ਵੋਟਾਂ ਤੋਂ ਬਾਅਦ ਸਾਰੇ ਉਮੀਦਵਾਰ ਹੁਣ ਕਰ ਰਹੇ ਹਨ ਅਰਾਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਲੰਘੇ ਕੱਲ੍ਹ 20 ਫਰਵਰੀ ਨੂੰ ਪੈ ਚੁੱਕੀਆਂ ਹਨ ਅਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਚੁੱਕਾ ਹੈ। ਹੁਣ ਉਮੀਦਵਾਰਾਂ ਅਤੇ ਪੰਜਾਬ ਦੀ ਜਨਤਾ ਨੂੰ 10 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ, ਜਦੋਂ ਇਨ੍ਹਾਂ ਵੋਟਾਂ ਦੇ ਨਤੀਜੇ ਐਲਾਨੇ ਜਾਣੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 70 ਫੀਸਦੀ ਤੋਂ ਵੱਧ ਪੋਲਿੰਗ ਹੋਈ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਦਿੱਤਾ ਹੈ। ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਹਨ ਕਿ ਅਕਾਲੀ-ਬਸਪਾ ਗਠਜੋੜ 80 ਤੋਂ ਵੀ ਵੱਧ ਸੀਟਾਂ ’ਤੇ ਜਿੱਤ ਦਰਜ ਕਰੇਗਾ। ਉਧਰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੇ ਅਤੇ ਭਾਜਪਾ ਦੇ ਗਠਜੋੜ ਦੀ ਸਥਿਤੀ ਮਜ਼ਬੂਤ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ ਅਤੇ ਸਾਰੇ ਉਮੀਦਵਾਰ ਹੁਣ ਅਰਾਮ ਕਰ ਰਹੇ ਹਨ।