1.8 C
Toronto
Thursday, November 27, 2025
spot_img
Homeਦੁਨੀਆਭਾਰਤ ਸਮੇਤ ਛੇ ਬਿਮਸਟੈਕ ਮੁਲਕਾਂ ਨੇ ਦਿੱਤਾ ਸੱਦਾ

ਭਾਰਤ ਸਮੇਤ ਛੇ ਬਿਮਸਟੈਕ ਮੁਲਕਾਂ ਨੇ ਦਿੱਤਾ ਸੱਦਾ

ਅੱਤਵਾਦ ਨੂੰ ਹਮਾਇਤ ਦੇਣ ਵਾਲੇ ਹੋਣ ਜਵਾਬਦੇਹ
ਕਾਠਮੰਡੂ : ਅੱਤਵਾਦ ਨੂੰ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਵੱਡਾ ਖ਼ਤਰਾ ਕਰਾਰ ਦਿੰਦਿਆਂ ਭਾਰਤ ਅਤੇ ਛੇ ਹੋਰ ਬਿਮਸਟੈਕ ਮੁਲਕਾਂ ਨੇ ਸੱਦਾ ਦਿੱਤਾ ਕਿ ਜਿਹੜੇ ਮੁਲਕ ਅਤੇ ਗ਼ੈਰ ਰਾਜਕੀ ਅਨਸਰ ਅੱਤਵਾਦ ਨੂੰ ਹਮਾਇਤ ਜਾਂ ਮਾਲੀ ਮਦਦ ਦਿੰਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਜਵਾਬਦੇਹ ਬਣਾਇਆ ਜਾਵੇ। ਦੋ ਦਿਨੀਂ ਚੌਥੇ ਬਿਮਸਟੈਕ ਸੰਮੇਲਨ ਦੇ ਅਖੀਰ ਵਿਚ ਕਾਠਮੰਡੂ ਐਲਾਨਨਾਮਾ ਜਾਰੀ ਕੀਤਾ ਗਿਆ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਾਂ ਨੇ ਹਾਜ਼ਰੀ ਭਰੀ। ਸੰਮੇਲਨ ਦੌਰਾਨ ਬਿਮਸਟੈਕ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿਚ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕੀਤੀ ਗਈ ਅਤੇ ਜ਼ੋਰ ਦਿੱਤਾ ਕਿ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੋਦੀ ਨੇ ਕਿਹਾ,”ਬਿਮਸਟੈਕ ਸੰਮੇਲਨ ਦੀ ਕਾਰਵਾਈ ਉਸਾਰੂ ਰਹੀ। ਅਸੀਂ ਲਏ ਫ਼ੈਸਲਿਆਂ ‘ਤੇ ਮੋਹਰ ਲਾਈ ਅਤੇ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ।” ਐਲਾਨਨਾਮੇ ਨੂੰ ਸਾਰੇ ਮੈਂਬਰ ਮੁਲਕਾਂ ਨੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਐਲਾਨਨਾਮੇ ਵਿਚ ਕਿਸੇ ਵਿਸ਼ੇਸ਼ ਮੁਲਕ ਦਾ ਨਾਮ ਨਹੀਂ ਲਿਆ ਗਿਆ ਹੈ ਪਰ ਪਾਕਿਸਤਾਨ ‘ਤੇ ਦੋਸ਼ ਲਗਦੇ ਰਹੇ ਹਨ ਕਿ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਉਂਦਾ ਰਿਹਾ ਹੈ। ਸਾਰੇ ਮੁਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਆਪਕ ਪਹੁੰਚ ਅਪਣਾ ਕੇ ਅੱਤਵਾਦੀਆਂ ਨੂੰ ਮਾਲੀ ਸਹਾਇਤਾ ਰੋਕਣ ਅਤੇ ਉਨ੍ਹਾਂ ‘ਤੇ ਨੱਥ ਪਾਉਣ। ਇਸ ਤੋਂ ਇਲਾਵਾ ਕੱਟੜਵਾਦ ਅਤੇ ਇੰਟਰਨੈੱਟ ਦੀ ਦੁਰਵਰਤੋਂ ‘ਤੇ ਵੀ ਰੋਕ ਲਾਉਣ ਲਈ ਕਿਹਾ ਗਿਆ ਹੈ। ਐਲਾਨਨਾਮੇ ਵਿਚ ਬਿਮਸਟੈਕ ਦੇ ਗ੍ਰਹਿ ਮੰਤਰੀਆਂ ਅਤੇ ਕੌਮੀ ਸੁਰੱਖਿਆ ਮੁਖੀ ਪੱਧਰ ‘ਤੇ ਬੈਠਕਾਂ ਕਰਨ ਅਤੇ ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ਵਿਚਕਾਰ ਸਹਿਯੋਗ ਤੇ ਤਾਲਮੇਲ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਐਲਾਨਨਾਮੇ ਵਿਚ ਗਰੀਬੀ ਦੇ ਖ਼ਾਤਮੇ ਨੂੰ ਵੱਡੀ ਚੁਣੌਤੀ ਕਰਾਰ ਦਿੰਦਿਆਂ ਸਥਾਈ ਵਿਕਾਸ ਲਈ ਏਜੰਡਾ 2030 ਲਾਗੂ ਕਰਨ ਲਈ ਮਿਲ ਕੇ ਕੰਮ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ। ਬਿਮਸਟੈਕ ਗਰਿਡ ਅੰਤਰ ਕੁਨੈਕਸ਼ਨ ਸਥਾਪਤ ਕਰਨ ਲਈ ਐਮਓਯੂ ‘ਤੇ ਦਸਤਖ਼ਤ ਕੀਤੇ ਗਏ ਤਾਂ ਜੋ ਊਰਜਾ ਸਹਿਯੋਗ ਨੂੰ ਵਧਾਇਆ ਜਾ ਸਕੇ। ਅਗਲਾ ਬਿਮਸਟੈਕ ਸਿਖਰ ਸੰਮੇਲਨ ਸ੍ਰੀਲੰਕਾ ਵਿਚ ਹੋਵੇਗਾ। ਇਸ ਦੌਰਾਨ ਮੋਦੀ ਨੇ ਥਾਈਲੈਂਡ, ਭੂਟਾਨ, ਮਿਆਂਮਾਰ ਅਤੇ ਹੋਰ ਮੁਲਕਾਂ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ।
ਮੋਦੀ ਵੱਲੋਂ ਧਰਮਸ਼ਾਲਾ ਦਾ ਉਦਘਾਟਨ
ਕਾਠਮੰਡੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਹਮਰੁਤਬਾ ਕੇ ਪੀ ਸ਼ਰਮਾ ਓਲੀ ਨੇ 400 ਬਿਸਤਰਿਆਂ ਦੀ ਨੇਪਾਲ-ਭਾਰਤ ਮੈਤਰੀ ਪਸ਼ੂਪਤੀ ਧਰਮਸ਼ਾਲਾ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਧਰਮਸ਼ਾਲਾ ਦੀ ਉਸਾਰੀ ਭਾਰਤ ਦੇ ਸਹਿਯੋਗ ਨਾਲ ਕੀਤੀ ਗਈ ਹੈ। ਮੋਦੀ ਨੇ ਕਿਹਾ ਕਿ ਧਰਮਸ਼ਾਲਾ ਨਾਲ ਦੋਵੇਂ ਮੁਲਕਾਂ ਦੇ ਲੋਕਾਂ ਦਰਮਿਆਨ ਰਾਬਤਾ ਹੋਰ ਮਜ਼ਬੂਤ ਹੋਵੇਗਾ। ਤਿੰਨ ਮੰਜ਼ਿਲਾ ਧਰਮਸ਼ਾਲਾ ਵਿਚ ਅਤਿ ਆਧੁਨਿਕ ਸਹੂਲਤਾਂ ਵਾਲੇ 82 ਕਮਰੇ ਹੋਣਗੇ।

RELATED ARTICLES
POPULAR POSTS