14 ਅਕਤੂਬਰ 1997 ਨੂੰ ਅੰਮਿ੍ਰਤਸਰ ਪਹੁੰਚੀ ਸੀ ਮਹਾਰਾਣੀ
ਚੰਡੀਗੜ੍ਹ/ਬਿੳੂਰੋ ਨਿੳੂਜ਼
ਬਿ੍ਰਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ ਅਤੇ ਉਹ 70 ਸਾਲ ਬਿ੍ਰਟੇਨ ਦੀ ਮਹਾਰਾਣੀ ਰਹੀ ਹੈ। ਮਹਾਰਾਣੀ ਐਲਿਜ਼ਾਬੈਥ ਦੀਆਂ ਅੰਮਿ੍ਰਤਸਰ ਨਾਲ ਵੀ ਕੁਝ ਯਾਦਾਂ ਜੁੜੀਆਂ ਹੋਈਆਂ ਹਨ। 1997 ਵਿਚ ਆਪਣੇ ਭਾਰਤ ਦੌਰੇ ਦੌਰਾਨ ਮਹਾਰਾਣੀ ਐਲਿਜ਼ਾਬੈਥ 14 ਅਕਤੂਬਰ 1997 ਨੂੰ ਅੰਮਿ੍ਰਤਸਰ ਆਈ ਸੀ। ਮਹਾਰਾਣੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਿਆ ਸੀ ਅਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਨ। ਅੰਮਿ੍ਰਤਸਰ ਏਅਰਪੋਰਟ ’ਤੇ ਲੈਂਡ ਹੋਣ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਪਹੁੰਚਣਾ ਸੀ, ਪਰ ਉਨ੍ਹਾਂ ਨੇ ਪਹਿਲਾਂ ਜੱਲ੍ਹਿਆਂਵਾਲਾ ਬਾਗ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮਹਾਰਾਣੀ ਨੇ ਜੱਲ੍ਹਿਆਂਵਾਲਾ ਬਾਗ ’ਚ ਉਨ੍ਹਾਂ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ, ਜਿਨ੍ਹਾਂ ਦੀ ਜਾਨ ਬਰਤਾਨੀਆ ਹਕੂਮਤ ਦੇ ਹੀ ਅਫਸਰ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਲੈ ਲਈ ਸੀ। ਮਹਾਰਾਣੀ ਨੇ ਜਲ੍ਹਿਆਂਵਾਲਾ ਬਾਗ ਵਿਚ ਨੰਗੇ ਪੈਰੀਂ ਸ਼ਹੀਦੀ ਲਾਟ ’ਤੇ ਫੁੱਲ ਚੜ੍ਹਾ ਕੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਉਹ ਜੱਲ੍ਹਿਆਂਵਾਲਾ ਬਾਗ ਵਿਚ ਕਰੀਬ 15 ਮਿੰਟ ਰੁਕੇ ਸਨ। ਮਹਾਰਾਣੀ ਨੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਵੀ ਰੱਖਿਆ ਸੀ। ਇਸ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਸੀ।