ਦਿਲਜੀਤ ਦੋਸਾਂਝ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਸਵਾਗਤ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਓਨਟਾਰੀਓ ਦੇ ਇੱਕ ਸਟੇਡੀਅਮ ਰੋਜ਼ਰਸ ਸੈਂਟਰ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਬੰਧੀ ਕਈ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਵਿਚ ਦਿਲਜੀਤ ਦੋਸਾਂਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘‘ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਹੈ।’’ ਇਸ ਵੀਡੀਓ ਨੂੰ ਜਿਵੇਂ ਹੀ ਦਿਲਜੀਤ ਨੇ ਸ਼ੇਅਰ ਕੀਤਾ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਹਾਂ-ਪੱਖੀ ਟਿੱਪਣੀਆਂ ਕਰਕੇ ਉਸਦੀ ਹੌਸਲਾ ਅਫਜ਼ਾਈ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰੂ ਸਟੇਜ ’ਤੇ ਦੇਖ ਕੇ ਪਹਿਲਾਂ ਦਿਲਜੀਤ ਦੋਸਾਂਝ ਨੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਬਾਅਦ ਵਿਚ ਪੀਐਮ ਟਰੂਡੋ ਨੂੰ ਗਲੇ ਵੀ ਲਗਾਇਆ। ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ ਦੇ ਇਸ ਸੰਗੀਤ ਸਮਾਗਮ ਵਿਚ ਕਰੀਬ 40 ਹਜ਼ਾਰ ਵਿਅਕਤੀ ਸ਼ਾਮਲ ਹੋਏ। ਇਸੇ ਦੌਰਾਨ ਪੀਐਮ ਟਰੂਡੋ ਨੇ ਰੋਜ਼ਰਸ ਸੈਂਟਰ ਦੀਆਂ ਸਾਰੀਆਂ ਟਿਕਟਾਂ ਵਿਕਣ ’ਤੇ ਦਿਲਜੀਤ ਦੋਸਾਂਝ ਨੂੰ ਵਧਾਈ ਵੀ ਦਿੱਤੀ ਹੈ। ਇਸੇ ਦੌਰਾਨ ਦਿਲਜੀਤ ਦੋਸਾਂਝ ਨੇ ਪੀਐਮ ਟਰੂਡੋ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਨੂੰ ਮਿਲਣ ਲਈ ਆਏ।