ਕੇਂਦਰੀ ਕੈਬਨਿਟ ਨੇ ਨਵੇਂ ਮਤੇ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ’ਚ ਲੜਕੀਆਂ ਦੇ ਵਿਆਹ ਲਈ ਕਾਨੂੰਨੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਵਾਲੇ ਮਤੇ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਬੁੱਧਵਾਰ ਨੂੰ ਹੋਈ ਮੋਦੀ ਕੈਬਨਿਟ ਦੀ ਮੀਟਿੰਗ ਵਿਚ ਇਸ ’ਤੇ ਫੈਸਲਾ ਲਿਆ ਗਿਆ ਅਤੇ ਹੁਣ ਇਸ ਦੇ ਲਈ ਮੌਜੂਦਾ ਕਾਨੂੰਨਾਂ ’ਚ ਸਰਕਾਰ ਸੋਧ ਕਰੇਗੀ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਆਪਣੇ ਸੰਬੋਧਨ ’ਚ ਇਸ ਸਬੰਧੀ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸੀ ਕਿ ਲੜਕੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਉਨ੍ਹਾਂ ਦਾ ਵਿਆਹ ਸਹੀ ਸਮੇਂ ’ਤੇ ਹੋਣਾ ਚਾਹੀਦਾ ਹੈ। ਹੁਣ ਸਰਕਾਰ ਇਸ ਗੱਲ ’ਤੇ ਅਮਲ ਕਰਦੀ ਹੋਈ ਨਜ਼ਰ ਆਈ। ਦੇਸ਼ ’ਚ ਲੜਕਿਆਂ ਦੇ ਵਿਆਹ ਦੀ ਕਾਨੂੰਨੀ ਉਮਰ 21 ਸਾਲ ਹੈ ਜਦਕਿ ਲੜਕੀਆਂ ਦੀ ਕਾਨੂੰਨੀ ਉਮਰ 18 ਸਾਲ ਸੀ। ਨੀਤੀ ਆਯੋਗ ’ਚ ਜਯਾ ਜੇਤਲੀ ਦੀ ਪ੍ਰਧਾਨਗੀ ’ਚ ਬਣੀ ਟਾਸਕ ਫੋਰਸ ਨੇ ਇਸ ਦੀ ਸਿਫਾਰਸ਼ ਕੀਤੀ ਸੀ। ਇਸ ਟਾਸਕ ਫੋਰਸ ਦਾ ਗਠਨ ਪਿਛਲੇ ਸਾਲ ਜੂਨ ’ਚ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਦਸੰਬਰ ’ਚ ਹੀ ਇਸ ਨੇ ਆਪਣੀ ਰਿਪੋਰਟ ਦਿੱਤੀ ਸੀ। ਟਾਸਕ ਫੋਰਸ ਦਾ ਕਹਿਣਾ ਸੀ ਕਿ ਪਹਿਲੇ ਬੱਚੇ ਨੂੰ ਜਨਮ ਦੇਣ ਸਮੇਂ ਲੜਕੀ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ।
Check Also
ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ
ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …