14.8 C
Toronto
Tuesday, September 16, 2025
spot_img
Homeਪੰਜਾਬਫਿਲਮ 'ਸ਼ੂਟਰ' ਉੱਤੇ ਪੰਜਾਬ ਸਰਕਾਰ ਨੇ ਲਗਾਈ ਪਾਬੰਦੀ

ਫਿਲਮ ‘ਸ਼ੂਟਰ’ ਉੱਤੇ ਪੰਜਾਬ ਸਰਕਾਰ ਨੇ ਲਗਾਈ ਪਾਬੰਦੀ

ਅਪਰਾਧ, ਹਿੰਸਾ ਅਤੇ ਗੈਂਗਸਟਰ ਕਲਚਰ ਨੂੰ ਹੁਲਾਰਾ ਦੇਣ ਵਾਲੀ ਫਿਲਮ ਅਤੇ ਗਾਣਾ ਨਹੀਂ ਚੱਲਣ ਦਿਆਂਗੇ : ਕੈਪਟਨ ਅਮਰਿੰਦਰ
ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਫਿਲਮ ‘ਸ਼ੂਟਰ’ ਉਤੇ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ, ਜੋ ਕਿ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ‘ਤੇ ਬਣੀ ਹੈ ਅਤੇ ਘਿਨਾਉਣੇ ਅਪਰਾਧ ਜਿਵੇਂ ਹਿੰਸਾ, ਫਿਰੌਤੀ ਆਦਿ ਨੂੰ ਹੁਲਾਰਾ ਦਿੰਦੀ ਹੈ। ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਵੀ ਵੇਖਣ ਕਿ ਫਿਲਮ ਦੇ ਨਿਰਮਾਤਾ ਕੇ.ਵੀ. ਢਿੱਲੋਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਨੇ 2019 ਵਿੱਚ ਵਾਅਦਾ ਕੀਤਾ ਸੀ ਕਿ ਉਹ ਇਹ ਫਿਲਮ ਨਹੀਂ ਬਣਾਏਗਾ, ਜਿਸ ਦਾ ਪਹਿਲਾਂ ਨਾਂ ‘ਸੁੱਖਾ ਕਾਹਲਵਾਂ’ ਰੱਖਿਆ ਗਿਆ ਸੀ। ਡੀਜੀਪੀ ਨੂੰ ਇਹ ਵੀ ਕਿਹਾ ਹੈ ਕਿ ਉਹ ਫਿਲਮ ਵਿੱਚ ਪ੍ਰਮੋਟਰਾਂ, ਡਾਇਰੈਕਟਰ ਤੇ ਅਦਾਕਾਰਾਂ ਦੀ ਭੂਮਿਕਾ ਬਾਰੇ ਵੀ ਦੇਖਣ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨਾਂ ਦੀ ਸਰਕਾਰ ਅਜਿਹੇ ਕਿਸੇ ਵੀ ਫਿਲਮ, ਗਾਣੇ ਆਦਿ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗੀ, ਜੋ ਸੂਬੇ ਵਿੱਚ ਅਪਰਾਧ, ਹਿੰਸਾ ਅਤੇ ਗੈਂਗਸਟਰ ਕਲਚਰ ਨੂੰ ਹੁਲਾਰਾ ਦਿੰਦੀ ਹੋਵੇ, ਜੋ ਕਥਿਤ ਤੌਰ ‘ਤੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੇਠ ਵਧਿਆ-ਫੁੱਲਿਆ। ਡੀਜੀਪੀ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਵਿੱਚ ਵਿਵਾਦਿਤ ਫਿਲਮ ‘ਤੇ ਪਾਬੰਦੀ ਦਾ ਮਾਮਲਾ ਪਿਛਲੇ ਦਿਨੀਂ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਵਿਚਾਰਿਆ ਗਿਆ ਸੀ। ਮੀਟਿੰਗ ਵਿੱਚ ਏਡੀਜੀਪੀ (ਇੰਟੈਲੀਜੈਂਸ) ਵਰਿੰਦਰ ਕੁਮਾਰ ਵੀ ਹਾਜ਼ਰ ਸਨ। ਉਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਫਿਲਮ ‘ਤੇ ਪਾਬੰਦੀ ਲਾਈ ਜਾਵੇ, ਜਿਸ ਦੇ 18 ਜਨਵਰੀ ਨੂੰ ਰਿਲੀਜ਼ ਹੋਏ ਟਰੇਲਰ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਬਹੁਤ ਹਿੰਸਕ ਹੈ। ਇਸ ਫਿਲਮ ਦਾ ਨੌਜਵਾਨਾਂ ਉਤੇ ਮਾੜਾ ਅਸਰ ਹੋ ਸਕਦਾ ਹੈ ਅਤੇ ਅਮਨ-ਕਾਨੂੰਨ ਵਿਵਸਥਾ ਵੀ ਵਿਗੜ ਸਕਦੀ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ ਮਾਮਲੇ ਤੇ ਨਿਆਂ) ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ, ”ਪੰਜਾਬ ਵਿੱਚ ਇਸ ਫਿਲਮ ਨੂੰ ਰਿਲੀਜ਼ ਕਰਨ ਅਤੇ ਦਿਖਾਉਣ ‘ਤੇ ਪਾਬੰਦੀ ਲਗਾ ਦਿੱਤੀ ਜਾਵੇ।” ਇਸ ਤੋਂ ਪਹਿਲਾਂ ਮੁਹਾਲੀ ਪੁਲਿਸ ਕੋਲ ਇਸ ਫਿਲਮ ਰਾਹੀਂ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਫਿਲਮ ਦੇ ਨਿਰਮਾਤਾ ਨੇ ਗੈਂਗਸਟਰ ਨੂੰ ‘ਸ਼ਾਰਪਸ਼ੂਟਰ’ ਵਜੋਂ ਪੇਸ਼ ਕੀਤਾ ਹੈ ਜਦਕਿ ਉਸ ਵਿਰੁੱਧ ਕਤਲ, ਅਗਵਾ ਤੇ ਫਿਰੌਤੀ ਮਾਮਲਿਆਂ ਸਣੇ 20 ਤੋਂ ਵੱਧ ਕੇਸ ਦਰਜ ਹਨ। ਉਸ ਦਾ ਗੈਂਗਸਟਰ ਵਿੱਕੀ ਗੌਂਡਰ ਤੇ ਸਾਥੀਆਂ ਨੇ 22 ਜਨਵਰੀ 2015 ਨੂੰ ਜਲੰਧਰ ਵਿੱਚ ਸੁਣਵਾਈ ਲਈ ਪਟਿਆਲਾ ਜੇਲ ਤੋਂ ਲਿਆਂਦੇ ਜਾਣ ਮੌਕੇ ਕਤਲ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ 6213/2016 ਵਿੱਚ ਪੰਜਾਬ, ਹਰਿਆਣਾ ਤੇ ਯੂਟੀ ਚੰਡੀਗੜ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਅਜਿਹਾ ਗਾਣਾ ਕਿਸੇ ਲਾਈਵ ਸ਼ੋਅ ਦੌਰਾਨ ਚੱਲਣ ਨਾ ਦਿੱਤਾ ਜਾਵੇ, ਜੋ ਸ਼ਰਾਬ, ਨਸ਼ਿਆਂ ਅਤੇ ਹਿੰਸਾ ਦੀ ਮਹਿਮਾ ਕਰਦਾ ਹੋਵੇ।
ਫ਼ਿਲਮ ‘ਸ਼ੂਟਰ’ ਦੇ ਨਿਰਮਾਤਾ ਤੇ ਹੋਰਾਂ ਖ਼ਿਲਾਫ਼ ਕੇਸ :
ਮੁਹਾਲੀ : ਵਿਵਾਦਿਤ ਫ਼ਿਲਮ ‘ਸ਼ੂਟਰ’ ‘ਤੇ ਲੱਗੀ ਪਾਬੰਦੀ ਤੋਂ ਕੁਝ ਹੀ ਘੰਟਿਆਂ ਬਾਅਦ ਪੰਜਾਬ ਪੁਲਿਸ ਨੇ ਫ਼ਿਲਮ ਨਿਰਮਾਤਾ/ਪ੍ਰਮੋਟਰ ਕੇਵੀ ਸਿੰਘ ਢਿੱਲੋਂ ਅਤੇ ਹੋਰਨਾਂ ਖ਼ਿਲਾਫ਼ ਹਿੰਸਾ, ਘਿਨਾਉਣੇ ਅਪਰਾਧਾਂ, ਗੈਂਗਸਟਰ ਕਲਚਰ, ਨਸ਼ਾ, ਫਿਰੌਤੀ, ਲੁੱਟ, ਧਮਕੀਆਂ ਅਤੇ ਅਜਿਹੇ ਹੋਰ ਅਪਰਾਧਾਂ ਨੂੰ ਕਥਿਤ ਤੌਰ ‘ਤੇ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਇੱਥੋਂ ਦੇ ਫੇਜ਼-1 ਸਥਿਤ ਪੰਜਾਬ ਪੁਲਿਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਥਾਣੇ ਵਿੱਚ ਆਈਪੀਸੀ ਦੀ ਧਾਰਾ 153, 153ਏ, 153ਬੀ, 160, 107, 505 ਤਹਿਤ ਕੇਸ ਦਰਜ ਕੀਤਾ ਹੈ। ਐੱਫ਼ਆਈਆਰ ਮੁਤਾਬਕ ਫ਼ਿਲਮ ‘ਸ਼ੂਟਰ’ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏਗੀ ਅਤੇ ਸ਼ਾਂਤੀ, ਸਦਭਾਵਨਾ ਨੂੰ ਭੰਗ ਕਰੇਗੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਮਾਤਾ ਕੇਵੀ ਢਿੱਲੋਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਫ਼ਿਲਮ ਨਿਰਮਾਤਾ ਤੇ ਹੋਰਨਾਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਗਿਆ।

RELATED ARTICLES
POPULAR POSTS