Breaking News
Home / ਭਾਰਤ / ਸਾਬਕਾ ਫੌਜੀ ਨੇ ਕੀਤੀ ਖੁਦਕੁਸ਼ੀ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ ਤੇ ਮੁਨੀਸ਼ ਸਿਸੋਦੀਆ ਗ੍ਰਿਫਤਾਰ

ਸਾਬਕਾ ਫੌਜੀ ਨੇ ਕੀਤੀ ਖੁਦਕੁਸ਼ੀ, ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ ਤੇ ਮੁਨੀਸ਼ ਸਿਸੋਦੀਆ ਗ੍ਰਿਫਤਾਰ

2-copyਨਵੀਂ ਦਿੱਲੀ/ਬਿਊਰੋ ਨਿਊਜ਼
ਵੰਨ ਰੈਂਕ ਵੰਨ ਪੈਨਸ਼ਨ ਦੇ ਮੁੱਦੇ ‘ਤੇ ਬੁੱਧਵਾਰ ਨੂੰ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਵਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਦਿੱਲੀ ਵਿਚ ਮਾਹੌਲ ਤਣਾਅ ਪੂਰਨ ਹੋ ਗਿਆ। ਖਾਸ ਕਰਕੇ ਸਾਬਕਾ ਫੌਜੀ ਦੀ ਖੁਦਕੁਸ਼ੀ ਤੋਂ ਬਾਅਦ ਸਿਆਸਤ ਸ਼ੁਰੂ ਹੁੰਦਿਆਂ ਹੀ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਤਕਰਾਰ ਵਧ ਗਈ। ਫੌਜੀ ਰਾਮ ਕਿਸ਼ਨ ਦੀ ਮ੍ਰਿਤਕ ਦੇਹ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਰੱਖਿਆ ਗਿਆ ਸੀ ਜਿੱਥੇ ਰਾਹੁਲ ਗਾਂਧੀ ਨੂੰ ਪੁਲਿਸ ਨੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਪੁਲਿਸ ਰਾਹੁਲ ਗਾਂਧੀ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਆਈ, ਜਿੱਥੇ ਰਾਹੁਲ ਗਾਂਧੀ ਦੀ ਪੁਲਿਸ ਅਫਸਰਾਂ ਨਾਲ ਵੀ ਤਿੱਖੀ ਬਹਿਸ ਹੋਈ। ਥਾਣੇ ਵਿਚ ਖੁਦਕੁਸ਼ੀ ਕਰਨ ਵਾਲੇ ਫੌਜੀ ਦੇ ਪਰਿਵਾਰ ਨੂੰ ਵੀ ਪੁਲਿਸ ਨੇ ਹੰਗਾਮਾ ਕਰਨ ਦੇ ਚੱਲਦਿਆਂ ਹਿਰਾਸਤ ਵਿਚ ਲਿਆ ਹੋਇਆ ਸੀ। ਜਿਸ ‘ਤੇ ਰਾਹੁਲ ਗਾਂਧੀ ਭੜਕ ਪਏ ਤੇ ਉਹਨਾਂ ਪੁਲਿਸ ਨੂੂੰ ਸਵਾਲ ਕੀਤਾ ਕਿ ਹੁਣ ਉਹ ਦਿਨ ਆ ਗਏ ਕਿ ਹਿੰਦੁਸਤਾਨ ਵਿਚ ਤੁਸੀਂ ਇਕ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਗ੍ਰਿਫਤਾਰ ਕਰੋਗੇ। ਇਸ ਸਭ ਹੰਗਾਮੇ ਦੇ ਚੱਲਦਿਆਂ ਰਾਹੁਲ ਗਾਂਧੀ ਨੂੰ ਪਹਿਲਾਂ ਤਿੰਨ ਵਜੇ ਦੇ ਕਰੀਬ ਹਸਪਤਾਲ ਦੇ ਬਾਹਰੋਂ ਹਿਰਾਸਤ ਵਿਚ ਲਿਆ ਗਿਆ ਅਤੇ ਚਾਰ ਵਜੇ ਰਿਹਾਅ ਕੀਤਾ। ਫਿਰ ਸ਼ਾਮ ਨੂੰ ਦੁਬਾਰਾ ਛੇ ਵਜੇ ਉਸ ਸਮੇਂ ਫਿਰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਮੁੜ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸੇ ਹਸਪਤਾਲ ਦੇ ਬਾਹਰ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਰਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇੰਝ ਹੀ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਅਤੇ ਕਿਰਨ ਚੌਧਰੀ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ। ਪੁਲਿਸ ਦਾ ਕਹਿਣਾ ਸੀ ਕਿ ਹਸਪਤਾਲ ਕੋਈ ਹੰਗਾਮਾ ਜਾਂ ਪ੍ਰਦਰਸ਼ਨ ਕਰਨ ਦੀ ਥਾਂ ਨਹੀਂ, ਇਸ ਲਈ ਉਹਨਾਂ ਨੂੰ ਸਖਤ ਕਾਰਵਾਈ ਕਰਨੀ ਪਈ। ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ ਇਕ ਤਾਂ ਸਰਕਾਰ ਫੌਜੀ ਜਵਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਰਾਹੀਂ ਸਿਆਸਤ ਵੀ ਕਰ ਰਹੀ ਹੈ।
ਇਸ ਸਬੰਧ ਵਿਚ ਰਾਜਨਾਥ ਸਿੰਘ ਨੇ ਆਖਿਆ ਕਿ ਮੈਂ ਇਸ ਮਾਮਲੇ ‘ਤੇ ਕੁਝ ਨਹੀਂ ਕਹਿਣਾ, ਹਾਲਾਤ ਨੂੰ ਸਾਂਭਣ ਲਈ ਜੋ ਠੀਕ ਹੋਵੇਗਾ ਉਹ ਪੁਲਿਸ ਕਰੇਗੀ ਹੀ। ਧਿਆਨ ਰਹੇ ਕਿ ਦਿੱਲੀ ਪੁਲਿਸ ਸਿੱਧੀ ਹੋਮ ਮਨਿਸਟਰੀ ਨੂੰ ਹੀ ਰਿਪੋਰਟ ਕਰਦੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …