ਉਹ ਸਮਾਂ ਬਹੁਤ ਕਰੜਾ ਸੀ।
ਬਾਪੂ ਜੀ ਦੇ ਬਾਬੇ ਦਾ ਭਰਾ ਮੀਹਾਂ ਸਿੰਘ ਸਾਰੀ ਜ਼ਮੀਨ ਦਾ ਅੱਧ ਦਾ ਮਾਲਕ ਸੀ। ਬੁਢਾਪੇ ਵਿਚ ਉਸਦੀ ਨਿਗ੍ਹਾ ਬਹੁਤ ਕਮਜ਼ੋਰ ਹੋ ਗਈ ਸੀ। ਬਾਪੂ ਜੀ ਨਾਲ਼ ਹੋਈ ਹੇਰਾਫੇਰੀ ਨੇ ਉਸ ਅੰਦਰ ਹਲਚਲ ਮਚਾ ਦਿੱਤੀ। ਜਦੋਂ ਬਾਪੂ ਜੀ ਮਿੱਲ ਤੋਂ ਕੁਝ ਦਿਨਾਂ ਦੀ ਛੁੱਟੀ ਆਏ ਤਾਂ ਉਸਨੇ ਪਰਦੇ ਨਾਲ਼ ਮੁੱਕਦਮੇ ਬਾਰੇ ਪੁੱਛਿਆ। ਬਾਪੂ ਜੀ ਨੇ ਦੱਸਿਆ ਕਿ ਤਾਰੀਖ਼ਾਂ ਪਾਈ ਜਾਂਦੇ ਆ, ਲੰਮਾ ਚੱਕਰ ਐ। ਚਿੰਤਾਤੁਰ ਹੋਇਆ ਬਜ਼ੁਰਗ ਕਹਿਣ ਲੱਗਾ, ”ਭਗਵਾਨੇ ਬੇਈਮਾਨ ਨੇ ਮੁਕੱਦਮੇ ਵਿਚ ਵੀ ਚਾਲ ਖੇਲ੍ਹ ਜਾਣੀ ਆਂ ਤੇ ਮੇਰੇ ਹਿੱਸੇ ਦੀ ਜ਼ਮੀਨ ‘ਤੇ ਵੀ ਹੱਥ ਮਾਰ ਜਾਣਾ ਆਂ। ਪਰ ਮੈਂ ਇਹ ਧੱਕਾ ਨਈਂ ਹੋਣ ਦੇਣਾ। ਤੂੰ ਮੇਰਾ ਹਿੱਸਾ ਆਪਣੇ ਨਾਂ ਕਰਵਾ ਲੈ”।
”ਸੋਚ ਲੈ ਬਾਬਾ” ਬਾਪੂ ਜੀ ਨੇ ਕਿਹਾ।
”ਬਹੁਤ ਸੋਚ ਲਿਆ। ਤੂੰ ਛੇਤੀ ਲਿਖਵਾ ਲੈ। ਸੁਆਸਾਂ ਦਾ ਕੀ ਭਰੋਸਾ।”
ਬਾਪੂ ਜੀ ਉਸਨੂੰ ਅੱਖਾਂ ਦੇ ਡਾਕਟਰ ਕੋਲ਼ ਲਿਜਾਣ ਦੇ ਬਹਾਨੇ ਹੁਸ਼ਿਆਰਪੁਰ ਲੈ ਗਏ। ਉਸਨੇ ਆਪਣੇ ਹਿੱਸੇ ਦੀ ਜ਼ਮੀਨ ਦਾ ਹੇਵਾ ਬਾਪੂ ਜੀ ਦੇ ਨਾਂ ਕਰ ਦਿੱਤਾ। ਬਾਪੂ ਜੀ ਅੱਧੀ ਜ਼ਮੀਨ ਦੇ ਮਾਲਕ ਬਣ ਗਏ। ਲੰਬੜਦਾਰ, ਜੀਹਨੇ ਗੁਪਤ ਤੌਰ ‘ਤੇ ਗਵਾਹੀ ਪਾਈ ਸੀ, ਨੇ ਪਹਿਲਾਂ ਤਾਂ ਗੱਲ ਦੱਬ ਰੱਖੀ ਪਰ ਬਾਅਦ ਵਿਚ ਮੋਤਾ ਸਿੰਘ ਨੂੰ ਦੱਸ ਦਿੱਤਾ। ਉਸਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਸ ਨੇ ਬਜ਼ੁਰਗ ਮੀਹਾਂ ਸਿੰਘ ਨੂੰ ਗਲ਼ ਘੁੱਟ ਕੇ ਮਾਰ ਦਿੱਤਾ ਤੇ ਛੇਤੀ ਨਾਲ਼ ਸਸਕਾਰ ਕਰ ਦਿੱਤਾ। ਬਾਪੂ ਜੀ ਵਾਪਸ ਮਿੱਲ ‘ਚ ਚਲੇ ਗਏ ਸਨ। ਕਹਿੰਦੇ ਹਨ ਕਿ ਕਰਨੀਆਂ ਭਰਨੀਆਂ ਪੈ ਜਾਂਦੀਆਂ ਹਨ। ਕੁਝ ਕੁ ਮਹੀਨੇ ਬਾਅਦ ਹੀ ਮੋਤਾ ਸਿੰਘ ਦੀ ਅਚਾਨਕ ਮੌਤ ਹੋ ਗਈ।
ਬਾਪੂ ਜੀ ਨੇ ਖੇਤੀ ਸ਼ੁਰੂ ਕਰ ਲਈ ਸੀ। ਉਨ੍ਹਾਂ ਬਾਬੇ ਮੀਂਹਾਂ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ। ਉਸ ਦੀ ਯਾਦ ਵਿਚ ਹਮੇਸ਼ਾ ਨਤਮਸਤਕ ਹੁੰਦੇ ਰਹੇ। ਟੱਬਰ ‘ਚ ਬੈਠਿਆਂ ਕਦੀ-ਕਦੀ ਆਪ-ਮੁਹਾਰੇ ਹੀ ਉਨ੍ਹਾਂ ਦੇ ਮੂੰਹੋਂ ਨਿੱਕਲ਼ ਜਾਂਦਾ, ”ਸ਼ਰੀਕ ਤਾਂ ਮੈਨੂੰ ਉਜਾੜਨ ‘ਤੇ ਤੁੱਲਿਓ ਸੀ, ਬਾਬੇ ਮੀਂਹਾਂ ਸਿੰਘ ਨੇ ਵਸਦਾ ਰੱਖ ਲਿਆ।”
ਸ਼ੁਰੂ ਵਿਚ ਜਦੋਂ ਬਾਪੂ ਜੀ ਕੋਲ਼ ਖੇਤੀ ਦੇ ਸਾਰੇ ਸੰਦ-ਬੇਟ ਨਹੀਂ ਸਨ ਤਾਂ ਸਾਡੇ ਨਾਨਕਿਆਂ ਨੇ ਬਹੁਤ ਮੱਦਦ ਕੀਤੀ। ਕਦੀ ਨਾਨਾ ਭਗਵਾਨ ਸਿੰਘ ਤੇ ਕਦੀ ਮਾਮਾ ਬਿੱਕਰ ਸਿੰਘ ਪੰਨੂੰ ਆਪਣੇ ਸੰਦ ਬੇਟ ਲਿਆ ਕੇ ਬਾਪੂ ਜੀ ਨਾਲ਼ ਕੰਮ ਕਰਵਾ ਜਾਂਦੇ। ਉਂਜ ਵੀ ਉਹ ਸਾਡਾ ਬਹੁਤ ਖਿਆਲ ਰੱਖਦੇ ਸਨ। ਇਕ ਵਾਰ ਤੰਗੀਆਂ-ਤੁਰਸ਼ੀਆਂ ਦੇ ਦਿਨੀਂ ਜਦੋਂ ਸਾਡੇ ਘਰ ਦੁੱਧ-ਘਿਓ ਦੀ ਤੋਟ ਆਈ ਤਾਂ ਮਾਮਾ ਆਪਣੀ ਸੱਜਰ ਸੂਈ ਮੱਝ ਸਾਡੇ ਕਿੱਲੇ ‘ਤੇ ਬੰਨ੍ਹ ਗਿਆ ਸੀ। ਨਾਨਕਾ-ਪਿੰਡ ਪੰਡੋਰੀ ਰੁਕਮਾਨ ਸਾਡੇ ਪਿੰਡੋਂ ਮਸਾਂ 6 ਕਿੱਲੋਮੀਟਰ ਹੈ। ਪਿੰਡ ਛੋਟਾ ਤੇ ਜ਼ਮੀਨਾਂ ਖੁੱਲ੍ਹੀਆਂ। ਹਰੇਕ ਘਰ ਵਿਚ ਤਿੰਨ-ਤਿੰਨ, ਚਾਰ ਚਾਰ ਮੱਝਾਂ ਹੁੰਦੀਆਂ ਸਨ। ਨਾਨੇ ਦੇ ਤਾਂ ਬਲਦ ਵੀ ਬਹੁਤ ਭਾਰੇ ਸਨ। ਉਹ ਪਹਿਲੀਆਂ ‘ਚ ਗੱਡਾ ਵਾਹੁੰਦਾ ਰਿਹਾ ਸੀ। ਉਹ ਦੱਸਦਾ ਹੁੰਦਾ ਸੀ ਕਿ ਕਾਂਗੜਾ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ ਤੇ ਹੋਰ ਸ਼ਹਿਰਾਂ ਵਿਚਕਾਰ ਵਪਾਰੀਆਂ ਦੇ ਮਾਲ ਦੀ ਢੋਅ-ਢੁਆਈ ਗੱਡਿਆਂ ਰਾਹੀਂ ਹੁੰਦੀ ਸੀ। ਪੰਜ-ਪੰਜ, ਸੱਤ-ਸੱਤ ਗੱਡਿਆਂ ਵਾਲ਼ੇ ਕਾਫਲਾ ਬਣਾ ਕੇ ਜਾਇਆ ਕਰਦੇ ਸਨ। ਬਲਦ ਸਾਰੀਆਂ ਵਾਟਾਂ ਦੇ ਅਭਿਆਸੀ ਬਣੇ ਹੋਏ ਸਨ। ਰਾਤਾਂ ਨੂੰ ਗੱਡਿਆਂ ਵਾਲ਼ੇ ਸੌਂ ਜਾਂਦੇ ਤੇ ਬਲਦ ਆਪਣੇ ਆਪ ਹੀ ਪੈਂਡਿਆਂ ‘ਤੇ ਟੁਰੇ ਰਹਿੰਦੇ। ਉਦੋਂ ਵਾਹਨਾਂ ਦਾ ਟਰੈਫਿਕ ਬਹੁਤ ਘੱਟ ਹੁੰਦਾ ਸੀ। ਫਿਰ ਵੀ ਸੜਕ ‘ਤੇ ਆਪਣੀ ਹੋਂਦ ਦਰਸਾਉਣ ਲਈ ਉਹ ਲਾਲਟੈਣ ਬਾਲ਼ ਕੇ ਗੱਡਿਆਂ ਨਾਲ਼ ਲਟਕਾ ਰੱਖਦੇ। ਨਾਨਕਿਆਂ ਨਾਲ਼ ਬਣੇ ਮੋਹ-ਪਿਆਰ ਸਦਕਾ ਅਸੀਂ ਕਈ-ਕਈ ਦਿਨ ਨਾਨਕੀਂ ਜਾ ਕੇ ਰਿਹਾ ਕਰਦੇ ਸਾਂ। ਨਸਰਾਲਾ ਹਾਈ ਸਕੂਲ ਤੋਂ ਤਾਂ ਪੰਡੋਰੀ ਸਿਰਫ਼ ਦੋ ਕਿਲੋਮੀਟਰ ਸੀ। ਮੈਂ ਕਈ ਵਾਰ ਸਕੂਲ ਤੋਂ ਨਾਨਕੀਂ ਚਲਾ ਜਾਂਦਾ ਸਾਂ।ਕਰਦੇ।
(ਸਮਾਪਤ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …