-13.4 C
Toronto
Friday, January 30, 2026
spot_img
Homeਪੰਜਾਬਮੁੱਖ ਮੰਤਰੀ ਨਾ ਬਣ ਸਕਣ ਕਰਕੇ ਸੁਨੀਲ ਜਾਖੜ ਬੁਖਲਾਏ : ਸੁਖਬੀਰ ਬਾਦਲ

ਮੁੱਖ ਮੰਤਰੀ ਨਾ ਬਣ ਸਕਣ ਕਰਕੇ ਸੁਨੀਲ ਜਾਖੜ ਬੁਖਲਾਏ : ਸੁਖਬੀਰ ਬਾਦਲ

ਸੁਖਬੀਰ ਨੇ ਜਾਖੜ ਨੂੰ ਦੱਸਿਆ ਮੈਂਟਲੀ ਅਪਸੈਟ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਿਆ ਹੈ। ਸੁਖਬੀਰ ਬਾਦਲ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਦਫਤਰ ਵਿਚ ਪਹੁੰਚੇ ਸਨ। ਉਥੇ ਉਨ੍ਹਾਂ ਨੇ ਅਕਾਲੀ ਦਲ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਬਾਰੇ ਗੱਲ ਕਰਦਿਆਂ ਕਿਹਾ ਕਿ ਜਾਖੜ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਸੁਖਬੀਰ ਨੇ ਕਿਹਾ ਕਿ ਜਾਖੜ ਮੁੱਖ ਮੰਤਰੀ ਨਹੀਂ ਬਣ ਸਕੇ, ਇਸ ਲਈ ਹੀ ਉਨ੍ਹਾਂ ਦਾ ਇਹ ਹਾਲ ਹੈ। ਧਿਆਨ ਰਹੇ ਕਿ ਸੁਖਬੀਰ ਬਾਦਲ ਪਹਿਲਾਂ ਅਕਸਰ ਹੀ ਆਮ ਆਦਮੀ ਪਾਰਟੀ ਨੂੰ ਵੀ ਸਿਆਸੀ ਨਿਸ਼ਾਨੇ ‘ਤੇ ਲੈਂਦੇ ਸਨ, ਪਰ ਅੱਜ ਉਨ੍ਹਾਂ ਦੇ ਸੁਰ ਕੁਝ ਨਰਮ ਹੀ ਦਿਸੇ। ਸੁਖਬੀਰ ਨੇ ਕਿਹਾ ਕਿ ਅਜੇ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ, ਲੋਕ ਬਦਲਾਅ ਚਾਹੁੰਦੇ ਸਨ, ਇਸ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜੇ ਮੌਕਾ ਦੇਣਾ ਚਾਹੀਦਾ ਹੈ ਤੇ ਉਨ੍ਹਾਂ ਬਾਰੇ ਏਨੀ ਜਲਦੀ ਜ਼ਿਆਦਾ ਕੁਝ ਕਹਿਣਾ ਠੀਕ ਨਹੀਂ ਹੈ।
ਸਿਮਰਜੀਤ ਬੈਂਸ ਜਬਰ-ਜਨਾਹ ਦੇ ਮਾਮਲੇ ‘ਚ ਭਗੌੜਾ ਕਰਾਰ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇੱਕ ਹਫ਼ਤੇ ਦੇ ਅੰਦਰ ਹੀ ਲੁਧਿਆਣਾ ਦੀ ਅਦਾਲਤ ਨੇ ਦੂਜੇ ਕੇਸ ਵਿੱਚ ਭਗੌੜਾ ਕਰਾਰ ਦਿੱਤਾ ਹੈ। ਇਸ ਵਾਰ ਜਬਰ-ਜਨਾਹ ਮਾਮਲੇ ਵਿੱਚ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਇਸਦੇ ਨਾਲ ਹੀ ਅਦਾਲਤ ਨੇ ਸਾਬਕਾ ਵਿਧਾਇਕ ਦੀ ਪ੍ਰਾਪਰਟੀ ਵੀ ਕੇਸ ਨਾਲ ਅਟੈਚ ਕਰ ਦਿੱਤੀ ਹੈ। ਅਦਾਲਤ ਨੇ ਜਬਰ-ਜਨਾਹ ਮਾਮਲੇ ਵਿੱਚ ਜਿੰਨੇ ਵੀ ਵਿਅਕਤੀਆਂ ਖਿਲਾਫ ਐੱਫਆਈਆਰ ਹੋਈ ਹੈ, ਉਨ੍ਹਾਂ ਨੂੰ ਵੀ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ‘ਚ ਬੈਂਸ ਦਾ ਭਰਾ ਕਰਮਜੀਤ ਸਿੰਘ ਤੇ ਪਰਮਜੀਤ ਸਿੰਘ ਪੰਮਾ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ ਅਤੇ ਪੀਏ ਪ੍ਰਦੀਪ ਕੁਮਾਰ ਗੋਗੀ ਸ਼ਰਮਾ ਸ਼ਾਮਲ ਹਨ। ਬੈਂਸ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।
ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੁੜ ਚੇਅਰਮੈਨ ਨਿਯੁਕਤ
ਚੰਡੀਗੜ੍ਹ : ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਕੇਂਦਰ ਸਰਕਾਰ ਵੱਲੋਂ ਮੁੜ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਵੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਕੇ ਭਾਜਪਾ ਦੀ ਟਿਕਟ ‘ਤੇ ਰੋਪੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਚੋਣਾਂ ਵਿਚ ਇਕਬਾਲ ਸਿੰਘ ਲਾਲਪੁਰਾ ਜਿੱਤ ਨਹੀਂ ਸਕੇ ਅਤੇ ਉਹ ਚੌਥੇ ਸਥਾਨ ‘ਤੇ ਰਹੇ। ਰੋਪੜ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਦੇ ਰਹਿਣ ਵਾਲੇ ਇਕਬਾਲ ਸਿੰਘ ਲਾਲਪੁਰਾ ਇਕ ਅਜਿਹੇ ਵਿਦਵਾਨ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਸਿੱਖੀ ਨੂੰ ਸਮਰਪਿਤ ਕਈ ਕਿਤਾਬਾਂ ਲਿਖੀਆਂ ਹਨ। ਲਾਲਪੁਰਾ 2012 ‘ਚ ਪੰਜਾਬ ਪੁਲਿਸ ‘ਚੋਂ ਬਤੌਰ ਡੀਆਈਜੀ ਰਿਟਾਇਰ ਹੋਏ ਸਨ ਤੇ ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਕਬਾਲ ਸਿੰਘ ਲਾਲਪੁਰਾ ਨੇ ਮੁੜ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।

RELATED ARTICLES
POPULAR POSTS