Breaking News
Home / ਭਾਰਤ / ਮੋਦੀ ਵੱਲੋਂ ਮਹਿਬੂਬਾ ਸਰਕਾਰ ਦੇ ਪੱਖ ‘ਚ ਫ਼ਤਵਾ

ਮੋਦੀ ਵੱਲੋਂ ਮਹਿਬੂਬਾ ਸਰਕਾਰ ਦੇ ਪੱਖ ‘ਚ ਫ਼ਤਵਾ

Narendra-Modi- in Jammu] copy copyਸੂਬੇ ਦੇ ਵਿਕਾਸ ‘ਚ ਕੇਂਦਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ
ਜੰਮੂ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਜ਼ੋਰਦਾਰ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਸੂਬੇ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਸੂਬੇ ਦੇ ਵਿਕਾਸ ਲਈ ਕੇਂਦਰ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਜੰਮੂ-ਕਸ਼ਮੀਰ ‘ਭਾਰਤ ਦਾ ਤਾਜ’ ਹੈ। ਮੋਦੀ ਵੱਲੋਂ ਦਿੱਤਾ ਗਿਆ ਏਕੇ ਦਾ ਸੁਨੇਹਾ ਮਹਿਬੂਬਾ ਮੁਫ਼ਤੀ ਨੂੰ ਹੱਲਾਸ਼ੇਰੀ ਦੇਵੇਗਾ ਜੋ ਪਿਛਲੇ 16 ਦਿਨਾਂ ਤੋਂ ਸੂਬੇ ਵਿਚ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ”ਭਾਰਤ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਸੁਫ਼ਨੇ ਇਨਸਾਨੀਅਤ, ਕਸ਼ਮੀਰੀਅਤ ਅਤੇ ਜਮਹੂਰੀਅਤ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ।” ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਵਿਕਾਸ ਦੇ ਰਾਹ ‘ਤੇ ਪਾ ਕੇ ਇਸ ਸੁਫ਼ਨੇ ਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ। ਵਾਜਪਈ ਦੇ ਸ਼ਾਂਤੀ ਮੰਤਰ ਨੂੰ ਸਵੀਕਾਰ ਕਰਨ ਵਾਲੇ ਕਸ਼ਮੀਰ ਵਿਚ ਕਈ ਲੋਕ ਹਨ ਜਿਨ੍ਹਾਂ ਵਿਚ ਕੁਝ ਵੱਖਵਾਦੀ, ਖ਼ਾਸ ਕਰ ਕੇ ਮੀਰਵਾਇਜ਼ ਉਮਰ ਫਾਰੂਕ ਸ਼ਾਮਲ ਹਨ। ਵਾਜਪਈ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਹੁਰੀਅਤ ਅਤੇ ਕੇਂਦਰ ਦਰਮਿਆਨ ਸ਼ਾਂਤੀ ਵਾਰਤਾ ਦੀ ਪਹਿਲ ਕੀਤੀ ਗਈ ਸੀ ਜਿਸ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਆਇਆ ਸੀ।ਕੱਟੜਾ ਨੇੜੇ ਰੈਲੀ ਦੌਰਾਨ ਮੋਦੀ ਵੱਲੋਂ ਭਾਸ਼ਣ ਦੀ ਸ਼ੁਰੂਆਤ ‘ਚ ਮਰਹੂਮ ਮੁਫ਼ਤੀ ਮੁਹੰਮਦ ਸਈਦ ਦਾ ਗੁਣਗਾਣ ਕੀਤੇ ਜਾਣ ‘ਤੇ ਮਹਿਬੂਬਾ ਮੁਫ਼ਤੀ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਹੰਝੂਆਂ ਤੇ ਆਪਣੇ ਜਜ਼ਬਾਤ ਨੂੰ ਧੁੱਪ ਦੀਆਂ ਐਨਕਾਂ ਪਿੱਛੇ ਲੁਕਾਉਣ ਦਾ ਯਤਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਮੁਫ਼ਤੀ ਮੁਹੰਮਦ ਸਈਦ ਸਾਹਿਬ ਦੀ ਅੱਜ ਘਾਟ ਮਹਿਸੂਸ ਕਰ ਰਿਹਾ ਹਾਂ। ਮੈਨੂੰ ਉਨ੍ਹਾਂ ਵਰਗੀ ਊਰਜਾ ਅਤੇ ਤਾਕਤ ਮਹਿਬੂਬਾ ਮੁਫ਼ਤੀ ਦੀ ਲੀਡਰਸ਼ਿਪ ਵਿਚ ਦਿਖਾਈ ਦਿੰਦੀ ਹੈ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਏਜੰਡੇ ‘ਤੇ ਪੂਰੇ ਸੂਬੇ ਦਾ ਵਿਕਾਸ ਹੈ ਅਤੇ ਉਹ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ। ਉਨ੍ਹਾਂ ਮਹਿਬੂਬਾ ਮੁਫ਼ਤੀ ਨੂੰ ਸਫ਼ਲਤਾ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਜੰਮੂ-ਕਸ਼ਮੀਰ ਨੂੰ ‘ਭਾਰਤ ਦਾ ਤਾਜ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇ ਮਿੰਨੀ ਭਾਰਤ ਸਥਾਨਕ ਲੋਕਾਂ ਦੇ ਪਿਆਰ ਨਾਲ ਵਧਦਾ-ਫੁਲਦਾ ਹੈ।ਇਸੇ ਦੌਰਾਨ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਹੇਲੀਆਂ ਨਾਲ ਵੈਸ਼ਨੋ ਦੇਵੀ ਜਾਂਦੇ ਸਨ। ਇਸ ਬਿਆਨ ਨੇ ਜੰਮੂ ਦੇ ਲੋਕਾਂ, ਕਸ਼ਮੀਰੀ ਪੰਡਿਤਾਂ ਤੇ ਮੁਸਲਮਾਨਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦਾ ਦਿਲ ਵੀ ਛੂਹ ਲਿਆ। ਉਨ੍ਹਾਂ ਐਨਆਈਟੀ ਸ੍ਰੀਨਗਰ ਘਟਨਾ ਦਾ ਜ਼ਿਕਰ ਕੀਤੇ ਬਿਨਾਂ ਇਸ਼ਾਰਾ ਕੀਤਾ ਅਤੇ ਕਿਹਾ,”ਸਾਡੇ ਲਈ ਸੂਬੇ ਤੋਂ ਬਾਹਰ ਦੇ ਸਾਰੇ ਵਿਦਿਆਰਥੀ ਮਹਿਮਾਨ ਹਨ ਅਤੇ ਜਦੋਂ ਉਹ ਆਪਣੀ ਪੜ੍ਹਾਈ ਖ਼ਤਮ ਕਰ ਕੇ ਇਥੋਂ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਮੰਨਦੇ ਹਾਂ।” ਉਨ੍ਹਾਂ ਆਸ ਜਤਾਈ ਕਿ ਮੁਲਕ ਦੇ ਹੋਰਨਾਂ ਹਿੱਸਿਆਂ ਵਿਚ ਪੜ੍ਹਨ ਵਾਲੇ ਕਸ਼ਮੀਰੀਆਂ ਨਾਲ ਵੀ ਅਜਿਹਾ ਹੀ ਵਤੀਰਾ ਅਪਣਾਇਆ ਜਾਏਗਾ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …