‘ਆਪ’ ਦੇ ਪੰਜ ਉਮੀਦਵਾਰ ਬਣੇ ਹਨ ਰਾਜ ਸਭਾ ਮੈਂਬਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਲੀ ਕਰਾਰੀ ਹਾਰ ਦੇ ਸਿੱਟੇ ਵਜੋਂ ਤਿੰਨੋਂ ਪਾਰਟੀਆਂ ਹੱਥੋਂ ਪੰਜਾਬ ਵਿੱਚੋਂ ਰਾਜ ਸਭਾ ਦੀ ਨੁਮਾਇੰਦਗੀ ਵੀ ਖੁੱਸ ਗਈ ਹੈ। ਰਾਜ ਸਭਾ ਦੀਆਂ ਪੰਜ ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਪੰਜ ਆਗੂਆਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ ਸੀ।
ਸੂਬੇ ਵਿੱਚ ਰਾਸ਼ਟਰਪਤੀ ਰਾਜ ਦੇ ਖਾਤਮੇ ਮਗਰੋਂ 1992, 1997, 2002, 2007 ਅਤੇ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਤੋਂ ਆਪਣੇ ਨੁਮਾਇੰਦੇ ਰਾਜ ਸਭਾ ‘ਚ ਭੇਜੇ ਗਏ ਸਨ ਜਦਕਿ 2017 ਦੀਆਂ ਚੋਣਾਂ ਦੌਰਾਨ 20 ਸੀਟਾਂ ਵਾਲੀ ‘ਆਪ’ ਨੂੰ ਭਾਵੇਂ ਕਿ ਇੱਕ ਮੈਂਬਰ ਪੰਜਾਬ ਤੋਂ ਰਾਜ ਸਭਾ ਭੇਜਣ ਦਾ ਮੌਕਾ ਮਿਲ ਸਕਦਾ ਸੀ ਪਰ 2016 ਵਿੱਚ ਰਾਜ ਸਭਾ ਮੈਂਬਰਾਂ ਦੀ ਚੋਣ ਹੋ ਚੁੱਕੀ ਹੋਣ ਕਾਰਨ ਪੰਜ ਸਾਲਾਂ ਦੌਰਾਨ ਪੰਜਾਬ ਵਿੱਚ ਰਾਜ ਸਭਾ ਦੀ ਚੋਣ ਨਹੀਂ ਕਰਵਾਈ ਗਈ, ਕਿਉਂਕਿ 2016 ਵਿੱਚ ਚੁਣੇ ਮੈਂਬਰਾਂ ਦਾ ਕਾਰਜਕਾਲ 2022 ਵਿੱਚ ਖਤਮ ਹੋਣਾ ਸੀ। ਸੂਬੇ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਦਾ ਅਮਲ ਖ਼ਤਮ ਹੁੰਦਿਆਂ ਹੀ ਰਾਜ ਸਭਾ ਦੀਆਂ ਚੋਣਾਂ ਆ ਗਈਆਂ ਅਤੇ ਪੰਜੋਂ ਸੀਟਾਂ 92 ਵਿਧਾਇਕਾਂ ਵਾਲੀ ‘ਆਪ’ ਦੀ ਝੋਲੀ ਪੈ ਗਈਆਂ। ਸੂਬੇ ਵਿੱਚੋਂ ਦੋ ਹੋਰ ਰਾਜ ਸਭਾ ਦੇ ਮੈਂਬਰਾਂ ਅੰਬਿਕਾ ਸੋਨੀ ਅਤੇ ਨਰੇਸ਼ ਗੁਜਰਾਲ ਨੇ ਇਸੇ ਸਾਲ ਜੁਲਾਈ ਮਹੀਨੇ ਸੇਵਾਮੁਕਤ ਹੋਣਾ ਹੈ ਅਤੇ ਇਹ ਦੋ ਸੀਟਾਂ ਵੀ ‘ਆਪ’ ਦੀ ਝੋਲੀ ਹੀ ਪੈਣੀਆਂ ਹਨ। ਇਸ ਨਾਲ ‘ਆਪ ਦੇ ਪੰਜਾਬ ਤੋਂ ਸੱਤ ਮੈਂਬਰ ਅਤੇ ਦਿੱਲੀ ਤੋਂ ਤਿੰਨ ਮੈਂਬਰ ਜਾਣ ਨਾਲ ਰਾਜ ਸਭਾ ਵਿੱਚ ਪਾਰਟੀ ਦੇ ਮੈਂਬਰਾਂ ਦੀ ਗਿਣਤੀ 10 ਹੋ ਜਾਵੇਗੀ।
ਪੰਜਾਬ ਦੀ ਸੱਤਾ ‘ਤੇ ਭਾਵੇਂ ਕਿ ਕਾਂਗਰਸ ਅਤੇ ਅਕਾਲੀ ਵਾਰੋ-ਵਾਰੀ ਕਾਬਜ਼ ਹੁੰਦੇ ਰਹੇ ਹਨ ਪਰ ਵਿਧਾਨ ਸਭਾ ਦੀਆਂ ਸੀਟਾਂ ਦੇ ਅਧਾਰ ‘ਤੇ ਦੋਹਾਂ ਪਾਰਟੀਆਂ ਨਾਲ ਭਾਜਪਾ ਨੂੰ ਵੀ ਸੂਬੇ ਤੋਂ ਰਾਜ ਸਭਾ ਲਈ ਮੈਂਬਰ ਭੇਜਣ ਦਾ ਮੌਕਾ ਮਿਲ ਜਾਂਦਾ ਸੀ। ਇਸ ਮਾਮਲੇ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਵੱਡੀ ਸੱਟ ਵੱਜੀ ਹੈ। ਇਸ ਪਾਰਟੀ ਦੇ ਲੋਕ ਸਭਾ ਵਿੱਚ ਵੀ ਦੋ ਹੀ ਨੁਮਾਇੰਦੇ ਹਨ। ਕਾਂਗਰਸ ਅਤੇ ਭਾਜਪਾ ਦੀ ਨੁਮਾਇੰਦਗੀ ਕਰਨ ਵਾਲੇ ਤਾਂ ਹੋਰਨਾਂ ਸੂਬਿਆਂ ਦੇ ਰਾਜ ਸਭਾ ਮੈਂਬਰ ਵੀ ਹਨ ਪਰ ਅਕਾਲੀ ਦਲ ਦਾ ਨੁਮਾਇੰਦਾ ਕੋਈ ਨਹੀਂ ਰਿਹਾ। ਪੰਜਾਬ ਤੋਂ ਇਸ ਸਾਲ ਰਾਜ ਸਭਾ ਜਾਣ ਵਾਲੇ ‘ਆਪ’ ਦੇ ਆਗੂਆਂ ਦੀ ਸੇਵਾਮੁਕਤੀ 2028 ਵਿੱਚ ਹੋਵੇਗੀ ਅਤੇ ਅਜਿਹੀ ਸਥਿਤੀ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਜੇਕਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਚੰਗੀ ਕਾਰਗੁਜ਼ਾਰੀ ਦਿਖਾਉਣਗੇ, ਤਾਂ ਹੀ ਰਾਜ ਸਭਾ ‘ਚ ਉਨ੍ਹਾਂ ਦਾ ਖਾਤਾ ਖੁੱਲ੍ਹ ਸਕੇਗਾ।