ਆਪਸੀ ਆਰਥਿਕ ਸਹਿਯੋਗ ਸਬੰਧੀ ਵੀ ਹੋਇਆ ਵਿਚਾਰ ਵਟਾਂਦਰਾ
ਨਿਕੋਸੀਆ/ਬਿਊਰੋ ਨਿਊਜ਼ : ਯੂਰਪ ਦੇ ਭੂਮੱਧ ਸਾਗਰੀ ਟਾਪੂ ਮੁਲਕ ਸਾਇਪ੍ਰਸ ਦੇ ਦੌਰੇ ਉਤੇ ਪੁੱਜੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸਾਈਪ੍ਰਸ ਦੇ ਹਮਰੁਤਬਾ ਨਿਕੋਸ ਅਨੇਸਤੇਜ਼ੀਏਡਜ਼ ਨਾਲ ਮੁਲਾਕਾਤ ਕਰਕੇ ਵੱਖ-ਵੱਖ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਮੁਲਕਾਂ ਨੇ ਮਨੀ ਲਾਂਡਰਿੰਗ ਨੂੰ ਰੋਕਣ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਦੋ ਇਕਰਾਰਨਾਮੇ ਸਹੀਬੰਦ ਕੀਤੇ।
ਕੋਵਿੰਦ ਯੂਰਪ ਦੇ ਆਪਣੇ ਤਿੰਨ ਮੁਲਕੀ ਦੌਰੇ ਦੇ ਪਹਿਲੇ ਗੇੜ ਤਹਿਤ ਇਥੇ ਪੁੱਜੇ ਹਨ। ਇਸ ਦੌਰੇ ਦੌਰਾਨ ਉਹ ਬੁਲਗਾਰੀਆ ਅਤੇ ਚੈੱਕ ਰਿਪਬਲਿਕ ਵੀ ਜਾਣਗੇ ਅਤੇ ਇਨ੍ਹਾਂ ਮੁਲਕਾਂ ਨਾਲ ਭਾਰਤ ਦੇ ਰਿਸ਼ਤੇ ਮਜ਼ਬੂਤ ਕਰਨ ਲਈ ਵਿਚਾਰਾਂ ਕਰਨਗੇ। ਗੱਲਬਾਤ ਦੌਰਾਨ ਦੋਵਾਂ ਰਾਸ਼ਟਰਪਤੀਆਂ ਨੇ ਆਪਸੀ ਆਰਥਿਕ ਸਹਿਯੋਗ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਕੋਵਿੰਦ ਨੇ ਕਿਹਾ ਕਿ ਇਸ ਵਕਤ ਭਾਰਤ ਦੁਨੀਆ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਧਦਾ ਹੋਇਆ ਅਰਥਚਾਰਾ ਹੈ। ਉਨ੍ਹਾਂ ਇਕ ਬਿਆਨ ਵਿੱਚ ਕਿਹਾ, ”ਸਾਈਪ੍ਰਸ ਦੀ ਵਿੱਤੀ ਸੇਵਾਵਾਂ ਅਤੇ ਨਿਵੇਸ਼ ਬੈਂਕਿੰਗ ਵਿੱਚ ਮੁਹਾਰਤ ਸਦਕਾ ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਦੋਵਾਂ ਮੁਲਕਾਂ ਦਰਮਿਆਨ ਸਹਿਯੋਗ ਵਧਾਉਣ ਲਈ ਬਹੁਤ ਮੌਕੇ ਹਨ।” ਉਨ੍ਹਾਂ ਕਿਹਾ, ”ਅਸੀਂ ਭਾਰਤ ਦੀ ਫਾਈਨਾਂਸ਼ਲ ਇੰਟੈਲੀਜੈਂਸ ਯੂਨਿਟ ਅਤੇ ਸਾਈਪ੍ਰਸ ਦੀ ਯੂਨਿਟ ਫਾਰ ਕੌਮਬੈਟਿੰਗ ਮਨੀ ਲਾਂਡਰਿੰਗ ਦਰਮਿਆਨ ਹੋਏ ਸਮਝੌਤੇ ਦਾ ਸਵਾਗਤ ਕਰਦੇ ਹਾਂ।” ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਆਪਣੀ ਟਵੀਟ ਵਿੱਚ ਕਿਹਾ, ”ਭਾਰਤ ਅਤੇ ਸਾਈਪ੍ਰਸ ਨੇ ਦੋਵਾਂ ਮੁਲਕਾਂ ਦੇ ਰਾਸ਼ਟਰਪਤੀਆਂ ਦੀ ਮੌਜੂਦਗੀ ਦੌਰਾਨ ਮਨੀ ਲਾਂਡਰਿੰਗ ਦੀ ਰੋਕਥਾਮ ਅਤੇ ਵਾਤਾਵਰਨ ਦੇ ਖੇਤਰ ਵਿੱਚ ਸਹਿਯੋਗ ਲਈ ਦੋ ਇਕਰਾਰਨਾਮੇ ਸਹੀਬੰਦ ਕੀਤੇ ਹਨ।” ਉਨ੍ਹਾਂ ਕਿਹਾ ਕਿ ਇਸ ਮੌਕੇ ਦੋਵਾਂ ਰਾਸ਼ਟਰਪਤੀਆਂ ਨੇ ਆਪਸੀ ਹਿੱਤ ਵਾਲੇ ਮੁੱਦਿਆਂ ਉਤੇ ਵਿਆਪਕ ਗੱਲਬਾਤ ਵੀ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …