-4.8 C
Toronto
Wednesday, December 31, 2025
spot_img
Homeਪੰਜਾਬ1971 ਦੀ ਜੰਗ ਵਿਚ ਫੌਜ ਨੇ ਪੁਲ ਉਡਾਕੇ ਬਚਾਇਆ ਸੀ ਫਿਰੋਜ਼ਪੁਰ

1971 ਦੀ ਜੰਗ ਵਿਚ ਫੌਜ ਨੇ ਪੁਲ ਉਡਾਕੇ ਬਚਾਇਆ ਸੀ ਫਿਰੋਜ਼ਪੁਰ

Husaniwala copy copy44 ਸਾਲਾਂ ਬਾਅਦ ਮੁੜ ਖੁੱਲ੍ਹ ਸਕਦੈ ਹੁਸੈਨੀਵਾਲਾ ਬਾਰਡਰ
ਫਿਰੋਜ਼ਪੁਰ : 1971 ਦੀ ਜੰਗ ਵਿਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਮੁੜ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਫ਼ੌਜ ਅੰਦਰਖਾਤੇ ਇਸ ਪੁਲ ਦਾ ਨਿਰਮਾਣ ਕਰਵਾ ਰਹੀ ਹੈ। ਹਾਲਾਂਕਿ ਫ਼ੌਜ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਦੱਸਣ ਲਈ ਤਿਆਰ ਨਹੀਂ ਹੈ। ਤਿੰਨ ਮਹੀਨੇ ਪਹਿਲਾਂ ਗ੍ਰਹਿ ਮੰਤਰਾਲੇ ਦੀ ਟੀਮ ਸਰਵੇ ਵੀ ਕਰ ਚੁੱਕੀ ਹੈ। ਆਸ ਜਤਾਈ ਜਾ ਰਹੀ ਹੈ ਕਿ 44 ਸਾਲ ਬਾਅਦ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੂੰ ਜੋੜਨ ਵਾਲਾ ਹੁਸੈਨੀਵਾਲਾ ਬਾਰਡਰ ਖੋਲ੍ਹ ਕੇ ਵਪਾਰ ਸ਼ੁਰੂ ਕੀਤਾ ਜਾਵੇਗਾ। ਪਾਕਿਸਤਾਨ ਤੇ ਅਫ਼ਗਾਨਿਸਤਾਨ ਤੱਕ ਦੇ ਵਪਾਰ ਲਈ ਇਸ ਪੁਲ ਦਾ ਟਰੇਡ ਮਾਰਗ ਵਜੋਂ ਖੁੱਲ੍ਹਣਾ ਜ਼ਰੂਰੀ ਹੈ। 2005 ਵਿਚ ਅਟਾਰੀ ਦੇ ਰਸਤਿਓਂ ਪਾਕਿਸਤਾਨ ਨਾਲ ਵਪਾਰ ਦਾ ਰਸਤਾ ਖੁੱਲ੍ਹਣ ਮਗਰੋਂ ਫਿਰੋਜ਼ਪੁਰ ਤੇ ਹੁਸੈਨੀਵਾਲਾ ਦਾ ਰਸਤਾ ਖੋਲ੍ਹਣ ਵਿਚ ਖੜੋਤ ਆ ਗਈ ਸੀ। 44 ਸਾਲਾਂ ਵਿਚ ਵੱਖ-ਵੱਖ ਜਥੇਬੰਦੀਆਂ ਤੇ ਸਰਹੱਦ ਨੇੜਲੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਮਾਰਗ ਨੂੰ ਵਪਾਰ ਲਈ ਖੋਲ੍ਹਿਆ ਜਾਵੇ। ਇਲਾਕੇ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਤੇ ਕਾਂਗਰਸੀ ਆਗੂ ਸੁਨੀਲ ਜਾਖੜ ਸਮੇਤ ਕਈ ਆਗੂ ਇਸ ਗੱਲ ਨੂੰ ਉਚ ਪੱਧਰ ‘ਤੇ ਉਠਾ ਚੁੱਕੇ ਹਨ।
ਇਨ੍ਹੀਂ ਦਿਨੀਂ ਫਿਰੋਜ਼ਪੁਰ ਤੋਂ ਮੋਗਾ ਆਉਣ ਵਾਲੇ ਹਾਈਵੇ ‘ਤੇ ਰੇਲਵੇ ਕ੍ਰਾਸਿੰਗ ‘ਤੇ ਪਹਿਲਾਂ ਹੀ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਫ਼ੌਜ ਨੇ ਹੁਸੈਨੀਵਾਲਾ ਪੁਲ਼ ‘ਤੇ ਨਿਰਮਾਣ ਵੀ ਸ਼ੁਰੂ ਕਰ ਦਿੱਤਾ ਹੈ। ਸਿੰਚਾਈ ਮਹਿਕਮੇ ਤੋਂ ਵੀ ਪਾਕਿਸਤਾਨ ਨੂੰ ਸਤਲੁਜ ਦਰਿਆ ਜ਼ਰੀਏ ਕਿੰਨਾ ਪਾਣੀ ਛੱਡਿਆ ਜਾ ਰਿਹਾ, ਬਾਰੇ ਰਿਪੋਰਟ ਤਲਬ ਕੀਤੀ ਗਈ ਸੀ। ਸਿੰਚਾਈ ਮਹਿਕਮੇ ਦੀ ਕਲੀਨਚਿੱਟ ਮਿਲਣ ਮਗਰੋਂ ਫ਼ੌਜ ਨੇ ਅਚਾਨਕ ਪੁਲ਼ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਫ਼ੌਜ ਦੇ 50 ਜਵਾਨ ਦਿਨ-ਰਾਤ ਪੁਲ ਨੂੰ ਚੌੜਾ ਕਰਨ ਤੇ ਲੱਕੜ ਦੇ ਪੁਲ ਨਾਲ ਦੂਜੇ ਪੁਲ ਦਾ ਨਿਰਮਾਣ ਕਰਨ ਵਿਚ ਲੱਗੇ ਹਨ।
10 ਪਿੰਡ ਦੇ ਕੇ ਪਾਕਿਸਤਾਨ ਤੋਂ ਛੁਡਾਇਆ ਸੀ ਸ਼ਹੀਦੀ ਸਥਾਨ
1971 ਵਿਚ ਭਾਰਤ-ਪਾਕਿ ਯੁੱਧ ਦੌਰਾਨ ਹੁਸੈਨੀਵਾਲਾ ਪੁਲ ਨੇ ਹੀ ਫਿਰੋਜ਼ਪੁਰ ਨੂੰ ਬਚਾਇਆ ਸੀ। ਉਸ ਵੇਲੇ ਪਾਕਿ ਫੌਜ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਥਾਨਾਂ ਤੱਕ ਕਬਜ਼ਾ ਕਰ ਲਿਆ ਸੀ। ਇਸ ਨੂੰ ਬਚਾਉਣ ਲਈ ਪਟਿਆਲਾ ਰੈਜੀਮੈਂਟ ਦੇ 53 ਜਵਾਨਾਂ ਨੇ ਜਾਨ ਦੀ ਬਾਜ਼ੀ ਲਗਾ ਦਿੱਤੀ ਸੀ। ਅੰਤ ਵਿਚ ਫੌਜ ਨੇ ਪੁਲ ਉਡਾ ਕੇ ਪਾਕਿ ਫੌਜ ਨੂੰ ਦੇਸ਼ ਵਿਚ ਦਾਖਲ ਹੋਣੋਂ ਰੋਕਿਆ ਸੀ। ਮਗਰੋਂ ਇੱਥੇ ਲੱਕੜ ਦਾ ਪੁਲ ਬਣਾ ਕੇ ਹੁਸੈਨੀਵਾਲਾ ਸਰਹੱਦ ‘ਤੇ ਜਾਣ ਦਾ ਰਸਤਾ ਬਣਾਇਆ ਗਿਆ ਸੀ।  1973 ਵਿਚ ਗਿਆਨੀ ਜ਼ੈਲ ਸਿੰਘ ਨੇ ਪਾਕਿ ਨਾਲ ਸਮਝੌਤਾ ਕਰਕੇ ਫਾਜ਼ਿਲਕਾ ਦੇ 10 ਪਿੰਡ ਪਾਕਿ ਨੂੰ ਦੇ ਕੇ ਸ਼ਹੀਦੀ ਸਥਾਨ ਨੂੰ ਪਾਕਿ ਦੇ ਕਬਜ਼ੇ ‘ਚੋਂ ਮੁਕਤ ਕਰਵਾਇਆ ਸੀ।

RELATED ARTICLES
POPULAR POSTS