ਰਾਜ ‘ਚ ਕਣਕ ਦੀ ਅਦਾਇਗੀ ਸ਼ਨੀਵਾਰ ਤੱਕ ਸ਼ੁਰੂ ਹੋਣ ਦੀ ਉਮੀਦ
ਚੰਡੀਗੜ੍ਹ : ਪੰਜਾਬ ਵਿਚ ਕਣਕ ਦੀ ਖ਼ਰੀਦ ਲਈ ਭਾਰਤੀ ਰਿਜ਼ਰਵ ਬੈਂਕ ਨੇ 17,523 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ (ਸੀਸੀਐੱਲ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਰਾਜ ਕਮਲ ਚੌਧਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕੇਂਦਰ ਸਰਕਾਰ ਵੱਲੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਣਕ ਦੀ ਅਦਾਇਗੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸ਼ੁੱਕਰਵਾਰ ਜਾਂ ਸਨਿੱਚਰਵਾਰ ਤੋਂ ਹੀ ਕੀਤੀ ਜਾ ਸਕੇਗੀ। ਆਰਬੀਆਈ ਦੇ ਫੈਸਲੇ ਨਾਲ ਸਰਕਾਰ ਨੂੰ ਸੁੱਖ ਦਾ ਸਾਹ ਆਇਆ ਹੈ। ਰਾਜ ਸਰਕਾਰ ਦੇ ਦੋ ਗੋਦਾਮਾਂ ਵਿਚੋਂ ਅਨਾਜ ਗਾਇਬ ਹੋਣ ਦੇ ਸ਼ੰਕਿਆਂ ਕਾਰਨ ਸੀਸੀਐੱਲ ਜਾਰੀ ਹੋਣ ਸਬੰਧੀ ਵੱਡੇ ਅੜਿੱਕੇ ਖੜ੍ਹੇ ਹੋ ਗਏ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੀਸੀਐੱਲ ਜਾਰੀ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰਨੀ ਪਈ ਸੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਆਰਬੀਆਈ ਵੱਲੋਂ 90 ਲੱਖ ਟਨ ਕਰਨ ਦੀ ਖ਼ਰੀਦ ਲਈ ਸੀਸੀਐੱਲ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ। ਦੂਜੀ ਕਿਸ਼ਤ ਵੀ ਜਲਦੀ ਹੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਪੰਜਾਬ ਵਿਚ ਇਸ ਵਾਰੀ ਸਵਾ ਲੱਖ ਟਨ ਦੇ ਕਰੀਬ ਕਣਕ ਦੀ ਫਸਲ ਮੰਡੀਆਂ ‘ਚ ਆਉਣ ਦੇ ਆਸਾਰ ਹਨ।
ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਤਾਂ ਪਹਿਲੀ ਅਪਰੈਲ ਤੋਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਸੀਸੀਐੱਲ ਜਾਰੀ ਨਾ ਹੋਣ ਕਾਰਨ ਕਿਸਾਨਾਂ ਨੂੰ ਅਜੇ ਤੱਕ ਵਿਕੀ ਹੋਈ ਫਸਲ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ। ਸੂਤਰਾਂ ਦਾ ਦੱਸਣਾ ਹੈ ਕਿ ਭਾਰਤ ਸਰਕਾਰ ਅਤੇ ਆਰਬੀਆਈ ਨੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਨਾਜ ਗਾਇਬ ਹੋਣ ਦੇ ਸ਼ੰਕਿਆਂ ਅਤੇ ਲੈਣ-ਦੇਣ ਦਾ ਲੇਖਾ ਜੋਖਾ ਦਰੁਸਤ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਹਨ।
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਬੈਂਕਾਂ ਵੱਲੋਂ ਜਿੱਥੇ ਪੰਜਾਬ ਤੋਂ ਪੈਸਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਪੰਜਾਬ ਵੱਲੋਂ 26 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਕੇਂਦਰੀ ਏਜੰਸੀ, ਬੈਂਕਾਂ ਅਤੇ ਪੰਜਾਬ ਦੇ ਦਾਅਵਿਆਂ ਵਿਚ ਵੱਖਰੇਵੇਂ ਕਾਰਨ ਪੰਜਾਬ ਨੂੰ ਸੀਸੀਐੱਲ ਜਾਰੀ ਹੋਣ ਵਿਚ ਅੜਿੱਕੇ ਖੜ੍ਹੇ ਹੋ ਰਹੇ ਹਨ।
12 ਹਜ਼ਾਰ ਕਰੋੜ ਦੇ ਅਨਾਜ ਬਾਰੇ ਬੈਂਕਾਂ ਦਾ ਸ਼ੱਕ
ਬੈਂਕਾਂ ਦਾ ਸ਼ੱਕ ਹੈ ਕਿ 12 ਹਜ਼ਾਰ ਕਰੋੜ ਦਾ ਅਨਾਜ ਗਾਇਬ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਪੰਜਾਬ ਨੂੰ ਇਸੇ ਸਾਲ ਕੀਤੀ ਜਾਣ ਵਾਲੀ ਝੋਨੇ ਦੀ ਖ਼ਰੀਦ ਤੋਂ ਪਹਿਲਾਂ ਲੇਖਾ ਜੋਖਾ ਠੀਕ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਮੁਤਾਬਕ ਜੇ ਹਿਸਾਬ-ਕਿਤਾਬ ਠੀਕ ਨਾ ਹੋਇਆ ਤਾਂ ਝੋਨੇ ਦੀ ਖ਼ਰੀਦ ਸਮੇਂ ਵੀ ਸਮੱਸਿਆ ਖੜ੍ਹੀ ਹੋਣ ਦੇ ਆਸਾਰ ਹਨ।
Check Also
ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ
ਗਿੱਦੜਬਾਹਾ ਤੇ ਚੱਬੇਵਾਲ ਤੋਂ ‘ਆਪ’, ਬਰਨਾਲਾ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਤੋਂ ਅੱਗੇ …