Breaking News
Home / ਰੈਗੂਲਰ ਕਾਲਮ / ਬਾਪੂ ਦਾ ਪਰਨਾ

ਬਾਪੂ ਦਾ ਪਰਨਾ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਆਖਰੀ ਦਿਨਾਂ ਦਾ ਵੇਲਾ ਚੱਲ ਰਿਹਾ ਹੈ। ਕੋਈ ਸਮਾਂ ਸੀ ਕਿ ਲੁਧਿਆਣੇ ਦਾ ਪੰਜਾਬੀ ਭਵਨ ਮੇਲੇ ਦੇ ਰੰਗ ‘ਚ ਖੂਬ ਰੰਗਿਆ ਹੁੰਦਾ ਸੀ। ਹੁਣ 39-ਵਾਂ ਤਿੰਨ ਦਿਨਾਂ ਤੋਂ ਪ੍ਰੋ ਮੋਹਨ ਸਿੰਘ ਯਾਦਗਾਰੀ ਮੇਲਾ ਇਸ ਵਾਰੀ ਸਿਰਫ਼ 20 ਅਕਤੂਬਰ ਨੂੰ ਇੱਕੋ ਦਿਨ ਲਈ ਮਨਾਇਆ ਗਿਆ ਤੇ ਰਹਿੰਦਾ ਬਾਕੀ ਦਾ ਨਵੰਬਰ ਮਹੀਨੇ ਲੱਗਣਾ ਹੈ। ਖੈਰ ! ਇਸ ਬਾਰੇ ਪ੍ਰਬੰਧਕ ਜਾਣਨ ਜਾਂ ਨਾ ਜਾਣਨ । ਮੇਲਿਆਂ ਦੇ ਬਾਨੀ ਬਾਪੂ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਇਹਨੀਂ ਦਿਨੀਂ ਵਧੇਰੇ ਸ਼ਿੱਦਤ ਨਾਲ ਆਉਣ ਲੱਗਦੀ ਹੈ ਕਿਉਂਕਿ ਮੇਲਿਆਂ ਦੇ ਦਿਨੀਂ ਉਹ ਚਾਅ-ਹਾਰਾ ਹੋ ਜਾਂਦਾ ਸੀ। ਨਾ ਆਪ ਟਿਕਦਾ ਸੀ ਘਰੇ ਤੇ ਨਾ ਕਿਸੇ ਨੂੰ ਟਿਕਣ ਦਿੰਦਾ ਸੀ। ਆਪਣੇ ਚੇਲਿਆਂ ਤੇ ਸਾਥੀ-ਸਹਿਯੋਗੀਆਂ ਨੂੰ ਭਜਾਈ ਰਖਦਾ । ਉੱਚੀ ਆਵਾਜ਼ ਵਿਚ ਗੜ੍ਹਕਦਾ, ”ਉਏ ਮੇਲਾ ਸਿਰ ‘ਤੇ ਆ ਗਿਆ ਐ, ਘਰਾਂ ਚੋ’ ਨਿਕਲੋ ਭੈੜਿਓ…ਉਏ ਉਠੋ , ਤੁਰੋ ਤੇ ਨੱਚੋ ਗਾਓ, ਖਾਓ-ਪੀਓ,ਖੁਸ਼ੀ ਮਨਾਓ, ਘਰਾਂ ‘ਚ ਬਹਿਕੇ ਘਰਾਂ ਜੋਗੇ ਰਹਿ ਜੋਗੇ ਪਤੰਦਰੋ।”
2013 ਦੀ ਗੱਲ ਹੋਣੀ। ਦੁਨੀਆਂ ਦਾ ਭਰਿਆ ਮੇਲਾ ਛੱਡਣ ਤੋਂ ਪਹਿਲਾਂ ਬਾਪੂ ਜੱਸੋਵਾਲ ਸਾਡੇ ਘਰ ਆਇਆ ਤਾਂ ਜਾਣ ਲੱਗਿਆ ਆਪਣਾ ਡੱਬੀਆਂ ਵਾਲਾ ਪਰਨਾ (ਸਾਫ਼ਾ ) ਭੁੱਲ ਗਿਆ। ਆਥਣ ਦਾ ਵੇਲਾ ਸੀ। ਨਹਾ ਕੇ ਉਹ ਗੁਸਲਖਾਨੇ ਵਿਚੋਂ ਬਾਹਰ ਆਇਆ ਤੇ ਢਿਚਕੂੰ-ਢਿਚਕੂੰ ਕਰਦੇ ਬੈਂਚ ਉਤੇ ਬੈਠ ਕੇ ਪਰਨਾ ਬੰਨ੍ਹਣ ਲੱਗਿਆ। ਉਹ ਆਪ-ਮਹਾਰੇ ਬੋਲਿਆ ,”ਉਏ ਘੁਗਿਆਣਵੀ, ਆਬਦੇ ਮੋਬਾਈਲ ਫੋਨ ਨਾਲ ਮੇਰੀ ਫੋਟੋ ਖਿੱਚ ਦੇ, ਜੇਬਾਂ ‘ਚ ਤੁੰਨੀ ਫਿਰਦੇ ਓ, ਆ ਡੱਬੀਆਂ ਜਿਹੀਆਂ ਉਏ, ਇਹਨਾਂ ਤੋਂ ਚੱਜਦਾ ਕੋਈ ਕੰਮ ਵੀ ਲੈ ਲਿਆ ਕਰੋ, ਖਿੱਚਦੇ ਫੋਟੋ ਮੇਰੀ ਯਾਰ, ਤੇਰੇ ਕੰਮ ਆਊਗੀ ਮੇਰੀ ਫੋਟੋ…ਯਾਦਗਾਰੀ ਰਹੂ ਮੇਰੀ ।” ਬਾਪੂ ਨੇ ਸਿਰ ‘ਤੇ ਪਰਨਾ ਬੰਨ੍ਹਣ ਮਗਰੋਂ ਦੇਸੀ-ਮਿੱਠੀ ਦਾਰੂ ਦਾ ਘੁੱਟ ਭਰਿਆ ਤੇ ਕਿਸੇ ਲਾਚੜੇ ਨਿਆਣੇ ਵਾਂਗ ਕਿਲਕਾਰੀ ਮਾਰੀ। ਮੇਰੇ ਕੋਠੇ ਦੀ ਛੱਤ ਨਾਲ ਗੁਆਂਢੀ ਦੀ ਕਿੱਕਰ ਤੋਂ ਚਿੜੀਆਂ ਉੱਡ ਗਈਆਂ। ਮੈਂ ਉਸ ਦਿਨ ਬਾਪੂ ਦੇ ਪਰਨਾ ਬੰਨਣ ਦੀਆਂ ਕਈ ਫੋਟੋਆਂ ਖਿੱਚੀਆਂ ਸਨ।
ਸਵੇਰੇ ਉਹਨਾਂ ਦੇ ਜਾਣ ਮਗਰੋਂ ਮੈਂ ਉਹ ਪਰਨਾ (ਸਾਫਾ) ਕੀਮਤੀ ਸ਼ੈਅ ਸਮਝਕੇ ਕਿਤਾਬਾਂ ਵਾਲੀ ਅਲਮਾਰੀ ਵਿੱਚ ਸਾਂਭ ਕੇ ਰੱਖ ਲਿਆ ਸੀ। ਇੱਕ ਪਲ ਦਿਮਾਗ ‘ਚ ਆਈ ਕਿ ਬਾਪੂ ਇਹ ਪਰਨਾ ਭੁੱਲਿਆ ਨਹੀਂ ਹੋਣਾ , ਨਿਸ਼ਾਨੀ ਦੇਣ ਵਜੋਂ, ਜਾਣ-ਬੁੱਝ ਕੇ ਹੀ ਰੱਖ ਗਿਆ ਹੋਣਾ। ਅਜਿਹਾ ਕੁਝ ਉਹ ਬਹੁਤੀ ਵਾਰ, ਬਹੁਤੀ ਥਾਂਈ, ਕਰਦਾ ਈ ਰਹਿੰਦਾ ਸੀ। ਕਿਸੇ ਨੂੰ ਫੋਟੋਆਂ ਵੰਡਦਾ। ਕਿਸੇ ਨੂੰ ਪ੍ਰੋ ਮੋਹਨ ਸਿੰਘ ਦੀਆਂ ਕਿਤਾਬਾਂ ਦਿੰਦਾ। ਕਿਸੇ ਨੂੰ ਮੇਲਿਆਂ ਦੀਆਂ ਸੀਡੀਜ਼ ਤੇ ਡੀਵੀਡੀਜ਼, ਕਈਆਂ ਲੇਖਕਾਂ ਨੂੰ ਪੈੱਨਾਂ ਦੇ ਪੈਕਟ ਤੇ ਕਾਗਜ਼ਾਂ ਦੇ ਦੱਥੇ ਦਿੰਦਾ। ਸਨਮਾਨਾਂ ਵਿੱਚ ਮਿਲੀਆਂ ਲੋਈਆਂ ਬਾਹਰੇ ਹੀ ਦੇ ਆਉਂਦਾ ਸੀ। ਬੀਬੀ ਨੇ ਬੜੀ ਵਾਰ ਆਖਣਾ, ”ਘਰੋਂ ਭਰਕੇ ਲਿਜਾਨੈ, ਹੁੰਨੈ, ਬਾਹਰੋਂ ਖਾਲੀ ਆਉਣੈ, ਵੇ ਬੰਦਿਆ, ਨਾ ਘਰ ਪੱਟ ਵੇ, ਟਿਕ ਕੇ ਬਹਿਜਾ ਬਥੇਰੀ ਹੋਗੀ ਹੁਣ, ਸਿਆਣਾ ਬਣ, ਸਿਆਣਾ-ਬਿਆਣਾ ਬੰਦੈ ਐਂ ਤੂੰ।” ਅੱਜ ਮੈਨੂੰ ਬੀਬੀ ਤੇ ਬਾਪੂ ਜੱਸੋਵਾਲ ਦੀ ਨੋਕ ਝੋਕ ਬੜੀ ਯਾਦ ਆਉਂਦੀ ਹੈ, ਤੇ ਆਪਣੇ ਪਲਾਂ ਵਿਚ ਖੋਅ ਜਾਂਦਾ ਹਾਂ। ਹੁਣ ਤਾਂ ਬੀਬੀ ਵੀ ਨਾ {ਸ਼ਥਭ
ਇਹਨਾਂ ਗਰਮੀਆਂ ਵਿਚ ਹੀ ਸਾਉਣ ਦਾ ਮਹੀਨਾ ਚੱਲ ਰਿਹਾ ਸੀ। ਬੜਾ ਚੇਤੇ ਆਇਆ ਬਾਪੂ, ਕਹਿੰਦਾ ਹੁੰਦਾ ਸੀ ਕਿ ਤੀਆਂ ਨੂੰ ਭੁੱਲ ਗਈਆਂ ਨੇ ਧੀਆਂ। ਜਿਹੜੇ ਰੁੱਖਾਂ ਉੱਤੇ ਪੀਂਘ ਝੂਟਦੀਆਂ ਸਨ ਧੀਆਂ, ਉੱਥੇ ਕਿਸਾਨ ਫਾਹੇ ਲੈ ਰਹੇ ਨੇ,ਪਿੰਡ ਧੜਿਆਂ ਵਿੱਚ ਵੰਡੇ ਪਏ ਨੇ, ਪਰਿਵਾਰਾਂ ਵਿੱਚ ਅਛੜਾ-ਤਫੜੀ ਪਈ ਹੋਈ ਐ, ਕੌਣ ਲਾਏ ਹੁਣ ਉਏ ਮੁੰਡਿਓ ਤੀਆਂ ? ਕੌਣ ਗਾਏ ਸਾਵਣ ਦੇ ਗੀਤ, ਸੋਗੀ ਘਰਾਂ ‘ਚ ਵੈਣ ਨੇ, ਵਰਲਾਪ ਐ, ਨਿਆਣੇ ਖੀਰ ਤੇ ਮਾਹਲ ਪੂੜੇ ਨੂੰ ਨੱਕ ਨੀ ਮਾਰਦੇ ਹੁਣ, ਪੀਜ਼ੇ, ਬਰਗਰ ਹੋਰ ਨਿੱਕ-ਸੁੱਕ ਨੂੰ ਪਹਿਲ ਐ ਇਹਨਾਂ ਦੀ, ਤੀਆਂ ਦਾ ਤਿਉਹਾਰ ਕਾਲਜ਼ਾਂ ਤੇ ਕਲੱਬਾਂ ਦੀ ਰਸਮੀ ਜਿਹੀ ਸ਼ਾਨ ਬਣ ਕੇ ਰਹਿ ਗਿਆ ਉਏ ਮੁੰਡਿਓ।” ਬਾਪੂ ਝੂਰਦਾ ਸੀ ਤਾਂ ਮੈਂ ਅੱਗੋਂ ਆਖਦਾ ਸਾਂ, ”ਸਮੇਂ ਦੇ ਹਾਣੀ ਹੋਜੋ ਬਾਪੂ ਜੀ।” ਇਹ ਸੁਣ ਉਹ ਨੀਵੀਂ ਪਾ ਲੈਂਦਾ ਤੇ ਕਿਸੇ ਡੂੰਘੀ ਉਦਾਸੀ ਵਿਚ ਡੁੱਬ ਜਾਂਦਾ।
ਇਸੇ ਤੀਆਂ ਦੀ ਰੁੱਤੇ ਮਹਾਰਾਜਾ ਰਣਜੀਤ ਸਿੰਘ ਦੇ ਪਿੰਡੋਂ ਖ਼ਬਰ ਆਈ ਸ਀ਿ ਕਿ ਉਥੋਂ ਦੀ ਪੰਚਾਇਤ ਨੇ ਤੀਆਂ ਦੇ ਤਿਉਹਾਰ ਲਈ ਖੁਦ ਪ੍ਰਬੰਧ ਕਰ ਲਿਆ ਤੇ ਪਿੰਡ ਦੀਆਂ ਧੀਆਂ ਨੂੰ ਦੂਰੋਂ-ਦੂਰੋਂ ਬੁਲਾ ਕੇ ਸਨਮਾਨਿਤ ਕੀਤਾ। ਲੱਗਦਾ ਹੈ ਕਿ ਬਡਬਰ ਵਾਲਿਆਾਂਵੱਲ-ਵੱਲ ਵੇਖ ਕੇ ਹੋਰ ਪੰਚੈਤਾਂ ਵੀ ਅਜਿਹਾ ਕਰਨਗੀਆਂ। ਇਸ ਖ਼ਬਰ ਨੇ ਮੇਰੇ ‘ਆਪਣੇ ਪਲ’ ਖੁਸ਼ੀ ਵਾਲੇ ਬਣਾ ਦਿੱਤੇ । ਸੱਚੀ ਗੱਲ ਹੈ ਕਿ ਜਦ ਵੀ ਕਦੇ ਬਾਪੂ ਨੂੰ ਚੇਤੇ ਕਰਨ ਨੂੰ ਦਿਲ ਕਰਦਾ ਹੈ, ਤਾਂ ਅਛੋਪਲੇ ਜਿਹੇ ਅਲਮਾਰੀ ‘ਚੋਂ ਉਹੋ ਗੁਲਾਬੀ ਧਾਰੀਆਂ ਵਾਲਾ ਪਰਨਾ ਕੱਢ ਕੇ ਵੇਖ ਲੈਂਦਾ ਹਾਂ । ਅੱਖਾਂ ਭਰ ਕੇ, ਫਿਰ ਸਾਂਭ ਲੈਂਦਾ ਹਾਂ ਨਿੱਜੀ ਕਿਤਾਬੀ ਅਲਮਾਰੀ ਵਿੱਚ, ਉਸ ਪਰਨੇ ਨੂੰ! ਬਾਪੂ ਦਾ ਪਰਨਾ ਇੱਕ ਤੁਹਫਾ ਹੈ ਮੇਰੇ ਵਾਸਤੇ, ਜਿਸਦਾ ਕੋਈ ਮੁੱਲ ਹੀ ਹੈ ਨਹੀਂ।

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …