ਅੰਗਰੇਜ਼ ਅਣਵੰਡਿਆ ਦੇਸ਼ ਛੱਡ ਕੇ ਨਹੀਂ ਸਨ ਜਾਣਾ ਚਾਹੁੰਦੇ : ਸਤਨਾਮ ਸਿੰਘ ਮਾਣਕ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਵਿਖੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਵਲੋਂ ‘ਪੰਜਾਬ ਦੀ 47 ਦੀ ਵੰਡ’ ਵਿਸ਼ੇ ਉਤੇ ਕਰਵਾਏ ਗਏ ਕੌਮਾਂਤਰੀ ਵੈਬੀਨਾਰ ‘ਚ ਸਤਨਾਮ ਸਿੰਘ ਮਾਣਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਫੋਰਮ ਦੇ ਡਾਇਰੈਕਟਰ ਇਹਸਾਨ ਨਦੀਮ ਗੋਰਾਇਆ ਨੇ ਵਿਸ਼ੇ ਬਾਰੇ ਗੱਲ ਕਰਦਿਆਂ ਕਿਹਾ ਕਿ 1947 ‘ਚ ਪੰਜਾਬ ਵਿਚਕਾਰ ਖਿੱਚੀ ਗਈ ਲਕੀਰ ਦੀ ਵਜ੍ਹਾ ਨਾਲ ਲਗਪਗ ਡੇਢ ਕਰੋੜ ਪੰਜਾਬੀ ਬੇ-ਘਰ ਹੋਏ ਤੇ 15 ਤੋਂ 20 ਲੱਖ ਮਾਰੇ ਗਏ। ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਹਰ ਸਾਲ ਭਾਰਤ-ਪਾਕਿ ਸੰਬੰਧਾਂ ਲਈ 14 ਅਗਸਤ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਮੋਮਬੱਤੀਆਂ ਜਗਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵੰਡ ਦਾ ਇਕ ਵੱਡਾ ਕਾਰਨ ਜੋ ਉਨ੍ਹਾਂ ਦੀ ਸਮਝ ‘ਚ ਆਇਆ ਉਹ ਇਹ ਹੈ ਕਿ ਕਾਂਗਰਸ ਮੁਸਲਿਮ ਭਾਈਚਾਰੇ ਨੂੰ ਯਕੀਨ ਨਾ ਦਿਵਾ ਸਕੀ ਕਿ ਆਜ਼ਾਦੀ ਤੋਂ ਬਾਅਦ ਉਹ ਇਥੇ ਸੁਰੱਖਿਅਤ ਹੋਣਗੇ। ਦੂਜਾ ਕਾਰਨ ਇਹ ਕਿ ਅੰਗਰੇਜ਼ ਅਣਵੰਡਿਆ ਦੇਸ਼ ਛੱਡ ਕੇ ਨਹੀਂ ਜਾਣਾ ਚਾਹੁੰਦੇ ਸਨ। ਅੰਗਰੇਜ਼ ਨਹੀਂ ਸਨ ਚਾਹੁੰਦੇ ਕਿ ਭਾਰਤ ਇਕ ਤਾਕਤ ਦੇ ਤੌਰ ‘ਤੇ ਉੱਭਰੇ, ਸਗੋਂ ਇਹ ਦੇਸ਼ ਪੱਛਮੀ ਦੇਸ਼ਾਂ ‘ਤੇ ਹੀ ਨਿਰਭਰ ਰਹੇ। ਉਨ੍ਹਾਂ ਕਿਹਾ ਕਿ ਸਰਹੱਦਾਂ ਦੇ ਆਰ-ਪਾਰ ਆਉਣ ਜਾਣ ਲਈ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੋਵਾਂ ਪਾਸੇ ਦੇ ਪੰਜਾਬੀਆਂ ਨੂੰ ਆਪਸ ‘ਚ ਮਿਲਣ ਦਾ ਮੌਕਾ ਮਿਲ ਸਕੇ ਤੇ ਨਫ਼ਰਤਾਂ ਖ਼ਤਮ ਹੋ ਸਕਣ। ਯੂਨੀਵਰਸਿਟੀ ਆਫ਼ ਐਜੂਕੇਸ਼ਨ ਲਾਹੌਰ ਦੇ ਹਿਸਟਰੀ ਅਤੇ ਆਰਟਸ ਵਿਭਾਗ ਦੇ ਪ੍ਰਮੁੱਖ ਡਾ: ਮੁਹੰਮਦ ਅਬਰਾਰ ਨੇ ਕਿਹਾ ਕਿ ਪੰਜਾਬ ਸਾਡਾ ਦਿਲ ਹੈ, ਰੂਹ ਹੈ ਅਤੇ ਪੰਜਾਬ ਹਰ ਹਵਾਲੇ ਨਾਲ ਅਹਿਮ ਹੈ। ਵਿਦਵਾਨ ਲੇਖਕ ਡਾ: ਅਦਨਾਨ ਤਾਰਿਕ ਨੇ ਕਿਹਾ ਕਿ ਪੰਜਾਬ ਦੇ ਲਗਪਗ ਹਰ ਘਰ ‘ਚ ਵੰਡ ਦਾ ਦਰਦ ਮਹਿਸੂਸ ਕੀਤਾ ਜਾਂਦਾ ਹੈ।
ਲੇਖਕ ਪੱਤਰਕਾਰ ਮੀਆਂ ਆਸਿਫ਼ ਅਲੀ ਨੇ ਕਿਹਾ ਕਿ ਉਹ ‘ਪੰਜਾਬ ਬਚਾਓ’ ਮੁਹਿੰਮ ਚਲਾ ਕੇ ਪਿਛਲੇ ਚਾਰ ਵਰ੍ਹਿਆਂ ਤੋਂ ਇਹ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ ਨੂੰ ਲਹਿਜਿਆਂ ਦੇ ਆਧਾਰ ‘ਤੇ ਹੋਰ ਨਾ ਵੰਡਿਆ ਜਾਵੇ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …