Breaking News
Home / ਭਾਰਤ / ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ

ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ

3ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਮਦਨ 44 ਫੀਸਦੀ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਕੌਮੀ ਪਾਰਟੀਆਂ ਵਿਚੋਂ ਸਭ ਤੋਂ ਅਮੀਰ ਸਿਆਸੀ ਪਾਰਟੀ ਬਣ ਗਈ ਹੈ, 2014-15 ਵਿੱਤੀ ਵਰ੍ਹੇ ਵਿਚ ਭਾਜਪਾ ਨੂੰ ਸਭ ਤੋਂ ਵੱਧ 970.43 ਕਰੋੜ ਦੀ ਆਮਦਨ ਹੋਈ। ਦੱਸਣਯੋਗ ਹੈ ਕਿ ਇਸੇ ਸਾਲ ਭਾਜਪਾ ਸੱਤਾ ਵਿਚ ਆਈ ਸੀ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰੀਫਾਰਮਜ਼ (ਏ. ਡੀ. ਆਰ.) ਦੀ ਰਿਪੋਰਟ ਦੇ ਮੁਤਾਬਿਕ ਕਮਾਈ ਦੇ ਮਾਮਲੇ ਵਿਚ ਭਾਜਪਾ ਰਾਸ਼ਟਰੀ ਸਿਆਸੀ ਪਾਰਟੀਆਂ ‘ਚੋਂ ਚੋਟੀ ‘ਤੇ ਹੈ। ਚੋਣ ਕਮਿਸ਼ਨ ਦੇ 19 ਨਵੰਬਰ 2014 ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਆਪਣੀ ਆਡਿਟ ਰਿਪੋਰਟ ਦਾ ਬਿਓਰਾ ਦੇਣਾ ਜ਼ਰੂਰੀ ਸੀ। ਸਾਰੀਆਂ ਪਾਰਟੀਆਂ ਨੂੰ ਆਪਣੇ ਖਾਤਿਆਂ ਦੀ ਸਾਲਾਨਾ ਆਡਿਟ ਰਿਪੋਰਟ ਦੇਣ ਦੀ ਆਖਰੀ ਤਰੀਕ 30 ਨਵੰਬਰ 2015 ਸੀ। ਜਦਕਿ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸਾਲ 2014-15 ਦੀ ਵਿੱਤੀ ਆਡਿਟ ਰਿਪੋਰਟ ਨਹੀਂ ਦਿੱਤੀ। ਭਾਜਪਾ ਤੋਂ ਇਲਾਵਾ ਸਿਰਫ ਤਿੰਨ ਹੋਰ ਰਾਸ਼ਟਰੀ ਪਾਰਟੀਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਨੇ ਸਮੇਂ ‘ਤੇ ਆਪਣੀ ਆਡਿਟ ਰਿਪੋਰਟ ਦਰਜ ਕਰਵਾਈ ਹੈ। ਦੱਸਣਯੋਗ ਹੈ ਕਿ ਉਕਤ ਤਿੰਨ ਪਾਰਟੀਆਂ ਸਮੇਤ ਕੁੱਲ 6 ਰਾਸ਼ਟਰੀ ਸਿਆਸੀ ਪਾਰਟੀਆਂ ਹਨ। ਰਿਪੋਰਟ ਅਨੁਸਾਰ ਸਿਆਸੀ ਪਾਰਟੀਆਂ ਦੀ ਆਮਦਨ ਵੀ 39 ਫੀਸਦੀ ਵੱਧ ਕੇ 1,275.78 ਕਰੋੜ ਹੋ ਗਈ ਹੈ, ਜੋ 2013-14 ਵਿੱਤੀ ਵਰ੍ਹੇ ਦੌਰਾਨ 920.44 ਕਰੋੜ ਸੀ। ਰਿਪੋਰਟ ਅਨੁਸਾਰ ਭਾਜਪਾ ਦੀ ਆਮਦਨ ਸਾਰੀਆਂ ਰਾਸ਼ਟਰੀ ਪਾਰਟੀਆਂ ‘ਤੋਂ ਵੱਧ 970.45 ਕਰੋੜ ਹੈ, ਇਹ ਉਸ ਦੀ ਕੁੱਲ ਆਮਦਨ ਦਾ 76.06 ਫੀਸਦ ਹੈ। ਸਾਲ 2013-14 ਤੋਂ 2014-15 ਦੇ ਦੌਰਾਨ ਭਾਜਪਾ ਦੀ ਆਮਦਨ ਵਿਚ 44 ਫੀਸਦੀ (296.62) ਕਰੋੜ ਦਾ ਵਾਧਾ ਹੋਇਆ। ਬਸਪਾ ਨੇ ਦਾਇਰ ਕਰਵਾਈ ਆਪਣੀ ਰਿਪੋਰਟ ਵਿਚ ਦੱਸਿਆ ਕਿ ਉਸ ਦੀ ਆਮਦਨ 67.31 ਫੀਸਦੀ ਜਾਂ 45.04 ਕਰੋੜ ਵਧੀ ਹੈ। ਭਾਰਤੀ ਕਮਿਊਨਿਸਟ ਪਾਰਟੀ ਨੇ ਸਭ ਤੋਂ ਘੱਟ 1.84 ਕਰੋੜ ਦੀ ਆਮਦਨ ਐਲਾਨੀ ਹੈ, ਇਹ 2014-15 ਦੇ ਦੌਰਾਨ ਸਾਰੀਆਂ ਰਾਸ਼ਟਰੀ ਸਿਆਸੀ ਪਾਰਟੀਆਂ ਦੀ ਆਮਦਨ ਦਾ ਮਹਿਜ਼ 0.14 ਫੀਸਦੀ ਹੈ। ਰਿਪੋਰਟ ਅਨੁਸਾਰ ਕੇਵਲ ਮਾਰਕਸਵਾਦੀ ਕਮਿਊਨਿਸਟ ਪਾਰਟੀ ਹੀ ਅਜਿਹੀ ਹੈ, ਜਿਸਦੀ ਆਮਦਨ 59 ਲੱਖ ਘੱਟ ਹੋਈ ਹੈ। ਸਿਆਸੀ ਪਾਰਟੀਆਂ ਨੂੰ ਦਾਨ, ਕੂਪਨਾਂ ਦੀ ਵਿਕਰੀ ਤੇ ਚੰਦੇ ਆਦਿ ਦੇ ਜ਼ਰੀਏ ਪੈਸਾ ਮਿਲਦਾ ਹੈ। ਪ੍ਰੰਤੂ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿਆਸੀ ਪਾਰਟੀਆਂ ਨੂੰ ਕਰੀਬ-ਕਰੀਬ ਅੱਧੀ ਆਮਦਨ ਅਣਪਛਾਤੇ ਸਰੋਤਾਂ ਤੋਂ ਹੋਈ ਹੈ। ਇਨ੍ਹਾਂ ਸਰੋਤਾਂ ਤੋਂ ਹੋਈ ਆਮਦਨ ਦੀ ਰਾਸ਼ੀ ਸਾਲ 2014-15 ਵਿਚ 685.36 ਕਰੋੜ ਹੈ, ਜੋ ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ਦਾ 54 ਫੀਸਦੀ ਹੈ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …